ਹਰਦਿਆਲ ਸਿੰਘ ਥੂਹੀ
ਰਿਕਾਰਡ ਨਾ ਹੋਏ, ਪਰ ਆਪਣੇ ਸਮੇਂ ਦੇ ਪ੍ਰਸਿੱਧ ਢਾਡੀਆਂ ਵਿੱਚੋਂ ਸੀ ਢਾਡੀ ਮੋਦਨ ਸਿੰਘ ਮਰ੍ਹਾਜ। ਸੰਗੀਤ ਵਾਂਗ ਜੇ ਢਾਡੀ ਰਾਗ ਦੇ ਘਰਾਣਿਆਂ ਦੀ ਗੱਲ ਕਰੀਏ ਤਾਂ ਮੋਦਨ ਦਾ ਕੁਰਸੀਨਾਮਾ ‘ਮਾਲਵੇ ਦੇ ਤਾਨਸੈਨ’ ਮੋਦਨ ਸਿੰਘ ਲੋਹਾਖੇੜਾ ਨਾਲ ਜਾ ਜੁੜਦਾ ਹੈ। ਇਹ ਉਸ ਦਾ ਪੜੋਤਾ ਚੇਲਾ ਸੀ। ਮੋਦਨ ਸਿੰਘ ਲੋਹਾਖੇੜਾ ਦੇ ਸੰਗਰੂਰ ਅਤੇ ਬਠਿੰਡਾ ਜ਼ਿਲ੍ਹਿਆਂ ਵਿੱਚ ਅਨੇਕਾਂ ਚੇਲੇ ਹੋਏ ਹਨ, ਜਿਨ੍ਹਾਂ ਨੇ ਢਾਡੀ ਗਾਇਕੀ ਵਿੱਚ ਉਸ ਦਾ ਨਾਂ ਰੋਸ਼ਨ ਕੀਤਾ ਹੈ।
ਮੋਦਨ ਮਰ੍ਹਾਜੀਏ ਦਾ ਜਨਮ 1920 ਦੇ ਨੇੜੇ ਤੇੜੇ ਜ਼ਿਲ੍ਹਾ ਬਠਿੰਡਾ ਦੀ ਫੂਲ ਤਹਿਸੀਲ ਦੇ ਮਸ਼ਹੂਰ ਅਤੇ ਵੱਡੇ ਪਿੰਡ ਮਹਿਰਾਜ ਵਿਖੇ ਪਿਤਾ ਪਾਲਾ ਸਿੰਘ ਅਤੇ ਮਾਤਾ ਦਿਆ ਕੁਰ ਦੇ ਘਰ ਹੋਇਆ। ਗੌਣ ਉਸ ਨੂੰ ਵਿਰਸੇ ਵਿੱਚ ਹੀ ਮਿਲਿਆ। ਪਿਤਾ ਪਾਲਾ ਸਿੰਘ ਅਤੇ ਦਾਦਾ ਨਿਹਾਲਾ ਸਿੰਘ (ਗੱਟੂ) ਇਲਾਕੇ ਦੇ ਉੱਘੇ ਗਮੰਤਰੀ ਸਨ। ਅੱਜ ਵੀ ਇਸ ਪਰਿਵਾਰ ਕੋਲ ਆਪਣੇ ਬਜ਼ੁਰਗਾਂ ਵਾਲੀ ਸਵਾ ਕੁ ਸੌ ਸਾਲ ਪੁਰਾਣੀ ਸਾਰੰਗੀ ਹੈ ਜੋ ਉਸ ਦੀ ਪਰਿਵਾਰਕ ਵਿਰਾਸਤ ਹੈ। ਭਾਵੇਂ ਬਚਪਨ ਤੋਂ ਹੀ ਮੋਦਨ ਸਿੰਘ ਆਪਣੇ ਪੁਰਖਿਆਂ ਦੀ ਲੀਹ ’ਤੇ ਚੱਲ ਪਿਆ ਸੀ ਅਤੇ ਢਾਡੀ ਗਾਇਕੀ ਨਾਲ ਜੁੜ ਗਿਆ ਸੀ, ਪਰ ਇਸ ਗਾਇਕੀ ਦੀ ਬਾਕਾਇਦਾ ਸਿੱਖਿਆ ਉਸ ਨੇ ਆਪਣੇ ਪਿਉ ਦੇ ਸ਼ਾਗਿਰਦ ਬਸੰਤ ਝਿਉਰ ਧਨੌਲੇ ਵਾਲੇ ਤੋਂ ਲਈ ਜੋ ਆਪਣੇ ਸਮੇਂ ਦਾ ਉੱਘਾ ਢਾਡੀ ਸੀ। ਚੜ੍ਹਦੀ ਜਵਾਨੀ ਵਿੱਚ ਮੋਦਨ ਫ਼ੌਜ ਵਿੱਚ ਭਰਤੀ ਹੋ ਗਿਆ ਅਤੇ ਦੂਜੀ ਵਿਸ਼ਵਜੰਗ ਵਿੱਚ ਕਈ ਥਾਵਾਂ ’ਤੇ ਲੜਿਆ। ਆਜ਼ਾਦੀ ਤੋਂ ਬਾਅਦ ਨੌਕਰੀ ਛੱਡ ਕੇ ਘਰ ਆ ਗਿਆ ਅਤੇ ਸਾਰੰਗੀ ਚੁੱਕ ਲਈ। ਉਸਤਾਦ ਨਾਲ ਲੰਮਾ ਸਮਾਂ ਸੰਗਤ ਕੀਤੀ ਅਤੇ ਬਾਅਦ ਵਿੱਚ ਆਗੂ ਬਣ ਕੇ ਆਪਣੇ ਹੀ ਪਿੰਡ ਦੇ ਕਿਰਪਾ ਸਿੰਘ ਚੌਕੀਦਾਰ ਅਤੇ ਸੌਣ ਸਿੰਘ ਨੂੰ ਪਾਛੂ ਲਾ ਲਿਆ। ਸਾਲਾਂ ਬੱਧੀ ਲਗਾਤਾਰ ਉਹ ਆਪਣੇ ਸਾਥੀਆਂ ਨਾਲ ਗਾਉਂਦਾ ਰਿਹਾ।
ਵਿਆਹਾਂ ਸ਼ਾਦੀਆਂ ਅਤੇ ਪਿੰਡ ਦੇ ਸਾਂਝੇ ਅਖਾੜਿਆਂ ਤੋਂ ਬਿਨਾਂ ਇਹ ਪੰਜਾਬ ਦੇ ਮਸ਼ਹੂਰ ਮੇਲਿਆਂ ਛਪਾਰ, ਸੁਨਾਮ ਦੀ ਮੰਡੀ, ਸੰਗਰੂਰ ਦੇ ਦੁਸਹਿਰੇ, ਜਰਗ ਦੇ ਮੇਲੇ, ਕੁਰਾਲੀ, ਸਲਾਣੇ ਦੀ ਛਿੰਝ ਆਦਿ ’ਤੇ ਹਰ ਸਾਲ ਹਾਜ਼ਰੀ ਲੁਆਉਂਦੇ। ਨੈਣਾਂ ਦੇਵੀ, ਕਪਾਲ ਮੋਚਨ, ਪਹੋਏ ਆਦਿ ਧਾਰਮਿਕ ਮੇਲਿਆਂ ’ਤੇ ਵੀ ਨੇਮਬੱਧ ਮੋਦਨ ਹੁਰੀਂ ਜਾਂਦੇ ਸਨ। ਕਈ ਵਾਰ ਤਾਂ ਲਗਾਤਾਰ ਮਹੀਨਾ ਮਹੀਨਾ ਘਰੋਂ ਬਾਹਰ ਹੀ ਰਹਿਣਾ ਪੈਂਦਾ ਸੀ।
‘ਲੋਹਖੇੜਾ’ ਘਰਾਣੇ ਵਿੱਚ ਜ਼ਿਆਦਾਤਰ ਗੰਗਾ ਸਿੰਘ ਦੀ ‘ਹੀਰ’ ਹੀ ਗਾਈ ਜਾਂਦੀ ਸੀ, ਪਰ ਮੋਦਨ ਹੁਰੀਂ ਇਸ ਦੇ ਨਾਲ ਨਾਲ ਦੀਵਾਨ ਸਿੰਘ ਸ਼ਹਿਣੇ ਵਾਲੇ ਦੀ ‘ਹੀਰ’ ਵੀ ਗਾਉਂਦੇ ਸਨ। ‘ਪੂਰਨ’ ਵੀ ਉਹ ਭਗਵਾਨ ਸਿੰਘ ਧਨੌਲੇ ਵਾਲੇ ਦਾ ਗਾਉਂਦੇ ਸਨ। ਬਾਕੀ ਲੋਕ ਗਾਥਾਵਾਂ ਪ੍ਰਚੱਲਤ ਕਵੀਆਂ ਦੀਆਂ ਹੀ ਗਾਈਆਂ ਜਾਂਦੀਆਂ ਸਨ। ਦੀਵਾਨ ਸਿੰਘ ਦੀ ‘ਹੀਰ’ ਵਿੱਚੋਂ ਇੱਕ ਕਲੀ ਵੇਖੋ ਜਦੋਂ ਰਾਂਝਾ ਰੰਗਪੁਰ ਖੇੜੀਂ ਜਾਂਦਾ ਹੈ ਤਾਂ ਉਹ ਖੇੜਿਆਂ ਦੇ ਘਰ ਨੂੰ ਕਿਸ ਤਰ੍ਹਾਂ ਪਛਾਣਦਾ ਹੈ :
ਡਿਊਢੀ ਖੇੜਿਆਂ ਦੀ ਜੱਟ ਖੜ੍ਹਾ ਤਰੀਫਾਂ ਕਰਦਾ ਹੈ,
ਘਰ ਤਾਂ ਦੀਂਹਦੈ ਕਿਸੇ ਰੱਜਿਆਂ ਸਰਦਾਰਾਂ।
ਤਖਤੇ ਪਿੱਤਲ ਦੇ, ਚੁਗਾਠਾਂ ਲਾਈਆਂ ਚੰਦਨ ਦੀਆਂ,
ਮੇਖਾਂ ਵਿੱਚ ਤਾਂ ਲਾਈਆਂ ਜੇ ਉਏ ਪਾਲੋ ਪਾਲਾਂ।
ਦੇ ਕੇ ਪੋਚਾ ਤਾਂ ਰੰਗ ਕਰ ਦਿੱਤਾ ਹੈ ਖੇੜਿਆਂ ਨੇ,
ਉਤੇ ਲਿਖੀਆਂ ਨੇ ਬਈ ਘੁੱਗੀਆਂ ਗੁਟਾਰਾਂ।
ਵਿੱਚ ਦੀ ਮੋਰੀ ਦੇ ਤਾਂ ਗੂੰਜ ਸੁਣਦੀ ਚਰਖੇ ਦੀ,
ਬੈਠੀਆਂ ਕੱਤਦੀਆਂ ਨੇ ਬਈ ਸਹਿਤੀ ਵਰਗੀਆਂ ਨਾਰਾਂ।
ਉਤੇ ਚੁਬਾਰੇ ਦੇ ਤਾਂ ਪਲੰਘ ਡਹਾ ਲਿਆ ਹੀਰ ਨੇ,
ਹੂੰਗਰ ਪੈਂਦੀ ਜੱਟੀ ਦੀ ਬਈ ਵਾਂਗ ਬਿਮਾਰਾਂ।
ਜੇ ਕੋਈ ਸੁਣਦਾ ਗਿਣਦਾ ਹੋਵੇ ਆਸ਼ਕ ਲੋਕ ਜੀ,
ਮੇਲ ਕਰਾਦੇ ਸਾਡੇ ਬਈ ਜਾਂਦੀ ਇੱਕ ਵਾਰਾਂ।
‘ਪੂਰਨ’ ਦੇ ਕਿੱਸੇ ਵਿੱਚੋਂ ਜਦੋਂ ਸਲਵਾਨ ਲੂਣਾ ਦੇ ਆਖੇ ਲੱਗ ਕੇ ਪੂਰਨ ਨੂੰ ਹੱਥ ਪੈਰ ਵੱਢ ਕੇ ਕਤਲ ਕਰਨ ਦੀ ਸਜ਼ਾ ਸੁਣਾਉਂਦਾ ਹੈ ਤਾਂ ਦੀਵਾਨ ਮਣਸਾ ਰਾਮ ਇਉਂ ਸਮਝਾਉਂਦਾ ਹੈ :
ਰਾਜਿਆ ਤੈਨੂੰ ਧਰਮੀ ਧਰਮੀ ਆਖਦੇ,
ਅੱਜ ਹੋ ਗਿਆ ਪਾਪ ਨੂੰ ਤਿਆਰ।
ਚਾਰ ਸੌ ਚਾਰ ਐ ਚਲਿੱਤਰ ਵਿੱਚ ਨਾਰ ਦੇ,
ਵਿੱਚ ਹੈਣ ਮਰਦ ਦੇ ਚਾਰ।
ਸੌ ਸੌ ਨੂੰ ਇੱਕ ਰੋਕਦਾ,
ਬਾਕੀ ਰਹਿ ਜਾਂਦੇ ਨੇ ਚਾਰ।
ਚਹੁੰ ਤੇ ਬਾਜ਼ੀ ਬੀਤ ਗਈ,
ਲੈਂਦੀਆਂ ਮਰਦ ਨੂੰ ਮਾਰ।
ਦਾਹੜਾ ਮੁੰਨਤਾ ਪਰੀਸਟ ਪੰਡਤ ਦਾ,
ਕੁੱਟਿਆ ਛਿੱਤਰਾਂ ਦੀ ਮਾਰ।
ਰਾਜੇ ਭੋਜ ਦੇ ਮੁੱਖ ਨੂੰ,
ਲਿਆ ਕੰਡਿਆਲਾ ਚਾੜ੍ਹ।
ਦੁੱਧ ਦੇ ਪਾਲੇ ਅੰਬ ਵੱਢਦੈਂ,
ਅੱਜ ਅੱਕਾਂ ਨੂੰ ਕਰਦੈਂ ਵਾੜ।
ਜੇ ਨੇਰੇ ’ਚ ਖੜ੍ਹਾ ਦੀਏ ਪੁੱਤ ਨੂੰ,
ਚਾਨਣ ਹੋ ਜੇ ਡਿਊਢੀ ਦੇ ਬਾਰ੍ਹ।
ਪੂਰਨ ਵਰਗੀਆਂ ਸੂਰਤਾਂ,
ਜੰਮਣੀਆਂ ਨਈ ਵਾਰੋ ਵਾਰ।
ਪਿਛਲੇ ਕੁਝ ਸਾਲਾਂ ਤੋਂ ਭਾਵੇਂ ਇਨ੍ਹਾਂ ਲੋਕ ਢਾਡੀਆਂ ਦੇ ਸਰੋਤਿਆਂ ਦਾ ਘੇਰਾ ਸੀਮਤ ਹੋ ਗਿਆ ਸੀ, ਪਰ ਫਿਰ ਵੀ ਮੋਦਨ ਆਪਣੇ ਸਾਥੀਆਂ ਨਾਲ ਮੇਲਿਆਂ ’ਤੇ ਜ਼ਰੂਰ ਪਹੁੰਚਦਾ ਸੀ। ਕਈ ਸੱਭਿਆਚਾਰਕ ਸੰਸਥਾਵਾਂ ਵੱਲੋਂ ਕਰਵਾਏ ਜਾਂਦੇ ਸੱਭਿਆਚਾਰਕ ਮੇਲਿਆਂ ’ਤੇ ਵੀ ਇਨ੍ਹਾਂ ਨੂੰ ਸੱਦਿਆ ਜਾਂਦਾ ਸੀ, ਭਾਵੇਂ ਖਾਨਾ ਪੂਰਤੀ ਹੀ ਹੁੰਦੀ ਸੀ। ਲੁਧਿਆਣੇ ਮੋਹਨ ਸਿੰਘ ਮੇਲੇ ’ਤੇ ਵੀ ਉਹ ਇਸ ਤਰ੍ਹਾਂ ਦੀ ਹਾਜ਼ਰੀ ਲੁਆ ਚੁੱਕਾ ਸੀ। 1996 ਵਿੱਚ ਉਸ ਦਾ ਸਾਥੀ ਕਿਰਪਾ ਰਾਮ ਚੌਕੀਦਾਰ ਇਸ ਜਹਾਨ ਤੋਂ ਕੂਚ ਕਰ ਗਿਆ ਅਤੇ ਸੌਣ ਸਿੰਘ ਚੱਲਣ ਫਿਰਨ ਤੋਂ ਅਸਮਰੱਥ ਹੋ ਗਿਆ। ਫੇਰ ਮੋਦਨ ਸਿੰਘ ਇਕੱਲਾ ਹੀ ਆਪਣੀ ਸਾਰੰਗੀ ਮੋਢੇ ਟੰਗ ਕੇ ਛਪਾਰ, ਜਰਗ ਆਦਿ ਮੇਲਿਆਂ ’ਤੇ ਪਹੁੰਚ ਜਾਂਦਾ ਸੀ ਅਤੇ ਇੱਕ ਅੱਧ ਕਲੀ ਸਰੋਤਿਆਂ ਨੂੰ ਸੁਣਾ ਦਿੰਦਾ ਸੀ। ਉਹ ਆਸ਼ਾਵਾਦੀ ਸੀ। ਜ਼ਿੰਦਗੀ ਪ੍ਰਤੀ ਕਦੇ ਨਿਰਾਸ਼ ਨਹੀਂ ਹੋਇਆ ਸੀ। ਕਹਿੰਦਾ ਸੀ, ਮੈਂ ਪੂਰੇ ਸੌ ਸਾਲ ਦਾ ਹੋ ਕੇ ਮਰੂੰ, ਪਰ ਉਸ ਦੀ ਇਹ ਇੱਛਾ ਪੂਰੀ ਨਾ ਹੋ ਸਕੀ। ਉਹ ਕੁਝ ਦਿਨ ਢਿੱਲਾ ਮੱਠਾ ਰਹਿਣ ਤੋਂ ਬਾਅਦ 10 ਅਕਤੂਬਰ 2009 ਨੂੰ ਇਸ ਫਾਨੀ ਜਹਾਨ ਤੋਂ ਕੂਚ ਕਰ ਗਿਆ। ਉਸ ਦੇ ਲੜਕਿਆਂ ਵਿੱਚੋਂ ਕੋਈ ਵੀ ਉਸ ਦੀ ਲੀਹ ’ਤੇ ਨਹੀਂ ਚੱਲਿਆ ਸਗੋਂ ਉਹ ਆਪਣੀ ਕਬੀਲਦਾਰੀ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਦੂਸਰੇ ਕੰਮਾਂ ਧੰਦਿਆਂ ਵਿੱਚ ਪਏ ਹੋਏ ਹਨ। ਉਸ ਦੇ ਲੜਕੇ ਦਰਸ਼ਨ ਸਿੰਘ ਨੇ ਉਸ ਦੀ ਸਾਰੰਗੀ ਆਪਣੀ ਪਰਿਵਾਰਕ ਵਿਰਾਸਤ ਵਜੋਂ ਸੰਭਾਲ ਕੇ ਰੱਖੀ ਹੋਈ ਹੈ।
ਸੰਪਰਕ : 84271-00341