ਮੁੰਬਈ, 24 ਜੁਲਾਈ
ਬੌਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਅਸ਼ਲੀਲ ਸਮੱਗਰੀ ਤਿਆਰ ਕਰਨ ਦੇ ਮਾਮਲੇ ਵਿੱਚ ਆਪਣੇ ਪਤੀ ਰਾਜ ਕੁੰਦਰਾ ਦੀ ਕੰਪਨੀ ਨਾਲ ਕੋਈ ਸਬੰਧ ਨਾ ਹੋਣ ਦਾ ਦਾਅਵਾ ਕੀਤਾ ਹੈ ਪਰ ਉਸ ਨੇ ਇਸ ਮਾਮਲੇ ਵਿੱਚ ਕੁੰਦਰਾ ਦੇ ਜੀਜੇ ’ਤੇ ਉਂਗਲ ਚੁੱਕੀ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ ਅਦਾਲਤ ਵਿੱਚ ਪੇਸ਼ੀ ਮਗਰੋਂ ਕਰਾਈਮ ਬ੍ਰਾਂਚ ਦੀ ਟੀਮ ਨੇ ਜੁਹੂ ਸਥਿਤ ਸ਼ਿਲਪਾ ਤੇ ਰਾਜ ਦੀ ਰਿਹਾਇਸ਼ ’ਤੇ ਛਾਪਾ ਮਾਰਿਆ ਸੀ। ਪੜਤਾਲੀਆ ਟੀਮ ਬੈਂਕ ਖਾਤਿਆਂ ਦਾ ਰਿਕਾਰਡ ਵੀ ਘੋਖ ਰਹੀ ਹੈ। ਪੁਲੀਸ ਸੂਤਰਾਂ ਅਨੁਸਾਰ ਕਰਾਈਮ ਬ੍ਰਾਂਚ ਦੇ ਅਫ਼ਸਰਾਂ ਨੇ ਸ਼ਿਲਪਾ ਸ਼ੈਟੀ ਦੇ ਬਿਆਨ ਵੀ ਦਰਜ ਕੀਤੇ ਹਨ। ਅਦਾਕਾਰਾ ਨੇ ਕੰਪਨੀ ਵਿੱਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕਰਦਿਆਂ ਦਾਅਵਾ ਕੀਤਾ ਉਸ ਨੂੰ ‘ਹੌਟਸਪੌਟਸ’ ਦੀ ਸਮੱਗਰੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸ਼ਿਲਪਾ ਨੇ ਆਖਿਆ ਕਿ ਕਾਮ ਉਤੇਜਕ ਸਮੱਗਰੀ ਤੇ ਅਸ਼ਲੀਲ ਵੀਡੀਓ ਵਿੱਚ ਫਰਕ ਹੁੰਦਾ ਹੈ ਪਰ ਉਸ ਦਾ ਪਤੀ ਅਸ਼ਲੀਲ ਸਮੱਗਰੀ ਤਿਆਰ ਕਰਨ ਦੇ ਮਾਮਲੇ ਵਿੱਚ ਸ਼ਾਮਲ ਨਹੀਂ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਸ਼ਿਲਪਾ ਨੇ ਐਪ ਚਲਾਉਣ ਪਿੱਛੇ ਰਾਜ ਕੁੰਦਰਾ ਦੇ ਜੀਜੇ ਪਰਦੀਪ ਬਖ਼ਸ਼ੀ ਦਾ ਹੱਥ ਦੱਸਿਆ ਹੈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸ਼ਿਲਪਾ ਨੇ ਆਪਣੇ ਪਤੀ ਦੀ ਵਿਆਨ ਇੰਡਸਟਰੀਜ਼ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਅਦਾਕਾਰਾ ਨੇ ਆਪਣੇ ਮੌਜੂਦਾ ਪ੍ਰਾਜੈਕਟ ਜਿਵੇਂ ਟੈਲੀਵਿਜ਼ਨ ਰਿਐਲਟੀ ਸ਼ੋਅ ਤੇ ਫ਼ਿਲਮ ਤੋਂ ਦੂਰੀ ਬਣਾ ਲਈ ਹੈ। -ਆਈਏਐੱਨਐੱਸ