ਵੀਨਾ ਜੰਮੂ
ਅੱਜ ਪੰਜਾਬ ਅਤੇ ਦੇਸ਼ ਭਰ ਦੇ ਕਿਸਾਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਅੰਦੋਲਨ ਕਰ ਰਹੇ ਹਨ ਅਤੇ ਉਹ ਦਿੱਲੀ ਬਾਰਡਰਾਂ ’ਤੇ ਡਟੇ ਹੋਏ ਹਨ। ਇਹ ਸਭ ਦੇਖ ਕੇ ਉਨ੍ਹਾਂ ਸਾਰੇ ਅੰਦੋਲਨਾਂ ਦਾ ਇਤਿਹਾਸ ਮਨ ਵਿਚ ਤਾਜ਼ਾ ਹੋ ਰਿਹਾ ਹੈ ਜੋ ਪੰਜਾਬ ਦੇ ਕਿਸਾਨਾਂ ਨੇ ਸਫਲਤਾਪੂਰਵਕ ਲੜੇ ਹਨ। ਉਹ ਅੰਦੋਲਨ ਭਾਵੇਂ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਹਰਸ਼ੇਛੀਨੇ ਦਾ ਮੋਰਚਾ, ਮੁਜਾਰਾ ਲਹਿਰ ਹੋਵੇ ਜਾਂ ਆਜ਼ਾਦੀ ਤੋਂ ਬਾਅਦ ਬੇਦੀਫਾਰਮ ਮੋਰਚਾ। ਅਜਿਹੇ ਹੀ ਇਕ ਕਿਸਾਨ ਅੰਦੋਲਨ ਦੀ ਧੁੰਦਲੀ ਜਿਹੀ ਯਾਦ ਮੇਰੇ ਬਚਪਨ ਨਾਲ ਜੁੜੀ ਹੋਈ ਹੈ।
ਮੇਰਾ ਜਨਮ ਖੱਬੇ-ਪੱਖੀ ਵਿਚਾਰਧਾਰਾ ਵਾਲੇ ਇਕ ਪਰਿਵਾਰ ਵਿਚ ਹੋਇਆ। ਮੇਰਾ ਨਾਨਕਾ ਅਤੇ ਦਾਦਕਾ ਪਰਿਵਾਰ ਸਾਰਾ ਹੀ ਖੱਬੇ-ਪੱਖੀ ਵਿਚਾਰਧਾਰਾ ਵਾਲਾ ਸੀ। ਮੇਰੇ ਨਾਨਾ ਕਾਮਰੇਡ ਗੋਬਿੰਦ ਰਾਮ ਜੀ ਨੇ ਆਜ਼ਾਦੀ ਤੋਂ ਪਹਿਲਾਂ ਹਰਸ਼ੇਛੀਨੇ ਦੇ ਮੋਰਚੇ ਵਿਚ ਮੂਹਰਲੀਆਂ ਸਫ਼ਾਂ ਵਿਚ ਰਹਿ ਕੇ ਸ਼ਮੂਲੀਅਤ ਕੀਤੀ। ਮੇਰੀ ਮਾਂ ਕਾਮਰੇਡ ਕੈਲਾਸ਼ ਵੰਤੀ ਵੀ ਖੱਬੇ-ਪੱਖੀ ਵਿਚਾਰਧਾਰਾ ਵਾਲੇ ਅਤੇ ਸੀ.ਪੀ.ਆਈ. ਦੀ ਆਗੂ ਸਨ। ਉਨ੍ਹਾਂ ਨੇ ਫਿਰੋਜ਼ਪੁਰ ਜ਼ਿਲ੍ਹੇ ਵਿਚ ਲੱਗੇ ਬੇਦੀ ਮੋਰਚੇ ਵਿਚ ਮੂਹਰਲੀਆਂ ਸਫ਼ਾਂ ਵਿਚ ਰਹਿ ਕੇ ਅੰਦੋਲਨ ਕੀਤਾ। ਇਸ ਮੋਰਚੇ ਵਿਚ ਵੱਖ ਵੱਖ ਜਥੇ ਬੇਦੀ ਫਾਰਮ ’ਤੇ ਜਾ ਕੇ ਧਰਨਾ ਦਿੰਦੇ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ।
ਮੇਰੇ ਮਾਤਾ ਜੀ ਪੰਜਾਬ ਇਸਤਰੀ ਸਭਾ ਵੱਲੋਂ ਜਾ ਰਹੇ ਜਥੇ ਵਿਚ ਸ਼ਾਮਲ ਸਨ। ਇਸ ਜਥੇ ਦੀ ਅਗਵਾਈ ਸ੍ਰੀਮਤੀ ਵਿਮਲਾ ਡਾਂਗ ਕਰ ਰਹੇ ਸਨ। ਇਸ ਜਥੇ ਵਿਚ ਮੇਰੀਆਂ ਦੋ ਤਾਈਆਂ ਵੀ ਸ਼ਾਮਲ ਸਨ। ਜਦੋਂ ਇਹ ਜਥਾ ਪੁਲੀਸ ਤੋਂ ਬਚਦਾ-ਬਚਾਉਂਦਾ ਧਰਨਾ ਦੇਣ ਲਈ ਬੇਦੀ ਫਾਰਮ ’ਤੇ ਪੁੱਜਿਆ ਤਾਂ ਸਾਰੀਆਂ ਸੰਗਰਾਮੀ ਔਰਤਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚ ਬੰਦ ਕਰ ਦਿੱਤਾ।
ਜਦੋਂ ਮੇਰੀ ਮਾਂ ਜੇਲ੍ਹ ਵਿਚ ਸੀ, ਮੈਂ ਉਦੋਂ ਮਸਾਂ ਢਾਈ-ਤਿੰਨ ਸਾਲ ਦੀ ਹੋਵਾਂਗੀ। ਮੈਂ ਕਿਉਂਕਿ ਬਹੁਤ ਛੋਟੀ ਸੀ ਅਤੇ ਮਾਂ ਤੋਂ ਬਿਨਾਂ ਰਹਿਣਾ ਬਹੁਤ ਔਖਾ ਸੀ, ਸੋ ਮੈਨੂੰ ਮੁਲਾਕਾਤ ਲਈ ਫਿਰੋਜ਼ਪੁਰ ਜੇਲ੍ਹ ਵਿਚ ਮਾਂ ਕੋਲ ਲੈ ਕੇ ਗਏ। ਮੈਂ ਸੰਘਰਸ਼ੀ ਮਾਂ ਦੀ ਕੁੱਖੋਂ ਜਨਮ ਲਿਆ ਸੀ। ਇਸ ਲਈ ਜ਼ਿੱਦ ਕਰਨ ਲੱਗੀ ਕਿ ਮੈਂ ਘਰ ਵਾਪਸ ਨਹੀਂ ਜਾਵਾਂਗੀ, ਸਗੋਂ ਮਾਂ ਨਾਲ ਜੇਲ੍ਹ ਵਿਚ ਹੀ ਰਹਾਂਗੀ।
ਜੇਲ੍ਹ ਨਿਯਮਾਂ ਮੁਤਾਬਿਕ ਮੈਨੂੰ ਜੇਲ੍ਹ ਵਿਚ ਨਹੀਂ ਸੀ ਰੱਖਿਆ ਜਾ ਸਕਦਾ, ਪਰ ਮੈਂ ਇੰਨਾ ਜ਼ਿਆਦਾ ਰੋ ਰਹੀ ਸੀ ਕਿ ਵਾਪਸ ਨਹੀਂ ਸੀ ਜਾ ਰਹੀ।
ਜਦੋਂ ਜੇਲ੍ਹ ਦੇ ਅਧਿਕਾਰੀਆਂ ਨੇ ਮੇਰੀ ਹਾਲਤ ਦੇਖੀ ਤਾਂ ਉਨ੍ਹਾਂ ਨੇ ਮਾਂ ਨੂੰ ਕਿਹਾ ਕਿ ਤੁਸੀਂ ਆਪਣੀ ਜ਼ਮਾਨਤ ਕਰਾ ਲਓ, ਬੱਚੀ ਦਾ ਰੋ ਰੋ ਕੇ ਬੁਰਾ ਹਾਲ ਹੈ। ਇਸ ’ਤੇ ਮੇਰੀ ਮਾਂ ਨੇ ਜਵਾਬ ਦਿੱਤਾ, ‘‘ਮੇਰੀ ਬੱਚੀ ਬੇਸ਼ੱਕ ਮਰ ਜਾਵੇ, ਪਰ ਮੈਂ ਜ਼ਮਾਨਤ ਨਹੀਂ ਕਰਵਾਉਣੀ।’’
ਇਸ ਤੋਂ ਬਾਅਦ ਜੇਲ੍ਹ ਦੇ ਨਿਯਮਾਂ ਮੁਤਾਬਿਕ ਸਪੈਸ਼ਲ ਮੈਜਿਸਟ੍ਰੇਟ ਤੋਂ ਇਜਾਜ਼ਤ ਲੈ ਕੇ ਮੈਨੂੰ ਮਾਂ ਦੇ ਨਾਲ ਲਗਭਗ ਡੇਢ ਮਹੀਨਾ ਜੇਲ੍ਹ ਵਿਚ ਰਹਿਣ ਦਾ ਮੌਕਾ ਮਿਲਿਆ ਜਿਸ ਦੀਆਂ ਧੁੰਦਲੀਆਂ ਯਾਦਾਂ ਅਜੇ ਵੀ ਮੇਰੇ ਮਨ ਵਿਚ ਹਨ।
ਸੰਪਰਕ: 89685-67127