ਹਰਮੀਤ ਸਿਵੀਆਂ
ਕਈ ਇਨਸਾਨ ਖ਼ੁਦ ਤਾਂ ਹਸਮੁੱਖ ਹੁੰਦੇ ਹੀ ਹਨ। ਉਹ ਦੂਜਿਆਂ ਨੂੰ ਵੀ ਹਾਸੇ ਵੰਡਦੇ ਹਨ। ਹਸਾਉਣਾ ਵੀ ਇਕ ਕਲਾ ਹੈ ਜੋ ਹਰੇਕ ਕੋਲ ਨਹੀਂ ਹੁੰਦੀ, ਇਸੇ ਲਈ ਤਾਂ ਅੱਜਕੱਲ੍ਹ ਖੁੰਭਾਂ ਵਾਂਗ ਉੱਗ ਰਹੇ ਗਾਇਕਾਂ ਦੇ ਮੁਕਾਬਲੇ ਕਾਮੇਡੀ ਕਲਾਕਾਰ ਗਿਣਤੀ ਦੇ ਹੀ ਹਨ। ਇਨ੍ਹਾਂ ਵਿਚੋਂ ਹੀ ਇਕ ਚਰਚਿਤ ਕਾਮੇਡੀ ਕਲਾਕਾਰ ਹੈ ਗੁਰਦੇਵ ਢਿੱਲੋਂ ਉਰਫ਼ ਭਜਨਾ ਅਮਲੀ।
ਕਾਮੇਡੀ ਖੇਤਰ ਦੀਆਂ ਮੂਹਰਲੀਆਂ ਸਫਾਂ ’ਤੇ ਨਜ਼ਰ ਮਾਰਿਆਂ ਸਾਡੇ ਸਾਹਮਣੇ ਭਜਨਾ ਅਮਲੀ ਨਾਮ ਉੱਭਰ ਕੇ ਸਾਹਮਣੇ ਆਉਂਦਾ ਹੈ। ਉਸ ਦਾ ਤੁਰਨ ਦਾ ਢੰਗ ਹੀ ਅਜਿਹਾ ਹੈ ਕਿ ਉਸ ਨੂੰ ਦੇਖਦਿਆਂ ਹੀ ਹਾਸੇ ਦੀਆਂ ਫੁਹਾਰਾਂ ਫੁੱਟ ਪੈਂਦੀਆਂ ਹਨ। ਜਗਰਾਉਂ ਤਹਿਸੀਲ ਦੇ ਪਿੰਡ ਲੰਮੇ ਦੇ ਕਰਤਾਰ ਸਿੰਘ ਢਿੱਲੋਂ ਅਤੇ ਮਾਤਾ ਹਰਨਾਮ ਕੌਰ ਦੇ ਗ੍ਰਹਿ ਵਿਖੇ ਜਨਮੇ ਗੁਰਦੇਵ ਨੂੰ ਬਚਪਨ ਵਿਚ ਗਾਇਕੀ ਦਾ ਜਨੂੰਨ ਸੀ। ਇਹ ਜਨੂੰਨ ਉਸ ਨੂੰ ਹੌਲੀ ਹੌਲੀ ਉਸ ਸਮੇਂ ਦੇ ਚਰਚਿਤ ਗਾਇਕ ਹਰਚਰਨ ਗਰੇਵਾਲ ਕੋਲ ਲੈ ਆਇਆ। ਫਿਰ ਉਨ੍ਹਾਂ ਕੋਲ ਕਾਫ਼ੀ ਸਮਾਂ ਰਿਹਾ, ਫਿਰ ਉਨ੍ਹਾਂ ਨਾਲ ਬਤੌਰ ਸਟੇਜ ਸਕੱਤਰ ਕੰਮ ਕੀਤਾ। ਉਸਤੋਂ ਬਾਅਦ ਉਸਦਾ ਮੇਲ ਗਾਇਕ ਅਤੇ ਕਾਮੇਡੀ ਕਲਾਕਾਰ ਜੋੜੀ ਕੇ ਦੀਪ- ਜਗਮੋਹਨ ਕੌਰ ਨਾਲ ਹੋਇਆ। ਉਸਤੋਂ ਬਾਅਦ ਉਸ ਦਾ ਰੁਝਾਨ ਕਾਮੇਡੀ ਵੱਲ ਹੋਇਆ ਤੇ ਉਸ ਦੀ ਕਾਮੇਡੀ ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ।
ਕਾਮੇਡੀ ਵਿਚ ਆਉਣ ਤੋਂ ਪਹਿਲਾਂ ਗੁਰਦੇਵ ਢਿੱਲੋਂ ਨੇ ਗਾਇਕੀ ਵਿਚ ਵੀ ਆਪਣਾ ਨਾਮ ਬਣਾਇਆ ਸੀ। 1982 ਵਿਚ ਦਿੱਲੀ ਦੀ ਕੰਪਨੀ ਵੱਲੋਂ ਇਕ ਐੱਲਪੀ ਰਿਕਾਰਡ ਗੁਰਦੇਵ ਢਿੱਲੋਂ ਤੇ ਜਗਮੋਹਨ ਕੌਰ ਦੀ ਆਵਾਜ਼ ਵਿਚ ਆਇਆ ਸੀ ਜਿਸ ਦਾ ਨਾਂ ਸੀ ‘ਤੇਰੇ ਨਾਂ ’ਤੇ ਬਿੱਲੋ ਆਉਂਦੇ ਸਾਲ ਨੂੰ ਤੀਆਂ ਲੱਗਣਗੀਆਂ।’ ਇਸ ਤੋਂ ਇਲਾਵਾ ਪਰਮਿੰਦਰ ਸੰਧੂ, ਕੁਲਦੀਪ ਕੌਰ, ਸਨੇਹ ਲਤਾ, ਨੀਲਮ ਸ਼ਰਮਾ ਨਾਲ ਵੀ ਉਸ ਦੇ ਗੀਤ ਰਿਕਾਰਡ ਹੋਏ। ਗਾਇਕੀ ਦੇ ਨਾਲ ਨਾਲ ਉਹ ਕਾਮੇਡੀ ਵੀ ਕਰਦਾ ਰਿਹਾ, ਪਰ ਸਰੋਤਿਆਂ ਨੇ ਉਸ ਦੀ ਗਾਇਕੀ ਨਾਲੋਂ ਉਸ ਦੀ ਕਾਮੇਡੀ ਨੂੰ ਜ਼ਿਆਦਾ ਪਸੰਦ ਕੀਤਾ। ਜਿਸ ਕਰਕੇ ਉਸਨੇ ਕਾਮੇਡੀ ਨੂੰ ਹੀ ਅਪਣਾ ਲਿਆ ਅਤੇ ਸਾਡੇ ਸਮਾਜ ਦੇ ਇਕ ਪਾਤਰ ਅਮਲੀ ਦੇ ਕਿਰਦਾਰ ਵਿਚ ਭਜਨਾ ਅਮਲੀ ਦੇ ਨਾਂ ਨਾਲ ਚਰਚਿਤ ਹੋਇਆ। ਕਾਮੇਡੀ ਦੀਆਂ ਉਸ ਦੀਆਂ ਕਾਫ਼ੀ ਕੈਸਿਟਾਂ ਆਈਆਂ। ਜਿਨ੍ਹਾਂ ਵਿਚ ‘ਤਾਰਾ ਡੁੱਬ ਗਿਆ’, ‘ਭਜਨਾ ਅਮਲੀ’,‘ਮਹਿਫਲ ਅਮਲੀ ਦੀ’,‘ਹੱਡਬੀਤੀ ਅਮਲੀ ਦੀ’,‘ਭਜਨਾ ਅਮਲੀ ਸੁੰਦਰਤਾ ਮੁਕਾਬਲੇ ਵਿਚ’, ‘ਘਰ ਜਵਾਈ’ ਅਤੇ ‘ਅਮਲੀ ਖੋਤੇ ਤੇ’ ਆਦਿ ਜ਼ਿਕਰਯੋਗ ਹਨ। ਅੱਜਕੱਲ੍ਹ ਉਸ ਨਾਲ ਸੰਤੀ ਸਹਿ ਕਲਾਕਾਰ ਵਜੋਂ ਕੰਮ ਕਰ ਰਹੀ ਹੈ।
ਉਸਦੀ ਕਾਮੇਡੀ ਵਿਚ ਅਕਸਰ ਹੀ ਸਮਾਜ ਨੂੰ ਸੇਧ ਦੇਣ ਵਾਲੀ ਗੱਲ ਹੁੰਦੀ ਹੈ। ਉਹ ਨਸ਼ਿਆਂ ਦੀ ਲਾਹਣਤ ਨੂੰ ਸਿੱਧੇ ਅਸਿੱਧੇ ਢੰਗ ਨਾਲ ਇਕ ਅਮਲੀ ਦੇ ਦੁਖਾਂਤ ਰਾਹੀਂ ਪੇਸ਼ ਕਰਦਾ ਹੈ। ਆਪਣੀ ਇਸੇ ਕਲਾ ਕਰਕੇ ਉਹ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਜਰਮਨ, ਸਿੰਗਾਪੁਰ, ਦੁਬਈ, ਇਟਲੀ ਤੇ ਜਾਪਾਨ ਆਦਿ ਦੇ ਸ਼ੋਅ ਕਰ ਚੁੱਕਾ ਹੈ। ਗੁਰਦੇਵ ਢਿੱਲੋਂ ਅੱਜ ਕਾਮੇਡੀ ਖੇਤਰ ਦਾ ਚਰਚਿਤ ਹਸਤਾਖਰ ਹੈ ਅਤੇ ਆਪਣੀ ਪਤਨੀ ਦਲਜੀਤ ਕੌਰ, ਤਿੰਨ ਬੇਟੀਆਂ ਅਤੇ ਇਕ ਬੇਟੇ ਸਮੇਤ ਲੁਧਿਆਣਾ ਵਿਖੇ ਰਹਿ ਰਿਹਾ ਹੈ।
ਸੰਪਰਕ :80547-57806