ਮੁੰਬਈ: ਅਦਾਕਾਰ ਪ੍ਰਤੀਕ ਗਾਂਧੀ, ਵਾਮਿਕਾ ਗੱਬੀ ਅਤੇ ਫਾਤਿਮਾ ਸਨਾ ਸ਼ੇਖ ਪ੍ਰਸਿੱਧ ਅਮਰੀਕੀ ਰੁਮਾਂਟਿਕ ਕਾਮੇਡੀ ਸੀਰੀਜ਼ ‘ਮਾਡਰਨ ਲਵ’ ਦੀ ਭਾਰਤੀ ਅਡੈਪਟੇਸ਼ਨ ਵਿੱਚ ਦਿਖਾਈ ਦੇਣਗੇ। ਸੂਤਰਾਂ ਅਨੁਸਾਰ ਹਰੇਕ ਅਦਾਕਾਰ ਇਸ ਲੜੀ ਦੇ ਵੱਖਰੇ ਨਿਰਦੇਸ਼ਕ ਦੀਆਂ ਕਹਾਣੀਆਂ ’ਤੇ ਕੰਮ ਕਰ ਰਿਹਾ ਹੈ ਅਤੇ ਇਨ੍ਹਾਂ ਨਿਰਦੇਸ਼ਕਾਂ ਤੇ ਅਦਾਕਾਰਾਂ ਦੇ ਇਸ ਵੱਖਰੇ ਸੁਮੇਲ ਨੇ ਸੀਰੀਜ਼ ਦੀ ਵੱਖਰੀ ਤਰ੍ਹਾਂ ਦੀ ਰੂਪ-ਰੇਖਾ ਸਿਰਜੀ ਹੈ।
ਸੀਰੀਜ਼ ਦੀ ਸ਼ੂਟਿੰਗ 2021 ਦੇ ਅਖੀਰ ਵਿੱਚ ਹੋਈ ਹੈ ਤੇ ਛੇਤੀ ਹੀ ਇਹ ਓਟੀਟੀ ਪਲੈਟਫਾਰਮ ’ਤੇ ਰਿਲੀਜ਼ ਕੀਤੀ ਜਾ ਸਕਦੀ ਹੈ। ਇਹ ਸੀਰੀਜ਼ ਹੰਸਲ ਮਹਿਤਾ, ਵਿਸ਼ਾਲ ਭਾਰਦਵਾਜ, ਅੰਜਲੀ ਮੈਨਨ, ਅਲੰਕ੍ਰਿਤਾ ਸ੍ਰੀਵਾਸਤਵ, ਧਰੁਵ ਸਹਿਗਲ ਅਤੇ ਸ਼ੋਨਾਲੀ ਬੋਸ ਵਰਗੇ ਫਿਲਮ ਨਿਰਮਾਤਾਵਾਂ ਵੱਲੋਂ ਨਿਰਦੇਸ਼ਿਤ ਕੀਤੀ ਜਾਵੇਗੀ। ਇਹ ਸੀਰੀਜ਼ ਪਿਆਰ ਨਾਲ ਜੁੜੀਆਂ ਹਰ ਤਰ੍ਹਾਂ ਦੇ ਅੜਿੱਕਿਆਂ, ਖ਼ੂਬਸੂਰਤ ਅਹਿਸਾਸਾਂ ਅਤੇ ਇਨ੍ਹਾਂ ਦੇ ਮਨੁੱਖੀ ਜ਼ਿੰਦਗੀ ’ਤੇ ਪੈਣ ਵਾਲੇ ਪ੍ਰਭਾਵਾਂ ਨੂੰ ਬਿਆਨਦੀ ਹੈ। ਸੀਰੀਜ਼ ਦਾ ਹਰੇਕ ਐਪੀਸੋਡ ਅਖਬਾਰ ਦੇ ਕਾਲਮ ਰਾਹੀਂ ਜੀਵਨ ਨਾਲ ਜੁੜੀ ਕਿਸੇ ਵੱਖਰੀ ਕਹਾਣੀ ਤੋਂ ਪ੍ਰੇਰਿਤ ਹੈ। -ਆਈਏਐੱਨਐੱਸ