ਜਸਪ੍ਰੀਤ ਕੌਰ ਸੰਘਾ
ਪੰਜਾਬੀ ਲੋਕ ਗੀਤ ਪੰਜਾਬੀਆਂ ਦੀ ਜੀਵਨ ਜਾਚ ਦੀ ਬਾਤ ਬਹੁਤ ਸੁਚੱਜੇ ਢੰਗ ਨਾਲ ਪਾਉਂਦੇ ਹਨ। ਇਸੇ ਕਰਕੇ ਪੰਜਾਬ ਦੇ ਕਿਸਾਨੀ ਜੀਵਨ ਬਾਰੇ ਵੀ ਸਾਡੇ ਲੋਕ ਗੀਤਾਂ ਵਿੱਚ ਠੋਕ ਵਜਾ ਕੇ ਗੱਲ ਕੀਤੀ ਗਈ ਹੈ। ਸਾਡੇ ਪੁਰਖਿਆਂ ਨੇ ਸਾਨੂੰ ਕਿਰਤ ਦਾ ਸਭਿਆਚਾਰ ਦਿੱਤਾ ਹੈ। ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਇੱਥੋਂ ਦਾ ਜੀਵਨ ਫ਼ਸਲਾਂ ਨਾਲ ਨੇੜਿਓਂ ਜੁੜਿਆ ਹੋਇਆ ਹੈ। ਇੱਥੋਂ ਦੀ ਮਿੱਟੀ ਉਪਜਾਊ ਹੋਣ ਕਾਰਨ ਸਾਰਾ ਸਾਲ ਹੀ ਖੇਤ ਫ਼ਸਲਾਂ ਨਾਲ ਲਹਿਰਾਉਂਦੇ ਰਹਿੰਦੇ ਹਨ। ਸਾਰਾ ਸਾਲ ਹੀ ਅੰਨਦਾਤਾ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਹੈ। ਕਣਕ, ਚਾਵਲ, ਮੱਕੀ, ਕਪਾਹ, ਗੰਨਾ ਆਦਿ ਪੰਜਾਬ ਦੀਆਂ ਮੁੱਖ ਫ਼ਸਲਾਂ ਹਨ।
ਕਣਕ ਹਾੜ੍ਹੀ ਰੁੱਤ ਦੀ ਮੁੱਖ ਫ਼ਸਲ ਹੈ। ਆਮ ਤੌਰ ’ਤੇ ਪੰਜਾਬ ਵਿੱਚ ਨਵੰਬਰ ਮਹੀਨੇ ਵਿੱਚ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਛੇ ਮਹੀਨੇ ਦੀ ਮਿਹਨਤ ਤੋਂ ਬਾਅਦ ਅਪਰੈਲ ਵਿੱਚ ਕਣਕ ਦੀ ਵਾਢੀ ਕੀਤੀ ਜਾਂਦੀ ਹੈ। ਕਿਸਾਨ ਕਣਕ ਦੀ ਫ਼ਸਲ ਨੂੰ ਪੁੱਤਾਂ ਵਾਂਗ ਪਾਲਦੇ ਹਨ। ਪਹਿਲਾਂ ਪੋਹ ਦੀਆਂ ਠੰਢੀਆਂ ਰਾਤਾਂ ਜਾਗ ਕੇ ਇਸ ਨੂੰ ਪਾਣੀ ਲਗਾਉਂਦੇ ਹਨ, ਫਿਰ ਵਿਸਾਖ ਦੀਆਂ ਧੁੱਪਾਂ ਵਿੱਚ ਕਣਕ ਦੀ ਵਾਢੀ ਕਰਦੇ ਹਨ।
ਸਾਡੇ ਲੋਕ ਗੀਤਾਂ ਵਿੱਚ ਵੀ ਕਣਕ ਦੀ ਫ਼ਸਲ ਦਾ ਜ਼ਿਕਰ ਵਾਰ-ਵਾਰ ਆਉਂਦਾ ਹੈ ਜਿਵੇਂ:
ਕਦੀ ਉਡਾਵਾਂ ਤਿੱਤਰ ਬਟੇਰੇ ਕਦੇ ਉਡਾਵਾਂ ਕਾਵਾਂ
ਜ਼ਿੰਦ ਮਲੂਕ ਜਿਹੀ ਏ ਮੇਰੀ ਵੇ ਮੈਂ ਕਿੱਧਰ -ਕਿੱਧਰ ਜਾਵਾਂ
ਜੇ ਅੱਡੀ ਮਾਰ ਉਡਾਵਾਂ ਮੇਰੀ ਝਾਂਜਰ ਲਹਿੰਦੀ
ਤੇਰੀ ਕਣਕ ਦੀ ਰਾਖੀ ਮੁੰਡਿਆ ਹੁਣ ਮੈਂ ਨਾ ਬਹਿੰਦੀ।
ਚੇਤ ਮਹੀਨੇ ਵਿੱਚ ਕਣਕਾਂ ਰੰਗ ਵਟਾ ਲੈਂਦੀਆਂ ਹਨ। ਕਣਕਾਂ ਹਰੇ ਕਚੂਰ ਰੰਗ ਨੂੰ ਬਦਲ ਕੇ ਸੋਨੇ ਰੰਗੀਆਂ ਹੋ ਜਾਂਦੀਆਂ ਹਨ। ਇਸੇ ਕਰਕੇ ਚੇਤ ਮਹੀਨੇ ਮੀਂਹ ਦੀ ਉਡੀਕ ਨਹੀਂ ਕੀਤੀ ਜਾਂਦੀ ਕਿਉਂਕਿ ਇਸ ਮਹੀਨੇ ਪਿਆ ਮੀਂਹ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸੇ ਕਾਰਨ ਜਦੋਂ ਚੇਤ ਮਹੀਨੇ ਕਾਲੀਆਂ ਘਟਾਵਾਂ ਚੜ੍ਹਦੀਆਂ ਹਨ ਤਾਂ ਇਨ੍ਹਾਂ ਕਾਲੀਆਂ ਘਟਾਵਾਂ ਨੂੰ ਵੇਖ ਕੇ ਕਿਸਾਨ ਖ਼ੁਸ਼ ਹੋਣ ਦੀ ਬਜਾਏ ਉਦਾਸ ਹੋ ਜਾਂਦਾ ਹੈ। ਲੰਬੀ ਮਿਹਨਤ ਤੋਂ ਬਾਅਦ ਜਦੋਂ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਤਾਂ ਸੋਨੇ ਰੰਗੀ ਕਣਕ ਨੂੰ ਵੇਖ ਕੇ ਕਿਸਾਨ ਦੀ ਖ਼ੁਸ਼ੀ ਦਾ ਕੋਈ ਠਿਕਾਣਾ ਨਹੀਂ ਰਹਿੰਦਾ। ਇਸ ਦਾ ਜ਼ਿਕਰ ਸਾਡੇ ਲੋਕ ਗੀਤਾਂ ਵਿੱਚ ਵੀ ਬਾਖ਼ੂਬੀ ਕੀਤਾ ਗਿਆ ਹੈ ਜਿਵੇਂ:
ਜੱਟ ਸ਼ਾਹਾਂ ਨੂੰ ਖੰਘੂਰੇ ਮਾਰੇ
ਕਣਕਾਂ ਨਿਸਰਦੀਆਂ।
ਵਿਸਾਖੀ ਦਾ ਤਿਉਹਾਰ ਨਜ਼ਦੀਕ ਆਉਂਦਾ ਵੇਖ ਕਣਕ ਦੀ ਵਾਢੀ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ ਕਿਉਂਕਿ ਵਿਸਾਖੀ ਦੇ ਤਿਉਹਾਰ ਨੂੰ ਕਣਕ ਦੀ ਫ਼ਸਲ ਨਾਲ ਜੋੜਿਆ ਜਾਂਦਾ ਹੈ। ਵਿਸਾਖੀ ਦੇ ਦਿਨ ਹੀ ਕਿਸਾਨ ਕਣਕ ਦੀ ਵਾਢੀ ਦੀ ਸ਼ੁਰੂਆਤ ਦਾ ਸ਼ਗਨ ਕਰਦੇ ਹਨ ਜਿਸ ਦਾ ਜ਼ਿਕਰ ਸਾਡੇ ਲੋਕ ਗੀਤਾਂ ਵਿੱਚ ਵੀ ਮਿਲਦਾ ਹੈ:
ਆਈ ਹੈ ਵਿਸਾਖੀ ਰਿਹਾ ਨਾ ਕੋਈ ਸ਼ੱਕ ਮਿੱਤਰੋ
ਪੁੱਤਾਂ ਵਾਂਗ ਪਾਲ਼ੀ ਹਾੜ੍ਹੀ ਗਈ ਪੱਕ ਮਿੱਤਰੋ
ਵਾਢੀ ਕਰਨ ਲਈ ਬੰਨ੍ਹ ਲਓ ਲੱਕ ਮਿੱਤਰੋ।
ਅੱਜ ਜਿਉਂ-ਜਿਉਂ ਸਮਾਂ ਬਦਲ ਰਿਹਾ ਹੈ ਤਿਉਂ-ਤਿਉਂ ਸਾਡੀ ਖੇਤੀ ਤਕਨੀਕ ਵਿੱਚ ਵੀ ਬਦਲਾਅ ਆ ਰਿਹਾ ਹੈ। ਅੱਜ ਕਣਕ ਦੀ ਵਾਢੀ ਭਾਵੇਂ ਕੰਬਾਇਨ ਨਾਲ ਕਰ ਲਈ ਜਾਂਦੀ ਹੈ, ਪਰ ਪਹਿਲਾਂ ਵਾਢੀ ਹੱਥੀਂ ਕੀਤੀ ਜਾਂਦੀ ਸੀ ਜਿਸ ਕਾਰਨ ਵਾਢੀ ਦੀਆਂ ਤਿਆਰੀਆਂ ਵੀ ਪਹਿਲਾਂ ਹੀ ਆਰੰਭ ਕਰ ਦਿੱਤੀਆਂ ਜਾਂਦੀਆਂ ਸਨ। ਸਭ ਤੋਂ ਪਹਿਲਾਂ ਕਣਕ ਦੀਆਂ ਭਰੀਆਂ ਬੰਨ੍ਹਣ ਲਈ ਬੇੜਾਂ ਵੱਟੀਆਂ ਜਾਂਦੀਆਂ ਹਨ, ਜਿਸ ਦਾ ਜ਼ਿਕਰ ਸਾਡੇ ਲੋਕ ਗੀਤਾਂ ਵਿੱਚ ਇਸ ਤਰ੍ਹਾਂ ਕੀਤਾ ਗਿਆ ਹੈ:
ਚਾੜ੍ਹ ਦਿਓ ਬੇੜਾਂ ਨੂੰ ਦੁਬੱਲੇ ਵੱਟ ਮਿੱਤਰੋ
ਕਣਕ ਚੱਲੀ ਆ ਦਿਨਾਂ ਵਿੱਚ ਪੱਕ ਮਿੱਤਰੋ।
ਕਣਕ ਦੀ ਫ਼ਸਲ ਦੀ ਕਟਾਈ ਸਾਰੇ ਪਰਿਵਾਰ ਦੁਆਰਾ ਮਿਲ ਕੇ ਹੱਥੀਂ ਦਾਤੀਆਂ ਨਾਲ ਕੀਤੀ ਜਾਂਦੀ ਸੀ। ਕਣਕ ਦੀ ਵਾਢੀ ਵਿੱਚ ਬਾਬੇ ਤੋਂ ਲੈ ਕੇ ਪੋਤਰੇ ਤੱਕ ਸਭ ਪਰਿਵਾਰਕ ਮੈਂਬਰ ਆਪਣਾ ਯੋਗਦਾਨ ਪਾਉਂਦੇ ਸਨ। ਇੱਥੋਂ ਤੱਕ ਕਿ ਘਰ ਦੀਆਂ ਔਰਤਾਂ ਵੀ ਕਣਕ ਦੀ ਵਾਢੀ ਵਿੱਚ ਮਰਦਾਂ ਦੇ ਬਰਾਬਰ ਆਪਣਾ ਯੋਗਦਾਨ ਪਾਉਂਦੀਆਂ ਸਨ, ਜਿਸ ਦਾ ਜ਼ਿਕਰ ਲੋਕ ਗੀਤਾਂ ਵਿੱਚ ਵਾਰ-ਵਾਰ ਆਉਂਦਾ ਹੈ ਜਿਵੇਂ :
ਹੱਥੀਂ ਦਾਤੀ ਚੰਦਨ ਦਾ ਦਸਤਾ
ਲੱਛੋ ਕੁੜੀ ਵਾਢੀਆਂ ਕਰੇ।
ਇਸੇ ਤਰ੍ਹਾਂ:
ਦਾਤੀ ਨੂੰ ਲਵਾ ਦੇ ਘੁੰਗਰੂ
ਹਾੜ੍ਹੀ ਵੱਢੂੰਗੀ ਬਰਾਬਰ ਤੇਰੇ।
ਕਣਕ ਦੀ ਵਾਢੀ ਸਮੇਂ ਕੋਈ ਵੀ ਵਿਹਲਾ ਨਹੀਂ ਰਹਿੰਦਾ। ਕਿਸਾਨ, ਮਜ਼ਦੂਰ ਮਿਲ ਕੇ ਵਾਢੀ ਕਰਦੇ ਸਨ। ਤਰਖਾਣ ਅਤੇ ਲੁਹਾਰ ਕਿਸਾਨਾਂ ਨੂੰ ਦਾਤੀਆਂ ਤਿਆਰ ਕਰਕੇ ਦਿੰਦੇ ਸਨ ਅਤੇ ਪਿੰਡ ਦੇੇ ਝਿਊਰ ਪਿੱਛੋਂ ਖੇਤਾਂ ਵਿੱਚ ਪਾਣੀ ਵਰਤਾਉਂਦੇ ਸਨ। ਸਾਰਾ ਦਿਨ ਵਾਢੀ ਦਾ ਕੰਮ ਚੱਲਦਾ ਰਹਿੰਦਾ ਸੀ। ਫਿਰ ਸ਼ਾਮ ਪੈਣ ’ਤੇ ਵੱਢੀ ਕਣਕ ਦੀਆਂ ਭਰੀਆਂ ਬੰਨ੍ਹ ਲਈਆਂ ਜਾਂਦੀਆਂ ਸਨ ਤਾਂ ਕਿ ਮੀਂਹ ਹਨੇਰੀ ਆਉਣ ’ਤੇ ਵੱਢੀ ਹੋਈ ਕਣਕ ਨੂੰ ਆਸਾਨੀ ਨਾਲ ਸੰਭਾਲਿਆ ਜਾ ਸਕੇ। ਫਿਰ ਸਾਰੀ ਵਾਢੀ ਖ਼ਤਮ ਹੋਣ ਤੋਂ ਬਾਅਦ ਮਸ਼ੀਨ ਰਾਹੀਂ ਕਣਕ ਕੱਢ ਲਈ ਜਾਂਦੀ ਸੀ। ਦਾਣੇ ਘਰ ਲਿਆ ਕੇ ਪਰਮਾਤਮਾ ਦਾ ਲੱਖ-ਲੱਖ ਸ਼ੁਕਰ ਮਨਾਇਆ ਜਾਂਦਾ ਸੀ ਅਤੇ ਤੂੜੀ ਕੁੱਪ ਬੰਨ੍ਹ ਕੇ ਸੰਭਾਲ ਲਈ ਜਾਂਦੀ ਸੀ ਜੋ ਕਿ ਫਿਰ ਸਾਰਾ ਸਾਲ ਪਸ਼ੂਆਂ ਦੇ ਚਾਰੇ ਦੇ ਕੰਮ ਆਉਂਦੀ ਸੀ:
ਸੁੱਖ ਮੰਗਦੀਏ ਵਾਢੀਏ
ਅਗਲੇ ਸਾਲ ਫਿਰ ਆਵੀਂ
ਰਿਜ਼ਕ ਦੇ ਗੱਡੇ ਭਰਕੇ
ਫਿਰ ਅਗਲੇ ਸਾਲ ਲਿਆਵੀਂ।
ਪਰ ਅੱਜ ਦੇ ਮਸ਼ੀਨੀ ਯੁੱਗ ਵਿੱਚ ਕਣਕ ਦੀ ਵਾਢੀ ਦਾ ਉਹ ਪੁਰਾਣਾ ਢੰਗ ਬਦਲ ਗਿਆ ਹੈ। ਹੁਣ ਹੱਥੀਂ ਵਾਢੀ ਕਰਦੇ ਕਿਸਾਨ ਘੱਟ ਹੀ ਵੇਖਣ ਨੂੰ ਮਿਲਦੇ ਹਨ। ਹੁਣ ਕਣਕਾਂ ਦੀ ਵਢਾਈ ਕੰਬਾਇਨਾਂ ਨਾਲ ਹੀ ਕੀਤੀ ਜਾਣ ਲੱਗੀ ਹੈ ਜਿਸ ਦਾ ਵੱਡਾ ਕਾਰਨ ਇਹ ਵੀ ਹੈ ਕਿ ਹੁਣ ਹੱਥੀਂ ਕੰਮ ਕਰਨ ਦਾ ਰਿਵਾਜ ਖ਼ਤਮ ਹੁੰਦਾ ਜਾ ਰਿਹਾ ਹੈ। ਦੂਸਰਾ ਕੰਬਾਇਨ ਨਾਲ ਵਢਾਈ ਕਰਵਾਉਣ ਨਾਲ ਸਮੇਂ ਦੀ ਵੀ ਬੱਚਤ ਹੋ ਜਾਂਦੀ ਹੈ ਅਤੇ ਮੌਸਮ ਦੀ ਮਾਰ ਦੇ ਡਰ ਦੇ ਕਾਰਨ ਵੀ ਕਿਸਾਨ ਕੰਬਾਇਨ ਨਾਲ ਕਣਕ ਦੀ ਵਢਾਈ ਕਰਵਾਉਣਾ ਉਚਿਤ ਸਮਝਦੇ ਹਨ ਕਿਉਂਕਿ ਇਸ ਨਾਲ ਦਿਨਾਂ ਦਾ ਕੰਮ ਘੰਟਿਆਂ ਵਿੱਚ ਹੋ ਜਾਂਦਾ ਹੈ, ਪਰ ਕੁਝ ਵੀ ਹੋਵੇ ਜੋ ਰੌਣਕਾਂ ਕਣਕ ਦੀ ਵਾਢੀ ਸਮੇਂ ਪਹਿਲਾਂ ਪਿੰਡਾਂ ਵਿੱਚ ਲੱਗਦੀਆਂ ਸਨ, ਉਹ ਰੌਣਕਾਂ ਹੁਣ ਨਹੀਂ ਰਹੀਆਂ।
ਸੰਪਰਕ: 99150-33176