ਮੁੰਬਈ: ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਉਸ ਦੇ ਅਮਰੀਕੀ ਗਾਇਕ ਪਤੀ ਨਿੱਕ ਜੋਨਸ ਨੇ ਮਾਂ ਦਿਵਸ ਮੌਕੇ ਆਪਣੀ ਧੀ ਮਾਲਤੀ ਮਾਰੀਆ ਚੋਪੜਾ ਜੋਨਸ ਦੀ ਪਹਿਲੀ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ਵਿੱਚ ਪ੍ਰਿਯੰਕਾ ਬੱਚੀ ਨੂੰ ਆਪਣੀਆਂ ਬਾਹਾਂ ਵਿੱਚ ਫੜੀ ਦਿਖਾਈ ਦੇ ਰਹੀ ਹੈ, ਜਦਕਿ ਨਿੱਕ ਬੱਚੀ ਵੱਲ ਦੇਖ ਰਿਹਾ ਹੈ। ਅਦਾਕਾਰਾ ਨੇ ਬੱਚੀ ਦਾ ਚਿਹਰਾ ਇੱਕ ਦਿਲ ਵਾਲੀ ਇਮੋਜ਼ੀ ਨਾਲ ਢਕਿਆ ਹੋਇਆ ਹੈ। ਪ੍ਰਿਯੰਕਾ ਨੇ ਕੈਪਸ਼ਨ ਵਿੱਚ ਲਿਖਿਆ, ‘‘ਮਾਂ ਦਿਵਸ ਮੌਕੇ ਅਸੀਂ ਬਿਆਨ ਨਹੀਂ ਕਰ ਸਕਦੇ ਪਰ ਪਿਛਲੇ ਕੁਝ ਮਹੀਨਿਆਂ ਤੋਂ ਅਸੀਂ ਬਹੁਤ ਕੁਝ ਸਹਿਆ ਹੈ। ਅਸੀਂ ਹੁਣ ਇਹ ਜਾਣਦੇ ਹਾਂ ਕਿ ਬਹੁਤ ਸਾਰੇ ਲੋਕਾਂ ਵੀ ਇਹ ਅਨੁਭਵ ਕੀਤਾ ਹੈ। ਐੱਨਆਈਸੀਯੂ ਵਿੱਚ 100 ਦਿਨ ਤੋਂ ਵੱਧ ਸਮਾਂ ਰਹਿਣ ਮਗਰੋਂ ਅਖੀਰ ਅੱਜ ਸਾਡੀ ਧੀ ਘਰ ਆ ਗਈ ਹੈ। ਹਰ ਪਰਿਵਾਰ ਦਾ ਸਫ਼ਰ ਵਿਲੱਖਣ ਹੁੰਦਾ ਹੈ ਅਤੇ ਇਸ ਲਈ ਇੱਕ ਨਿਸ਼ਚਿਤ ਪੱਧਰ ’ਤੇ ਭਰੋਸੇ ਦੀ ਲੋੜ ਹੁੰਦੀ ਹੈ। ਸਾਡਾ ਪਿਛਲੇ ਕੁਝ ਮਹੀਨਿਆਂ ਦਾ ਸਮਾਂ ਚੁਣੌਤੀਪੂਰਨ ਸੀ।’’ ਉਸ ਨੇ ਅੱਗੇ ਲਿਖਿਆ, ‘‘ਅਸੀਂ ਬਹੁਤ ਖੁਸ਼ ਹਾਂ ਕਿ ਸਾਡੀ ਨਿੱਕੀ ਧੀ ਆਖ਼ਿਰਕਾਰ ਘਰ ਆ ਗਈ ਹੈ। ਅਸੀਂ ਰੇਡੀ ਚਿਲਡਰਨ ਲਾ ਜੋਲਾ ਅਤੇ ਸੇਡਾਰ ਸਿਨਾਈ, ਲਾਂਸ ਏਂਜਲਸ ਦੇ ਹਰ ਡਾਕਟਰ, ਨਰਸ ਅਤੇ ਮਾਹਿਰ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਜੋ ਨਿਰਸਵਾਰਥ ਭਾਵਨਾ ਨਾਲ ਹਰ ਕਦਮ ’ਤੇ ਮੌਜੂਦ ਸਨ। ਸਾਡਾ ਨਵਾਂ ਅਧਿਆਏ ਹੁਣ ਸ਼ੁਰੂ ਹੋਇਆ ਹੈ ਅਤੇ ਸਾਡੀ ਬੱਚੀ ਸੱਚਮੁੱਚ ਸ਼ੈਤਾਨ ਹੈ। ਮਾਲਤੀ ਮਾਰੀਆ ਇਹ ਗੱਲ ਸਮਝ ਲੈ!! ਮੰਮੀ ਤੇ ਡੈਡੀ ਤੈਨੂੰ ਪਿਆਰ ਕਰਦੇ ਹਨ।’’ ਇਹੀ ਤਸਵੀਰ ਨਿੱਕ ਨੇ ਆਪਣੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਪ੍ਰਿਯੰਕਾ ਹੌਲੀਵੁੱਡ ਦੇ ਪ੍ਰਾਜੈਕਟ ‘ਇਟਸ ਆਲ ਕਮਿੰਗ ਬੈਕ ਟੂ ਮੀ’ ਅਤੇ ਫਰਹਾਨ ਅਖ਼ਤਰ ਦੀ ‘ਜੀਅ ਲੇ ਜ਼ਰਾ’ ਵਿੱਚ ਆਲੀਆ ਭੱਟ ਅਤੇ ਕੈਟਰੀਨਾ ਕੈਫ ਨਾਲ ਦਿਖਾਈ ਦੇਵੇਗੀ। -ਆਈਏਐੱਨਐੱਸ