ਮਨਦੀਪ ਸਿੰਘ ਸਿੱਧੂ
ਲਾਹੌਰ ਦੀ ‘ਹੀਰਾ ਮੰਡੀ’ ਸਚਮੁੱਚ ਹੀਰਿਆਂ ਦੀ ਮੰਡੀ ਸੀ, ਜਿਸਨੇ ਭਾਰਤੀ ਫ਼ਿਲਮ ਸਨਅਤ ਨੂੰ ਅਨੇਕਾਂ ਕਾਬਿਲ ਫ਼ਨਕਾਰ ਦਿੱਤੇ। ਉਨ੍ਹਾਂ ਵਿਚ ਇਕ ਨਾਮ 40 ਦੇ ਅਸ਼ਰੇ ਦੀ ਮਸ਼ਹੂਰ ਤੇ ਮਸਰੂਫ਼ ਅਦਾਕਾਰਾ ਮੁਨੱਵਰ ਸੁਲਤਾਨਾ ਦਾ ਵੀ ਆਉਂਦਾ ਹੈ, ਜਿਸਨੇ 29 ਫ਼ਿਲਮਾਂ ’ਚੋਂ 26 ਹਿੰਦੀ ਫ਼ਿਲਮਾਂ ਵਿਚ ਮਰਕਜ਼ੀ ਕਿਰਦਾਰ ਨਿਭਾ ਕੇ ਆਪਣੀ ਅਦਾਕਾਰੀ ਦੀ ਮਿਸਾਲ ਕਾਇਮ ਕੀਤੀ।
ਮੁਨੱਵਰ ਸੁਲਤਾਨਾ ਦੀ ਪੈਦਾਇਸ਼ 8 ਨਵੰਬਰ 1924 ਨੂੰ ਲਾਹੌਰ ਦੇ ਮੁਸਲਿਮ ਪੰਜਾਬੀ ਪਰਿਵਾਰ ਵਿਚ ਹੋਈ। ਉਸਦੇ ਵਾਲਿਦ ਆਲ ਇੰਡੀਆ ਰੇਡੀਓ, ਲਾਹੌਰ ਦੇ ਪੇਸ਼ਕਾਰ ਸਨ। ਸ਼ੁਰੂਆਤੀ ਤਾਲੀਮ ਲਾਹੌਰ ਤੋਂ ਪ੍ਰਾਪਤ ਕਰਨ ਤੋਂ ਬਾਅਦ ਹਾਲੇ ਉਹ ਮੈਡੀਕਲ ਦੇ ਖਿੱਤੇ ’ਚ ਜਾਣ ਦੀ ਤਿਆਰੀ ਕਰ ਰਹੀ ਸੀ ਕਿ ਕਲਾ ਪਾਰਖੂਆਂ ਨੇ ਫ਼ਿਲਮੀ ਦੁਨੀਆਂ ’ਚ ਖਿੱਚ ਲਿਆਂਦਾ।
ਮੁਨੱਵਰ ਸੁਲਤਾਨਾ ਦੀ ਪਹਿਲੀ ਹਿੰਦੀ ਫ਼ਿਲਮ ਪੰਚੋੋਲੀ ਆਰਟ ਪਿਕਚਰਜ਼ ਲਾਹੌਰ ਦੀ ਮੋਤੀ ਬੀ. ਗਿਡਵਾਨੀ ਨਿਰਦੇਸ਼ਿਤ ‘ਖ਼ਜ਼ਾਨਚੀ’ ਉਰਫ਼ ‘ਦਿ ਕੈਸ਼ੀਅਰ’ (1941) ਸੀ। ਇਸ ਫ਼ਿਲਮ ਵਿਚ ਸੇਠ ਦਲਸੁੱਖ ਐੱਮ. ਪੰਚੋਲੀ ਨੇ ਮੁਨੱਵਰ ਸੁਲਤਾਨਾ ਨੂੰ ‘ਆਸ਼ਾ’ ਦੇ ਨਾਮ ਨਾਲ ਪੇਸ਼ ਕੀਤਾ। ਫ਼ਿਲਮ ਦੇ ਮਰਕਜ਼ੀ ਕਿਰਦਾਰ ਵਿਚ ਐੱਸ. ਡੀ. ਨਾਰੰਗ, ਰਮੋਲਾ ਤੇ ਮਨੋਰਮਾ ਸਨ। ਕਹਾਣੀ ਦਲਸੁੱਖ ਐੱਮ. ਪੰਚੋਲੀ, ਮੰਜ਼ਰਨਾਮਾ ਖ਼ਾਦਿਮ ਮੋਹੂਦੀਨ ਬੀ. ਏ., ਗੀਤ ਤੇ ਮੁਕਾਲਮੇ ਵਲੀ ਸਾਹਿਬ ਅਤੇ ਮੌਸੀਕੀ ਭਾਈ ਗ਼ੁਲਾਮ ਹੈਦਰ ‘ਅੰਮ੍ਰਿਤਸਰੀ’ ਨੇ ਮੁਰੱਤਬਿ ਕੀਤੀ। ਫ਼ਿਲਮ ’ਚ ਉਮਰਾਜ਼ੀਆ ਬੇਗ਼ਮ ਦਾ ਗਾਇਆ ਇਕ ਸਟੇਜ ਗੀਤ ‘ਪੀਨੇ ਕੇ ਦਿਨ ਆਏ ਪੀਏ ਜਾ’ ਮੁਨੱਵਰ ਸੁਲਤਾਨਾ ’ਤੇ ਫ਼ਿਲਮਾਇਆ ਗਿਆ ਸੀ। ਆਸ਼ਾ ਦੇ ਨਾਮ ਨਾਲ ਸੁਲਤਾਨਾ ਦੀ ਦੂਜੀ ਹਿੰਦੀ ਫ਼ਿਲਮ ਮਾਹੇਸ਼ਵਰੀ ਪਿਕਚਰਜ਼, ਲਾਹੌਰ ਦੀ ਸ਼ੰਕਰ ਮਹਿਤਾ ਨਿਰਦੇਸ਼ਿਤ ‘ਪਗਲੀ’ (1943) ਸੀ। ਗੀਤ ਕਮਰ ਜਲਾਲਾਬਾਦੀ ਤੇ ਮੇਲਾ ਰਮਾ ‘ਵਫ਼ਾ’ ਅਤੇ ਸੰਗੀਤ ਝੰਡੇ ਖ਼ਾਨ, ਪੰਡਤ ਗੋਬਿੰਦਰਾਮ, ਅਮੀਰ ਅਲੀ, ਰਸ਼ੀਦ ਅੱਤਰੇ ‘ਅੰਮ੍ਰਿਤਸਰੀ’ ਨੇ ਤਿਆਰ ਕੀਤਾ ਸੀ। ਕਾਰਵਾਂ ਪਿਕਚਰਜ਼, ਲਾਹੌਰ ਦੀ ਕੇ. ਡੀ. ਮਹਿਰਾ ਨਿਰਦੇਸ਼ਿਤ ਫ਼ਿਲਮ ‘ਭਾਈ’ (1944) ਵਿਚ ਮੁਨੱਵਰ ਸੁਲਤਾਨਾ ਨੇ ਕੁਮਾਰੀ ਆਸ਼ਾ ਦੇ ਨਾਮ ਨਾਲ ਅਦਾਕਾਰੀ ਕੀਤੀ। ਲਾਹੌਰ ਦੀਆਂ ਫ਼ਿਲਮਾਂ ਵਿਚ ਆਸ਼ਾ ਦੀ ਅਦਾਕਾਰੀ ਤੋਂ ਮੁਤਾਸਿਰ ਹੁੰਦਿਆਂ ਮਾਰੂਫ਼ ਫ਼ਿਲਮਸਾਜ਼ ਤੇ ਹਿਦਾਇਤਕਾਰ ਮਜ਼ਹਰ ਖ਼ਾਨ ਦੀਆਂ ਪਾਰਖੂ ਅੱਖਾਂ ਨੇ ਉਸ ਦੀ ਕਾਬਲੀਅਤ ਨੂੰ ਪਛਾਣਦਿਆਂ ਬੰਬੇ ਸੱਦ ਲਿਆ।
ਜਦੋਂ ਮਜ਼ਹਰ ਖ਼ਾਨ ਨੇ ਆਪਣੇ ਫ਼ਿਲਮਸਾਜ਼ ਅਦਾਰੇ ਮਜ਼ਹਰ ਆਰਟ ਪ੍ਰੋਡਕਸ਼ਨਜ਼, ਬੰਬਈ ਦੀ ਫ਼ਿਲਮ ‘ਪਹਿਲੀ ਨਜ਼ਰ’ (1945) ਬਣਾਈ ਤਾਂ ਮੁਨੱਵਰ ਸੁਲਤਾਨਾ ਨੂੰ ਅਦਾਕਾਰ ਮੋਤੀ ਲਾਲ ਨਾਲ ਹੀਰੋਇਨ ਦਾ ਪਾਰਟ ਦਿੱਤਾ। ਕਹਾਣੀ, ਮੁਕਾਲਮੇ ਤੇ ਗੀਤ ਡਾ. ਸ਼ਫ਼ਦਰ ਸ਼ਾਹ ‘ਸੀਤਾਪੁਰੀ’ ਤੇ ਮੌਸੀਕੀ ਅਨਿਲ ਬਿਸਵਾਸ ਨੇ ਮੁਰੱਤਬਿ ਕੀਤੀ। ਪਸ-ਏ-ਪਰਦਾ ਗੁਲੂਕਾਰ ਵਜੋਂ ਮੁਕੇਸ਼ ਦੀ ਵੀ ਇਹ ਪਹਿਲੀ ਫ਼ਿਲਮ ਸੀ। ਉਨ੍ਹਾਂ ਦਾ ਗਾਇਆ ਮੋਤੀ ਲਾਲ ਤੇ ਸੁਲਤਾਨਾ ’ਤੇ ਫ਼ਿਲਮਾਇਆ ਗੀਤ ‘ਦਿਲ ਜਲਤਾ ਹੈ ਤੋ ਜਲਨੇ ਦੇ’ ਬੜਾ ਮਕਬੂਲ ਹੋਇਆ। ਕਾਰਦਾਰ ਪ੍ਰੋਡਕਸ਼ਨਜ਼, ਬੰਬਈ ਦੀ ਏ. ਆਰ. ਕਾਰਦਾਰ ਨਿਰਦੇਸ਼ਿਤ ਫ਼ਿਲਮ ‘ਦਰਦ’ (1947) ਏ. ਆਰ. ਕਾਰਦਾਰ ਨੇ ਮੁਨੱਵਰ ਸੁਲਤਾਨਾ ਨੂੰ ਆਪਣੇ ਛੋਟੇ ਭਰਾ ਨੁਸਰਤ ਕਾਰਦਾਰ ਨਾਲ ਪੇਸ਼ ਕੀਤਾ ਤੇ ਦੂਜੀ ਹੀਰੋਇਨ ਵਜੋਂ ਸੁਰੱਈਆ ਮੌਜੂਦ ਸੀ। ਫ਼ਿਲਮ ਵਿਚ ਮੁਨੱਵਰ ਨੇ ‘ਬਾਨੋ’ ਦਾ ਪਾਰਟ ਅਦਾ ਕੀਤਾ। ਨੌਸ਼ਾਦ ਅਲੀ ਦੇ ਸੰਗੀਤ ’ਚ ਸ਼ਕੀਲ ਬਦਾਯੂੰਨੀ ਦਾ ਲਿਖਿਆ ਤੇ ਮੁਨੱਵਰ ’ਤੇ ਫ਼ਿਲਮਾਇਆ ‘ਅਫ਼ਸਾਨਾ ਲਿਖ ਰਹੀ ਹੂੰ ਦਿਲ-ਏ-ਬੇਕਰਾਰ ਕਾ’ (ਉਮਾ ਦੇਵੀ) ਗੀਤ ਹੱਦ ਦਰਜਾ ਮਕਬੂਲ ਹੋਇਆ। ਰਮਣੀਕ ਪ੍ਰੋਡਕਸ਼ਨਜ਼, ਬੰਬਈ ਦੀ ਅਸਲਮ ਨੂਰੀ ਨਿਰਦੇਸ਼ਿਤ ਫ਼ਿਲਮ ‘ਨਈਯਾ’ (1947) ਵਿਚ ਮਜ਼ਹਰ ਖ਼ਾਨ ਦੇ ਰੂਬਰੂ ਹੀਰੋਇਨ ਦਾ ਕਿਰਦਾਰ ਨਿਭਾਇਆ। ਕਹਾਣੀ, ਮੰਜ਼ਰਨਾਮਾ, ਮੁਕਾਲਮੇ ਤੇ ਗੀਤ ਡਾ. ਸ਼ਫ਼ਦਰ ਆਹ ਅਤੇ ਮੌਸੀਕੀ ਅਨਿਲ ਬਿਸਵਾਸ ਨੇ ਤਰਤੀਬ ਦਿੱਤੀ। ਮਹਬਿੂਬ ਪ੍ਰੋਡਕਸ਼ਨਜ਼, ਬੰਬਈ ਦੀ ਮਹਬਿੂਬ ਖ਼ਾਨ ਨਿਰਦੇਸ਼ਿਤ ਫ਼ਿਲਮ ‘ਐਲਾਨ’ (1947) ਵਿਚ ਮੁਨੱਵਰ ਨੇ ‘ਨਾਜ਼ ਪਰਵਰ’ ਦਾ ਕਿਰਦਾਰ ਨਿਭਾਇਆ, ਜਿਸਦੇ ਰੂਬਰੂ ਸੁਰਿੰਦਰ ਨਾਥ ‘ਜਾਵੇਦ ਮੀਆਂ’ ਦਾ ਪਾਰਟ ਅਦਾ ਕਰ ਰਹੇ ਸਨ। ਮੰਜ਼ਰਨਾਮਾ, ਮੁਕਾਲਮੇ ਤੇ ਗੀਤ ਜ਼ੀਆ ਸਰਹੱਦੀ ਅਤੇ ਸੰਗੀਤ ਨੌਸ਼ਾਦ ਅਲੀ ਨੇ ਤਾਮੀਰ ਕੀਤਾ। ਫ਼ਿਲਮ ’ਚ ਮੁਨੱਵਰ ਤੇ ਸੁਰਿੰਦਰ ’ਤੇ ਫ਼ਿਲਮਾਇਆ ਗੀਤ ‘ਆਈਨੇ ਮੇਂ ਇਕ ਚਾਂਦ ਸੀ ਸੂਰਤ ਨਜ਼ਰ ਆਈ’ (ਅਮੀਰਬਾਈ ਕਰਨਾਟਕੀ, ਸੁਰਿੰਦਰ ਨਾਥ) ਬੜਾ ਹਿੱਟ ਹੋਇਆ। ਰਾਜਕਮਲ ਕਲਾਮੰਦਿਰ ਲਿਮਟਿਡ, ਬੰਬਈ ਦੀ ਕੇਸ਼ਵ ਰਾਵ ਦਾਤੇ ਫ਼ਿਲਮ ‘ਅੰਧੋਂ ਕੀ ਦੁਨੀਆ’ (1947) ’ਚ ਉਸ ਨਾਲ ਹੀਰੋ ਦਾ ਪਾਤਰ ਮਹੀਪਾਲ ਅਦਾ ਕਰ ਰਹੇ ਸਨ। ਸੁਪਰ ਟੀਮ ਫੈਡਰਲ ਪ੍ਰੋਡਕਸ਼ਨਜ਼, ਬੰਬਈ ਦੀ ਕੇਕੀ ਮਿਸਤਰੀ ਨਿਰਦੇਸ਼ਿਤ ਫ਼ਿਲਮ ‘ਮੇਰੀ ਕਹਾਨੀ’ (1948) ਵਿਚ ਮੁਨੱਵਰ ਨੇ ‘ਮਾਲਤੀ’ ਦਾ ਤੇ ਸੁਰਿੰਦਰ ਨਾਥ ‘ਵਿਨੋਦ’ ਦੇ ਕਿਰਦਾਰ ਵਿਚ ਮੌਜੂਦ ਸਨ। ਕਹਾਣੀ ਆਰ. ਡੀ. ਰਾਜਪੂਤ, ਮੰਜ਼ਰਨਾਮਾ ਵਾਹਿਦ ਕੁਰੈਸ਼ੀ, ਗੀਤ ਨਖ਼ਸ਼ਬ, ਅੰਜੁਮ ਪੀਲੀਭੀਤੀ, ਵਾਹਿਦ ਕੁਰੈਸ਼ੀ, ਜ਼ੀਆ ਸਰਹੱਦੀ ਅਤੇ ਸੰਗੀਤ ਕੇ. ਦੱਤਾ ਨੇ ਦਿੱਤਾ। ਬੰਬੇ ਟਾਕੀਜ਼, ਬੰਬਈ ਦੀ ਨਜ਼ੀਰ ਅਜਮੇਰੀ ਨਿਰਦੇਸ਼ਿਤ ਫ਼ਿਲਮ ‘ਮਜਬੂਰ’ (1948) ’ਚ ਮੁਨੱਵਰ ਨਾਲ ਸ਼ਿਆਮ ਹੀਰੋ ਦੇ ਕਿਰਦਾਰ ਵਿਚ ਸਨ। ਕਹਾਣੀ, ਮੁਕਾਲਮੇ ਨਜ਼ੀਰ ਅਜਮੇਰੀ, ਗੀਤ ਨਾਜ਼ਿਮ ਪਾਣੀਪਤੀ ਅਤੇ ਤਰਜ਼ਾਂ ਭਾਈ ਗ਼ੁਲਾਮ ਹੈਦਰ ‘ਅੰਮ੍ਰਿਤਸਰੀ’ ਨੇ ਤਾਮੀਰ ਕੀਤੀਆਂ। ਮੁਨੱਵਰ ਤੇ ਸ਼ਿਆਮ ’ਤੇ ਫ਼ਿਲਮਾਏ ‘ਅਬ ਡਰਨੇ ਕੀ ਕੋਈ ਬਾਤ ਨਹੀਂ ਅੰਗਰੇਜ਼ੀ ਛੋਰਾ ਚਲਾ ਗਿਆ’ (ਲਤਾ, ਮੁਕੇਸ਼), ‘ਦਿਲ ਮੇਰਾ ਤੋੜਾ ਮੁਝੇ ਕਹੀਂ ਕਾ ਨਾ ਛੋੜਾ ਤੇਰੇ ਪਯਾਰ ਨੇ’ (ਲਤਾ ਮੰਗੇਸ਼ਕਰ) ਆਦਿ ਗੀਤ ਪਸੰਦ ਕੀਤੇ ਗਏ। ਮਜ਼ਹਰ ਆਰਟ ਪ੍ਰੋਡਕਸ਼ਨਜ਼, ਬੰਬਈ ਦੀ ਮਜ਼ਹਰ ਖ਼ਾਨ ਨਿਰਦੇਸ਼ਿਤ ਫ਼ਿਲਮ ‘ਸੋਨਾ’ ਉਰਫ਼ ‘ਗੋਲਡ’ (1948) ’ਚ ਨਵੀਨ ਯਾਗਨਿਕ ਨਾਲ ਹੀਰੋਇਨ ਦਾ ਪਾਰਟ ਅਦਾ ਕੀਤਾ। ਗ੍ਰੇਟ ਪਿਕਚਰਜ਼, ਬੰਬਈ ਦੀ ਨਜ਼ਮ ਨੱਕਵੀ ਨਿਰਦੇਸ਼ਿਤ ਫ਼ਿਲਮ ‘ਪਰਾਈ ਆਗ’ (1948) ’ਚ ਮੁਨੱਵਰ ਤੇ ਉਲਹਾਸ ਦੀ ਜੋੜੀ ਸੀ। ਕਹਾਣੀ ਕਾਬਿਲ ‘ਅੰਮ੍ਰਿਤਸਰੀ’, ਮੁਕਾਲਮੇ ਅਖ਼ਤਰੁਲ ਇਮਾਨ, ਕਾਬਿਲ ‘ਅੰਮ੍ਰਿਤਸਰੀ’, ਗੀਤ ਤਨਵੀਰ ਨੱਕਵੀ, ਅਖ਼ਤਰੁਲ ਇਮਾਨ ਅਤੇ ਸੰਗੀਤ ਗ਼ੁਲਾਮ ਮੁਹੰਮਦ ਨੇ ਤਿਆਰ ਕੀਤਾ। ਹਿੰਦੋਸਤਾਨ ਆਰਟ ਪ੍ਰੋਡਕਸ਼ਨਜ਼, ਬੰਬਈ ਦੀ ਐੱਸ. ਸ਼ਮਸੂਦੀਨ ਨਿਰਦੇਸ਼ਿਤ ਫ਼ਿਲਮ ‘ਨਿਸਬਤ’ (1949) ਵਿਚ ਮੁਨੱਵਰ ਸੁਲਤਾਨਾ ਨਾਲ ਯਾਕੂਬ ਦੀ ਜੋੜੀ ਸੀ। ਉਮਰ ਖ਼ਯਾਮ ਫ਼ਿਲਮਜ਼ ਲਿਮਟਿਡ, ਬੰਬਈ ਦੀ ਹਰੀਸ਼ ਨਿਰਦੇਸ਼ਿਤ ਫ਼ਿਲਮ ‘ਦਾਦਾ’ (1949) ਵਿਚ ਇਕ ਵਾਰ ਫਿਰ ਮੁਨੱਵਰ ਤੇ ਸ਼ਿਆਮ ਦੀ ਜੋੜੀ ਸੀ। ਫ਼ਿਲਮਸਾਜ਼ ਸ਼ੇਖ਼ ਮੁਖ਼ਤਾਰ, ਕਹਾਣੀ, ਮੰਜ਼ਰਨਾਮਾ, ਮੁਕਾਲਮੇ ਸੁਲਤਾਨ ਸਦੀਕੀ ਅਤੇ ਸੰਗੀਤਕਾਰ ਸ਼ੌਕਤ ਦੇਹਲਵੀ ਸਨ। ਕਾਰਵਾਂ ਪਿਕਚਰਜ਼, ਲਾਹੌਰ ਦੀ ਕ੍ਰਿਸ਼ਨ ਕੁਮਾਰ ਨਿਰਦੇਸ਼ਿਤ ਫ਼ਿਲਮ ‘ਕਨੀਜ਼’ (1949) ’ਚ ਮੁਨੱਵਰ ਨੇ ‘ਸਾਬਿਰਾ’ ਦਾ ਤੇ ਸ਼ਿਆਮ ‘ਅਖ਼ਤਰ’ ਦਾ ਰੋਲ ਕਰ ਰਿਹਾ ਸੀ। ਕਹਾਣੀ, ਮੰਜ਼ਰਨਾਮਾ ਹਸਰਤ ਲਖਨਵੀ, ਗੀਤ, ਮੁਕਾਲਮੇ ਸ਼ਾਤਿਰ ਗ਼ਜ਼ਨਵੀ ਅਤੇ ਸੰਗੀਤ ਗ਼ੁਲਾਮ ਹੈਦਰ, ਹੰਸਰਾਜ ਬਹਿਲ ਤੇ ਬੈਕ ਗਰਾਊਂਡ ਮਿਊਜ਼ਿਕ ਓ. ਪੀ. ਨਈਅਰ ਨੇ ਤਿਆਰ ਕੀਤਾ। ਫ਼ਿਲਮ ਦੇ 12 ਗੀਤਾਂ ’ਚੋਂ ਇਕ ਗੀਤ ਦਾ ਸੰਗੀਤ ਹੰਸਰਾਜ ਬਹਿਲ ਨੇ ਦਿੱਤਾ। ਫ਼ਿਲਮ ’ਚ ਮੁਨੱਵਰ ਸੁਲਤਾਨਾ ’ਤੇ ਫ਼ਿਲਮਾਇਆ ‘ਉਮੀਦੋਂ ਪਰ ਉਦਾਸੀ ਛਾ ਗਈ’ (ਸੁਰਿੰਦਰ ਕੌਰ) ਵੀ ਵਧੀਆ ਗੀਤ ਸੀ। ਪ੍ਰਕਾਸ਼ ਪਿਕਚਰਜ਼, ਬੰਬਈ ਦੀ ਰਵਿੰਦਰ ਦਵੇ ਨਿਰਦੇਸ਼ਿਤ ਫ਼ਿਲਮ ‘ਸਾਵਨ ਭਾਦੋਂ’ (1949) ’ਚ ਮੁਨੱਵਰ ਨੇ ‘ਕਮਲਾ’ ਦਾ ਤੇ ਹੀਰੋ ਰਾਮ ਸਿੰਘ ਨੇ ‘ਕੁਮਾਰ ਬਾਬੂ’ ਦਾ ਕਿਰਦਾਰ ਨਿਭਾਇਆ। ਮੰਜ਼ਰਨਾਮਾ, ਮੁਕਾਲਮੇ ਤੇ ਗੀਤ ਮੁਲਕ ਰਾਜ ਭਾਖੜੀ ਤੇ ਸੰਗੀਤਕਾਰ ਹੁਸਨਲਾਲ-ਭਗਤਰਾਮ ਸਨ। ਪ੍ਰਭਾ ਚਿੱਤਰ ਮੰਦਿਰ, ਬੰਬਈ ਦੀ ਐੱਸ. ਐੱਸ. ਕੁਲਕਰਨੀ ਨਿਰਦੇਸ਼ਿਤ ਫ਼ਿਲਮ ‘ਉੱਦਾਰ’ (1949) ’ਚ ਮੁਨੱਵਰ ਦੇ ਸਨਮੁੱਖ ਹੀਰੋ ਦੇਵ ਆਨੰਦ ਸਨ। ਸੰਨੀ ਆਰਟ ਪ੍ਰੋਡਕਸ਼ਨਜ਼, ਬੰਬਈ ਦੀ ਐੱਸ. ਯੂ. ਸੰਨੀ ਨਿਰਦੇਸ਼ਿਤ ਫ਼ਿਲਮ ‘ਬਾਬੁਲ’ (1950) ’ਚ ਨੌਸ਼ਾਦ ਅਲੀ ਦੇ ਸੰਗੀਤ ’ਚ ਸ਼ਕੀਲ ਬਦਾਯੂੰਨੀ ਦਾ ਰੁਮਾਨੀ ਗੀਤ ਮੁਨੱਵਰ ਤੇ ਦਲੀਪ ’ਤੇ ਫ਼ਿਲਮਾਇਆ ‘ਮਿਲਤੇ ਹੀ ਆਂਖੇਂ ਦਿਲ ਹੂਆ ਦੀਵਾਨਾ ਕਿਸੀ ਕਾ’ (ਸ਼ਮਸ਼ਾਦ-ਤਲਤ ਮਹਿਮੂਦ) ਬੜਾ ਹਿੱਟ ਹੋਇਆ। ਸਾਦਿਕ ਪ੍ਰੋਡਕਸ਼ਨਜ਼, ਬੰਬਈ ਦੀ ਐੱਮ. ਸਾਦਿਕ ਨਿਰਦੇਸ਼ਿਤ ਫ਼ਿਲਮ ‘ਸਬਕ’ (1950) ਅਦਾਕਾਰ ਕਰਨ ਦੀਵਾਨ ਨਾਲ ਕੀਤੀ। ਉਮਰ ਖ਼ਿਆਮ ਫ਼ਿਲਮ, ਬੰਬਈ ਦੀ ਐੱਸ. ਖ਼ਲੀਲ ਨਿਰਦੇਸ਼ਿਤ ਫ਼ਿਲਮ ‘ਸਰਤਾਜ’ (1950) ਅਦਾਕਾਰ ਮੋਤੀ ਲਾਲ ਨਾਲ ਕੀਤੀ। ਸੁਪਰ ਟੀਮ ਫੈਡਰਲ ਪ੍ਰੋਡਕਸ਼ਨਜ਼, ਬੰਬਈ ਦੀ ‘ਪਯਾਰ ਕੀ ਮੰਜ਼ਿਲ’ (1950) ਅਦਾਕਾਰ ਰਹਿਮਾਨ ਨਾਲ, ਫ਼ਿਲਮ ‘ਅਪਨੀ ਇੱਜ਼ਤ’ (1952) ਮੋਤੀ ਲਾਲ, ਫ਼ਿਲਮ ‘ਤਰੰਗ’ (1952) ਅਜੀਤ,‘ਤੂਫ਼ਾਨ’ (1954) ਅਮਰਨਾਥ ਨਾਲ ਅਤੇ ‘ਅਹਿਸਾਨ’ (1954) ਸ਼ਮੀ ਕਪੂਰ ਨਾਲ ਕੀਤੀ। ਫਾਲਕਨ ਫ਼ਿਲਮਜ਼, ਬੰਬਈ ਦੀ ਨਾਨਾਭਾਈ ਭੱਟ ਨਿਰਦੇਸ਼ਿਤ ਫ਼ਿਲਮ ‘ਵਤਨ’ (1954) ਅਦਾਕਾਰ ਤ੍ਰਿਲੋਕ ਕਪੂਰ ਨਾਲ ਆਈ। ਉਸਦੀ ਖ਼ੂਬਸੂਰਤੀ ਤੇ ਕਾਮਯਾਬੀ ਦਾ ਇਹ ਆਲਮ ਸੀ ਕਿ ਉਸਨੇ ਮਸ਼ਹੂਰ ਸਾਬਣ ‘ਲਕਸ’ ਲਈ ਵੀ ਮਾਡਲਿੰਗ ਕੀਤੀ।
ਸੁਪਰ ਟੀਮ ਫੈਡਰਲ ਪ੍ਰੋਡਕਸ਼ਨਜ਼, ਬੰਬਈ ਦੀਆਂ ਫ਼ਿਲਮਾਂ ‘ਮੇਰੀ ਕਹਾਨੀ’, ‘ਪਯਾਰ ਕੀ ਮੰਜ਼ਿਲ’ ਦੇ ਫ਼ਿਲਮਸਾਜ਼ ਸ਼ਰਫ਼ ਅਲੀ ਨਾਲ ਮੁਨੱਵਰ ਸੁਲਤਾਨਾ ਨੇ 1954 ਵਿਚ ਵਿਆਹ ਕਰਵਾ ਕੇ ਫ਼ਿਲਮਾਂ ਨੂੰ ਛੱਡ ਦਿੱਤਾ। ਫ਼ਿਲਮਡਮ, ਬੰਬਈ ਦੀ ਜੇ. ਬੀ. ਨਿਰਦੇਸ਼ਿਤ ਕਾਲਪਨਿਕ ਫ਼ਿਲਮ ‘ਜੱਲਾਦ’ (1956) ਮੁਨੱਵਰ ਸੁਲਤਾਨਾ ਦੀ ਨਾਸਿਰ ਖ਼ਾਨ ਨਾਲ ਆਖ਼ਰੀ ਫ਼ਿਲਮ ਕਰਾਰ ਪਾਈ ਜੋ ਉਸ ਦੇ ਵਿਆਹ ਦੇ ਦੋ ਸਾਲ ਬਾਅਦ ਨੁਮਾਇਸ਼ ਹੋਈ। 1966 ਵਿਚ ਸ਼ੌਹਰ ਦੇ ਵਫ਼ਾਤ ਪਾ ਜਾਣ ਤੋਂ ਬਾਅਦ ਉਸਨੇ ਆਪਣੀਆਂ 3 ਧੀਆਂ ਅਤੇ 4 ਪੁੱਤਰਾਂ ਦੀ ਸੋਹਣੀ ਪਰਵਰਿਸ਼ ਕੀਤੀ। ਮੁਨੱਵਰ ਸੁਲਤਾਨਾ 15 ਸਤੰਬਰ 2007 ਨੂੰ 83 ਸਾਲਾਂ ਦੀ ਉਮਰ ’ਚ ਬੰਬਈ ਵਿਖੇ ਇੰਤਕਾਲ ਫਰਮਾ ਗਈ।
ਸੰਪਰਕ: 97805-09545