ਹੈਦਰਾਬਾਦ: ਅਦਾਕਾਰ ਪ੍ਰਭਾਸ ਅੱਜ-ਕੱਲ੍ਹ ਆਪਣੀ ਨਵੀਂ ਆ ਰਹੀ ਫਿਲਮ ‘ਰਾਧੇ ਸ਼ਿਆਮ’ ਦੀ ਪ੍ਰਮੋਸ਼ਨ ਵਿੱਚ ਰੁੱਝਿਆ ਹੋਇਆ ਹੈ। ਇਸ ਦੌਰਾਨ ਪ੍ਰਭਾਸ ਨੇ ਹਾਲ ਹੀ ਵਿੱਚ ‘ਪ੍ਰਾਜੈਕਟ-ਕੇ’ ਦੇ ਸੈੱਟ ’ਤੇ ਅਦਾਕਾਰਾ ਦੀਪਿਕਾ ਪਾਦੂਕੋਨ ਨਾਲ ਪਹਿਲੀ ਵਾਰ ਹੋਈ ਆਪਣੀ ਗੱਲਬਾਤ ਦਾ ਜ਼ਿਕਰ ਵੀ ਕੀਤਾ। ਫਿਲਮ ‘ਰਾਧੇ ਸ਼ਿਆਮ’ ਦੀ ਪ੍ਰਮੋਸ਼ਨ ਵੇਲੇ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਭਾਸ ਨੇ ਦੱਸਿਆ, ‘ਅਸੀਂ ‘ਪ੍ਰਾਜੈਕਟ-ਕੇ’ ਦੇ ਸੈੱਟ ’ਤੇ ਮਿਲੇ ਸੀ। ਦੀਪਿਕਾ ਨੇ ਮੈਨੂੰ ਪੁੱਛਿਆ ਕਿ ਕੀ ਮੈਂ ਸ਼ਰਮੀਲਾ ਵਿਅਕਤੀ ਹਾਂ। ਮੈਂ ਕਿਹਾ, ਸ਼ੁਰੂ ਵਿੱਚ ਮੈਂ ਸ਼ਰਮੀਲਾ ਹੀ ਹਾਂ। ਸਾਹਮਣੇ ਵਾਲੇ ਇਨਸਾਨ ਨਾਲ ਸਹਿਜ ਹੋਣ ਮਗਰੋਂ ਮੈਂ ਖੁੱਲ੍ਹ ਕੇ ਬੋਲਣਾ ਸ਼ੁਰੂ ਕਰਦਾ ਹਾਂ। ਕਈ ਵਾਰ ਮੈਂ ਓਨਾ ਚਿਰ ਉਨ੍ਹਾਂ ਨੂੰ ਚੁਟਕਲੇ ਸੁਣਾਉਂਦਾ ਰਹਿੰਦਾ ਹਾਂ, ਜਿੰਨਾ ਚਿਰ ਉਹ ਮੇਰੇ ਚੁਟਕੁਲਿਆਂ ਦਾ ਆਨੰਦ ਮਾਣਦੇ ਹਨ। ਜ਼ਿਕਰਯੋਗ ਹੈ ਕਿ ਅਦਾਕਾਰਾ ਦੀਪਿਕਾ ਪਾਦੂਕੋਨ, ਨਾਗ ਅਸ਼ਵਿਨ ਦੇ ਚਰਚਿਤ ਪ੍ਰਾਜੈਕਟ ‘ਪ੍ਰਾਜੈਕਟ-ਕੇ’ ਵਿੱਚ ਇਕੱਠੇ ਕੰਮ ਕਰਨਗੇ। ਦੋਵਾਂ ਨੇ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਬਹੁਤ ਮਜ਼ੇ ਕੀਤੇ ਹਨ। -ਆਈਏਐੱਨਐੱਸ