ਮੁੰਬਈ: ਸੋਨੀ ਪਿਕਚਰਜ਼ ਇੰਡੀਆ ਨੇ ਅੱਜ ਖੁਲਾਸਾ ਕੀਤਾ ਕਿ ਬੌਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਅਤੇ ਸੈਮ ਹਿਊਐਨ ਦੀ ਫਿਲਮ ‘ਇਟਸ ਆਲ ਕਮਿੰਗ ਬੈਕ ਟੂ ਮੀ’ ਹੁਣ ਅਗਲੇ ਸਾਲ 12 ਮਈ ਨੂੰ ਰਿਲੀਜ਼ ਹੋਵੇਗੀ। ਜਿਮ ਸਟਰੌਸ ਵੱਲੋਂ ਲਿਖੇ ਤੇ ਨਿਰਦੇਸ਼ਿਤ ਕੀਤੇ ਗਏ ਅਮਰੀਕੀ ਰੋਮਾਂਟਿਕ ਡਰਾਮੇ ਦੀ ਰਿਲੀਜ਼ ਕਈ ਵਾਰ ਅੱਗੇ ਪਾਈ ਗਈ ਹੈ। ਇਹ ਆਖਰੀ ਵਾਰ 10 ਫਰਵਰੀ ਨੂੰ ਰਿਲੀਜ਼ ਹੋਣਾ ਸੀ। ਸੋਨੀ ਪਿਕਚਰਜ਼ ਇੰਡੀਆ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਫਿਲਮ ਦੀ ਨਵੀਂ ਰਿਲੀਜ਼ ਹੋਣ ਵਾਲੀ ਮਿਤੀ ਸਾਂਝੀ ਕੀਤੀ। ਇਹ ਫਿਲਮ ਕੈਰੋਲੀਨ ਹਰਫਰਥ ਦੇ 2016 ਦੀ ਜਰਮਨ ਫਿਲਮ ‘ ਐੱਸਐੱਮਐੱਸ ਫਾਰ ਡਿਚ’ ’ਤੇ ਆਧਾਰਿਤ ਹੈ। ਫਿਲਮ ‘ਇਟਸ ਆਲ ਕਮਿੰਗ ਬੈਕ ਟੂ ਮੀ’ ਦਾ ਸਿਰਲੇਖ ਪਹਿਲਾਂ ‘ਟੈਕਸਟ ਫਾਰ ਯੂ’ ਰੱਖਿਆ ਗਿਆ ਸੀ। ਇਸ ਫਿਲਮ ਵਿਚ ਪ੍ਰਿਯੰਕਾ ਇੱਕ ਅਜਿਹੀ ਔਰਤ ਦਾ ਕਿਰਦਾਰ ਨਿਭਾਉਂਦੀ ਹੈ ਜਿਸ ਦੇ ਮੰਗੇਤਰ ਦੀ ਮੌਤ ਹੋ ਜਾਂਦੀ ਹੈ ਤੇ ਉਹ ਜ਼ਿੰਦਗੀ ਨੂੰ ਅੱਗੇ ਤੋਰਨ ਲਈ ਸੰਘਰਸ਼ ਕਰਦੀ ਹੈ। ਉਹ ਮਾਨਸਿਕ ਤਣਾਅ ਦੇ ਦੌਰ ਵਿੱਚ ਆਪਣੇ ਮੰਗੇਤਰ ਦੇ ਪੁਰਾਣੇ ਫ਼ੋਨ ਨੰਬਰ ’ਤੇ ਸੰਦੇਸ਼ ਭੇਜਣਾ ਸ਼ੁਰੂ ਕਰ ਦਿੰਦੀ ਹੈ ਜੋ ਕਿਸੇ ਹੋਰ ਨੂੰ ਅਲਾਟ ਕੀਤਾ ਗਿਆ ਹੈ। ਇਸ ਤੋਂ ਬਾਅਦ ਦੋਵੇਂ ਮਿਲਣਾ ਸ਼ੁਰੂ ਕਰ ਦਿੰਦੇ ਹਨ। -ਪੀਟੀਆਈ