ਲਾਸ ਏਂਜਲਸ, 25 ਫਰਵਰੀ
ਬਰਤਾਨਵੀ ਸ਼ਾਹੀ ਘਰਾਣੇ ਦਾ ਸ਼ਹਿਜ਼ਾਦਾ ਪ੍ਰਿੰਸ ਹੈਰੀ ਤੇ ਉਸ ਦੀ ਪਤਨੀ ਮੇਗਨ ਮਰਕਲ ਇੱਕ ਇੰਟਰਵਿਊ ਦੌਰਾਨ ਪ੍ਰਸਿੱਧ ਅਮਰੀਕੀ ‘ਟੈਲੀਵਿਜ਼ਨ ਹੋਸਟ’ ਓਪਰਾ ਵਿਨਫ੍ਰੇ ਨਾਲ ਦਿਲ ਦੀਆਂ ਗੱਲਾਂ ਕਰਨਗੇ। ਇਹ ਜੋੜਾ ਸ਼ਾਹੀ ਪਰਿਵਾਰ ਦੀ ਬੇਮੁਖਤਾ ਬਾਰੇ ਗੱਲਾਂ ਕਰਦਾ ਨਜ਼ਰ ਆਵੇਗਾ। ਸੂਤਰ ਦੱਸਦੇ ਹਨ ਕਿ ਸ਼ਾਹੀ ਘਰਾਣੇ ਅਤੇ ਇਸ ਜੋੜੇ ਵਿਚਾਲੇ ਸਬੰਧ ਠੀਕ ਨਹੀਂ ਹਨ। ਜਾਣਕਾਰੀ ਅਨੁਸਾਰ ਇਹ ਇੰਟਰਵਿਊ ਆਗਾਮੀ ਸੱਤ ਮਾਰਚ ਨੂੰ ਸੀਬੀਐੱਸ ਨੈੱਟਵਰਕ ’ਤੇ ਪ੍ਰਸਾਰਿਤ ਕੀਤੀ ਜਾਵੇਗੀ।
ਸੂਤਰਾਂ ਅਨੁਸਾਰ ਇਹ ਇੰਟਰਵਿਊ ਇਨ੍ਹਾਂ ਦੇ ਪਰਿਵਾਰਕ ਸਬੰਧਾਂ ਦੇ ਸਫ਼ਰ ’ਤੇ ਝਾਤ ਪਾਵੇਗੀ। ਮੇਗਨ ਅਤੇ ਹੈਰੀ ਨੇ ਸ਼ਾਹੀ ਫ਼ਰਜ਼ਾਂ ਤੋਂ ਮੁਕਤ ਹੋ ਕੇ ਸੁੱਖ ਦਾ ਸਾਹ ਲਿਆ ਹੈ। ਲੰਘੀ 20 ਫਰਵਰੀ ਨੂੰ ਬਕਿੰਘਮ ਪੈਲੇਸ ਨੇ ਪੁਸ਼ਟੀ ਕੀਤੀ ਹੈ ਕਿ ਹੈਰੀ ਤੇ ਮੇਗਨ ਵਾਪਸ ਨਹੀਂ ਪਰਤਣਗੇ। ਇਹ ਵੀ ਦੱਸਿਆ ਗਿਆ ਹੈ ਕਿ ਪ੍ਰਿੰਸ ਹੈਰੀ ਆਪਣਾ ‘ਆਨਰੇਰੀ ਮਿਲਟਰੀ’ ਸਨਮਾਨ ਛੱਡ ਦੇਣਗੇ। ਇਸ ਜੋੜੇ ਨੂੰ ਅਧਿਕਾਰਤ ਤੌਰ ’ਤੇ ਸ਼ਾਹੀ ਘਰਾਣੇ ਦੇ ਫਰਜ਼ਾਂ ਤੋਂ ਮੁਕਤ ਕਰ ਦਿੱਤਾ ਗਿਆ ਹੈ ਅਤੇ ਇਸ ਗੱਲ ’ਤੇ ਸਹਿਮਤੀ ਬਣੀ ਸੀ ਕਿ ਹਾਲਾਤ ਦੀ ਸਮੀਖਿਆ ਕੀਤੀ ਜਾਵੇਗੀ। ਉਪਰੰਤ ਉਹ ਕੈਲੀਫੋਰਨੀਆ ਦੇ ਸ਼ੈਂਟਾ ਬਾਰਬਰਾ ਚਲੇ ਗਏ ਸਨ। -ਆਈਏਐੱਨਐੱਸ