ਡਾ. ਰਣਜੀਤ ਸਿੰਘ
ਕਿਸੇ ਵੀ ਪਰਿਵਾਰ, ਸਮਾਜ ਅਤੇ ਦੇਸ਼ ਦਾ ਉੱਜਵਲ ਭਵਿੱਖ ਉੱਥੋਂ ਦੇ ਬੱਚਿਆਂ ਦੀ ਸ਼ਖ਼ਸੀਅਤ ਉਸਾਰੀ ’ਤੇ ਨਿਰਭਰ ਕਰਦਾ ਹੈ। ਇਸੇ ਕਰਕੇ ਬੱਚਿਆਂ ਨੂੰ ਪਰਿਵਾਰ, ਸਮਾਜ ਅਤੇ ਦੇਸ਼ ਦਾ ਖ਼ਜ਼ਾਨਾ ਆਖਿਆ ਜਾਂਦਾ ਹੈ। ਇਹ ਆਖਿਆ ਜਾਂਦਾ ਹੈ ਕਿ ਭਾਰਤ ਕੁਝ ਸਾਲਾਂ ਵਿੱਚ ਸੰਸਾਰ ਦੀ ਵੱਡੀ ਤਾਕਤ ਬਣ ਜਾਵੇਗਾ। ਇਸ ਦਾ ਆਧਾਰ ਵੀ ਬੱਚੇ ਹੀ ਹਨ। ਆਉਣ ਵਾਲੇ ਸਮੇਂ ਵਿੱਚ ਸਾਡੇ ਦੇਸ਼ ਵਿੱਚ ਨੌਜਵਾਨਾਂ ਦੀ ਗਿਣਤੀ ਸਾਰੇ ਦੇਸ਼ਾਂ ਤੋਂ ਵੱਧ ਹੋਵੇਗੀ ਤੇ ਇਹੋ ਦੇਸ਼ ਦੀ ਸ਼ਕਤੀ ਬਣਨਗੇ।
ਬੱਚੇ ਕਿਸੇ ਪਰਿਵਾਰ, ਸਮਾਜ ਅਤੇ ਦੇਸ਼ ਦੀ ਸ਼ਕਤੀ ਉਦੋਂ ਹੀ ਬਣ ਸਕਦੇ ਹਨ ਜਦੋਂ ਉਨ੍ਹਾਂ ਦੀ ਸ਼ਖ਼ਸੀਅਤ ਉਸਾਰੀ ਸਹੀ ਹੋਈ ਹੋਵੇ। ਉਹ ਤਨ ਤੇ ਮਨ ਤੋਂ ਤੰਦਰੁਸਤ ਹੋਣ ਅਤੇ ਵਿੱਦਿਆ ਤੇ ਹੁਨਰ ਨਾਲ ਸ਼ਿੰਗਾਰੇ ਗਏ ਹੋਣ। ਜੇਕਰ ਆਲੇ-ਦੁਆਲੇ ਵੱਲ ਝਾਤ ਮਾਰੀ ਜਾਵੇ ਤਾਂ ਇਹ ਆਖਿਆ ਜਾ ਸਕਦਾ ਹੈ ਕਿ ਬਹੁਗਿਣਤੀ ਬੱਚੇ ਤਨੋਂ ਤੇ ਮਨੋਂ ਕਮਜ਼ੋਰ ਹਨ। ਉਹ ਚੜ੍ਹਦੀ ਕਲਾ ਵਿੱਚ ਰਹਿਣ ਦੀ ਥਾਂ ਨਿਰਾਸ਼ਤਾ ਵਿੱਚ ਘਿਰ ਰਹੇ ਹਨ। ਇਸੇ ਨਿਰਾਸ਼ਤਾ ਨੂੰ ਦੂਰ ਕਰਨ ਲਈ ਉਹ ਨਸ਼ਿਆਂ ਦਾ ਸਹਾਰਾ ਲੈ ਰਹੇ ਹਨ, ਉਨ੍ਹਾਂ ਦੀ ਬੋਲਬਾਣੀ ਖਰ੍ਹਵੀ ਹੋ ਰਹੀ ਹੈ ਤੇ ਉਹ ਆਪਣੇ ਗੌਰਵਮਈ ਵਿਰਸੇ ਨੂੰ ਭੁੱਲ ਰਹੇ ਹਨ। ਬੱਚਿਆਂ ਦੀ ਸ਼ਖ਼ਸੀਅਤ ਅਤੇ ਉਸਾਰੀ ਵਿੱਚ ਮਾਪਿਆਂ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ ਕਿਉਂਕਿ ਮਾਪੇ ਹੀ ਬੱਚੇ ਦੇ ਮੁੱਢਲੇ ਅਧਿਆਪਕ ਬਣਦੇ ਹਨ। ਆਰਥਿਕ ਮਜਬੂਰੀਆਂ ਅਤੇ ਕੁਝ ਆਧੁਨਿਕਤਾ ਦੇ ਪ੍ਰਭਾਵ ਕਰਕੇ ਸਾਂਝੇ ਪਰਿਵਾਰ ਟੁੱਟ ਰਹੇ ਹਨ। ਬੱਚਿਆਂ ਨੂੰ ਦਾਦਾ-ਦਾਦੀ ਦੀ ਗੋਦੀ ਦਾ ਨਿੱਘ ਪ੍ਰਾਪਤ ਨਹੀਂ ਹੋ ਰਿਹਾ, ਨਾ ਹੀ ਉਨ੍ਹਾਂ ਨੂੰ ਗੌਰਵਮਈ ਵਿਰਸੇ ਦੀ ਜਾਣਕਾਰੀ ਮਿਲ ਰਹੀ ਹੈ। ਮਾਂ-ਪਿਓ ਦੋਵੇਂ ਨੌਕਰੀ ਕਰਦੇ ਹਨ ਤੇ ਬੱਚਿਆਂ ਦੀ ਦੇਖਭਾਲ ਨੌਕਰਾਂ ਦੇ ਹਵਾਲੇ ਹੋ ਜਾਂਦੀ ਹੈ। ਬੱਚੇ ਦੇ ਸਕੂਲ ਜਾਣ ਸਮੇਂ ਵੀ ਮਾਪੇ ਘਰ ਨਹੀਂ ਹੁੰਦੇ ਤੇ ਸਕੂਲ ਤੋਂ ਵਾਪਸੀ ’ਤੇ ਵੀ ਉਨ੍ਹਾਂ ਨੂੰ ਇਕੱਲਤਾ ਦਾ ਸੰਤਾਪ ਭੁਗਤਣਾ ਪੈਂਦਾ ਹੈ। ਆਪਣੀ ਇਕੱਲਤਾ ਨੂੰ ਦੂਰ ਕਰਨ ਲਈ ਉਹ ਟੀਵੀ ਅਤੇ ਇੰਟਰਨੈੱਟ ਦਾ ਸਹਾਰਾ ਲੈਂਦੇ ਹਨ। ਇਹ ਗੁਣਕਾਰੀ ਗਿਆਨ ਦੇ ਸਰੋਤ ਸਹੀ ਅਗਵਾਈ ਦੀ ਘਾਟ ਕਾਰਨ ਵਿਨਾਸ਼ਕਾਰੀ ਬਣ ਰਹੇ ਹਨ। ਛੋਟੇ ਬੱਚਿਆਂ ਨੂੰ ਜਿਹੜੇ ਮਾਪੇ ਕਰੈੱਚ ਵਿੱਚ ਛੱਡਦੇ ਹਨ ਉਨ੍ਹਾਂ ਦੀ ਹਾਲਤ ਤਾਂ ਹੋਰ ਵੀ ਭੈੜੀ ਹੋ ਜਾਂਦੀ ਹੈ। ਕਈ ਥਾਈਂ ਤਾਂ ਜੇਕਰ ਬੱਚਾ ਰੋਣ ਤੋਂ ਹਟੇ ਹੀ ਨਾ ਤਾਂ ਨੀਦ ਵਾਲੀ ਦਵਾਈ ਦੇ ਦਿੱਤੀ ਜਾਂਦੀ ਹੈ। ਰਾਤ ਨੂੰ ਅਜਿਹੇ ਬੱਚੇ ਸੌਂਦੇ ਨਹੀਂ ਤੇ ਮਾਂ ਦੀਆਂ ਝਿੜਕਾਂ ਖਾਂਦੇ ਹਨ। ਬੱਚਿਆਂ ਵਿੱਚ ਨਿਰਾਸ਼ਤਾ, ਇਕੱਲਤਾ, ਹਿੰਸਾ ਅਤੇ ਅਨੁਸ਼ਾਸਨਹੀਣਤਾ ਵਧ ਰਹੀ ਹੈ। ਨਸ਼ਿਆਂ ਦੀ ਵਰਤੋਂ ਵਿੱਚ ਹੋ ਰਹੇ ਵਾਧੇ ਦਾ ਇਹ ਵੀ ਇੱਕ ਕਾਰਨ ਹੈ। ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨਾ, ਉਨ੍ਹਾਂ ਦੀ ਸਹੀ ਅਗਵਾਈ ਕਰਨੀ, ਧਰਮੀ ਬਣਾਉਣਾ ਆਦਿ ਮਾਪਿਆਂ ਦੀ ਹੀ ਮੁੱਖ ਜ਼ਿੰਮੇਵਾਰੀ ਹੈ। ਮਾਪਿਆਂ ਨੂੰ ਉਨ੍ਹਾਂ ਦੇ ਫ਼ਰਜ਼ਾਂ ਪ੍ਰਤੀ ਜਾਗਰੂਕ ਕਰਨਾ ਅਤੇ ਕੁਤਾਹੀ ਨਾਲ ਹੋ ਰਹੇ ਵਿਨਾਸ਼ ਪ੍ਰਤੀ ਜਾਣੂ ਕਰਵਾਉਣਾ ਜ਼ਰੂਰੀ ਹੈ।
ਕਮਾਈ ਕਰਨੀ ਚਾਹੀਦੀ ਹੈ, ਪਰ ਇਸ ਤੋਂ ਵੀ ਜ਼ਰੂਰੀ ਹੈ ਕਿ ਕਮਾਈ ਦਾ ਆਨੰਦ ਸਾਰਾ ਪਰਿਵਾਰ ਰਲ਼ ਕੇ ਮਾਣੇ। ਕੇਵਲ ਦੌਲਤ ਇਕੱਠੀ ਕਰਨ ਨਾਲ ਸਫਲ ਸੁਖਾਵਾਂ ਜੀਵਨ ਨਹੀਂ ਸਿਰਜਿਆ ਜਾ ਸਕਦਾ ਸਗੋਂ ਇਸ ਲਈ ਘਰ ਵਿੱਚ ਅਧਿਆਤਮਕ, ਨੈਤਿਕ ਕਦਰਾਂ ਕੀਮਤਾਂ ਅਤੇ ਚੜ੍ਹਦੀ ਕਲਾ ਵਾਲਾ ਮਾਹੌਲ ਸਿਰਜਣਾ ਜ਼ਰੂਰੀ ਹੋ ਜਾਂਦਾ ਹੈ। ਬੱਚਿਆਂ ਦਾ ਮਾਪਿਆਂ ਉਤੇ ਸਭ ਤੋਂ ਵੱਧ ਅਧਿਕਾਰ ਹੁੰਦਾ ਹੈ। ਇਸੇ ਹੱਕ ਕਰਕੇ ਮਾਪਿਆਂ ਨੂੰ ਆਪਣਾ ਵੱਧ ਤੋਂ ਵੱਧ ਸਮਾਂ ਬੱਚਿਆਂ ਨਾਲ ਗੁਜ਼ਾਰਨਾ ਚਾਹੀਦਾ ਹੈ, ਪਰ ਵੇਖਣ ਵਿੱਚ ਆਇਆ ਹੈ ਕਿ ਕੰਮਕਾਜੀ ਰੁਝੇਵਿਆਂ ਕਾਰਨ ਮਾਪੇ ਬੱਚਿਆਂ ਨੂੰ ਪੂਰਾ ਸਮਾਂ ਨਹੀਂ ਦੇ ਰਹੇ। ਕਈ ਪਿਉ ਤਾਂ ਅਜਿਹੇ ਹਨ ਜਿਨ੍ਹਾਂ ਦੇ ਦਰਸ਼ਨ ਕਈ ਕਈ ਦਿਨ ਬੱਚਿਆਂ ਨੂੰ ਨਹੀਂ ਹੁੰਦੇ। ਕਾਰੋਬਾਰੀ ਪਿਤਾ ਰਾਤ ਨੂੰ ਦੇਰ ਨਾਲ ਘਰ ਆਉਂਦੇ ਹਨ ਉਦੋਂ ਤੱਕ ਬੱਚੇ ਸੌਂ ਚੁੱਕੇ ਹੁੰਦੇ ਹਨ, ਉਹ ਸਵੇਰੇ ਦੇਰ ਨਾਲ ਉੱਠਦੇ ਹਨ ਉਦੋਂ ਤੱਕ ਬੱਚੇ ਸਕੂਲ ਜਾ ਚੁੱਕੇ ਹੁੰਦੇ ਹਨ। ਐਤਵਾਰ ਦੀ ਜੇਕਰ ਛੁੱਟੀ ਹੋਵੇ ਜਾਂ ਕੋਈ ਸਮਾਗਮ ਨਾ ਹੋਵੇ ਉਦੋਂ ਹੀ ਪਿਤਾ ਦੀ ਆਪਣੇ ਬੱਚਿਆਂ ਨਾਲ ਮੁਲਾਕਾਤ ਹੁੰਦੀ ਹੈ। ਤੁਸੀਂ ਇਹ ਚੁਟਕਲਾ ਤਾਂ ਜ਼ਰੂਰ ਸੁਣਿਆ ਹੋਵੇਗਾ ਕਿ ਕਿਸੇ ਬੱਚੇ ਨੇ ਆਪਣੀ ਮਾਂ ਨੂੰ ਪੁੱਛਿਆ, ‘‘ਇਹ ਐਤਵਾਰ ਨੂੰ ਆਉਣ ਵਾਲੇ ਅੰਕਲ ਕੌਣ ਹਨ?’’ ਸਮਾਂ ਨਾ ਦੇਣ ਦੀ ਘਾਟ ਨੂੰ ਪੂਰਾ ਕਰਨ ਲਈ ਮਾਪੇ ਬੱਚਿਆਂ ਦੇ ਜੇਬ ਖ਼ਰਚ ਵਿੱਚ ਵਾਧਾ ਕਰਦੇ ਹਨ, ਮਹਿੰਗੇ ਮੋਬਾਈਲ ਲੈ ਕੇ ਦਿੰਦੇ ਹਨ। ਬੱਚਿਆਂ ਨੂੰ ਮੋਬਾਈਲ ਜਾਂ ਮਹਿੰਗੇ ਚਾਕਲੇਟ ਦੀ ਨਹੀਂ ਸਗੋਂ ਮਾਪਿਆਂ ਦੇ ਪਿਆਰ ਅਤੇ ਸਾਥ ਦੀ ਲੋੜ ਹੈ। ਜਦੋਂ ਇਹ ਲੋੜ ਪੂਰੀ ਨਹੀਂ ਹੁੰਦੀ ਤਾਂ ਉਹ ਮੋਬਾਈਲ ਰਾਹੀਂ ਦੋਸਤਾਂ ਨਾਲ ਗੱਲਬਾਤ ਕਰਦੇ ਹਨ।
ਕਈ ਵਾਰ ਅਸੀਂ ਆਪਣੇ ਬੱਚਿਆਂ ਨਾਲ ਵਿਵਹਾਰ ਵਿੱਚ ਵੀ ਵਖਰੇਵਾਂ ਕਰਦੇ ਹਾਂ। ਜੇਕਰ ਇੱਕ ਬੱਚੇ ਦੇ ਇਮਤਿਹਾਨ ਵਿੱਚ ਵੱਧ ਨੰਬਰ ਆ ਜਾਣ ਤਾਂ ਅਸੀਂ ਉਸ ਦੀ ਰੱਜ ਕੇ ਤਾਰੀਫ਼ ਕਰਦੇ ਹਾਂ, ਦੂਜੇ ਬੱਚੇ ਦੇ ਜੇਕਰ ਘੱਟ ਨੰਬਰ ਆ ਜਾਣ ਤਾਂ ਅਸੀਂ ਰੱਜ ਕੇ ਉਸ ਨੂੰ ਬੁਰਾ ਭਲਾ ਆਖਦੇ ਹਾਂ। ਇਸੇ ਤਰ੍ਹਾਂ ਜੇਕਰ ਇੱਕ ਬੱਚੇ ਦਾ ਰੰਗ ਘੱਟ ਸਾਫ਼ ਹੋਵੇ ਤਾਂ ਅਸੀਂ ਇਸ ਦਾ ਅਹਿਸਾਸ ਕਰਵਾਉਣ ਲੱਗ ਪੈਂਦੇ ਹਾਂ। ਇਸ ਤਰ੍ਹਾਂ ਨਾਲ ਅਸੀਂ ਉਸ ਦਾ ਲੁਕਵੇਂ ਢੰਗ ਨਾਲ ਅਪਮਾਨ ਕਰਦੇ ਹਾਂ। ਬੇਲੋੜੀ ਟੋਕ-ਟੁਕਾਈ, ਛੁੁਟਿਆਉਣਾ, ਮੂੰਹ ਬਣਾਉਣਾ ਆਦਿ ਬੱਚੇ ਵਿੱਚ ਘਟੀਆਪਣ ਦਾ ਅਹਿਸਾਸ ਭਰਨਾ ਸ਼ੁਰੂ ਕਰ ਦਿੰਦੇ ਹਨ। ਮੁਕਾਬਲੇ ਵਿੱਚ ਦੂਜੇ ਬੱਚੇ ਨੂੰ ਜਦੋਂ ਲੋੜੋਂ ਵੱਧ ਦੁਲਾਰਦੇ ਹਾਂ ਤਾਂ ਉਸ ਵਿੱਚ ਲੋੜੋਂ ਵੱਧ ਆਤਮਵਿਸ਼ਵਾਸ ਭਰਨਾ ਸ਼ੁਰੂ ਹੋ ਜਾਂਦਾ ਹੈ। ਵਿਕਾਸ ਲਈ ਦੋਵੇਂ ਸਥਿਤੀਆਂ ਘਾਤਕ ਹਨ। ਘਟੀਆਪਣ ਦਾ ਅਹਿਸਾਸ ਬੱਚੇ ਵਿੱਚ ਉਦਾਸੀ, ਆਤਮਵਿਸ਼ਵਾਸ ਦੀ ਘਾਟ ਅਤੇ ਡਰੂ ਸੁਭਾਅ ਬਣਾਉਣ ਲੱਗ ਪੈਂਦਾ ਹੈ। ਦੂਜੇ ਪਾਸੇ ਲੋੜੋਂ ਵੱਧ ਆਤਮਵਿਸ਼ਵਾਸ ਵੀ ਮਿਹਨਤ ਨਾ ਕਰਨ, ਕੁਝ ਨਵਾਂ ਨਾ ਸਿੱਖਣ ਅਤੇ ਆਪਣੇ ਆਪ ਨੂੰ ਵੱਖਰਾ ਸਮਝਣ ਵਰਗੀਆਂ ਆਦਤਾਂ ਵਿੱਚ ਵਾਧਾ ਕਰਦਾ ਹੈ। ਸ਼ਹਿਰੀ ਘਰਾਂ ਵਿੱਚ ਬਹੁਤੀ ਵਾਰ ਅਸੀਂ ਬੱਚਿਆਂ ਨੂੰ ਬਾਹਰ ਜਾ ਕੇ ਦੂਜੇ ਬੱਚਿਆਂ ਨਾਲ ਖੇਡਣ ਤੋਂ ਰੋਕਦੇ ਹਾਂ ਜਾਂ ਬੱਚਿਆਂ ਦੇ ਖੇਡਣ ਦੀਆਂ ਸਹੂਲਤਾਂ ਹੀ ਨਹੀਂ ਹੁੰਦੀਆਂ। ਜਦੋਂ ਬੱਚੇ ਕੇਵਲ ਵੀਡੀਓ ਖੇਡਾਂ ਹੀ ਖੇਡਦੇ ਹਨ ਤਾਂ ਉਨ੍ਹਾਂ ਦੇ ਤਨ ਤੇ ਮਨ ਦਾ ਲੋੜੀਂਦਾ ਵਿਕਾਸ ਨਹੀਂ ਹੁੰਦਾ। ਇਹ ਸਥਿਤੀ ਬਹੁਤ ਸਾਰੇ ਨੁਕਸਾਨ ਕਰ ਰਹੀ ਹੈ। ਗ਼ਰੀਬਾਂ ਦੇ ਬੱਚੇ ਸੁਰਤ ਸੰਭਾਲਦਿਆਂ ਹੀ ਰੋਜ਼ੀ ਰੋਟੀ ਦੇ ਚੱਕਰ ਵਿੱਚ ਫਸ ਜਾਂਦੇ ਹਨ। ਉਨ੍ਹਾਂ ਨੂੰ ਘਰੋਂ ਵੀ ਤੇ ਬਾਹਰੋਂ ਵੀ ਝਿੜਕਾਂ ਹੀ ਪੈਂਦੀਆਂ ਹਨ। ਉਂਝ ਵੀ ਜਨਮ ਤੋਂ ਤਨੋਂ ਕਮਜ਼ੋਰ ਹੁੰਦੇ ਹਨ। ਇਸੇ ਤਰ੍ਹਾਂ ਅਖੌਤੀ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹੇ ਅਮੀਰਾਂ ਦੇ ਬੱਚੇ ਲੋੜ ਤੋਂ ਵੱਧ ਹਊਮੇ ਵਿੱਚ ਗਰਸ ਜਾਂਦੇ ਹਨ। ਉਨ੍ਹਾਂ ਲਈ ਵਿੱਦਿਆ ਤੇ ਹੋਰ ਸਭ ਕੁਝ ਪੈਸੇ ਨਾਲ ਖ਼ਰੀਦਿਆ ਜਾ ਸਕਦਾ ਹੈ। ਇਸ ਤਰ੍ਹਾਂ ਦੇਸ਼ ਦੀ ਨਵੀਂ ਪੀੜ੍ਹੀ ਕੁਰਾਹੇ ਪੈ ਰਹੀ ਹੈ।
ਦੇਸ਼ ਦੇ ਸੁਨਹਿਰੀ ਭਵਿੱਖ ਲਈ ਬੱਚਿਆਂ ਵੱਲ ਧਿਆਨ ਦੇਣਾ ਜ਼ਰੂਰੀ ਹੈ। ਮਾਪਿਆਂ ਦੇ ਨਾਲੋ ਨਾਲ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਦੇਸ਼ ਦੇ ਭਵਿੱਖ ਦੀ ਪੂਰੀ ਦੇਖਭਾਲ ਕੀਤੀ ਜਾਵੇ। ਵਿੱਦਿਆ ਅਤੇ ਰੋਟੀ ਮਨੁੱਖ ਦੀ ਮੁੱਢਲੀ ਲੋੜ ਹੈ। ਸਾਡੇ ਸਕੂਲਾਂ ਨੂੰ ਅਜਿਹਾ ਬਣਾਇਆ ਜਾਵੇ ਜਿੱਥੇ ਰੱਟਾ ਲਾ ਕੇ ਅੰਕ ਪ੍ਰਾਪਤ ਕਰਨ ਨੂੰ ਵਧੇਰੇ ਮਹੱਤਤਾ ਦੇਣ ਦੀ ਥਾਂ ਬੱਚਿਆਂ ਅੰਦਰ ਛੁਪੇ ਹੁਨਰ ਨੂੰ ਬਾਹਰ ਕੱਢਿਆ ਜਾਵੇ। ਉਨ੍ਹਾਂ ਨੂੰ ਕੁਝ ਨਵਾਂ ਸੋਚਣ ਅਤੇ ਕਰਨ ਲਈ ਸਿਖਾਇਆ ਜਾਵੇ। ਪੜ੍ਹਾਈ ਦੇ ਨਾਲੋ ਨਾਲ ਉਨ੍ਹਾਂ ਦੀ ਰੁਚੀ ਅਨੁਸਾਰ ਹੁਨਰੀ ਬਣਾਇਆ ਜਾਵੇ ਤਾਂ ਜੋ ਸਕੂਲੀ ਪੜ੍ਹਾਈ ਖਤਮ ਕਰਨ ਪਿੱਛੋਂ ਉਹ ਆਪਣੇ ਪੈਰਾਂ ਉਤੇ ਖੜ੍ਹੇ ਹੋ ਸਕਣ। ਹੁਣ ਬਹੁਤੇ ਬੱਚੇ ਪੜ੍ਹਾਈ ਨੂੰ ਬੋਝ ਸਮਝਦੇ ਹਨ। ਪੜ੍ਹਨ ਪੜ੍ਹਾਉਣ ਦਾ ਅਜਿਹਾ ਤਰੀਕਾ ਵਿਕਸਤ ਕੀਤਾ ਜਾਵੇ ਕਿ ਬੱਚਾ ਸਕੂਲ ਜਾਣ ਲਈ ਬੇਚੈਨ ਹੋਵੇ ਅਤੇ ਸਕੂਲ ਵਿੱਚ ਖੁਸ਼ ਹੋ ਕੇ ਪੜ੍ਹਾਈ ਕਰੇ। ਅਸੀਂ ਚੰਨ ਦੀ ਧਰਤੀ ਨੂੰ ਵੀ ਛੋਹ ਲਿਆ ਹੈ, ਪਰ ਜੇਕਰ ਸਾਡੀ ਧਰਤੀ ਦੇ ਚੰਨ ਭਾਵ ਸਾਡੇ ਬੱਚਿਆਂ ਦਾ ਸੰਤੁਲਿਤ ਵਿਕਾਸ ਨਹੀਂ ਹੁੰਦਾ ਅਤੇ ਉਹ ਗਿਆਨ ਦੇ ਚਾਨਣ ਨਾਲ ਰੁਸ਼ਨਾਏ ਨਹੀਂ ਜਾਂਦੇ ਤਾਂ ਦੇਸ਼ ਦੀ ਘੱਟੋ ਘੱਟ ਅੱਧੀ ਅਬਾਦੀ ਦੇਸ਼ ਦੇ ਮਹਾਸ਼ਕਤੀ ਬਣਨ ਦਾ ਆਨੰਦ ਨਹੀਂ ਮਾਣ ਸਕੇਗੀ। ਇਸ ਵਿੱਚ ਸਾਡੇ ਅਧਿਆਪਕਾਂ ਦੀ ਵਿਸ਼ੇਸ਼ ਜ਼ਿੰਮੇਵਾਰੀ ਹੈ। ਅਧਿਆਪਨ ਕੇਵਲ ਕਿੱਤਾ ਹੀ ਨਹੀਂ ਸਗੋਂ ਮਨੁੱਖਤਾ ਦੀ ਸੇਵਾ ਦਾ ਮਿਲਿਆ ਸੁਨਹਿਰੀ ਮੌਕਾ ਹੈ। ਮਾਪੇ, ਅਧਿਆਪਕ ਅਤੇ ਸਰਕਾਰ ਨੂੰ ਦੇਸ਼ ਦਾ ਭਵਿੱਖ ਸੁਨਹਿਰੀ ਬਣਾਉਣ ਲਈ ਦੇਸ਼ ਦੀ ਦੌਲਤ ਬੱਚਿਆਂ ਦੀ ਸੁਚੱਜੀ ਸ਼ਖ਼ਸੀਅਤ ਉਸਾਰੀ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।