ਮੁੰਬਈ: ਸਾਬਕਾ ਬਿਊਟੀ ਕੁਈਨ ਮਾਨੁਸ਼ੀ ਛਿੱਲਰ ਇਨ੍ਹੀਂ ਦਿਨੀਂ ਆਪਣੀ ਪਹਿਲੀ ਫਿਲਮ ‘ਪ੍ਰਿਥਵੀਰਾਜ’ ਦੇ ਰਿਲੀਜ਼ ਹੋਣ ਦੀ ਉਡੀਕ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਫਿਲਮ ਵਿਚਲੇ ਰਾਜਕੁਮਾਰੀ ਸੰਯੋਗਿਤਾ ਦੇ ਕਿਰਦਾਰ ਲਈ ਬਹੁਤ ਮਿਹਨਤ ਕੀਤੀ ਹੈ। ਫਿਲਮ ‘ਪ੍ਰਿਥਵੀਰਾਜ’ ਨਿਡਰ ਅਤੇ ਸ਼ਕਤੀਸ਼ਾਲੀ ਰਾਜਾ ਪ੍ਰਿਥਵੀਰਾਜ ਚੌਹਾਨ ਦੇ ਜੀਵਨ ਤੇ ਬਹਾਦਰੀ ’ਤੇ ਆਧਾਰਤ ਹੈ। ਅਦਾਕਾਰ ਅਕਸ਼ੈ ਕੁਮਾਰ ਫਿਲਮ ਵਿੱਚ ਪ੍ਰਿਥਵੀਰਾਜ ਦੀ ਭੂਮਿਕਾ ਨਿਭਾ ਰਿਹਾ ਹੈ। ਮਾਨੁਸ਼ੀ ਨੂੰ ਅਕਸ਼ੈ ਨਾਲ ਪ੍ਰਿਥਵੀਰਾਜ ਦੇ ਪਿਆਰ ਰਾਜਮੁਕਾਰੀ ਸੰਯੋਗਿਤਾ ਦਾ ਕਿਰਦਾਰ ਨਿਭਾਉਣ ਲਈ ਫਿਲਮ ’ਚ ਲਿਆ ਗਿਆ ਹੈ। ਮਾਨੁਸ਼ੀ ਨੇ ਕਿਹਾ, ‘‘ਮੈਂ ਖੁਸ਼ ਹਾਂ ਕਿ ਹੁਣ ਸਾਡੇ ਕੋਲ ‘ਪ੍ਰਿਥਵੀਰਾਜ’ ਨੂੰ ਵੱਡੇ ਪਰਦੇ ’ਤੇ ਰਿਲੀਜ਼ ਕਰਨ ਦੀ ਤਾਰੀਖ ਹੈ। ਮੈਂ ਇਸ ਕਿਸਮ ਦਾ ਲਾਂਚਪੈਡ ਪ੍ਰਾਪਤ ਕਰਨ ਲਈ ਕਿਸਮਤ ਵਾਲੀ ਰਹੀ ਹਾਂ ਅਤੇ ਉਮੀਦ ਕਰਦੀ ਹਾਂ ਕਿ ਮੈਨੂੰ ਇਹ ਜੋ ਮੌਕਾ ਮਿਲਿਆ, ਮੈਂ ਉਸ ਨਾਲ ਇਨਸਾਫ਼ ਕੀਤਾ ਹੈ। ਮੈਂ ਬਹੁਤ ਮਿਹਨਤ ਨਾਲ ਇਹ ਕਿਰਦਾਰ ਹਾਸਲ ਕੀਤਾ ਹੈ ਤੇ ਇਹ ਕਿਰਦਾਰ ਨਿਭਾਉਣ ਲਈ ਬਹੁਤ ਮਿਹਨਤ ਵੀ ਕੀਤੀ ਹੈ।’’ ਉਸ ਨੇ ਅੱਗੇ ਕਿਹਾ, ‘‘ਮੈਂ ਖ਼ੁਸ਼ ਹਾਂ ਕਿ ਲੋਕ ਮੇਰੀ ਫਿਲਮ ਵਿਚਲੀ ਦਿੱਖ ਦੀ ਪ੍ਰਸ਼ੰਸ਼ਾ ਕਰ ਰਹੇ ਹਨ। ਮੈਂ ਉਮੀਦ ਕਰਦੀ ਹਾਂ ਕਿ ਉਹ ਮੇਰੀ ਪੇਸ਼ਕਾਰੀ ਨੂੰ ਵੀ ਪਸੰਦ ਕਰਨਗੇ ਕਿਉਂਕਿ ਪਰਦੇ ’ਤੇ ਮੇਰੀ ਅਸਲ ਪ੍ਰੀਖਿਆ ਹੋਵੇਗੀ।’’ ਫਿਲਮ ‘ਪ੍ਰਿਥਵੀਰਾਜ’ ਦੇ ਨਿਰਦੇਸ਼ਕ ਚੰਦਰਪ੍ਰਕਾਸ਼ ਦਿਵੇਦੀ ਹਨ। ਫਿਲਮ 10 ਜੂਨ ਨੂੰ ਰਿਲੀਜ਼ ਹੋਵੇਗੀ। -ਆਈਏਐੱਨਐੱਸ