ਮਨਦੀਪ ਸਿੰਘ ਸਿੱਧੂ
ਬਲਰਾਜ ਮਹਿਤਾ ਦੀ ਪੈਦਾਇਸ਼ 22 ਅਪਰੈਲ 1918 ਨੂੰ ਲਾਹੌਰ ਦੇ ਪੰਜਾਬੀ ਖੱਤਰੀ ਪਰਿਵਾਰ ਵਿੱਚ ਹੋਈ। ਉਸ ਦੇ ਪਿਤਾ ਸੁੱਖ ਦਿਆਲ ਮਹਿਤਾ ਕਮਿਸ਼ਨਰ ਦਫ਼ਤਰ ਲਾਹੌਰ ਦੇ ਸੁਪਰਡੈਂਟ ਸਨ। ਉਸ ਨੇ ਇਬਤਿਦਾਈ ਤਾਲੀਮ ਸੈਂਟਰਲ ਮਾਡਲ ਹਾਈ ਸਕੂਲ, ਲਾਹੌਰ ਤੋਂ ਪ੍ਰਾਪਤ ਕੀਤੀ। ਦਸਵੀਂ ਪਾਸ ਕਰਨ ਤੋਂ ਬਾਅਦ ਉੱਚ ਤਾਲੀਮ ਹਾਸਲ ਕਰਨ ਲਈ ਲਾਹੌਰ ਦੇ ਗੌਰਮਿੰਟ ਦਿਆਲ ਸਿੰਘ ਕਾਲਜ ਵਿੱਚ ਦਾਖਲਾ ਲਿਆ। 1939 ਵਿੱਚ ਬਲਰਾਜ ਨੇ ਇੱਥੋਂ ਬੀ. ਏੇ. ਦੀ ਡਿਗਰੀ ਪ੍ਰਾਪਤ ਕੀਤੀ। ਉਸ ਨੇ ਆਪਣੇ ਵਿੱਦਿਅਕ ਸਫ਼ਰ ਦੌਰਾਨ ਹਰ ਕਿਸੇ ਨੂੰ ਆਪਣੀਆਂ ਖੇਡਾਂ ਦੁਆਰਾ ਪ੍ਰਭਾਵਿਤ ਕੀਤਾ, ਜਿਸ ਲਈ ਉਸ ਨੂੰ ਵੱਖ-ਵੱਖ ਮੈਡਲਾਂ ਨਾਲ ਸਨਮਾਨਤ ਕੀਤਾ ਗਿਆ।
ਬਚਪਨ ਤੋਂ ਹੀ ਕ੍ਰਾਂਤੀਕਾਰੀ ਖ਼ਿਆਲਾਤ ਵਾਲਾ ਬਲਰਾਜ ਗਰੀਬਾਂ ਤੇ ਜ਼ਰੂਰਤਮੰਦਾਂ ਦੀ ਭਲਾਈ ਵਾਸਤੇ ਹਮੇਸ਼ਾਂ ਯਤਨਸ਼ੀਲ ਰਿਹਾ। ਬ੍ਰਿਟਿਸ਼ ਹਕੂਮਤ ਦੇ ਉਸ ਦੌਰ ਵਿੱਚ ਵੀ ਉਹ ਹਮੇਸ਼ਾਂ ਭਾਰਤ ਦੇ ਲੱਖਾਂ ਲੋਕਾਂ ਦੀ ਤਰਸਯੋਗ ਹਾਲਤ ਨੂੰ ਵੇਖ ਕੇ ਚਿੰਤਤ ਰਹਿੰਦਾ ਸੀ। ਕੁਰਬਾਨੀ ਦੇ ਪ੍ਰਤੀਕ ਵਜੋਂ ਇੱਕ ਉੱਚੀ-ਸੁੱਚੀ ਸੋਚ ਨਾਲ ਭਰਪੂਰ ਹੋਣ ਦੇ ਬਾਵਜੂਦ ਉਸ ਨੇ ਇੱਕ ਸਾਦਾ ਤੇ ਨਿਮਰ ਜੀਵਨ ਬਤੀਤ ਕੀਤਾ। ਉਹ 1935 ਤੋਂ 1937 ਤੱਕ ਪੰਜਾਬ ਸਟੂਡੈਂਟਸ ਯੂਨੀਅਨ, ਲਾਹੌਰ ਦੇ ਜਨਰਲ ਸਕੱਤਰ ਦੇ ਸਮਰੱਥ ਅਹੁਦੇ ’ਤੇ ਵੀ ਰਿਹਾ। ਇਹ ਉਹੀ ਸਨ ਜਿਸ ਨੇ 1936-37 ਵਿੱਚ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦਾ ਗਠਨ ਕੀਤਾ। ਸਾਲ 1944-45 ਵਿੱਚ ਉਸ ਨੇ ਲਾਹੌਰ ਵਿੱਚ ਫਿਲਮ ਆਰਟਿਸਟ ਐਸੋਸੀਏਸ਼ਨ ਦੇ ਸਕੱਤਰ ਵਜੋਂ ਵੀ ਆਪਣੇ ਫਰਜ਼ ਨਿਭਾਏ ਤੇ ਕਿੰਨਾ ਚਿਰ ਇਸ ਦੀ ਕਾਰਜਕਾਰੀ ਸੰਸਥਾ ਦਾ ਮੈਂਬਰ ਵੀ ਰਿਹਾ।
ਦੇਸ਼ ਦੀ ਸੇਵਾ ਕਰਨਾ ਉਸ ਦਾ ਜਨੂੰਨ ਅਤੇ ਟੀਚੇ ਨੂੰ ਪ੍ਰਾਪਤ ਕਰਨਾ ਉਸ ਦਾ ਚਿਰੋਕਣਾ ਸੁਫ਼ਨਾ ਸੀ। ਲਿਹਾਜ਼ਾ ਇਸ ਉਦੇਸ਼ ਨੂੰ ਮੱਦੇਨਜ਼ਰ ਰੱਖਦਿਆਂ ਉਸ ਨੇ ਭਾਰਤੀ ਰੰਗਮੰਚ ਦੀ ਸਥਾਪਨਾ ਕੀਤੀ। 1945 ਦੇ ਅਖ਼ੀਰ ਵਿੱਚ ਸਟੇਜ ਉੱਤੇ ਇੱਕ ਸਵੈ-ਲਿਖਤ ਨਾਟਕ ‘ਆਵਾਜ਼’ ਦਾ ਨਿਰਮਾਣ ਕੀਤਾ, ਜਿਸ ਨੂੰ ਆਵਾਮ ਦੁਆਰਾ ਬੇਹੱਦ ਸਲਾਹਿਆ ਤੇ ਸਫਲ ਮੰਨਿਆ ਗਿਆ ਸੀ। ਉਸ ਦਾ ਇਹੀ ਹੁਨਰ ਉਸ ਨੂੰ ਲਾਹੌਰ ਤੋਂ ਫਿਲਮਾਂ ਦੇ ਵੱਡੇ ਮਰਕਜ਼ ਬੰਬਈ ਲੈ ਟੁਰਿਆ।
ਸੁਦਰਸ਼ਨ ਪਿਕਚਰਜ਼, ਬੰਬੇ ਦੀ ਦਵਾਰਕਾ ਖੋਸਲਾ ਨਿਰਦੇਸ਼ਿਤ ਹਿੰਦੀ ਫਿਲਮ ‘ਸੱਜਣ’ (1941) ਬਲਰਾਜ ਮਹਿਤਾ ਦੀ ਸਾਥੀ ਅਦਾਕਾਰ ਵਜੋਂ ਪਹਿਲੀ ਫਿਲਮ ਸੀ ਜਦੋਂਕਿ ਮਰਕਜ਼ੀ ਕਿਰਦਾਰ ਵਿੱਚ ਹੁਸਨ ਬਾਨੋ ਤੇ ਸਤੀਸ਼ ਛਾਬੜਾ (ਪੰਜਾਬੀ) ਮੌਜੂਦ ਸਨ। ਗੀਤ ਪੰਡਤ ਬਾਨੀ ਤੇ ਸੰਗੀਤਕਾਰ ਪ੍ਰਤਾਪ ਮੁਖਰਜੀ ਸਨ। ਨਵਯੁੱਗ ਚਿੱਤਰਪਟ, ਬੰਬੇ ਦੀ ਨਜ਼ਮ ਨਕਵੀ ਨਿਰਦੇਸ਼ਿਤ ਫਿਲਮ ‘ਪੰਨਾ’ (1944) ਜਿਸ ਦਾ ਟਾਈਟਲ ਰੋਲ ਲਾਹੌਰ ਦੀ ਪੰਜਾਬਣ ਅਦਾਕਾਰਾ ਗੀਤਾ ਨਜ਼ਾਮੀ ਉਰਫ਼ ਰਸ਼ੀਦਾ ਬੇਗ਼ਮ ਨੇ ਅਦਾ ਕੀਤਾ। ਹੀਰੋ ਵਜੋਂ ਜਯਰਾਜ ‘ਇੰਸਪੈਕਟਰ ਸ਼ਿਆਮ’ ਦਾ ਕਿਰਦਾਰ ਅਦਾ ਕਰ ਰਿਹਾ ਸੀ। ਇਸ ਫ਼ਿਲਮ ਦੀ ਸ਼ੁਰੂਆਤ ਵਿੱਚ ਬਲਰਾਜ ਨੇ ਇੱਕ ਅਮੀਰ ਸੇਠ ਦਾ ਛੋਟਾ ਜਿਹਾ ਪਾਰਟ ਨਿਭਾਇਆ। ਗੀਤ ਤੇ ਮੁਕਾਲਮੇ ਵਲੀ ਸਾਹਿਬ, ਕਹਾਣੀ ਜ਼ਬਕ ਅਤੇ ਸੰਗੀਤ ਅਮੀਰ ਅਲੀ (ਮਰਹੂਮ/ਆਖ਼ਰੀ ਫਿਲਮ) ਨੇ ਮੁਰੱਤਬਿ ਕੀਤਾ ਸੀ। ਸੈਂਟਰਲ ਸਟੂਡੀਓ, ਬੰਬੇ ਦੀ ਸੋਹਰਾਬ ਮੋਦੀ ਨਿਰਦੇਸ਼ਿਤ ਫਿਲਮ ‘ਪਰਖ’ (1944) ’ਚ ਬਲਰਾਜ ਮਹਿਤਾ ਨੇ ‘ਸੈਕਟਰੀ’ ਦੀ ਭੂਮਿਕਾ ਨਿਭਾਈ ਜਦੋਂ ਕਿ ਮਰਕਜ਼ੀ ਕਿਰਦਾਰ ਵਿੱਚ ਅਦਾਕਾਰਾ ਮਹਿਤਾਬ ‘ਕਿਰਨ’ ਦਾ ਤੇ ਬਲਵੰਤ ਸਿੰਘ ‘ਪ੍ਰਕਾਸ਼’ ਦਾ ਪਾਤਰ ਅਦਾ ਕਰ ਰਿਹਾ ਸੀ। ਕਹਾਣੀ ਤੇ ਮੁਕਾਲਮੇ ਪੰਡਤ ਸੁਦਰਸ਼ਨ, ਗੀਤ ਆਰਜ਼ੂ ਲਖਨਵੀ, ਪੰਡਤ ਸੁਦਰਸ਼ਨ, ਗਾਫ਼ਿਲ ਹਰਨਾਲਵੀ, ਸੰਗੀਤ ਖੁਰਸ਼ੀਦ ਅਨਵਰ (7 ਗੀਤ/ਸਹਾਇਕ ਡੀ. ਗਡਕਰ) ਤੇ ਸਰਸਵਤੀ ਦੇਵੀ (2 ਗੀਤ/ਅਸਲੀ ਨਾਮ ਮਿਸ ਮੰਚਰ ਹੋਮ ਜੀ) ਨੇ ਬਣਾਇਆ। ਲਾਹੌਰ ਦੇ ਗੱਭਰੂ ਡਬਲਯੂ ਜ਼ੈੱਡ. ਅਹਿਮਦ (ਵਹੀਦ-ਉੱਦ-ਦੀਨ ਜ਼ਿਆ-ਉੱਦ-ਦੀਨ ਅਹਿਮਦ) ਦੇ ਫਿਲਮਸਾਜ਼ ਅਦਾਰੇ ਸ਼ਾਲੀਮਾਰ ਪਿਕਚਰਜ਼, ਪੂਨਾ ਦੀ ਮੋਹਨ ਵਾਧਵਾਨੀ ਨਿਰਦੇਸ਼ਿਤ ਫਿਲਮ ‘ਗ਼ੁਲਾਮੀ’ ਉਰਫ਼ ‘ਬਰਮਾ ਰੇਪ’ (1945) ’ਚ ਸਹਾਇਕ ਰੋਲ ਅਦਾ ਕੀਤਾ ਜਦੋਂਕਿ ਮੁੱਖ ਕਿਰਦਾਰ ਵਿੱਚ ਅੰਮ੍ਰਿਤਸਰ ਦਾ ਜਵਾਨ ਮਸੂਦ ਪਰਵੇਜ਼ ਤੇ ਅਦਾਕਾਰਾ ਵਜੋਂ ਰੇਣੂਕਾ ਦੇਵੀ ਉਰਫ਼ ਖ਼ੁਰਸ਼ੀਦ ਜਹਾਂ ਆਪਣੇ ਫ਼ਨ ਦੀ ਨੁਮਾਇਸ਼ ਕਰ ਰਹੇ ਸਨ। ਸੰਗੀਤ ਐੱਸ. ਕੇ. ਫਾਲ ਤੇ ਗੀਤ ਜੋਸ਼ ਮਲੀਹਾਬਾਦੀ, ਭਰਤ ਵਿਆਸ, ਅਖ਼ਤਰ-ਉੱਲ-ਇਮਾਨ, ਮਜਾਜ਼ ਹੋਰਾਂ ਨੇ ਤਹਿਰੀਰ ਕੀਤੇ। ਰਾਜਲਕਸ਼ਮੀ ਪਿਕਚਰਜ਼, ਬੰਬੇ ਦੀ ਸੁਧੀਰ ਸੇਨ ਨਿਰਦੇਸ਼ਿਤ ਫਿਲਮ ‘ਪੁਲ’ ਉਰਫ਼ ‘ਬਰਿੱਜ’ (1947) ’ਚ ਬਲਰਾਜ ਨੇ ਅਦਾਕਾਰਾ ਰੇਹਾਨ ਤੇ ਬਿਮਨ ਬੈਨਰਜੀ ਦੀ ਜੋੜੀ ਨਾਲ ਸਹਾਇਕ ਪਾਰਟ ਅਦਾ ਕੀਤਾ। ਫਿਲਮ ਦਾ ਸੰਗੀਤ ਨੀਨੂ ਮਜ਼ੂਮਦਾਰ ਨੇ ਤਰਤੀਬ ਕੀਤਾ।
ਕੁਲਦੀਪ ਸਹਿਗਲ ਦੇ ਫਿਲਮਸਾਜ਼ ਅਦਾਰੇ ਕੁਲਦੀਪ ਪਿਕਚਰਜ਼, ਲਿਮਟਿਡ, ਬੰਬੇ ਦੀ ਓ. ਪੀ. ਦੱਤਾ ਨਿਰਦੇਸ਼ਿਤ ਫਿਲਮ ‘ਏਕ ਨਜ਼ਰ’ (1951) ’ਚ ਬਲਰਾਜ ਨੇ ‘ਮੈਨੇਜਰ’ ਦਾ ਸੋਹਣਾ ਪਾਰਟ ਅਦਾ ਕੀਤਾ ਜਦੋਂਕਿ ਜੋੜੀਦਾਰ ਦੋਸਤਾਂ ਵਿੱਚ ਕਰਨ ਦੀਵਾਨ ਨੇ ‘ਦਲੀਪ’ ਦਾ ਤੇ ਰਹਿਮਾਨ ਨੇ ‘ਰਾਜਕੁਮਾਰ’ ਦਾ ਕਿਰਦਾਰ ਨਿਭਾਇਆ ਅਤੇ ਹੀਰੋਇਨ ਦਾ ਨਲਿਨੀ ਜਯਵੰਤ ‘ਚਿੱਤਰਾ’ ਦਾ ਪਾਤਰ ਨਿਭਾ ਰਹੀ ਸੀ। ਮੰਜ਼ਰਨਾਮਾ ਓ. ਪੀ. ਦੱਤਾ ਤੇ ਰਜਿੰਦਰ ਕ੍ਰਿਸ਼ਨ, ਮੁਕਾਲਮੇ ਤੇ ਗੀਤ ਰਜਿੰਦਰ ਕ੍ਰਿਸ਼ਨ ਅਤੇ ਸੰਗੀਤਕਾਰ ਸਚਿਨ ਦੇਵ ਬਰਮਨ (ਸਹਾਇਕ ਦੱਤਾ) ਸਨ। ਏ. ਏ. ਨਾਡੀਆਵਾਲ ਦੇ ਫਿਲਮਸਾਜ਼ ਅਦਾਰੇ ਪੁਸ਼ਪਾ ਪਿਕਚਰਜ਼, ਬੰਬੇ ਦੀ ਐੱਸ. ਫੱਤੇਲਾਲ ਨਿਰਦੇਸ਼ਿਤ ਪੁਰਾਣਿਕ ਫਿਲਮ ‘ਅਯੋਧਿਆਪਤੀ’ (1956) ’ਚ ਬਲਰਾਜ ਨੇ ਅਦਾਕਾਰਾ ਊਸ਼ਾ ਖੰਨਾ ਨਾਲ ਅਹਿਮ ਕਿਰਦਾਰ ਨਿਭਾਇਆ। ਹੋਰਨਾਂ ਫ਼ਨਕਾਰਾਂ ’ਚ ਮਨੋਰਮਾ, ਰਾਜਨ ਹਕਸਰ, ਡਾਰ ਕਸ਼ਮੀਰੀ (ਭਰਾ ਜੀਵਨ), ਅਚਲਾ ਸਚਦੇਵ ਆਦਿ ਸ਼ਾਮਲ ਸਨ। ਗੀਤ ਸਰੰਸਵਤੀ ਕੁਮਾਰ ‘ਦੀਪਕ’ ਅਤੇ ਸੰਗੀਤਕ ਧੁਨਾਂ ਰਵੀ (ਸਹਾਇਕ ਜੇ. ਰਿਜ਼ਬਰਟ) ਨੇ ਤਿਆਰ ਕੀਤੀਆਂ। ਰਮੇਸ਼ ਸਹਿਗਲ ਦੇ ਫਿਲਮਸਾਜ਼ ਅਦਾਰੇ ਸਹਿਗਲ ਪ੍ਰੋਡਕਸ਼ਨਜ਼, ਬੰਬੇ ਦੀ ਰਮੇਸ਼ ਸਹਿਗਲ ਨਿਰਦੇਸ਼ਿਤ ਫਿਲਮ ‘26 ਜਨਵਰੀ’ (1956) ’ਚ ਬਲਰਾਜ ਮਹਿਤਾ ਨੇ ਅਦਾਕਾਰ ਅਜੀਤ, ਨਲਿਨੀ ਜਯਵੰਤ, ਜਾਨੀ ਵਾਕਰ, ਸਪਰੂ, ਬੀ. ਐੱਮ. ਵਿਆਸ, ਚਮਨਪੁਰੀ, ਜਗਦੀਸ਼ ਸੇਠੀ ਰਣਧੀਰ ਆਦਿ ਨਾਲ ਅਦਾਕਾਰੀ ਕੀਤੀ। ਫਿਲਮ ਦਾ ਸੰਗੀਤ ਸੀ. ਰਾਮ ਚੰਦਰ ਉਰਫ਼ ਚਿਤਲਕਰ (ਸਹਾਇਕ ਜਾਨੀ) ਤੇ ਗੀਤ ਰਜਿੰਦਰ ਕ੍ਰਿਸ਼ਨ ਨੇ ਲਿਖੇ ਸਨ।
ਹਿੰਦੀ ਤੋਂ ਇਲਾਵਾ ਸਾਥੀ ਅਦਾਕਾਰ ਵਜੋਂ ਬਲਰਾਜ ਮਹਿਤਾ ਨੇ 2 ਪੰਜਾਬੀ ਫਿਲਮਾਂ ਵੀ ਕੀਤੀਆਂ। ਉਸ ਦੀ ਪਹਿਲੀ ਪੰਜਾਬੀ ਫਿਲਮ ਮੁਲਕਰਾਜ ਭਾਖੜੀ ਦੇ ਫਿਲਮਸਾਜ਼ ਅਦਾਰੇ ਨਿਗਾਰਸਤਾਨ (ਇੰਡੀਆ) ਫਿਲਮਜ਼, ਬੰਬੇ ਦੀ ਸ਼ੰਕਰ ਮਹਿਤਾ ਨਿਰਦੇਸ਼ਿਤ ‘ਛਈ’ (1950) ਸੀ। ਫਿਲਮ ਵਿੱਚ ਬਲਰਾਜ ਨੇ ‘ਸੇਠ ਕਰੋੜੀ ਮੱਲ’ ਦਾ ਕਿਰਦਾਰ ਨਿਭਾ ਰਹੇ ਚਰਿੱਤਰ ਅਦਾਕਾਰ ਜੀਵਨ ਦੇ ਪੁੱਤਰ ‘ਲਾਹੌਰੀ’ ਦਾ ਪਾਰਟ ਅਦਾ ਕੀਤਾ ਸੀ, ਜਿਸ ਦੇ ਹਮਰਾਹ ਗੀਤਾ ਨਿਜ਼ਾਮੀ ‘ਰੱਖੀ’ ਦਾ ਰੋਲ ਕਰ ਰਹੀ ਸੀ। ਕਹਾਣੀ ਤੇ ਮੁਕਾਲਮੇ ਮੁਲਕ ਰਾਜ ਭਾਖੜੀ, ਮੌਸੀਕੀ ਹੰਸ ਰਾਜ ਬਹਿਲ ਅਤੇ ਗੀਤ ਵਰਮਾ ਮਲਿਕ ਨੇ ਤਹਿਰੀਰ ਕੀਤੇ। ਬਲਰਾਜ (ਨਾਲ ਪ੍ਰਾਣ, ਖਰੈਤੀ ਭੈਂਗਾ, ਗੀਤਾ ਨਿਜ਼ਾਮੀ) ’ਤੇ ਫਿਲਮਾਏ ਗਏ ‘ਕੋਈ ਲਾਲੇ ਨੂੰ ਲੈ ਜੇ ਲਾਲੇ ਮੁੱਸੇ ਸਾਡਾ ਤਾਂ ਹੋਵੇ ਛੁਟਕਾਰਾ’ (ਐੱਸ. ਬਲਬੀਰ, ਦਵਿੰਦਰ ਵਰਮਾ, ਮਲਿਕ ਕਪੂਰ), ‘ਅਜੀ ਓ ਮੁੰਡਾ ਮੋਹ ਲਿਆ ਤਵੀਤਾਂ ਵਾਲਾ ਤੇ ਦਮੜੀ ਦਾ ਸੱਕ ਮਲ ਕੇ’ (ਮੁਹੰਮਦ ਰਫ਼ੀ) ਤੇ ਇੱਕ ਕੱਵਾਲੀ ਗੀਤ ‘ਮੈਨੂੰ ਮਾਹੀ ਨਾਲ ਹੋ ਗਿਆ ਪਿਆਰ ਹੌਲੀ-ਹੌਲੀ’ (ਸ਼ਮਸ਼ਾਦ ਬੇਗ਼ਮ. ਐੱਸ. ਡੀ. ਬਾਤਿਸ਼) ਬੜੇ ਹਿੱਟ ਹੋਏ। ਇਹ ਕਾਮਯਾਬ ਮਜ਼ਾਹੀਆ ਫਿਲਮ 20 ਜੂਨ 1950 ਨੂੰ ਅੰਮ੍ਰਿਤ ਟਾਕੀਜ਼, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ। ਸਹਾਇਕ ਅਦਾਕਾਰ ਵਜੋਂ ਬਲਰਾਜ ਦੀ ਦੂਜੀ ਫਿਲਮ ਜੇ. ਐੱਲ. ਪਰਾਸ਼ਰ ਦੇ ਫਿਲਮਸਾਜ਼ ਅਦਾਰੇ ਨਵ-ਚਿੱਤਰਕਾਰ ਲਿਮਟਿਡ, ਬੰਬੇ ਦੀ ਕੁਲਦੀਪ ਨਿਰਦੇਸ਼ਿਤ ‘ਬਾਲੋ’ (1951) ਸੀ। ਫਿਲਮ ’ਚ ‘ਬਾਲੋ’ ਦਾ ਟਾਈਟਲ ਰੋਲ ਅਦਾਕਾਰਾ ਸ਼ਕੁੰਤਲਾ ਨੇ ਅਦਾ ਕੀਤਾ ਸੀ। ਕਹਾਣੀ, ਮੰਜ਼ਰਨਾਮਾ ਤੇ ਮੁਕਾਲਮੇ ਰਾਮ ਪ੍ਰਕਾਸ਼ ਅਸ਼ਕ, ਗੀਤ ਸਾਹਿਰ ਲੁਧਿਆਣਵੀ (ਪਹਿਲੀ ਪੰਜਾਬੀ ਫ਼ਿਲਮ) ਅਤੇ ਸੰਗੀਤਕ ਤਰਜ਼ਾਂ ਐੱਨ. ਦੱਤਾ ਨੇ ਬਣਾਈਆਂ। ਪੰਜਾਬ ਦੇ ਮੁਹੱਬਤੀ ਫ਼ਸਾਨੇ ’ਤੇ ਬਣੀ ਇਹ ਫਿਲਮ 2 ਨਵੰਬਰ 1951 ਨੂੰ ਅੰਮ੍ਰਿਤ ਟਾਕੀਜ਼, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ।
ਅਦਾਕਾਰੀ ਤੋਂ ਇਲਾਵਾ ਬਤੌਰ ਹਿਦਾਇਤਕਾਰ ਬਲਰਾਜ ਮਹਿਤਾ (ਸਹਾਇਕ ਰਜੇਸ਼ ਪੁਰੀ) ਦੀ ਪਹਿਲੀ ਫਿਲਮ ਕੰਵਲ ਨਈਅਰ ਤੇ ਟੀ. ਸੀ. ਦੀਵਾਨ ਦੇ ਫਿਲਮਸਾਜ਼ ਅਦਾਰੇ ਮੈਫੇਅਰ ਫਿਲਮਜ਼, ਬੰਬੇ ਦੀ ‘ਟਰੰਕ ਕਾਲ’ (1960) ਸੀ। ਕਹਾਣੀ ਬਾਲ ਕ੍ਰਿਸ਼ਨ ਮੌਜ, ਸੰਗੀਤ ਰਵੀ ਅਤੇ ਗੀਤ ਕਮਰ ਜਲਾਲਾਬਾਦੀ ਨੇ ਤਹਿਰੀਰ ਕੀਤੇ। ਫਿਲਮ ਦੇ ਮਰਕਜ਼ੀ ਕਿਰਦਾਰ ਵਿੱਚ ਸ਼ਿਆਮਾ, ਅਭੀ ਭੱਟਿਆਚਾਰੀਆ ਤੇ ਦੀਗ਼ਰ ਫ਼ਨਕਾਰਾਂ ਵਿੱਚ ਪ੍ਰਾਣ, ਸ਼ਮੀ, ਹੈਲਨ, ਉਮਾ, ਰੰਜਨ, ਨਜ਼ੀਰ ਆਦਿ ਸ਼ਾਮਲ ਸਨ।
ਇਸ ਫ਼ਿਲਮ ਤੋਂ ਬਾਅਦ ਬਲਰਾਜ ਮਹਿਤਾ ਫਿਲਮੀ ਦੁਨੀਆ ਤੋਂ ਇਕਦਮ ਲੋਪ ਹੋ ਗਏ। ਇਸ ਤੋਂ ਬਾਅਦ ਉਹ ਕਿੱਥੇ ਚਲੇ ਗਏ? ਉਨ੍ਹਾਂ ਦਾ ਪਰਿਵਾਰ ਕਿੱਥੇ ਹੈ? ਕਾਫ਼ੀ ਤਹਿਕੀਕ ਕਰਨ ਦੇ ਬਾਵਜੂਦ ਕੋਈ ਜਾਣਕਾਰੀ ਨਹੀਂ ਮਿਲ ਸਕੀ। ਬਹੁਤ ਹੀ ਹਸਮੁੱਖ ਤੇ ਮਹਿਮਾਨ-ਨਿਵਾਜ਼ ਫ਼ਿਤਰਤ ਵਾਲੇ ਇਸ ਅਜ਼ੀਮ ਅਦਾਕਾਰ ਨੂੰ ਫ਼ਿਲਮ-ਮੱਦਾਹ ਕਦੇ ਵੀ ਫ਼ਰਾਮੋਸ਼ ਨਹੀਂ ਕਰ ਸਕਣਗੇ।
ਸੰਪਰਕ: 97805-09545