ਮਨਦੀਪ ਸਿੰਘ ਸਿੱਧੂ
ਬਰਕਤ ਮਹਿਰਾ ਉਰਫ਼ ਬਰਕਤ ਰਾਮ ਮਹਿਰਾ ਦੀ ਪੈਦਾਇਸ਼ 1910 ਵਿਚ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਪੰਜਾਬੀ ਖੱਤਰੀ ਪਰਿਵਾਰ ਵਿਚ ਹੋਈ। ਚੁੱਪ ਫ਼ਿਲਮਾਂ ਦੇ ਦੌਰ ਤੋਂ ਹੀ ਬਰਕਤ ਦੀ ਦਿਲਚਸਪੀ ਫ਼ਿਲਮਾਂ ਵੱਲ ਸੀ। ਜਦੋਂ ਬੋਲਦੀਆਂ ਫ਼ਿਲਮਾਂ ਦਾ ਦੌਰ ਸ਼ੁਰੂ ਹੋਇਆ ਤਾਂ ਇਹ ਖ਼ਵਾਹਿਸ਼ ਹੋਰ ਤੀਬਰ ਹੋ ਗਈ। ਪਰ ਇਹ ਦਿਲਚਸਪੀ ਅਦਾਕਾਰੀ ਵੱਲ ਨਹੀਂ ਸੀ ਬਲਕਿ ਫ਼ਿਲਮ ਨਿਰਦੇਸ਼ਨ ਵੱਲ ਸੀ।
1937 ਵਿਚ ਕਰਾਚੀ ਦੇ ਪੰਜਾਬੀ ਗੱਭਰੂ ਦਲਸੁਖ ਐੱਮ. ਪੰਚੋਲੀ ਜੋ ਨਿਊਯਾਰਕ ਤੋਂ ਸਿਨਮੈਟੋਗ੍ਰਾਫ਼ੀ ਦੀ ਤਾਲੀਮ ਲੈ ਕੇ ਆਏ ਸਨ। ਉਨ੍ਹਾਂ ਨੇ ਲਾਹੌਰ ਦੇ ਅੱਪਰ ਮਾਲ ਰੋਡ ਉੱਪਰ ਬਣਿਆ ਲਾਲਾ ਦੌਲਾ ਰਾਮ ਦਾ ਐਨਕਾਂ ਦਾ ਕਾਰਖ਼ਾਨਾ ਖ਼ਰੀਦ ਕੇ ਉਸ ਨੂੰ ਇਕ ਸਟੂਡੀਓ ਵਿਚ ਬਦਲ ਦਿੱਤਾ, ਜਿਸ ਦਾ ਨਾਮ ਰੱਖਿਆ ਪੰਚੋਲੀ ਆਰਟ ਸਟੂਡੀਓ। ਇਸ ਸਟੂਡੀਓ ਵਿਚ ਦਲਸੁਖ ਨੇ ਆਪਣੀ ਪਹਿਲੀ ਪੰਜਾਬੀ ਫ਼ੀਚਰ ਫ਼ਿਲਮ ਸ਼ੁਰੂ ਕੀਤੀ ‘ਗੁਲ ਬਕਾਵਲੀ’ (1939)। ਉਂਜ ਤਾਂ ਪੰਚੋਲੀ ਨੇ ਇਸ ਫ਼ਿਲਮ ਵਿਚ ਕਈ ਨਵੇਂ ਚਿਹਰੇ ਪੇਸ਼ ਕਰਵਾਏ। ਪਰ ਇਨ੍ਹਾਂ ਚਿਹਰਿਆਂ ਵਿਚ ਲਾਹੌਰ ਦਾ ਗੱਭਰੂ ਬਰਕਤ ਮਹਿਰਾ ਵੀ ਇਕ ਸੀ, ਜਿਸ ਨੂੰ ਪੰਚੋਲੀ ਨੇ ਪਹਿਲੀ ਵਾਰ ਫ਼ਿਲਮ ਦੀ ਹਿਦਾਇਤਕਾਰੀ ਦਾ ਜ਼ਿੰਮਾ ਸੌਂਪਿਆ। ਫ਼ਿਲਮ ਦੇ ਮੁਸੱਨਫ਼ ਤੇ ਨਗ਼ਮਾਨਿਗਾਰ ਵਲੀ ਸਾਹਿਬ ਅਤੇ ਮੌਸੀਕੀ ਭਾਈ ਗ਼ੁਲਾਮ ਹੈਦਰ ਅੰਮ੍ਰਿਤਸਰੀ (ਪਹਿਲੀ ਫ਼ਿਲਮ) ਨੇ ਮੁਰੱਤਬਿ ਕੀਤੀ। ਬਰਕਤ ਮਹਿਰਾ ਨੇ ਆਪਣੀ ਹਿਦਾਇਤ ਵਿਚ ਸਲੀਮ ਰਜ਼ਾ (ਪਹਿਲੀ ਫ਼ਿਲਮ), ਹੇਮਲਤਾ (ਅਸਲ ਨਾਮ ਰਜ਼ੀਆ), ਸੁਰੱਈਆ ਜਬੀਨ (ਅਸਲੀ ਨਾਮ ਬਸ਼ੀਰ ਬੇਗ਼ਮ/ਰੇਡੀਓ ਸਿੰਗਰ), ਬੇਬੀ ਨੂਰਜਹਾਂ, ਮਿਸ ਕੁਸਮ ਨਈਅਰ, ਮੁਹੰਮਦ ਇਸਮਾਇਲ, ਸਰਦਾਰੀ ਲਾਲ, ਦੁਰਗਾ ਮੋਟਾ, ਦੀਵਾਨ ਮਧੋਕ (ਐਡਵੋਕੇਟ) ਆਦਿ ਨੇ ਸ਼ਾਨਦਾਰ ਕੰਮ ਕੀਤਾ। ਇਹ ਪੰਜਾਬੀ ਸਿਨੇ ਇਤਿਹਾਸ ਦੀ ਪਹਿਲੀ ਫ਼ਿਲਮ ਸੀ, ਜਿਸ ਵਿਚ 100 ਸੱਪਾਂ ਨੇ ਕੰਮ ਕੀਤਾ ਸੀ। ਸੱਪ ਤੇ ਨਿਓਲੇ ਦੀ ਲੜਾਈ ਨੂੰ ਪਹਿਲੀ ਵਾਰ ਪਰਦੇ ’ਤੇ ਦਰਸ਼ਕਾਂ ਨੇ ਬੜਾ ਪਸੰਦ ਕੀਤਾ ਸੀ। ਇਹ ਪਹਿਲੀ ਬਿਹਤਰੀਨ ਪੰਜਾਬੀ ਫ਼ਿਲਮ ਸੀ, ਜਿਸ ਦੇ ਮੁਕਾਲਮੇ ਇੰਤਹਾਈ ਦਿਲਚਸਪ ਸਨ। ਇਸ ਫ਼ਿਲਮ ਵਿਚ ਜਿੱਥੇ ਬੇਬੀ ਨੂਰਜਹਾਂ ਦੇ ਗਾਏ ਗੀਤਾਂ ‘ਸ਼ਾਲਾ ਜਵਾਨੀਏ ਮਾਣੇ’, ‘ਪਿੰਜਰੇ ਦੇ ਵਿਚ ਕੈਦ ਜਵਾਨੀ’, ‘ਇਕ ਸੋਹਣੇ ਜਿਹੇ ਜੰਗਲ ਵਿਚ ਇਕ ਮਾਦਾ ਸਾਰਸ ਵੱਸਦੀ ਸੀ’ ਨੇ ਹੱਦ ਦਰਜਾ ਮਕਬੂਲੀਅਤ ਹਾਸਲ ਕੀਤੀ, ਉੱਥੇ ਸੁਰੱਈਆ ਜਬੀਨ ਦਾ ‘ਜਵਾਨੀ ਜੇ ਆਕੇ ਨਾ ਜਾਵੇ ਤੇ ਜਾਣਾ’ ਤੇ ਸ਼ਮਸ਼ਾਦ ਬੇਗ਼ਮ ਦਾ ਗਾਇਆ ‘ਘੂਕ ਮੇਰੀ ਕਿਸਮਤ ਸੌਂ ਗਈ ਜਾਗੋ ਜ਼ਰੂਰ ਓਏ’ ਵੀ ਬੜੇ ਪਸੰਦ ਕੀਤੇ ਗਏ। 65 ਹਜ਼ਾਰ ਦੀ ਲਾਗਤ ਨਾਲ ਬਣੀ ਤੇ 15 ਲੱਖ ਰੁਪਏ ਦੀ ਕਮਾਈ ਕਰਨ ਵਾਲੀ ਇਸ ਫ਼ਿਲਮ ਦੀ ਸਫਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸ ਵੇਲੇ ਹਰ ਪਾਸੇ ਇਸ ਫ਼ਿਲਮ ਦੀ ਕਾਮਯਾਬੀ ਦੇ ਤਜ਼ਕਰੇ ਹੋ ਰਹੇ ਸਨ। ਇਹ ਹਵਾਲਾ ‘ਰੋਜ਼ਾਨਾ ਇਨਕਲਾਬ ਲਾਹੌਰ’ (3 ਨਵੰਬਰ 1939) ਦੇ ਅਖ਼ਬਾਰ ਵਿਚ ਦਰਜ ਹੈ। 12 ਨਵੰਬਰ 1939 ਨੂੰ ਪ੍ਰਭਾਤ ਟਾਕੀਜ਼, ਮੈਕਲੋਡ ਰੋਡ, ਲਾਹੌਰ ਵਿਖੇ ਨੁਮਾਇਸ਼ ਹੋਣ ਵਾਲੀ ਇਸ ਫ਼ਿਲਮ ਨੇ ਪੰਜਾਬ ਦੀ ਫ਼ਿਲਮਸਾਜ਼ੀ ਵਿਚ ਇਨਕਲਾਬ ਲੈ ਆਂਦਾ। ਬਰਕਤ ਮਹਿਰਾ ਆਪਣੀ ਪਹਿਲੀ ਫ਼ਿਲਮ ਦੀ ਹਿਦਾਇਤਕਾਰੀ ਨਾਲ ਹੀ ਫ਼ਿਲਮਬੀਨਾਂ ਦੇ ਦਿਲਾਂ ’ਤੇ ਛਾ ਗਏ।
ਇਸ ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਸੇਠ ਜਗਤ ਨਰਾਇਣ ਨੇ ਬਰਕਤ ਮਹਿਰਾ ਨੂੰ ਲਾਹੌਰ ਤੋਂ ਕਲਕੱਤੇ ਸੱਦ ਲਿਆ। ਜਦੋਂ ਉਨ੍ਹਾਂ ਨੇ ਆਪਣੇ ਫ਼ਿਲਮਸਾਜ਼ ਅਦਾਰੇ ਜਗਤ ਪਿਕਚਰਜ਼, ਕਲਕੱਤਾ ਦੇ ਬੈਨਰ ਹੇਠ ਪੰਜਾਬੀ ਫ਼ਿਲਮ ‘ਮੁਬਾਰਕ’ (1941) ਸ਼ੁਰੂ ਕੀਤੀ, ਤਾਂ ਇਸ ਦੀ ਹਿਦਾਇਤਕਾਰੀ ਦੇ ਫ਼ਰਜ਼ ਵੀ ਬਰਕਤ ਮਹਿਰਾ ਨੂੰ ਸੌਂਪ ਦਿੱਤੇ। ਇਹ ਪਹਿਲੀ ਪੰਜਾਬੀ ਫ਼ਿਲਮ ਸੀ, ਜਿਸ ਵਿਚ ਪੰਜਾਬ ਦੀ ਹੱਦ ਤੋਂ ਪਰ੍ਹੇ ਤੁਰਕੀ ਸ਼ਹਿਰ ਤਕ ਦੀ ਗੱਲ ਕੀਤੀ ਗਈ। ਪਿਆਰ ਨਫ਼ਰਤ, ਰੁਮਾਂਸ ਤੇ ਸਾਜ਼ਿਸੀ ਮੰਜ਼ਰਨਾਮਾ ਪੇਸ਼ ਕਰਦੀ ਇਸ ਫ਼ਿਲਮ ਵਿਚ ਜਹਾਂਆਰਾ ਕੱਜਣ ਨੇ ਤੁਰਕੀ ਸ਼ਹਿਜ਼ਾਦੀ ‘ਦਿਲਾਰਾ’ ਦਾ ਰੋਲ ਅਦਾ ਕੀਤਾ, ਜਿਸ ਦੇ ਰੂਬਰੂ ਹੀਰੋ ਦਾ ਕਿਰਦਾਰ ਏ. ਜੀ. ਬੱਟ ਨੇ ਨਿਭਾਇਆ। ‘ਮੁਬਾਰਕ’ ਦੇ ਟਾਈਟਲ ਕਿਰਦਾਰ ਵਿਚ ਲਾਹੌਰ ਦਾ ਗੱਭਰੂ ਹੀਰਾ ਲਾਲ ਮੌਜੂਦ ਸੀ। ਜੀ. ਏ. ਚਿਸ਼ਤੀ (ਗ਼ੁਲਾਮ ਅਹਿਮਦ ਚਿਸ਼ਤੀ) ਦੇ ਸੰਗੀਤ ਵਿਚ ਇਸ ਫ਼ਿਲਮ ਦੇ 12 ਗੀਤ ‘ਲਾ ਕੇ ਅੱਖੀਆਂ ਜਿੰਦੜੀਏ’, ‘ਅਸਾਂ ਤੇਰੀ ਦੀਦ ਬਿਨਾਂ ਰੱਜਣਾ ਨਹੀਂ’, ‘ਰਾਤ ਅੰਧੇਰੀ ਮਾਹੀ ਵੇ’, ‘ਕਿਆ ਪਿਆ ਅਜਬ ਨਜ਼ਾਰਾ’, ‘ਨਾ ਕਰ ਐਡੇ ਜ਼ੋਰ ਦਿਲਾ’, ‘ਤੂੰ ਸਾਡੀ ਪੁੱਛੀ ਨਾ ਸਾਰ ਵੇ ਮਾਹੀਆ’, ‘ਦੋ ਪੱਤਰ ਸ਼ਹਿਤੂਤਾਂ ਦੇ ਆਸ਼ਕ ਮਰ ਜਾਣਗੇ’ ਆਦਿ ਜਿੱਥੇ ਅਵਾਮ ਨੇ ਬੜੇ ਪਸੰਦ ਕੀਤੇ, ਉੱਥੇ ਫ਼ਿਲਮ ਦੀ ਦੂਜੀ ਅਦਾਕਾਰਾ ਅੰਜਨਾ ਦੀ ਗਾਈ ਅਤੇ ਉਸੇ ’ਤੇ ਫ਼ਿਲਮਾਈ ਉਰਦੂ ਗ਼ਜ਼ਲ ‘ਦੁਨੀਆ-ਏ-ਮੁਹੱਬਤ ਕਾ ਸਾਮਾਨ’ ਵੀ ਬੜੀ ਪਸੰਦ ਕੀਤੀ ਗਈ। ਇਹ ਫ਼ਿਲਮ 15 ਅਕਤੂਬਰ 1941 ਨੂੰ ਨਿਸ਼ਾਤ ਥੀਏਟਰ, ਲਾਹੌਰ ਵਿਖੇ ਨੁਮਾਇਸ਼ ਹੋਈ।
ਜਦੋਂ ਠਾਕੁਰ ਰਾਜਿੰਦਰ ਸਿੰਘ ਨੇ ਆਪਣੇ ਫ਼ਿਲਮਸਾਜ਼ ਅਦਾਰੇ ਨੌਰਦਰਨ ਇੰਡੀਆ ਸਟੂਡੀਓ ਲਿਮਟਿਡ, ਲਾਹੌਰ ਦੇ ਬੈਨਰ ਹੇਠ ਆਪਣੀ ਪਹਿਲੀ ਪੰਜਾਬੀ ਫ਼ਿਲਮ ‘ਸਹਿਤੀ ਮੁਰਾਦ’ (1941) ਸ਼ੁਰੂ ਕੀਤੀ ਤਾਂ ਉਨ੍ਹਾਂ ਨੇ ਫ਼ਿਲਮ ਦੀ ਹਿਦਾਇਤਕਾਰੀ ਲਈ ਬਰਕਤ ਮਹਿਰਾ ਨੂੰ ਕਲਕੱਤੇ ਤੋਂ ਲਾਹੌਰ ਸੱਦ ਲਿਆ। ਪੰਜਾਬ ਦੇ ਮਸ਼ਹੂਰ ਇਸ਼ਕੀਆ ਅਫ਼ਸਾਨੇ ’ਤੇ ਬਣੀ ਇਸ ਫ਼ਿਲਮ ਰਾਗਿਨੀ (ਸਹਿਤੀ), ਰਾਮ ਲਾਲ (ਮੁਰਾਦ), ਮਨੋਰਮਾ (ਨੂਰਾਂ), ਰਜ਼ੀਆ (ਹੀਰ), ਬੇਗ (ਰਾਂਝਾ) ਨੇ ਬਰਕਤ ਮਹਿਰਾ ਦੀ ਹਿਦਾਇਤਕਾਰੀ ’ਚ ਸ਼ਾਨਦਾਰ ਕੰਮ ਕੀਤਾ। ਮੁਸੱਨਫ਼ ਤੇ ਨਗ਼ਮਾਨਿਗਾਰ ਮਨੋਹਰ ਸਿੰਘ ਸਹਿਰਾਈ ਅਤੇ ਮੌਸੀਕੀ ਭਾਈ ਗ਼ੁਲਾਮ ਹੈਦਰ ‘ਅੰਮ੍ਰਿਤਸਰੀ’ ਨੇ ਮੁਰੱਤਬਿ ਕੀਤੀ ਸੀ। ਇਹ ਸੁਪਰਹਿੱਟ ਫ਼ਿਲਮ 24 ਜਨਵਰੀ 1941 ਨੂੰ ਨਿਸ਼ਾਤ ਟਾਕੀਜ਼, ਲਾਹੌਰ ਵਿਖੇ ਨੁਮਾਇਸ਼ ਹੋਈ।
ਦਸੰਬਰ 1943 ਵਿਚ ਬਰਕਤ ਮਹਿਰਾ ਨੇ ਐੱਨ. ਆਈ. ਸਟੂਡੀਓ, ਲਾਹੌਰ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ (ਸਹਾਇਕ ਬਿੱਲੂ ਮਿਹਰਾ, ਪ੍ਰਾਣ ਮਿਹਰਾ, ਰਾਣਾ ਬਸ਼ੀਰ) ਵਿਚ ਹਿੰਦੀ ਫ਼ਿਲਮ ‘ਪੰਛੀ’ (1944) ਸ਼ੁਰੂ ਕੀਤੀ। ਫ਼ਿਲਮ ਦੀ ਮੌਸੀਕੀ ਪੰਡਤ ਅਮਰਨਾਥ (ਐੱਚ. ਐੱਮ. ਵੀ.), ਗੀਤ ਮਨੋਹਰ ਸਿੰਘ ਸਹਿਰਾਈ, ਅਖ਼ਤਰ ਛੁਗਾਨੀ, ਮੁਕਲਾਮੇ ਇਹਸਾਨ ਅਲੀ ਸ਼ਾਹ (ਬੀ. ਏ.) ਨੇ ਤਹਿਰੀਰ ਕੀਤੇ। ਇਸ ਫ਼ਿਲਮ ਵਿਚ ਬਰਕਤ ਦੀ ਹਿਦਾਇਤਕਾਰੀ ਵਿਚ ਅਦਾਕਾਰਾ ਮਨੋਰਮਾ (ਊਸ਼ਾ), ਸਲਮਾ (ਬਿਮਲਾ), ਅਜਮਲ (ਰਾਜ), ਹਰੀ ਸ਼ਿਵਦਾਸਾਨੀ (ਜਨਕ), ਸਲੀਮ ਰਜ਼ਾ (ਮੋਹਿੰਦਰ) ਤੇ ਕਲਾਵਤੀ ਨੇ ਨ੍ਰਿਤ ਗੀਤ ਪੇਸ਼ ਕੀਤਾ। ਇਹ ਫ਼ਿਲਮ 17 ਸਤੰਬਰ 1944 ਨੂੰ ਨਿਸ਼ਾਤ ਸਿਨਮਾ, ਲਾਹੌਰ ’ਚ ਰਿਲੀਜ਼ ਹੋਈ।
ਜਦੋਂ ਸੇਠ ਰੂਪ ਕੇ. ਸ਼ੋਰੀ ਨੇ ਮੈਕਲੋਡ ਰੋਡ, ਲਾਹੌਰ ਦੇ ਸਟੂਡੀਓ ਵਿਚ ਆਪਣੇ ਫ਼ਿਲਮਸਾਜ਼ ਅਦਾਰੇ ਸ਼ੋਰੀ ਪਿਕਚਰਜ਼ ਦੇ ਬੈਨਰ ਹੇਠ ਹਿੰਦੀ ਫ਼ਿਲਮ ‘ਚੰਪਾ’ (1945) ਸ਼ੁਰੂ ਕੀਤੀ ਤਾਂ ਉਨ੍ਹਾਂ ਨੇ ਵੀ ਕਾਬਲ ਹਿਦਾਇਤਕਾਰ ਬਰਕਤ ਮਹਿਰਾ ਦਾ ਇੰਤਖ਼ਾਬ ਕੀਤਾ। ਮੁਕਾਲਮੇ ਇਹਸਾਨ ਅਲੀ ਸ਼ਾਹ (ਬੀ. ਏ.) ਅਤੇ ਧੁੰਨਾਂ ਅਨੁਪਮ ਘਟਕ ਅਤੇ ਲੱਛੀ ਰਾਮ ਨੇ ਤਾਮੀਰ ਕੀਤੀਆਂ। ਬਰਕਤ ਦੀ ਹਿਦਾਇਤ ’ਚ ਆਸ਼ਾ ਪੌਸਲੇ ਨੇ ‘ਰਜਨੀ’, ਹਰੀ ਸ਼ਿਵਦਾਸਾਨੀ ਨੇ ‘ਮਾਨਕ ਲਾਲ, ਰਾਮ ਲਾਲ ਨੇ ‘ਲੱਭੂ ਸ਼ਾਹ’, ਮਜਨੂੰ ਨੇ ‘ਸੁੰਦਰ’, ਗ਼ੁਲਾਮ ਕਾਦਰ ਨੇ ‘ਰੱਤੀ ਲਾਲ’ ਦਾ ਸ਼ਾਨਾਦਾਰ ਪਾਰਟ ਅਦਾ ਕੀਤਾ ਜਦੋਂਕਿ ਅਦਾਕਾਰਾ ਮਨੋਰਮਾ ‘ਚੰਪਾ’ ਦਾ ਟਾਈਟਲ ਰੋਲ ਅਦਾ ਕਰ ਰਹੀ ਸੀ। 23 ਅਪਰੈਲ 1946 ਨੂੰ ਸੇਠ ਦਲਸੁਖ ਐੱਮ. ਪੰਚੋਲੀ ਨੇ ਪ੍ਰਧਾਨ ਪਿਕਚਰਜ਼, ਲਾਹੌਰ ਦੇ ਬੈਨਰ ਹੇਠ ਬਰਕਤ ਮਹਿਰਾ ਦੀ ਹਿਦਾਇਤਕਾਰੀ ਵਿਚ ਹਿੰਦੀ ਫ਼ਿਲਮ ‘ਸ਼ਹਿਰ ਸੇ ਦੂਰ’ (1946) ਸ਼ੁਰੂ ਕੀਤੀ। ਇਸ ਫ਼ਿਲਮ ਦੇ ਮੁਸੱਨਫ਼ ਤੇ ਮੁਕਾਲਮਾਨਿਗਾਰ ਸਈਅਦ ਇਮਤਿਆਜ਼ ਅਲੀ ਤਾਜ ਸਨ। ਮੌਸੀਕੀ ਦੀਆਂ ਤਰਜ਼ਾਂ ਪੰਡਤ ਅਮਰਨਾਥ, ਗੀਤ ਪੰਡਤ ਦੀਨਾ ਨਾਥ ਮਧੋਕ ਨੇ ਤਹਿਰੀਰ ਕੀਤੇ। ਇਸ ਫ਼ਿਲਮ ਦੇ ਅਦਾਕਾਰਾਂ ਵਿਚ ਮੀਨਾ (ਸ਼ੋਰੀ), ਮਿਸ ਇਰਸ਼ਾਦ, ਅਲ ਨਾਸਿਰ, ਅਜਮਲ, ਜੀ. ਐੱਨ. ਬੱਟ, ਪਦਮਾ, ਆਸ਼ਾ ਪੌਸਲੇ, ਸਹਿਜ਼ਾਦੀ, ਓਮ ਪ੍ਰਕਾਸ਼, ਦੁਰਗਾ ਮੋਟਾ ਅਤੇ ਨਵਾਂ ਹੀਰੋ ਰਜ਼ਾ ਮੀਰ ਨੁਮਾਇਆਂ ਸਨ, ਜਿਨ੍ਹਾਂ ਨੇ ਬਰਕਤ ਮਹਿਰਾ ਦੀ ਹਿਦਾਇਤ ਵਿਚ ਆਪਣੇ ਫ਼ਨ ਦੀ ਬਿਹਤਰੀਨ ਨੁਮਾਇਸ਼ ਕੀਤੀ।
1947 ਵਿਚ ਹੋਈ ਪੰਜਾਬ ਵੰਡ ਤੋਂ ਬਾਅਦ ਬਰਕਤ ਮਹਿਰਾ ਨੇ ਭਾਰਤ ਦੀ ਬਜਾਏ ਨਵੇਂ ਤਾਮੀਰ ਮੁਲਕ ਪਾਕਿਸਤਾਨ ਰਹਿਣਾ ਪਸੰਦ ਕੀਤਾ। ਪਾਕਿਸਤਾਨੀ ਫ਼ਿਲਮ ਸਨਅਤ ਵਿਚ ਉਸ ਨੇ ਸਿਰਫ਼ ਦੋ ਪੰਜਾਬੀ ਫ਼ਿਲਮਾਂ ਦੀ ਹਿਦਾਇਤਕਾਰੀ ਕੀਤੀ। ਬਰਕਤ ਮਹਿਰਾ (ਸਹਾਇਕ ਅਨਵਰ ਸਹਿਰਮ) ਦੀ ਹਿਦਾਇਤਕਾਰੀ ਵਿਚ ਬਣੀ ਪਹਿਲੀ ਪੰਜਾਬੀ ਫ਼ਿਲਮ ਹਾਜੀ ਗ਼ੁਲਾਮ ਕਾਦਰ ਲੂਨ ਦੇ ਫ਼ਿਲਮਸਾਜ਼ ਅਦਾਰੇ ਲੂਨ ਪ੍ਰੋਡਕਸ਼ਨਜ਼, ਲਾਹੌਰ ਦੀ ‘ਹਕੀਮ ਜੀ’ (1969) ਸੀ। ਮੌਸੀਕੀ ਆਰ. ਏ. ਸ਼ਾਦ (ਸਹਾਇਕ ਆਸ਼ਿਕ ਹੁਸੈਨ), ਗੀਤ ਫ਼ਰਜ਼ੰਦ ਵਾਰਿਸ, ਅਬਰਾਰ ਕਸ਼ਮੀਰੀ (ਪਹਿਲੀ ਫ਼ਿਲਮ), ਅਨਵਰ ਸਹਿਰਮ, ਕਹਾਣੀ ਫ਼ਰਜ਼ੰਦ ਵਾਰਿਸ ਲੁਧਿਆਣਵੀ, ਮੰਜ਼ਰਨਾਮਾ ਤੇ ਮੁਕਾਲਮੇ ਅਨਵਰ ਸਹਿਰਮ। ਫ਼ਿਲਮ ਦੇ ਅਦਾਕਾਰਾਂ ਵਿਚ ਗ਼ਜ਼ਾਲਾ, ਸੁਧੀਰ, ਨੀਲੋਫ਼ਰ, ਰੰਗੀਲਾ, ਅਲਬੇਲਾ, ਤਾਨੀ ਤੇ ਸ਼ੇਖ ਇਕਬਾਲ ਨੁਮਾਇਆਂ ਹਨ। ਬਰਕਤ ਮਹਿਰਾ ਦੀ ਹਿਦਾਇਤਕਾਰੀ ’ਚ ਬਣੀ ਦੂਜੀ ਤੇ ਆਖ਼ਰੀ ਪੰਜਾਬੀ ਫ਼ਿਲਮ ਅਖ਼ਤਰ ਮਹਿਰਾ ਦੇ ਫ਼ਿਲਮਸਾਜ਼ ਅਦਾਰੇ ਅਖ਼ਤਰ ਪ੍ਰੋਡਕਸ਼ਨ, ਲਾਹੌਰ ਦੀ ‘ਸਿਰਾਂ ਨਾਲ ਸਰਦਾਰੀਆਂ’ (1971) ਸੀ। ਮੰਜ਼ਰਨਾਮਾ, ਮੁਕਾਲਮੇ ਇਲਿਆਸ ਕਸ਼ਮੀਰੀ, ਨਗ਼ਮਾਨਿਗਾਰ ਨਿਵਾਜ਼ ਦਾਨਿਸ਼ ਅਤੇ ਮੌਸੀਕੀ ਐੱਮ. ਸ਼ਬੀਰ ਨੇ ਤਰਤੀਬ ਕੀਤੀ। ਫ਼ਿਲਮ ਦੇ ਅਦਾਕਾਰਾਂ ਵਿਚ ਗ਼ਜ਼ਾਲਾ, ਨਿਸਾਰ, ਕੋਮਲ, ਜੱਗੀ, ਸ਼ੇਖ਼ ਇਕਬਾਲ, ਰੇਖਾ, ਆਸ਼ਾ ਪੌਸਲੇ, ਰਾਜ ਮੁਲਤਾਨੀ, ਮਹਬਿੂਬ ਕਸ਼ਮੀਰੀ, ਆਸ਼ਿਕ ਜੱਟ ਆਦਿ ਨੁਮਾਇਆਂ ਸਨ। ਇਸ ਤੋਂ ਬਾਅਦ ਮਾਰੂਫ਼ ਹਿਦਾਇਤਕਾਰ ਬਰਕਤ ਮਹਿਰਾ ਪਾਕਿਸਤਾਨ ਰਹੇ ਜਾਂ ਭਾਰਤ ਆਏ। ਇਸ ਬਾਰੇ ਕੋਈ ਪੁਖ਼ਤਾ ਮਾਲੂਮਾਤ ਕਿਤੋਂ ਨਹੀਂ ਮਿਲ ਸਕੀ।
ਸੰਪਰਕ: 97805-09545