ਮਨਦੀਪ ਸਿੰਘ ਸਿੱਧੂ
ਖ਼ੂਬਸੂਰਤ ਅਦਾਕਾਰਾ ਸ਼ਾਮਾ ਦੁਲਾਰੀ ਉਰਫ਼ ਸ਼ਿਆਮਾ ਦੀ ਪੈਦਾਇਸ਼ 1928 ਨੂੰ ਰਾਵਲਪਿੰਡੀ ਦੇ ਪੰਜਾਬੀ ਹਿੰਦੂ ਪਰਿਵਾਰ ਵਿੱਚ ਹੋਈ। ਜਦੋਂ ਉਹ ਕਾਲਜ ਪੜ੍ਹਦੀ ਸੀ ਤਾਂ ਉਸ ਨੂੰ ਫਿਲਮਾਂ ਵੇਖਣ ਦੀ ਦਿਲਚਸਪੀ ਹੋ ਗਈ। ਜਦੋਂ ਉਹ ਸਿਨਮਾ ਘਰ ’ਚ ਆਪਣੇ ਪਰਿਵਾਰ ਨਾਲ ਫਿਲਮ ਵੇਖ ਕੇ ਆਉਂਦੀ ਤਾਂ ਉਸ ਨੂੰ ਰਾਤਾਂ ਨੂੰ ਸੁਪਨਿਆਂ ਵਿੱਚ ਵੀ ਚੱਲਦੀਆਂ-ਫਿਰਦੀਆਂ ਤਸਵੀਰਾਂ ਨਜ਼ਰ ਆਉਂਦੀਆਂ। ਅਕਸਰ ਉਹ ਆਪਣੇ ਕਾਲਜ ਦੇ ਨਾਟਕਾਂ ਵਿੱਚ ਵੀ ਮੁੱਖ ਕਿਰਦਾਰ ਅਦਾ ਕਰਦੀ ਰਹਿੰਦੀ ਸੀ। ਤਾਲੀਮ ਮੁਕੰਮਲ ਕਰਦਿਆਂ ਹੀ ਉਸ ਦਾ ਸ਼ੌਕ ਉਸ ਨੂੰ ਫਿਲਮੀ ਰਸਤੇ ਵੱਲ ਲੈ ਟੁਰਿਆ ਤੇ ਉਹ ਇੱਕ ਵਾਕਿਫ਼ ਦੇ ਜ਼ਰੀਏ ਰਾਵਲਪਿੰਡੀ ਤੋਂ ਫਿਲਮਾਂ ਦੇ ਵੱਡੇ ਮਰਕਜ਼ ਬੰਬਈ ਪਹੁੰਚ ਗਈ। ਫਿਲਮਾਂ ’ਚ ਪਹਿਲਾਂ ਉਸ ਨੇ ਸ਼ਿਆਮਾ ਤੇ ਫਿਰ ਸ਼ਾਮਾ ਦੁਲਾਰੀ ਦੇ ਨਾਮ ਨਾਲ ਅਦਾਕਾਰੀ ਕੀਤੀ। ਉਸ ਦੀ ਵਜ੍ਹਾ ਇਹ ਸੀ ਕਿ ਉਸ ਦੌਰ ਵਿੱਚ ਲਾਹੌਰ ਦੀਆਂ ਹੀ ਦੋ ਪੰਜਾਬਣਾਂ ਸ਼ਿਆਮਾ ਤੇ ਸ਼ਿਆਮਾ ਜੁਤਸ਼ੀ ਨਾਮ ਦੀਆਂ ਹੀਰੋਇਨਾਂ ਵੀ ਅਦਾਕਾਰੀ ਕਰ ਰਹੀਆਂ ਸਨ।
ਉਸ ਦੇ ਖ਼ਾਅਬਾਂ ਨੂੰ ਓਦੋਂ ਹੁਲਾਰਾ ਮਿਲਿਆ ਜਦੋਂ ਉਸ ਨੇ ਬੰਬਈ ਵਿੱਚ ਸਕਰੀਨ ਟੈਸਟ ਲਈ ਫਿਲਮੀਸਤਾਨ ਦੇ ਕੈਮਰੇ ਦਾ ਸਾਹਮਣਾ ਕੀਤਾ। ਉਸ ਵੇਲੇ ਉਸ ਦੇ ਮਨ ਵਿੱਚ ਬੜੇ ਤੌਖਲੇ ਚੱਲ ਰਹੇ ਸਨ। ਪਹਿਲਾਂ ਤਾਂ ਉਹ ਘਬਰਾ ਗਈ, ਪਰ ਉਸ ਨੇ ਆਪਣਾ ਕੰਮ ਬਾਖ਼ੂਬੀ ਕਰ ਵਿਖਾਇਆ। ਜਦੋਂ ਉਸ ਨੂੰ ਪਤਾ ਲੱਗਿਆ ਕਿ ਉਸ ਦਾ ਟੈਸਟ ਸਫਲ ਹੋਇਆ ਤਾਂ ਉਸ ਤੋਂ ਖ਼ੁਸ਼ੀ ਸੰਭਾਲੀ ਨਹੀਂ ਸੀ ਜਾ ਰਹੀ। ਉਹ ਫਿਲਮੀਸਤਾਨ ਦੁਆਰਾ ਦਿੱਤੇ ਗਏ ਮਿਹਨਤਾਨੇ ਤੋਂ ਸੰਤੁਸ਼ਟ ਨਾ ਹੋਈ ਤਾਂ ਕਿਸਮਤ ਅਜ਼ਮਾਉਣ ਲਈ ਪੂਨਾ ਚਲੀ ਗਈ।
ਇੱਥੇ ਉਸ ਦਾ ਰਾਬਤਾ ਮਾਰੂਫ਼ ਫਿਲਮਸਾਜ਼ ਡਬਲਿਊ. ਜ਼ੈੱਡ. ਅਹਿਮਦ (ਵਹੀਦੂਦੀਨ ਜ਼ੀਆਉਦਦੀਨ ਅਹਿਮਦ) ਨਾਲ ਹੋਇਆ ਜੋ ਸ਼ਾਲੀਮਾਰ ਪਿਕਚਰਜ਼, ਪੂਨਾ ਦਾ ਮਾਲਕ ਸੀ। ਉਸ ਨੇ ਡਬਲਿਊ. ਜ਼ੈੱਡ. ਅਹਿਮਦ ਨਾਲ ਸ਼ਾਲੀਮਾਰ ਪਿਕਚਰਜ਼ ਨਾਲ ਮੁਨਾਫ਼ੇ ਵਾਲੀਆਂ ਸ਼ਰਤਾਂ ’ਤੇ ਤਿੰਨ ਸਾਲ ਦੇ ਪੱਕੇ ਇਕਰਾਰਨਾਮੇ ’ਤੇ ਹਸਤਾਖ਼ਰ ਕਰ ਦਿੱਤੇ।
ਜਦੋਂ ਡਬਲਿਊ ਜ਼ੈੱਡ. ਅਹਿਮਦ ਨੇ ਆਪਣੇ ਫਿਲਮਸਾਜ਼ ਅਦਾਰੇ ਸ਼ਾਲੀਮਾਰ ਪਿਕਚਰਜ਼, ਪੂਨਾ ਹੇਠ ਕਮਲਾਕਰ (ਫਿਲਮ ਐਡੀਟਰ) ਦੀ ਹਿਦਾਇਤਕਾਰੀ ਹੇਠ ਹਿੰਦੀ ਫਿਲਮ ‘ਸ਼ਹਿਜ਼ਾਦੀ’ (1947) ਸ਼ੁਰੂ ਕੀਤੀ ਤਾਂ ਸ਼ਿਆਮਾ ਨੂੰ ਨਵੇਂ ਚਿਹਰੇ ਵਜੋਂ ਮੁਤਆਰਿਫ਼ ਕਰਵਾਇਆ, ਜਿਸ ਦੇ ਰੂਬਰੂ ਸਿਆਲਕੋਟ ਦਾ ਪੰਜਾਬੀ ਗੱਭਰੂ ਸ਼ਿਆਮ ਹੀਰੋ ਦਾ ਮਰਕਜ਼ੀ ਕਿਰਦਾਰ ਅਦਾ ਕਰ ਰਿਹਾ ਸੀ। ਦੀਗ਼ਰ ਫ਼ਨਕਾਰਾਂ ਵਿੱਚ ਤਿਵਾੜੀ, ਰਾਮ ਅਵਤਾਰ, ਨੀਲਮ, ਐੱਸ. ਕੇ. ਪ੍ਰੇਮ ਨੁਮਾਇਆ ਸਨ। ਕਹਾਣੀ ਤੇ ਮੰਜ਼ਰਨਾਮਾ ਮਸੂਦ ਪਰਵੇਜ਼ ‘ਅੰਮ੍ਰਿਤਸਰੀ’ (ਐੱਮ.ਐੱਸ.ਸੀ.) ਤੇ ਸ਼ਰਤ ਵਿਆਸ, ਮੁਕਾਲਮੇ ਇੰਦਰ ਰਾਜ, ਗੀਤ ਹਜ਼ਰਤ ਜੋਸ਼ ਮਲੀਹਾਬਾਦੀ ਅਤੇ ਮੌਸੀਕੀ ਦੀਆਂ ਤਰਜ਼ਾਂ ਐੱਸ. ਕੇ. ਪਾਲ ਨੇ ਮੁਰੱਤਬਿ ਕੀਤੀਆਂ ਸਨ।
ਸ਼ਾਮਾ ਦੁਲਾਰੀ ਦੀ ਦੂਜੀ ਹਿੰਦੀ ਫਿਲਮ ਵੀ ਡਬਲਿਊ ਜ਼ੈੱਡ. ਅਹਿਮਦ ਦੇ ਫਿਲਮਸਾਜ਼ ਅਦਾਰੇ ਸ਼ਾਲੀਮਾਰ ਪਿਕਚਰਜ਼, ਪੂਨਾ ਦੀ ਡਬਲਿਊ ਜ਼ੈੱਡ. ਅਹਿਮਦ ਨਿਰਦੇਸ਼ਿਤ ‘ਮੀਰਾਬਾਈ’ (1947) ਸੀ। ਫਿਲਮ ਵਿੱਚ ‘ਮੀਰਾਬਾਈ’ ਦਾ ਟਾਈਟਲ ਰੋਲ ਅਦਾਕਾਰਾ ਨੀਨਾ ਨੇ ਅਦਾ ਕੀਤਾ, ਜਿਸ ਦੇ ਹਮਰਾਹ ਮਸੂਦ ਪਰਵੇਜ਼ ‘ਮਹਾਰਾਜਾ ਭੋਜਰਾਜ’ ਦਾ ਪਾਰਟ ਅਦਾ ਕਰ ਰਿਹਾ ਸੀ। ਸ਼ਿਆਮਾ ਨੇ ਵੀ ਸਾਥੀ ਅਦਾਕਾਰਾ ਵਜੋਂ ਅਹਿਮ ਕਿਰਦਾਰ ਨਿਭਾਇਆ। ਮੰਜ਼ਰਨਾਮਾ ਡਬਲਿਊ ਜ਼ੈੱਡ. ਅਹਿਮਦ, ਮੁਕਾਲਮੇ ਮਸੂਦ ਪਰਵੇਜ਼, ਦਰੁਸਤ ਗੀਤ ਭਰਤ ਵਿਆਸ (ਅਸਲੀ ਮੀਰਾ ਭਜਨ) ਅਤੇ ਸੰਗੀਤਕ ਧੁਨਾਂ ਐੱਸ. ਕੇ. ਪਾਲ ਨੇ ਤਰਤੀਬ ਕੀਤੀਆਂ ਸਨ।
ਸ਼ਿਆਮਾ ਦੀ ਸ਼ਾਲੀਮਾਰ ਪਿਕਚਰਜ਼, ਪੂਨਾ ਨਾਲ ਇਕਰਾਰਨਾਮੇ ਤਹਿਤ ਤੀਜੀ ਭਗਤੀ ਪ੍ਰਧਾਨ ਹਿੰਦੀ ਫਿਲਮ ‘ਸ਼੍ਰੀ ਕ੍ਰਿਸ਼ਨ ਭਗਵਾਨ’ (1945) ਸੀ। ਡਬਲਿਊ ਜ਼ੈੱਡ. ਅਹਿਮਦ ਦੀ ਹਿਦਾਇਤਕਾਰੀ ’ਚ ਬਣੀ ਇਸ ਫਿਲਮ ਵਿੱਚ ਭਾਰਤ ਭੂਸ਼ਨ ਤੇ ਨੀਨਾ ਨੇ ਮਰਕਜ਼ੀ ਕਿਰਦਾਰ ਅਦਾ ਕੀਤੇ ਜਦੋਂਕਿ ਸ਼ਿਆਮਾ ਸਾਥੀ ਅਦਾਕਾਰਾ ਵਜੋਂ ਮੌਜੂਦ ਸੀ। ਦੀਗ਼ਰ ਫ਼ਨਕਾਰਾਂ ਵਿੱਚ ਬੀਨਾ, ਪ੍ਰੇਮ ਲਤਾ, ਮਸੂਦ ਪਰਵੇਜ਼, ਤਿਵਾੜੀ, ਭਰਤ ਵਿਆਸ, ਡਾਰ ਕਸ਼ਮੀਰੀ, ਰਾਮ ਅਵਤਾਰ, ਕਥਾਨਾ, ਐੱਸ. ਕੇ. ਪ੍ਰੇਮ, ਸਾਗਰ, ਸੁਮਿੱਤਰਾ, ਸ਼ੀਲਾ, ਤਾਰਾ ਨੁਮਾਇਆ ਸੀ, ਪਰ ਮੁਕੰਮਲ ਹੋਣ ਦੇ ਬਾਵਜੂਦ ਇਸ ਫਿਲਮ ਦੀ ਰਿਲੀਜ਼ ਸੰਭਵ ਨਹੀਂ ਹੋ ਸਕੀ।
1947 ਵਿੱਚ ਪੰਜਾਬ ਵੰਡ ਹੋ ਗਈ ਅਤੇ ਡਬਲਿਊ ਜ਼ੈੱਡ. ਅਹਿਮਦ ਪਾਕਿਸਤਾਨ ਚਲੇ ਗਏ ਅਤੇ ਸ਼ਾਲੀਮਾਰ ਪਿਕਚਰਜ਼ ਖ਼ਤਮ ਹੋ ਗਈ। 1947 ਦੇ ਅਖ਼ੀਰ ਵਿੱਚ ਸ਼ਿਆਮਾ ਬੰਬਈ ਆ ਗਈ ਅਤੇ ਕੁੱਝ ਅਰਸੇ ਬਾਅਦ ਹਿਦਾਇਤਕਾਰ ਜੇਯੰਤ ਦੇਸਾਈ ਤੇ ਹਿਦਾਇਤਕਾਰ ਸੋਹਰਾਬ ਮੋਦੀ ਦੇ ਨਾਲ ਸਹਿਯੋਗ ਰਾਬਤਾ ਕਰ ਲਿਆ, ਪਰ ਉਨ੍ਹਾਂ ਨਾਲ ਕਿਸੇ ਫਿਲਮ ਵਿੱਚ ਕੰਮ ਨਾ ਕਰ ਸਕੀ ਕਿਉਂਕਿ ਇਸ ਦੌਰਾਨ ਉਸ ਨੇ ਵਿਆਹ ਕਰਵਾ ਲਿਆ ਸੀ। ਫਿਰ ਕੁਝ ਪਰਿਵਾਰਕ ਮਜਬੂਰੀਆਂ ਕਰ ਕੇ ਉਸ ਨੂੰ ਬੰਬਈ ਛੱਡਣਾ ਪਿਆ ਅਤੇ ਉਹ ਪੂਨਾ ਆ ਗਈ।
ਪੂਨਾ ਆ ਕੇ ਉਸ ਨੇ 1947 ਵਿੱਚ ਛੱਡੀ ਗਈ ਆਪਣੀ ਅਧੂਰੀ ਫਿਲਮ ਨੂੰ ਪੂਰਾ ਕੀਤਾ, ਜਿਸ ਦਾ ਨਾਮ ਸੀ ‘ਰੰਗੀਲਾ ਰਾਜਸਥਾਨ’ (1949)। ਭਰਤ ਵਿਆਸ ਦੀ ਹਿਦਾਇਤਕਾਰੀ ਵਿੱਚ ਸ਼ਾਲੀਮਾਰ ਪਿਕਚਰਜ਼, ਪੂਨਾ ਦੇ ਬੈਨਰ ਹੇਠ ਬਣੀ ਇਸ ਫਿਲਮ ’ਚ ਸ਼ਿਆਮਾ ਨੇ ਇੱਕ ਵਾਰ ਫਿਰ ਸਾਥੀ ਅਦਾਕਾਰਾ ਦਾ ਪਾਰਟ ਅਦਾ ਕੀਤਾ ਜਦੋਂ ਕਿ ਭਾਰਤ ਭੂਸ਼ਨ ਤੇ ਗੀਤਾ ਬੋਸ ਮੁੱਖ ਕਿਰਦਾਰ ਨਿਭਾ ਰਹੇ ਸਨ। ਹੋਰਨਾਂ ਫ਼ਨਕਾਰਾਂ ਵਿੱਚ ਸਰੋਜ ਬੋਰਕਰ, ਵਿਮਲ ਕਰਨਾਟਕੀ, ਪੀਟੂ, ਉਮਾ ਦੱਤ, ਪ੍ਰੇਮ, ਚੰਦਰ ਸ਼ੇਖ਼ਰ, ਨੂਰਜਹਾਂ (ਸੀਨੀ.), ਬਿਸਮਿੱਲਾਹ, ਵਾਜ਼ਿਦ ਖ਼ਾਨ ਆਦਿ ਸ਼ਾਮਲ ਸਨ। ਗੀਤ ਭਰਤ ਵਿਆਸ ਅਤੇ ਸੰਗੀਤ ਬੀ. ਐੱਸ. ਕੱਲਾ, ਐੱਸ. ਕੇ. ਪਾਲ ਤੇ ਭਰਤ ਵਿਆਸ ਨੇ ਤਿਆਰ ਕੀਤਾ।
ਉਸ ਦੀ ਖ਼ਵਾਹਿਸ਼ ਸੀ ਕਿ ਉਹ ਕਲਾ ਦੇ ਖੇਤਰ ਵਿੱਚ ਆਲ੍ਹਾ ਮੁਕਾਮ ਹਾਸਲ ਕਰੇ। ਲਿਹਾਜ਼ਾ 1948 ਦੇ ਅਖ਼ੀਰ ਵਿੱਚ ਉਹ ਦੁਬਾਰਾ ਬੰਬਈ ਮੁੜ ਆਈ। ਇੱਥੇ ਆ ਕੇ ਉਹ ਜਗਤ ਪਿਕਚਰਜ਼ ਤੇ ਯੂਨਾਈਟਿਡ ਪਿਕਚਰਜ਼ ਨਾਲ ਵਾਬਸਤਾ ਹੋ ਗਈ। ਜਦੋਂ ਸੇਠ ਜਗਤ ਨਰਾਇਣ ਨੇ ਆਪਣੇ ਫਿਲਮਸਾਜ਼ ਅਦਾਰੇ ਜਗਤ ਪਿਕਚਰਜ਼, ਬੰਬੇ ਦੇ ਬੈਨਰ ਹੇਠ ਐੱਮ. ਐੱਸ. ਚਾਵਲਾ (ਪਹਿਲੀ ਫਿਲਮ) ਦੀ ਹਿਦਾਇਤਕਾਰੀ ’ਚ ਹਿੰਦੀ ਫਿਲਮ ‘ਸ਼ਾਇਰ’ (1949) ਬਣਾਈ ਤਾਂ ਸ਼ਿਆਮਾ ਨੂੰ ਸ਼ਾਮਾ ਦੁਲਾਰੀ ਦੇ ਨਵੇਂ ਨਾਮ ਨਾਲ ਪੇਸ਼ ਕੀਤਾ। ਸ਼ਾਮਾ ਦੁਲਾਰੀ ਨੇ ਫਿਲਮ ’ਚ ਡਾਂਸਰ ‘ਮਿਸ ਮੀਨਾ ਕੁਮਾਰੀ’ ਦਾ ਸੋਹਣਾ ਕਿਰਦਾਰ ਨਿਭਾਇਆ। ਗ਼ੁਲਾਮ ਮੁਹੰਮਦ (ਸਹਾਇਕ ਇਬਰਾਹਿਮ) ਦੇ ਸੰਗੀਤ ’ਚ ਸ਼ਕੀਲ ਬਦਾਯੂੰਨੀ ਦਾ ਲਿਖਿਆ ਇੱਕ ਗੀਤ ‘ਓ ਮੇਰੇ ਬਾਲਮਾ ਕਾਹੇ ਮਾਰੀ ਕਟਾਰ ਹਾਏ ਦੈਯਾ’ (ਸ਼ਮਸ਼ਾਦ ਬੇਗ਼ਮ, ਮੁਹੰਮਦ ਰਫ਼ੀ) ਸ਼ਾਮਾ ਦੁਲਾਰੀ ਤੇ ਡਾਂਸ ਡਾਇਰੈਕਟਰ ਬਦਰੀ ਪ੍ਰਸ਼ਾਦ (ਸੰਗੀਤਕਾਰ ਪੰਡਤ ਬਦਰੀ ਪ੍ਰਸ਼ਾਦ) ’ਤੇ ਫਿਲਮਾਇਆ ਗਿਆ ਸੀ। ਫਿਲਮ ’ਚ ‘ਸ਼ਾਇਰ’ ਦਾ ਟਾਈਟਲ ਰੋਲ ਦੇਵ ਆਨੰਦ (ਸ਼ਾਇਰ ਦੀਪਕ), ਜਿਸ ਦੇ ਸਨਮੁੱਖ ਲਾਹੌਰ ਦੀਆਂ ਦੋ ਪੰਜਾਬਣ ਮੁਟਿਆਰਾਂ ਸੁਰੱਈਆ (ਰਾਣੀ) ਤੇ ਕਾਮਿਨੀ ਕੌਸ਼ਲ (ਬੀਨਾ) ਹੀਰੋਇਨ ਦਾ ਰੋਲ ਕਰ ਰਹੀਆਂ ਸਨ। ਕਹਾਣੀ ਐੱਮ. ਐੱਸ. ਚਾਵਲਾ, ਮੁਕਾਲਮੇ ਕਮਲ ਰਸ਼ੀਦ ਨੇ ਤਹਿਰੀਰ ਕੀਤੇ ਸਨ।
ਸੇਠ ਚੰਦੂ ਲਾਲ ਸ਼ਾਹ ਨੇ ਆਪਣੇ ਫਿਲਮਸਾਜ਼ ਅਦਾਰੇ ਰਣਜੀਤ ਮੂਵੀਟੋਨ, ਬੰਬੇ ਦੇ ਬੈਨਰ ਹੇਠ ਰਤੀਭਾਈ ਪੁਨਾਤਰ ਦੀ ਹਿਦਾਇਤਕਾਰੀ ਵਿੱਚ ਹਿੰਦੀ ਫਿਲਮ ‘ਨੀਲੀ’ (1950) ਬਣਾਈ। ਫਿਲਮ ’ਚ ਉਸ ਨੇ ‘ਮੀਨਾ’ ਦਾ ਪਾਰਟ ਅਦਾ ਕੀਤਾ, ਜਿਸ ਦੇ ਰੂਬਰੂ ਆਗਾ ‘ਕਾਂਤ’ ਪਾਤਰ ਨਿਭਾ ਰਿਹਾ ਸੀ। ਫਿਲਮ ਦੇ ਮੁੱਖ ਕਿਰਦਾਰ ਵਿੱਚ ਸੁਰੱਈਆ ‘ਨੀਲੀ’ ਦਾ ਟਾਈਟਲ ਕਿਰਦਾਰ ਤੇ ਦੇਵ ਆਨੰਦ ‘ਕੁਮਾਰ’ ਦੇ ਕਿਰਦਾਰ ਵਿੱਚ ਮੌਜੂਦ ਸੀ। ਮੰਜ਼ਰਨਾਮਾ ਤੇ ਮੁਕਾਲਮੇ ਆਰ. ਐੱਸ. ਚੌਧਰੀ, ਗੀਤ ਸੁਰਜੀਤ ਸੇਠੀ ਅਤੇ ਦਿਲਕਸ਼ ਤਰਜ਼ਾਂ ਐੱਸ. ਮੋਹਿੰਦਰ ਨੇ ਤਿਆਰ ਕੀਤੀਆਂ।
ਜਦੋਂ ਮਾਰੂਫ਼ ਮਜ਼ਾਹੀਆ ਅਦਾਕਾਰ ਮਿਰਜ਼ਾ ਮੁਸ਼ੱਰਫ਼ ਨੇ ਆਪਣੇ ਫਿਲਮਸਾਜ਼ ਅਦਾਰੇ ਸ਼ਾਨ-ਏ-ਹਿੰਦ ਪਿਕਚਰਜ਼, ਬੰਬੇ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿੱਚ ਹਿੰਦੀ ਫਿਲਮ ‘ਡੋਲਤੀ ਨੈਯਾ’ (1950) ਬਣਾਈ ਤਾਂ ਸ਼ਾਮਾ ਦੁਲਾਰੀ ਨੂੰ ਸਾਥੀ ਅਦਾਕਾਰਾ ਦਾ ਪਾਰਟ ਦਿੱਤਾ ਜਦੋਂ ਕਿ ਨਿਗਾਰ ਸੁਲਤਾਨਾ ਤੇ ਅਮਰਨਾਥ ਜੋੜੀਦਾਰ ਵਜੋਂ ਆਪਣੇ ਫ਼ਨ ਦੀ ਨੁਮਾਇਸ਼ ਕਰ ਰਹੇ ਸਨ। ਬਾਕੀ ਫ਼ਨਕਾਰਾਂ ਵਿੱਚ ਐੱਸ. ਮਜ਼ਹਰ, ਕੁੱਕੂ (ਡਾਂਸਰ), ਵੀਨਾ ਕੋਹਲੀ, ਮਿਰਜ਼ਾ ਮੁਸ਼ੱਰਫ਼, ਮੁਣਸ਼ੀ ਮੁਨੱਕਾ ਵਗ਼ੈਰਾ ਆਪਣੇ ਕਿਰਦਾਰ ਨਿਭਾ ਰਹੇ ਸਨ। ਫਿਲਮ ਦੇ 10 ਗੀਤਾਂ ਦਾ ਸੰਗੀਤ ਰਾਮ ਪ੍ਰਸ਼ਾਦ ਨੇ ਤਿਆਰ ਕੀਤਾ ਸੀ।
ਜਦੋਂ ਫਲੀ ਮਿਸਤਰੀ (ਸਾਥੀ ਰੌਬਿਨ ਚੈਟਰਜੀ) ਨੇ ਆਪਣੇ ਫਿਲਮਸਾਜ਼ ਅਦਾਰੇ ਯੂਨਾਈਟਿਡ ਟੈਕਨੀਸ਼ੀਅਨ, ਬੰਬੇ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ (ਸਹਾਇਕ ਕਿਰਨ ਕੁਮਾਰ) ਵਿੱਚ ਹਿੰਦੀ ਫਿਲਮ ‘ਜਾਨ ਪਹਿਚਾਨ’ (1950) ਬਣਾਈ ਤਾਂ ਸ਼ਾਮਾ ਦੁਲਾਰੀ ਨੂੰ ‘ਊਸ਼ਾ’ ਨਾਮੀ ਸਾਥੀ ਅਦਾਕਾਰਾ ਦਾ ਪਾਰਟ ਦਿੱਤਾ ਜਦੋਂ ਕਿ ਮੁੱਖ ਅਦਾਕਾਰਾ ਵਜੋਂ ਨਰਗਿਸ ‘ਆਸ਼ਾ’ ਦਾ ਤੇ ਰਾਜ ਕਪੂਰ ‘ਅਨਿਲ’ ਦਾ ਕਿਰਦਾਰ ਨਿਭਾ ਰਿਹਾ ਸੀ। ਮੰਜ਼ਰਨਾਮਾ ਤੇ ਮੁਕਾਲਮੇ ਰਾਮਾਨੰਦ ਸਾਗਰ, ਮੁਕਾਲਮਾ ਹਿਦਾਇਤਕਾਰ ਬੀ. ਪੀ. ਸ਼ਰਮਾ ਅਤੇ ਸੰਗੀਤ ਪੰਡਤ ਖੇਮਚੰਦ ਪ੍ਰਕਾਸ਼ ਤੇ ਮੰਨਾ ਡੇਅ ਨੇ ਮੁਰੱਤਬਿ ਕੀਤਾ।
ਅੱਛੇ ਸਾਹਿਬ ਤੇ ਬਸ਼ੀਰ ਬੇਗ ਦੇ ਫਿਲਮਸਾਜ਼ ਅਦਾਰੇ ਮੂਨਲਾਈਟ ਮੂਵੀਜ਼, ਬੰਬੇ ਦੀ ਬ੍ਰਿਜ ਮੋਹਨ (ਸਹਾਇਕ ਅਕਬਰ, ਰਫ਼ੀਕ ਤੇ ਨਿਜ਼ਾਮ) ਨਿਰਦੇਸ਼ਿਤ ਹਿੰਦੀ ਫਿਲਮ ‘ਭੂਲੇ ਭਟਕੇ’ (1952) ’ਚ ਸ਼ਾਮਾ ਦੁਲਾਰੀ ਨੇ ਭਗਵਾਨ ਨਾਲ ਹੀਰੋਇਨ ਦਾ ਮਰਕਜ਼ੀ ਕਿਰਦਾਰ ਨਿਭਾਇਆ। ਕਹਾਣੀ ਤੇ ਮੁਕਾਲਮੇ ਐੱਸ. ਐੱਮ. ਰਜ਼ਾ, ਗੀਤ ਸ਼ਮਸ਼ ਅਜ਼ੀਮਾਬਾਦੀ ਅਤੇ ਸੰਗੀਤਕ ਧੁਨਾਂ ਮਨੋਹਰ ਨੇ ਤਰਤੀਬ ਕੀਤੀਆਂ। ਇਹ ਸ਼ਾਮਾ ਦੁਲਾਰੀ ਦੀ ਆਖ਼ਰੀ ਫਿਲਮ ਕਰਾਰ ਪਾਈ। ਇਸ ਤੋਂ ਬਾਅਦ ਉਸ ਨੇ ਕਿਸੇ ਫਿਲਮ ’ਚ ਅਦਾਕਾਰੀ ਨਹੀਂ ਕੀਤੀ।
ਸ਼ਾਮਾ ਦੁਲਾਰੀ ਨਿਹਾਇਤ ਹੀ ਬਾ-ਇਖ਼ਲਾਕ, ਮਿਲਣਸਾਰ ਤੇ ਸੰਜੀਦਾ ਔਰਤ ਸੀ। ਤੈਰਨਾ, ਘੋੜ ਸਵਾਰੀ ਕਰਨਾ, ਸਾਇਕਲਿੰਗ, ਕਰੋਸ਼ੀਆ ਬੁਣਨਾ ਉਸ ਦੇ ਸ਼ੌਕ ਰਹੇ ਹਨ। ਉਹ ਸ਼ਤਰੰਜ ਦੀ ਵੀ ਬੜੀ ਮਾਹਿਰ ਖਿਡਾਰਨ ਸੀ। ਪੰਜਾਬੀ ਹੋਣ ਦੇ ਬਾਵਜੂਦ ਉਹ ਉਰਦੂ ਤੇ ਹਿੰਦੀ ਬੜੀ ਰਵਾਨੀ ਨਾਲ ਬੋਲਦੀ ਸੀ। ਇਸ ਤੋਂ ਇਲਾਵਾ ਉਸ ਨੂੰ ਨ੍ਰਿਤ ਨਾਲ ਵੀ ਬੜਾ ਲਗਾਓ ਸੀ, ਜਿਸ ਦੀ ਮਿਸਾਲ ਉਸ ਦੀਆਂ ਫਿਲਮਾਂ ਹਨ। ਅਦਾਕਾਰੀ ਦੌਰਾਨ ਉਸ ਨੇ ਕਾਬਿਲ ਉਸਤਾਦਾਂ ਦੀ ਸ਼ਾਗਿਰਦੀ ਹੇਠ ਗਾਇਨ ਕਲਾ ਵੀ ਸਿੱਖੀ। ਐਨੀਆਂ ਕਲਾਵਾਂ ਨਾਲ ਭਰਪੂਰ ਰਹਿਣ ਵਾਲੀ ਪੰਜਾਬਣ ਅਦਾਕਾਰਾ ਸ਼ਾਮਾ ਦੁਲਾਰੀ 1947 ਤੋਂ 1952 ਤੱਕ ਫਿਲਮਾਂ ਵਿੱਚ ਸਰਗਰਮ ਰਹਿਣ ਤੋਂ ਬਾਅਦ ਪਾਕਿਸਤਾਨ ਚਲੀ ਗਈ ਜਾਂ ਭਾਰਤ ਰਹਿ ਗਈ ਜਾਂ ਕਦੋਂ ਫ਼ੌਤ ਹੋਈ? ਕਾਫ਼ੀ ਤਹਿਕੀਕ ਕਰਨ ਦੇ ਬਾਵਜੂਦ ਕੁਝ ਪਤਾ ਨਹੀਂ ਲੱਗ ਸਕਿਆ।
ਸੰਪਰਕ: 97805-09545