ਮਨਦੀਪ ਸਿੰਘ ਸਿੱਧੂ
ਸਿਨੇ ਪੰਜਾਬੀ
ਯਾਦਾਂ ਤੇ ਯਾਦਗਾਰਾਂ
ਪ੍ਰਿਥਵੀਰਾਜ ਕਪੂਰ ਦੀ ਪੈਦਾਇਸ਼ 3 ਨਵੰਬਰ 1906 ਨੂੰ ਪਸ਼ੌਰ (ਪੇਸ਼ਾਵਰ) ਦੇ ਸਤਿਕਾਰਤ ਪੰਜਾਬੀ ਖੱਤਰੀ ਪਰਿਵਾਰ ਵਿਚ ਹੋਈ। ਇਨ੍ਹਾਂ ਦੇ ਪਿਤਾ ਦੀਵਾਨ ਬਸ਼ੇਸ਼ਵਰਨਾਥ ਕਪੂਰ ਪੁਲੀਸ ਵਿਭਾਗ ਵਿਚ ਸਬ-ਇੰਸਪੈਕਟਰ ਅਤੇ ਦਾਦਾ ਜੀ ਤਹਿਸੀਲਦਾਰ ਸਨ। 3 ਸਾਲ ਦੀ ਉਮਰ ਵਿਚ ਮਾਤਾ ਜੀ ਅਕਾਲ ਚਲਾਣਾ ਕਰ ਗਏ। ਲਿਹਾਜ਼ਾ ਪ੍ਰਿਥਵੀ ਦਾ ਬਚਪਨ ਸਮੁੰਦਰੀ ਪਿੰਡ ਵਿਚ ਬੀਤਿਆ। ਨਿਆਣੀ ਉਮਰ ਤੋਂ ਹੀ ਇਹ ਬੜੇ ਸਿਆਣੇ, ਹੋਣਹਾਰ ਤੇ ਬੁੱਧੀਮਾਨ ਬਾਲਕ ਸਨ। ਨੱਚਣਾ-ਟੱਪਣਾ ਤੇ ਗਾਉਣਾ ਇਨ੍ਹਾਂ ਦਾ ਨਿੱਤ ਦਾ ਸ਼ੁਗਲ ਸੀ। ਦਸਵੀਂ ਪਾਸ ਕਰਨ ਤੋਂ ਬਾਅਦ 17 ਸਾਲ ਦੀ ਉਮਰ ਵਿਚ ਪ੍ਰਿਥਵੀਰਾਜ ਕਪੂਰ ਦਾ ਵਿਆਹ 15 ਸਾਲਾਂ ਦੀ ਪੰਜਾਬਣ ਮੁਟਿਆਰ ਰਾਮਸਰਨੀ ਮਹਿਰਾ ਨਾਲ ਹੋ ਗਿਆ। ਵਿਆਹ ਤੋਂ ਬਾਅਦ ਇਨ੍ਹਾਂ ਨੇ ਪਸ਼ੌਰ ਦੇ ਐਡਵਰਡ ਕਾਲਜ ਤੋਂ 1929 ਵਿਚ ਬੀ.ਏ. ਪਾਸ ਕੀਤੀ। ਗ੍ਰੈਜੂਏਸ਼ਨ ਕਰਦਿਆਂ ਹੀ ਉਸਨੇ ਲਾਹੌਰ ਦੇ ਲਾਅ ਕਾਲਜ ’ਚ ਕਾਨੂੰਨ ਦੀ ਪੜ੍ਹਾਈ ਕਰਨ ਲਈ ਦਾਖਲਾ ਲਿਆ। ਕਾਲਜ ਦੀ ਪੜ੍ਹਾਈ ਦੌਰਾਨ ਹੀ ਉਹ ਡਰਾਮਿਆਂ ਵਿਚ ਅਦਾਕਾਰੀ ਅਤੇ ਫ਼ਿਲਮਾਂ ਵੇਖਣ ਦੀ ਮਜ਼ੀਦ ਚਾਹਤ ਰੱਖਦੇ ਸਨ। ਲਿਹਾਜ਼ਾ ਇਸੇ ਸ਼ੌਕ ਦੇ ਚੱਲਦਿਆਂ 1929 ਵਿਚ ਇੰਪੀਰੀਅਲ ਫ਼ਿਲਮ ਕੰਪਨੀ ਵਿਚ ਸ਼ਾਮਲ ਹੋ ਗਏ।
ਇਹ ਸਿਨਮਾ ਦਾ ਉਹ ਵੇਲਾ ਸੀ ਜਦੋਂ ਖ਼ਾਮੋਸ਼ ਫ਼ਿਲਮਾਂ ਬਣਦੀਆਂ ਸਨ। ਪ੍ਰਿਥਵੀਰਾਜ ਦੀ ਪਹਿਲੀ ਚੁੱਪ ਫ਼ਿਲਮ ਇੰਪੀਰੀਅਲ ਫ਼ਿਲਮ ਕੰਪਨੀ, ਬੰਬੇ ਦੀ ਬੀ. ਪੀ. ਮਿਸ਼ਰਾ ਨਿਰਦੇਸ਼ਿਤ ‘ਸਿਨੇਮਾ ਗਰਲ’ (1930) ਸੀ, ਜਿਸ ਵਿਚ ਹੀਰੋਇਨ ਦਾ ਕਿਰਦਾਰ ਅੰਗਰੇਜ਼ਣ ਅਦਾਕਾਰਾ ਐਰੇਮੀਲਿਨ ਨੇ ਨਿਭਾਇਆ ਸੀ। ਇੰਪੀਰੀਅਲ ਕੰਪਨੀ ਦੀ ਹੀ ਐੱਚ. ਐੱਮ. ਰੈਡੀ ਨਿਰਦੇਸ਼ਿਤ ਦੂਜੀ ਇਤਿਹਾਸਕ ਚੁੱਪ ਫ਼ਿਲਮ ‘ਵਿਜਯ ਕੁਮਾਰ’ (1930) ਫਿਰ ਐਰੇਮੀਲਿਨ ਹੀਰੋਇਨ ਸੀ। ਉਸਦੀ ਤੀਜੀ ਚੁੱਪ ਫ਼ਿਲਮ ਵੀ ਇੰਪੀਰੀਅਲ ਦੀ ਹੀ ਮਦਨ ਰਾਏ ਨਿਰਦੇਸ਼ਿਤ ‘ਏ ਬਿਡ ਫਾਰ ਥਰੋਨ’ (1931) ਸੀ, ਜਿਸ ਵਿਚ ਹੀਰੋਇਨ ਦਾ ਪਾਰਟ ਲੀਲਾਵਤੀ ਨੇ ਅਦਾ ਕੀਤਾ। ਇੰਪੀਰੀਅਲ ਦੀ ਹੀ ਐੱਚ. ਐੱਮ. ਰੈਡੀ ਨਿਰਦੇਸ਼ਿਤ ਚੌਥੀ ਚੁੱਪ ਫ਼ਿਲਮ ‘ਏ ਵੇਜਰ ਇਨ ਲਵ’ ਉਰਫ਼ ‘ਬਾਰ ਕੇ ਪੋਬਰ’ (1931) ਸੀ ਤੇ ਅਦਾਕਾਰਾ ਫਿਰ ਲੀਲਾਵਤੀ ਸੀ।
ਜਦੋਂ ਬੋਲਦੀਆਂ ਫ਼ਿਲਮਾਂ ਦਾ ਦੌਰ ਸ਼ੁਰੂ ਹੋਇਆ ਤਾਂ ਪ੍ਰਿਥਵੀਰਾਜ ਕਪੂਰ ਨੂੰ ਇੰਪੀਰੀਅਲ ਮੂਵੀਟੋਨ, ਬੰਬੇ ਦੀ ਅਰਦੇਸ਼ੀਰ ਐੱਮ. ਇਰਾਨੀ ਨਿਰਦੇਸ਼ਿਤ ਪਹਿਲੀ ਬੋਲਦੀ ਹਿੰਦੀ ਫ਼ਿਲਮ ‘ਆਲਮ ਆਰਾ’ (1931) ਵਿਚ ਅਦਾਕਾਰੀ ਕਰਨ ਦਾ ਮੌਕਾ ਮਿਲਿਆ। ਫ਼ਿਲਮ ਦੇ ਮਰਕਜ਼ੀ ਕਿਰਦਾਰ ਵਿਚ ਮਾਸਟਰ ਵਿੱਠਲ ਅਤੇ ਜ਼ੁਬੈਦਾ ਮੌਜੂਦ ਸਨ। ਫ਼ਿਲਮਸਾਜ਼ ਸੇਠ ਬਦਰੀ ਪ੍ਰਸ਼ਾਦ ਦੂਬੇ, ਕਹਾਣੀ ਡੇਵਿਡ ਜੋਸਫ਼, ਮੁਕਾਲਮੇ ਡੇਵਿਡ ਜੋਸਫ਼ ਤੇ ਅਰਦੇਸ਼ੀਰ ਐੱਮ. ਇਰਾਨੀ ਅਤੇ ਮੌਸੀਕੀ ਫ਼ਿਰੋਜ਼ਸ਼ਾਹ ਮਿਸਤਰੀ ਤੇ ਬੀ. ਇਰਾਨੀ ਨੇ ਮੁਰੱਤਬਿ ਕੀਤੀ ਸੀ। 7 ਗੀਤਾਂ ਵਾਲੀ ਇਸ ਫ਼ਿਲਮ ਦੇ ਪਹਿਲੇ ਗਾਇਕ ਬਣਨ ਦਾ ਐਜ਼ਾਜ਼ ਵਜ਼ੀਰ ਮੁਹੰਮਦ ਖ਼ਾਨ ਨੂੰ ਹਾਸਲ ਹੋਇਆ। ਭਾਰਤੀ ਸਿਨਮਾ ਦੀ ਇਹ ਪਹਿਲੀ ਫ਼ਿਲਮ 14 ਮਾਰਚ 1931 ਨੂੰ ਮੈਜਿਸਟਿਕ ਸਿਨਮਾ, ਬੰਬੇ ਵਿਖੇ ਨੁਮਾਇਸ਼ ਹੋਈ, ਪਰ ਇਸ ਇਤਿਹਾਸਿਕ ਫ਼ਿਲਮ ਦਾ ਪ੍ਰਿੰਟ ਨਸ਼ਟ ਹੋ ਚੁੱਕਿਆ ਹੈ। ਇੰਪੀਰੀਅਲ ਮੂਵੀਟੋਨ ਦੀ ਹੀ ਪੇਸੀ ਕਰਾਨੀ ਨਿਰਦੇਸ਼ਿਤ ਸਟੰਟ ਫ਼ਿਲਮ ‘ਦਗ਼ਾਬਾਜ਼ ਆਸ਼ਿਕ’ (1932) ਵਿਚ ਪ੍ਰਿਥਵੀ ਨੇ ਅਦਾਕਾਰੀ ਕੀਤੀ। ਦੁਰਗਾਬਾਈ ਖੋਟੇ ਨਾਲ ‘ਰਾਜਰਾਨੀ ਮੀਰਾ’ (1933) ਤੇ ‘ਸੀਤਾ’ (1934) ਕੀਤੀਆਂ। ‘ਸਵਰਗ ਕੀ ਸੀੜੀ’ ਉਰਫ਼ ‘ਸਤੀ ਵਿਮਲਾ’ (1935/ਲਾਹੌਰ) ਅਦਾਕਾਰਾ ਉਮਰਾਓ ਜ਼ੀਆ ਬੇਗ਼ਮ ਨਾਲ, ‘ਮੰਜ਼ਿਲ’ (1936) ਮਲਿਨਾ ਦੇਵੀ ਨਾਲ, ‘ਅਨਾਥ ਆਸ਼ਰਮ’, ‘ਜੀਵਨ ਪ੍ਰਭਾਤ’ (1937), ‘ਮਿਲਾਪ’ (1937) ਇੰਦਰਾ ਦੇਵੀ ਨਾਲ, ‘ਪ੍ਰੈਸੀਡੈਂਟ’ ਉਰਫ਼ ‘ਬੜੀ ਬਹਿਨ’ (1937), ‘ਵਿੱਦਿਆਪਤੀ’ (1937) ਛਾਇਆ ਦੇਵੀ ਨਾਲ, ‘ਅਭਾਗਿਨ’ (1938) ਮੋਲੀਨਾ ਨਾਲ ਆਦਿ ਫ਼ਿਲਮਾਂ ’ਚ ਉਮਦਾ ਅਦਾਕਾਰੀ ਕੀਤੀ।
40 ਦੇ ਅਸ਼ਰੇ ’ਚ ਉਸਨੇ ਬਹੁਤ ਸਾਰੀਆਂ ਹਿੰਦੀ ਫ਼ਿਲਮਾਂ ’ਚ ਆਪਣੇ ਬਿਹਹਤਰੀਨ ਹੁਨਰ ਦੀ ਨੁਮਾਇਸ਼ ਕੀਤੀ। ਰਣਜੀਤ ਮੂਵੀਟੋਨ, ਬੰਬਈ ਦੀ ‘ਇੰਡੀਆ ਟੂਡੇ’ ਉਰਫ਼ ‘ਆਜ ਕਾ ਹਿੰਦੋਸਤਾਨ’ (1940) ਅਦਾਕਾਰਾ ਰੋਜ਼ ਨਾਲ। ਸੁਦਾਮਾ ਪ੍ਰੋਡਕਸ਼ਨਜ਼, ਬੰਬਈ ਦੀ ਸਰਵੋਤਮ ਬਾਦਾਮੀ ਨਿਰਦੇਸ਼ਿਤ ਫ਼ਿਲਮ ‘ਚਿੰਗਾਰੀ’ (1940) ਸਬਿਤਾ ਦੇਵੀ ਨਾਲ। ਰਣਜੀਤ ਮੂਵੀਟੋਨ ਦੀ ਹੀ ‘ਪਾਗਲ’ (1940) ਅਦਾਕਾਰਾ ਮਾਧੁਰੀ ਨਾਲ। ਵਾਡੀਆ ਮੂਵੀਟੋਨ, ਬੰਬਈ ਦੀ ‘ਰਾਜ ਨਰਤਕੀ’ ਉਰਫ਼ ‘ਕੋਰਟ ਡਾਂਸਰ’ (1941) ਅਦਾਕਾਰਾ ਸਾਧਨਾ ਬੋਸ ਨਾਲ ਕੀਤੀ। ਮਿਨਰਵਾ ਮੂਵੀਟੋਨ, ਬੰਬਈ ਦੀ ਸੋਹਰਾਬ ਮੋਦੀ ਨਿਰਦੇਸ਼ਿਤ ਇਤਿਹਾਸਕ ਫ਼ਿਲਮ ‘ਸਿਕੰਦਰ’ (1941) ’ਚ ਪ੍ਰਿਥਵੀ ਰਾਜ ਕਪੂਰ ਵੱਲੋਂ ਦੁਨੀਆਂ ਜਿੱਤਣ ਵਾਲੇ ‘ਸਿਕੰਦਰ’ ਉਰਫ਼ ‘ਅਲੈਗਜੈਂਡਰ’ ਦੇ ਰਾਜਾ ਪੋਰਸ ਬਣੇ ਸੋਹਰਾਬ ਮੋਦੀ ਖ਼ਿਲਾਫ਼ ਨਿਭਾਏ ਜਾਨਦਾਰ ਤੇ ਸ਼ਾਨਦਾਰ ਕਿਰਦਾਰ ਨੇ ਉਸਨੂੰ ਸਫਲਤਾ ਦੇ ਸਿਖਰ ’ਤੇ ਬਿਠਾ ਦਿੱਤਾ ਸੀ। ਇਹ ਫ਼ਿਲਮ ਸੁਪਰਹਿੱਟ ਕਰਾਰ ਪਾਈ। ਇਸ ਤੋਂ ਇਲਾਵਾ ਉਸ ਦੀਆਂ ਚੰਦ ਕਾਬਿਲ-ਏ-ਜ਼ਿਕਰ ਫ਼ਿਲਮਾਂ ਦੇ ਨਾਮ ਹਨ ‘ਏਕ ਰਾਤ’ (1942/ਨੀਨਾ ਨਾਲ), ‘ਉਜਾਲਾ’ (1942/ਨਸੀਮ ਬਾਨੋ ਨਾਲ), ‘ਭਲਾਈ’ (1943/ਸਿਤਾਰਾ ਦੇਵੀ ਨਾਲ), ‘ਗੌਰੀ’ (1943/ਸ਼ਮੀਮ ਨਾਲ), ‘ਇਸ਼ਾਰਾ’ (1943/ਸਵਰਨ ਲਤਾ ਨਾਲ), ‘ਨਲ ਦਮਯੰਤੀ’ (1945/ਸ਼ੋਭਨਾ ਸਮਰੱਥ ਨਾਲ), ‘ਪ੍ਰਿਥਵੀਰਾਜ-ਸੰਯੁਕਤਾ’ (1946/ਨੀਨਾ ਨਾਲ) ਆਦਿ।
50 ਦੇ ਅਸ਼ਰੇ ਵਿਚ ਉਸਨੇ ‘ਹਿੰਦੋਸਤਾਨ ਹਾਮਰਾ’ (1950/ਅਸ਼ੋਕਾ ਦਾ), ‘ਦਹੇਜ’ (1950/ਠਾਕੁਰ ਦਾ), ‘ਆਵਾਰਾ’ (1951/ਜਸਟਿਸ ਰਘੂਨਾਥ), ‘ਆਨੰਦ ਮੱਠ’ (1952/ਸੱਤਯਾ ਨੰਦ) ਕੀਤੀਆਂ। ਪ੍ਰਿਥਵੀਰਾਜ ਨੇ ਆਪਣੇ ਫ਼ਿਲਮਸਾਜ਼ ਅਦਾਰੇ ਪ੍ਰਿਥਵੀ ਥੀਏਟਰ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿਚ ਸਿਰਫ਼ ਇਕੋ ਫ਼ਿਲਮ ‘ਪੈਸਾ’ (1957) ਬਣਾਈ। 60 ਦੇ ਅਸ਼ਰੇ ਵਿਚ ਬਣੀ ਸਟਰਲਿੰਗ ਇਨਵੈਸਟਮੈਂਟ ਕਾਰਪੋਰੇਸ਼ਨ, ਬੰਬਈ ਦੀ ਕਰੀਮ ਆਸਿਫ਼ ਨਿਰਦੇਸ਼ਿਤ ਫ਼ਿਲਮ ‘ਮੁਗ਼ਲ-ਏ-ਆਜ਼ਮ’ (1960) ’ਚ ਉਸ ਵੱਲੋਂ ਨਿਭਾਏ ਗਏ ਮੁਗ਼ਲ ਸਮਰਾਟ ‘ਅਕਬਰ’ ਦੇ ਆਹਲਾ ਕਿਰਦਾਰ ਨੇ ਉਸਨੂੰ ਫ਼ਿਲਮ ਇਤਿਹਾਸ ਵਿਚ ਅਮਰ ਕਰ ਦਿੱਤਾ। 40 ਦੇ ਅਸ਼ਰੇ ਵਿਚ ਜਦੋਂ ਉਹ ਆਪਣੇ ਫ਼ਿਲਮ ਸਫ਼ਰ ਦੇ ਸਿਖਰ ’ਤੇ ਸਨ ਤਾਂ ਉਸਨੇ 15 ਜਨਵਰੀ 1944 ਨੂੰ ‘ਪ੍ਰਿਥਵੀ ਥੀਏਟਰ’ ਦੀ ਸਥਾਪਨਾ ਕੀਤੀ। ਇਸ ਦੇ ਬੈਨਰ ਹੇਠ ਉਸਨੇ ਪਹਿਲਾ ਨਾਟਕ ‘ਸ਼ਕੁੰਤਲਾ’ ਖੇਡਿਆ। ਇਸਤੋਂ ਬਾਅਦ ਪ੍ਰਿਥਵੀਰਾਜ ਨੇ ‘ਦੀਵਾਰ’, ‘ਗੱਦਾਰ’, ‘ਪਠਾਨ’, ‘ਆਹੂਤੀ’, ‘ਕਲਾਕਾਰ’, ‘ਕਿਸਾਨ’, ‘ਪੈਸਾ’ ਵਰਗੇ ਨਾਟਕਾਂ ਦਾ ਬੰਬੇ ਦੇ ਰਾਇਲ ਓਪੇਰਾ ਹਾਊਸ ਤੋਂ ਇਲਾਵਾ ਪੰਜਾਬ ਅਤੇ ਦੇਸ਼ ਦੇ ਕਈ ਸ਼ਹਿਰਾਂ ਵਿਚ ਮੰਚਨ ਕੀਤਾ। ਆਪਣੇ 16 ਸਾਲਾਂ ਦੇ ਇਸ ਸਮੇਂ ਦੌਰਾਨ ‘ਪ੍ਰਿਥਵੀ ਥੀਏਟਰ’ ਨੇ ਦੇਸ਼ ਦੀਆਂ 130 ਥਾਵਾਂ ’ਤੇ 2662 ਨਾਟਕ ਪ੍ਰਦਰਸ਼ਨ ਕੀਤੇ ਸਨ।
ਪ੍ਰਿਥਵੀਰਾਜ ਕਪੂਰ ਦੀ ਪਹਿਲੀ ਧਾਰਮਿਕ ਪੰਜਾਬੀ ਫ਼ਿਲਮ ਕਲਪਨਾਲੋਕ ਲਿਮਟਿਡ, ਅੰਮ੍ਰਿਤਸਰ ਦੀ ਰਾਮ ਮਹੇਸ਼ਵਰੀ ਨਿਰਦੇਸ਼ਿਤ ‘ਨਾਨਕ ਨਾਮ ਜਹਾਜ਼ ਹੈ’ (1969) ਹੈ। ਫ਼ਿਲਮ ਵਿਚ ਪ੍ਰਿਥਵੀਰਾਜ ਕਪੂਰ ਨੇ ‘ਗੁਰਮੁਖ ਸਿੰਘ’ ਦਾ ਸੋਹਣਾ ਕਿਰਦਾਰ ਨਿਭਾਇਆ। ਫ਼ਿਲਮਸਾਜ਼ ਪੰਨਾ ਲਾਲ ਮਹੇਸ਼ਵਰੀ, ਕਹਾਣੀ ਬੇਕਲ ਅੰਮ੍ਰਿਤਸਰੀ, ਗੀਤ ਵਰਮਾ ਮਲਿਕ, ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸੰਗੀਤਕ ਤਰਜ਼ਾਂ ਐੱਸ. ਮੋਹਿੰਦਰ ਨੇ ਤਾਮੀਰ ਕੀਤੀਆਂ। ਫ਼ਿਲਮ ਵਿਚ ਪ੍ਰਿਥਵੀਰਾਜ ਤੇ ਵੀਨਾ ’ਤੇ ਫ਼ਿਲਮਾਇਆ ਭੰਗੜਾ ਗੀਤ ‘ਬੁੱਲ੍ਹ ਤੇਰੇ ਨੇ ਚੰਡੀਗੜ੍ਹ ਦੇ’ (ਮੁਹੰਮਦ ਰਫ਼ੀ, ਆਸ਼ਾ ਭੌਸਲੇ) ਬੜਾ ਮਕਬੂਲ ਹੋਇਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਇਸ ਫ਼ਿਲਮ ਨੂੰ ਸਾਲ 1969 ਵਿਚ ਬਿਹਤਰੀਨ ਪੰਜਾਬੀ ਫ਼ਿਲਮ ਦਾ ਨੈਸ਼ਨਲ ਐਵਾਰਡ ਮਿਲਿਆ। ਇਹ ਫ਼ਿਲਮ 3 ਅਪਰੈਲ 1970 ਨੂੰ ਚਿੱਤਰਾ ਟਾਕੀਜ਼, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ। ਪ੍ਰਿਥਵੀਰਾਜ ਕਪੂਰ ਦੀ ਦੂਜੀ ਧਾਰਮਿਕ ਪੰਜਾਬੀ ਫ਼ਿਲਮ ਦਾਰਾ ਪਿਕਚਰਜ਼, ਬੰਬੇ ਦੀ ਦਾਰਾ ਸਿੰਘ ਨਿਰਦੇਸ਼ਿਤ ‘ਨਾਨਕ ਦੁਖੀਆ ਸਭ ਸੰਸਾਰ’ (1969) ਸੀ। ਫ਼ਿਲਮ ’ਚ ਪ੍ਰਿਥਵੀਰਾਜ ਨੇ ਗੁਰਦੁਆਰਾ ਸਾਹਿਬ ਦੇ ਇਕ ਦਿਆਲੂ ਗ੍ਰੰਥੀ ਸਿੰਘ ‘ਭਾਈ ਜੀ’ ਦਾ ਪਾਰਟ ਅਦਾ ਕੀਤਾ। ਕਹਾਣੀ ਦਾਰਾ ਸਿੰਘ, ਮੰਜ਼ਰਨਾਮਾ ਤੇ ਮੁਕਾਲਮੇ ਨਾਨਕ ਸਿੰਘ, ਗੀਤ ਅਤੇ ਸੰਗੀਤ ਪ੍ਰੇਮ ਧਵਨ ਨੇ ਮੁਰੱਤਬਿ ਕੀਤਾ। ਫ਼ਿਲਮ ’ਚ ਪ੍ਰਿਥਵੀਰਾਜ ’ਤੇ ਫ਼ਿਲਮਾਏ ਸ਼ਬਦ ‘ਸਤਿਗੁਰੂ ਹੋਏ ਦਿਆਲ ਤਾਂ ਸ਼ਰਧਾ ਪੂਰੀ ਏ’ (ਮੁਕੇਸ਼, ਆਸ਼ਾ ਭੌਸਲੇ) ਭਗਤੀ ਭਾਵ ’ਚ ਰੰਗ ਦਿੰਦਾ ਹੈ। ਇਹ ਫ਼ਿਲਮ 2 ਜੁਲਾਈ 1971 ਨੂੰ ਆਦਰਸ਼ ਸਿਨਮਾ, ਅੰਮ੍ਰਿਤਸਰ ਵਿਖੇ ਰਿਲੀਜ਼ ਹੋਈ। ਰੂਪ ਕਿਰਨ ਪਿਕਚਰਜ਼, ਅੰਮ੍ਰਿਤਸਰ ਦੀ ਜੋਗਿੰਦਰ ਸਿੰਘ ਸਮਰਾ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਮੇਲੇ ਮਿੱਤਰਾਂ ਦੇ’ (1972) ’ਚ ਉਸਨੇ ‘ਨੰਬਰਦਾਰ ਹਾਕਮ ਰਾਏ’ ਦਾ ਕਿਰਦਾਰ ਨਿਭਾਇਆ। ਕਹਾਣੀ ਤੇ ਗੀਤ ਚਮਨਲਾਲ ਸ਼ੁਗਲ, ਸੰਗੀਤ ਜਸਵੰਤ ਭੰਵਰਾ ਨੇ ਤਰਤੀਬ ਕੀਤਾ। ਇਹ ਫ਼ਿਲਮ 27 ਅਕਤੂਬਰ 1972 ਨੂੰ ਪ੍ਰਕਾਸ਼ ਸਿਨਮਾ, ਅੰਮ੍ਰਿਤਸਰ ਵਿਖੇ ਪਰਦਾਪੇਸ਼ ਹੋਈ।
ਪ੍ਰਿਥਵੀਰਾਜ ਕਪੂਰ ਦੀ ਆਖ਼ਰੀ ਹਿੰਦੀ ਫ਼ਿਲਮ ਆਰ. ਕੇ. ਫ਼ਿਲਮਜ਼, ਬੰਬਈ ਦੀ ‘ਕਲ ਆਜ ਔਰ ਕਲ’ (1971) ਸੀ, ਜਿਸ ਵਿਚ ਪੁੱਤਰ ਰਾਜ ਕਪੂਰ ਅਤੇ ਪੋਤਰਾ ਰਣਧੀਰ ਕਪੂਰ (ਪਹਿਲੀ ਫ਼ਿਲਮ) ਵੀ ਮੌਜੂਦ ਸੀ। 29 ਮਈ 1972 ਨੂੰ ਉਸਦਾ 66 ਸਾਲਾਂ ਦੀ ਉਮਰ ਵਿਚ ਬੰਬਈ ਵਿਖੇ ਇੰਤਕਾਲ ਹੋ ਗਿਆ। ਉਨ੍ਹਾਂ ਦੀ ਮੌਤ ਦੇ ਬਾਅਦ ਉਨ੍ਹਾਂ ਦੀ ਅਦਾਕਾਰੀ ਵਾਲੀਆਂ ਦੋ ਹਿੰਦੀ ਫ਼ਿਲਮਾਂ ‘ਨਾਗ ਪੰਚਮੀ’ (1972) ਅਤੇ ‘ਬੰਬੇ ਬਾਈ ਨਾਈਟ’ (1976) ਅਤੇ ਇਕ ਪੰਜਾਬੀ ਫ਼ਿਲਮ ‘ਮੇਲੇ ਮਿੱਤਰਾਂ ਦੇ’ (1972) ਪਰਦਾਪੇਸ਼ ਹੋਈਆਂ।
ਸੰਪਰਕ: 97805-09545