ਧਰਮਪਾਲ
ਸਯਾਮੀ ਖੇਰ ਨੇ ‘ਬ੍ਰੀਥ ਇਨਟੂ ਦਿ ਸ਼ੈਡੋਜ਼’ ਦੇ ਆਉਣ ਵਾਲੇ ਨਵੇਂ ਸੀਜ਼ਨ ਤੋਂ ਆਪਣੇ ਕਿਰਦਾਰ ਸ਼ਰਲੀ ਦੀ ਪਹਿਲੀ ਝਲਕ ਜਾਰੀ ਕੀਤੀ ਹੈ। ਅਭਿਸ਼ੇਕ ਬੱਚਨ ਅਤੇ ਅਮਿਤ ਸਾਧ ਦੇ ਨਾਲ ਸਯਾਮੀ ਸਟਾਰਰ ਇਹ ਸ਼ੋਅ 9 ਨਵੰਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ।
ਸਯਾਮੀ ਇਸ ਤੋਂ ਇਲਾਵਾ ਅਸ਼ਵਿਨੀ ਅਈਅਰ ਤਿਵਾਰੀ ਦੀ ਡਿਜੀਟਲ ਡੈਬਿਊ ਫਿਲਮ ‘ਫਾੜੂ’ ਅਤੇ ਆਰ. ਬਾਲਕੀ ਦੀ ‘ਘੂਮਰ’ ਵਿੱਚ ਨਜ਼ਰ ਆਉਣ ਵਾਲੀ ਹੈ, ਜਿੱਥੇ ਉਹ ਅਭਿਸ਼ੇਕ ਬੱਚਨ ਨਾਲ ਤਾਹਿਰਾ ਕਸ਼ਯਪ ਦੀ ਨਿਰਦੇਸ਼ਿਤ ਪਹਿਲੀ ਫਿਲਮ ‘ਸ਼ਰਮਾਜੀ ਕੀ ਬੇਟੀ’ ਵਿੱਚ ਵੀ ਨਜ਼ਰ ਆਵੇਗੀ। ਸਯਾਮੀ ਬ੍ਰੀਥ ਇਨਟੂ ਦਿ ਸ਼ੈਡੋਜ਼’ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ।
ਇੰਦਰਾ ਦੀ ਨਵੀਂ ਪਾਰੀ
ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦਾ ਸ਼ੋਅ ‘ਮੇਰੇ ਸਾਈਂ: ਸ਼ਰਧਾ ਔਰ ਸਬੂਰੀ’ ਆਪਣੀ ਪ੍ਰਭਾਵਸ਼ਾਲੀ ਕਹਾਣੀ ਨਾਲ ਲੰਬੇ ਸਮੇਂ ਤੋਂ ਦਰਸ਼ਕਾਂ ਦਾ ਮਨ ਮੋਹ ਰਿਹਾ ਹੈ। ਜਿੱਥੇ ਸ਼ਿਰਡੀ ਦੇ ਲੋਕ ਉਦਯੋਗੀਕਰਨ ਕਾਰਨ ਆਏ ਨਵੇਂ ਬਦਲਾਅ ਦੇ ਅਨੁਕੂਲ ਹੋ ਰਹੇ ਹਨ, ਉੱਥੇ ਹੀ ਸਾਈਂ ਬਾਬਾ (ਤੁਸ਼ਾਰ ਡਾਲਵੀ) ਉਨ੍ਹਾਂ ਨੂੰ ਸਹੀ ਮਾਰਗ ਦਿਖਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।
ਅਭਿਨੇਤਰੀ ਇੰਦਰਾ ਕ੍ਰਿਸ਼ਨਾ, ਜਿਸ ਨੇ ਪਿਛਲੇ ਦੋ ਦਹਾਕਿਆਂ ਤੋਂ ਫਿਲਮਾਂ ਅਤੇ ਟੈਲੀਵਿਜ਼ਨ ਸ਼ੋਅ’ਜ਼ ਵਿੱਚ ਕਈ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਈਆਂ ਹਨ, ਉਹ ‘ਮੇਰੇ ਸਾਈਂ’ ਵਿੱਚ ਦੇਵੀ ਲਕਸ਼ਮੀ ਦੇ ਕਿਰਦਾਰ ਨਾਲ ਆਪਣੀ ਮਿਥਿਹਾਸਕ ਸ਼ੁਰੂਆਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਸ਼ੋਅ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਇੰਦਰਾ ਨੇ ਕਿਹਾ,
‘‘ਇਹ ਪਹਿਲੀ ਵਾਰ ਹੈ ਜਦੋਂ ਮੈਂ ਕਿਸੇ ਮਿਥਿਹਾਸਕ ਸ਼ੋਅ ਦਾ ਹਿੱਸਾ ਬਣੀ ਹਾਂ ਅਤੇ ‘ਮੇਰੇ ਸਾਈਂ’ ਨਾਲ ਸ਼ੁਰੂਆਤ ਕਰਨਾ ਕਿਸੇ ਆਸ਼ੀਰਵਾਦ ਤੋਂ ਘੱਟ ਨਹੀਂ ਹੈ। ਦੇਵੀ ਲਕਸ਼ਮੀ ਦੀ ਭੂਮਿਕਾ ਨਿਭਾਉਣਾ ਇੱਕ ਅਲੌਕਿਕ ਅਨੁਭਵ ਸੀ ਕਿਉਂਕਿ ਮੈਨੂੰ ਛੋਟੀ ਦੀਵਾਲੀ ਦੇ ਦੌਰਾਨ ਇਸ ਦੇ ਇੱਕ ਦ੍ਰਿਸ਼ ਦੀ ਸ਼ੂਟਿੰਗ ਕਰਨ ਦਾ ਮੌਕਾ ਮਿਲਿਆ, ਜਿਸ ਨੇ ਇਸ ਨੂੰ ਹੋਰ ਵੀ ਖਾਸ ਬਣਾ ਦਿੱਤਾ। ਮੈਂ ਇਸ ਸ਼ੋਅ ਨੂੰ ਕਾਫ਼ੀ ਸਮੇਂ ਤੋਂ ਦੇਖ ਰਹੀ ਹਾਂ ਅਤੇ ਮੈਂ ਇਸ ਦੀ ਪ੍ਰਸਿੱਧੀ ਤੋਂ ਜਾਣੂ ਹਾਂ ਕਿਉਂਕਿ ਇਹ ਪਿਛਲੇ 5 ਸਾਲਾਂ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਮੈਨੂੰ ਇਹ ਮੌਕਾ ਦੇਣ ਲਈ ਮੈਂ ਸ਼ੋਅ ਦੇ ਨਿਰਮਾਤਾਵਾਂ ਅਤੇ ਇਸ ਚੈਨਲ ਦੀ ਧੰਨਵਾਦੀ ਹਾਂ।’’
ਵੀਰ ਬਣਿਆ ਸ਼੍ਰੇਅ ਮਿੱਤਲ
ਕਲਰਜ਼ ਦਾ ਸ਼ੋਅ ‘ਪਿਸ਼ਾਚਿਨੀ’ ਟੈਲੀਵਿਜ਼ਨ ’ਤੇ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਅਲੌਕਿਕ ਥ੍ਰਿਲਰ ਬਣ ਗਿਆ ਹੈ, ਜਿਸ ਨੇ ਸਿਰਫ਼ ਦੋ ਮਹੀਨਿਆਂ ਵਿੱਚ ਤੇਜ਼ੀ ਨਾਲ ਦਰਸ਼ਕਾਂ ਨੂੰ ਆਪਣੇ ਨਾਲ ਜੋੜਿਆ ਹੈ। ਇਹ ਸ਼ੋਅ ਇੱਕ ਖੂਨ ਦੀ ਪਿਆਸੀ ਸ਼ੈਤਾਨੀ ਰਾਣੀ ਦੀਆਂ ਸ਼ੈਤਾਨੀ ਚਾਲਾਂ ਦਾ ਵਰਣਨ ਕਰਦਾ ਹੈ ਜੋ ਜੀਵਤ ਰੂਹਾਂ ਦਾ ਸ਼ਿਕਾਰ ਕਰਦੀ ਹੈ। ਦੁਸ਼ਟ ਅਤੇ ਤਾਕਤਵਰ ਪਿਸ਼ਾਚਿਨੀ ਦੀ ਨਜ਼ਰ ਰਾਜਪੂਤ ਪਰਿਵਾਰ ’ਤੇ ਪੈਂਦੀ ਹੈ ਅਤੇ ਉਸ ’ਤੇ ਰਾਣੀ ਦਾ ਕਬਜ਼ਾ ਹੋ ਜਾਂਦਾ ਹੈ। ਪਰਿਵਾਰ ਨੂੰ ਜਿਸ ’ਤੇ ਨਾਜ਼ ਹੈ, ਉਹ ਰਕਸ਼ਿਤ ਰਾਜਪੂਤ ਉਰਫ਼ ਰੌਕੀ ਉਸ ਨੂੰ ਬੁਲਾ ਰਹੇ ‘ਪਿਸ਼ਾਚਲੋਕ’ ਦੇ ਦ੍ਰਿਸ਼ਾਂ ਤੋਂ ਪਰੇਸ਼ਾਨ ਹੈ। ਪਵਿੱਤਰਾ ਹਮੇਸ਼ਾਂ ਰਾਜਪੂਤ ਪਰਿਵਾਰ ਦੀ ਰੱਖਿਅਕ ਰਹੀ ਹੈ,ਖਾਸ ਕਰਕੇ ਆਪਣੇ ਪਿਆਰ ਰੌਕੀ ਦੀ।
ਇਨ੍ਹਾਂ ਅਲੌਕਿਕ ਉਲਝਣਾਂ ਦੇ ਵਿਚਕਾਰ, ਸ਼ੋਅ ਵਿੱਚ ਰਾਣੀ, ਰੌਕੀ ਅਤੇ ਪਵਿੱਤਰਾ ਦੀ ਜ਼ਿੰਦਗੀ ਵਿੱਚ ਵੀਰ ਦਿਖਾਈ ਦੇਵੇਗਾ। ਅਭਿਨੇਤਾ ਸ਼੍ਰੇਅ ਮਿੱਤਲ ਰਹੱਸਯਵੀਰ ਦਾ ਕਿਰਦਾਰ ਨਿਭਾਏਗਾ, ਜੋ ਇੱਕ ਅਜੀਬ ਅਤੇ ਮੂਰਖ ਪ੍ਰੋਫੈਸਰ ਹੈ। ਵੀਰ ਰੌਕੀ ਦੀ ਭੈਣ ਸ਼ਿਖਾ ਦਾ ਬੌਇਫਰੈਂਡ ਵੀ ਹੈ, ਜਿਸ ਦੀ ਐਂਟਰੀ ਸ਼ੋਅ ਵਿੱਚ ਕਈ ਪਹਿਲੂ ਜੋੜ ਦੇਵੇਗੀ। ਭਾਵੇਂ ਉਹ ਪਿਸ਼ਾਚਿਨੀ ਦਾ ਸਾਥ ਦਿੰਦਾ ਹੈ ਜਾਂ ਪਵਿੱਤਰਾ ਦਾ ਸਾਥੀ ਬਣ ਜਾਂਦਾ ਹੈ, ਦਰਸ਼ਕਾਂ ਲਈ ਇੱਕ ਵਿਨਾਸ਼ ਦੇਖਣਾ ਤਾਂ ਤੈਅ ਹੈ।
ਆਪਣੀ ਭੂਮਿਕਾ ਅਤੇ ਸ਼ੋਅ ਬਾਰੇ ਬੋਲਦਿਆਂ, ਸ਼੍ਰੇਅ ਮਿੱਤਲ ਨੇ ਕਿਹਾ, “ਮੈਂ ਪਿਸ਼ਾਚਨੀ ਦੀ ਟੀਮ ਦਾ ਹਿੱਸਾ ਬਣ ਕੇ ਬਹੁਤ ਰੋਮਾਂਚਿਤ ਹਾਂ। ਸ਼ੋਅ ਨੇ ਥੋੜ੍ਹੇ ਸਮੇਂ ਵਿੱਚ ਹੀ ਕਾਫ਼ੀ ਤਾਰੀਫ਼ ਹਾਸਲ ਕੀਤੀ ਹੈ। ਕਿਉਂਕਿ ਇਹ ਮੇਰਾ ਪਹਿਲਾ ਅਲੌਕਿਕ ਸ਼ੋਅ ਹੈ, ਮੈਨੂੰ ਯਕੀਨ ਹੈ ਕਿ ਇਹ ਭੂਮਿਕਾ ਇੱਕ ਅਭਿਨੇਤਾ ਦੇ ਤੌਰ ’ਤੇ ਮੇਰੀ ਕਲਾ ਨਾਲ ਪ੍ਰਯੋਗ ਕਰਨ ਵਿੱਚ ਮੇਰੀ ਮਦਦ ਕਰੇਗੀ। ਵੀਰ ਇੱਕ ਸਸਪੈਂਸ ਵਾਲਾ ਕਿਰਦਾਰ ਹੈ ਜੋ ਦਰਸ਼ਕਾਂ ਨੂੰ ਰੋਮਾਂਚਿਤ ਰੱਖੇਗਾ ਕਿਉਂਕਿ ਉਹ ਲਗਾਤਾਰ ਅੰਦਾਜ਼ਾ ਲਗਾਉਣਗੇ ਕਿ ਵੀਰ ਅੱਗੇ ਕੀ ਕਰੇਗਾ। ਉਮੀਦ ਹੈ ਕਿ ਦਰਸ਼ਕ ਇਸ ਨਵੇਂ ਕਿਰਦਾਰ ਨੂੰ ਪਸੰਦ ਕਰਨਗੇ ਅਤੇ ਸਾਡੇ ਸ਼ੋਅ ਨੂੰ ਪਸੰਦ ਕਰਦੇ ਰਹਿਣਗੇ।’’