ਮੁੰਬਈ: ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਤੇ ਨਿੱਕ ਜੋਨਸ ਜਨਵਰੀ ਮਹੀਨੇ ਵਿੱਚ ਕਿਰਾਏ ਦੀ ਕੁੱਖ ਰਾਹੀਂ ਮਾਤਾ-ਪਿਤਾ ਬਣੇ ਸਨ ਤੇ ਹੁਣ ਤੱਕ ਉਨ੍ਹਾਂ ਆਪਣੀ ਧੀ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ। ਦੋਵਾਂ ਨੇ ਆਪਣੀ ਧੀ ਦਾ ਨਾਮ ਮਾਲਤੀ ਮੈਰੀ ਚੋਪੜਾ ਜੋਨਸ ਰੱਖਿਆ ਹੈ। ਅਮਰੀਕਨ ਮਨੋਰੰਜਨ ਵੈੱਬਸਾਈਟ ‘ਟੀ.ਐੱਮ.ਜ਼ੈੱਡ’ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਬੱਚੇ ਦਾ ਜਨਮ ਸਰਟੀਫਿਕੇਟ ਮੌਜੂਦ ਹੈ, ਜਿਸ ’ਤੇ ਪ੍ਰਿਯੰਕਾ ਤੇ ਨਿੱਕ ਜੋਨਸ ਨੇ ਆਪਣੀ ਧੀ ਦੇ ਨਾਮ ਲਿਖਿਆ ਹੋਇਆ ਹੈ ਤੇ ਉਸ ’ਤੇ ਬੱਚੀ ਦਾ ਜਨਮ 15 ਜਨਵਰੀ ਨੂੰ ਸਥਾਨਕ ਸਮੇਂ ਅਨੁਸਾਰ ਰਾਤ ਅੱਠ ਵਜੇ ਹੋਇਆ ਦਰਸਾਇਆ ਗਿਆ ਹੈ। ਮਾਲਤੀ ਨਾਂ ਹਿੰਦੂ ਪਰੰਪਰਾ ਦੀ ਪਛਾਣ ਕਰਾਉਂਦਾ ਹੈ ਤੇ ਮੈਰੀ ਨਾਮ ਇਸਾਈ ਧਰਮ ’ਚੋਂ ਲਿਆ ਗਿਆ ਹੈ, ਜਿਸ ਨਾਲ ਬੱਚੀ ਦੇ ਮਾਤਾ-ਪਿਤਾ ਦੇ ਪਰਿਵਾਰਕ ਨਾਂ ਚੋਪੜਾ ਤੇ ਜੋਨਸ ਵੀ ਲਾਏ ਗਏ ਹਨ। ਪ੍ਰਿਯੰਕਾ ਤੇ ਨਿੱਕ ਨੇ 2018 ਵਿੱਚ ਵਿਆਹ ਕਰਵਾਇਆ ਸੀ ਤੇ ਜਨਵਰੀ ਮਹੀਨੇ ਵਿੱਚ ਦੋਵਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਧੀ ਦੇ ਜਨਮ ਦੀ ਖੁਸ਼ਖਬਰੀ ਸਾਂਝੀ ਕੀਤੀ ਸੀ। ਪ੍ਰਿਯੰਕਾ ਨੇ ਸੋਸ਼ਲ ਮੀਡੀਆ ’ਤੇ ਆਖਿਆ ਸੀ, ‘ਅਸੀਂ ਬਹੁਤ ਹੀ ਖੁਸ਼ੀ ਨਾਲ ਇਹ ਖ਼ਬਰ ਸਾਂਝੀ ਕਰ ਰਹੇ ਹਾਂ ਕਿ ਹਾਲ ਹੀ ਵਿੱਚ ਅਸੀਂ ਕਿਰਾਏ ਦੀ ਕੁੱਖ ਰਾਹੀਂ ਇੱਕ ਧੀ ਦੇ ਮਾਪੇ ਬਣੇ ਹਾਂ। ਅਸੀਂ ਆਸ ਕਰਦੇ ਹਾਂ ਕਿ ਸਾਡੀ ਨਿੱਜਤਾ ਦਾ ਖ਼ਿਆਲ ਰੱਖਿਆ ਜਾਵੇਗਾ ਤਾਂ ਜੋ ਅਸੀਂ ਆਪਣੇ ਪਰਿਵਾਰ ’ਤੇ ਧਿਆਨ ਕੇਂਦਰਿਤ ਕਰ ਸਕੀਏ। ਧੰਨਵਾਦ!’ -ਆਈਏਐੱਨਐੱਸ