ਮਨਦੀਪ ਸਿੰਘ ਸਿੱਧੂ
ਖ਼ੂਬਸੂਰਤ ਅਦਾਕਾਰਾ ਸ਼ਾਂਤਾ ਦੀ ਪੈਦਾਇਸ਼ 1926 ਨੂੰ ਰਾਵਲਪਿੰਡੀ ਦੇ ਪੰਜਾਬੀ ਹਿੰਦੂ ਪਰਿਵਾਰ ਵਿੱਚ ਹੋਈ। ਉਹ ਬਚਪਨ ਤੋਂ ਹੀ ਕੱਥਕ ਨਾਚ ਦੀ ਬੜੀ ਦੀਵਾਨੀ ਸੀ। ਉਹ ਪੰਜਾਬੀ ਦੇ ਇਲਾਵਾ ਉਰਦੂ, ਹਿੰਦੀ ਤੇ ਅੰਗਰੇਜ਼ੀ ਬੋਲੀ ਤੋਂ ਵੀ ਚੰਗੀ ਤਰ੍ਹਾਂ ਵਾਕਿਫ਼ ਸੀ। ਫੈਸ਼ਨ ਪਸੰਦ ਇਸ ਮੁਟਿਆਰ ਨੂੰ ਫਿਲਮਾਂ ਵੇਖਣ ਦੀ ਬੜੀ ਚਾਹ ਸੀ। ਉਹ ਕਰਦਿਆਂ ਕਰਾਉਂਦਿਆਂ 1939 ਵਿੱਚ ਗੁਜਰਾਂਵਾਲਾ ਤੋਂ ਚੱਲ ਕੇ ਫਿਲਮਾਂ ਦੇ ਵੱਡੇ ਮਰਕਜ਼ ਬੰਬਈ ਜਾ ਪਹੁੰਚੀ। ਪਹਿਲਾਂ ਉਹ ਐਡਵਾਂਸ ਫਿਲਮ ਕੰਪਨੀ ਵਿੱਚ ਸ਼ਾਮਲ ਹੋਈ ਤੇ ਇਸ ਤੋਂ ਬਾਅਦ ਸਿਰਕੋ, ਰਣਜੀਤ, ਮਹਬਿੂਬ, ਅਸ਼ੋਕ, ਨਿਸ਼ਾਤ ਤੇ ਜਾਗ੍ਰਿਤੀ ਫਿਲਮ ਕੰਪਨੀ ਵਿੱਚ ਕੰਮ ਕਰਨ ਲੱਗੀ। ਫਿਲਮਾਂ ਵਿੱਚ ਪਹਿਲਾਂ ਉਹ ਸ਼ਾਂਤਾ ਕਸ਼ਮੀਰੀ, ਸ਼ਾਂਤੀ, ਸ਼ਾਂਤਾ, ਸ਼ਾਂਤਾਰਿਨ ਤੇ ਸ਼ਾਂਤਾਰੀ ਵਰਗੇ ਵੱਖ-ਵੱਖ ਨਾਵਾਂ ਨਾਲ ਮੁੱਖ ਅਦਾਕਾਰਾ ਤੇ ਸਾਥੀ ਅਦਾਕਾਰਾ ਦੇ ਸੋਹਣੇ ਤੇ ਸ਼ਾਨਦਾਰ ਪਾਰਟ ਅਦਾ ਕਰਦੀ ਰਹੀ।
ਜਦੋਂ ਏ. ਐੱਮ. ਖ਼ਾਨ ਨੇ ਆਪਣੇ ਫਿਲਮਸਾਜ਼ ਅਦਾਰੇ ਅਡਵਾਂਸ ਪਿਕਚਰਜ਼, ਬੰਬੇ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿੱਚ ਹਿੰਦੀ ਫਿਲਮ ‘ਅਨਾਰਬਾਲਾ’ (1940) ਸ਼ੁਰੂ ਕੀਤੀ ਤਾਂ ਰਾਵਲਪਿੰਡੀ ਦੀ ਮੁਟਿਆਰ ਸ਼ਾਂਤਾ ਦਾ ਇੰਤਖ਼ਾਬ ਕੀਤਾ। ਉਨ੍ਹਾਂ ਨੇ ਫਿਲਮ ’ਚ ਉਸ ਨੂੰ ਸ਼ਾਂਤਾ ਕਸ਼ਮੀਰੀ ਦੇ ਨਾਮ ਨਾਲ ਪੇਸ਼ ਕੀਤਾ। ਸ਼ਾਂਤਾ ਨੇ ਫਿਲਮ ’ਚ ‘ਅਨਾਰਬਾਲਾ’ ਦਾ ਟਾਈਟਲ ਰੋਲ ਅਦਾ ਕੀਤਾ, ਜਿਸ ਦੇ ਰੂਬਰੂ ਸਟੰਟ ਅਦਾਕਾਰ ਬੈਂਜਾਮਿਨ ਨੇ ਰਾਮਗੜ੍ਹ ਰਾਜ ਦੇ ਰਾਜਕੁਮਾਰ ਰਾਮ ਸਿੰਘ ਦਾ ਕਿਰਦਾਰ ਨਿਭਾਇਆ। ਕਹਾਣੀ, ਮੁਕਾਲਮੇ ਮੁਣਸ਼ੀ ਨਾਯਾਬ, ਸੰਗੀਤ ਮਾਸਟਰ ਮੁਹੰਮਦ (ਐੱਚਐੱਮਵੀ. ਤੇੇ ਵਾਡੀਆ) ਨੇ ਤਾਮੀਰ ਕੀਤਾ ਸੀ। 152 ਮਿੰਟ ਦੀ ਇਸ ਫਿਲਮ ਦੇ ਕੁੱਲ 12 (10 ਹਿੰਦੀ ਗੀਤ) ਗੀਤਾਂ ’ਚੋਂ 2 ਪੰਜਾਬੀ ਗੀਤ ਸ਼ਾਂਤਾ ’ਤੇ ਫਿਲਮਾਏ ਗਏ। ਇਹ ਫਿਲਮ 29 ਅਕਤੂਬਰ 1940 ਨੂੰ ਮਿਨਰਵਾ ਟਾਕੀਜ਼, ਲਾਹੌਰ ਵਿਖੇ ਰਿਲੀਜ਼ ਹੋਈ।
ਸ਼ਾਂਤਾ ਨੇ ਸਿਰਫ਼ ਇੱਕੋ ਪੰਜਾਬੀ ਫਿਲਮ ਕੀਤੀ। ਇਹ ਫਿਲਮ ਸੀ ਲਾਹੌਰ ਦੇ ਗੱਭਰੂ ਏ. ਆਰ. ਕਾਰਦਾਰ ਉਰਫ਼ ਅਬਦੁੱਲ ਰਸ਼ੀਦ ਕਾਰਦਾਰ ਦੇ ਫਿਲਮਸਾਜ਼ ਅਦਾਰੇ ਨਿਸ਼ਾਤ ਪ੍ਰੋਡਕਸ਼ਨਜ਼, ਬੰਬੇ ਦੀ ‘ਕੁੜਮਾਈ’ (1941)। ਜੇ. ਕੇ. ਨੰਦਾ ਉਰਫ਼ ਜਯ ਕਿਸ਼ਨ ਨੰਦਾ (ਸਹਾਇਕ ਕੇ. ਸ਼ਰਮਾ) ਦੀ ਹਿਦਾਇਤਕਾਰੀ ਵਿੱਚ ਬਣੀ ਇਸ ਫਿਲਮ ’ਚ ਸ਼ਾਂਤਾ ਨੇ ਸ਼ਾਂਤੀ ਦੇ ਨਾਮ ਨਾਲ ਅਦਾਕਾਰ ਵਾਸਤੀ ਦੀ ਭੈਣ ‘ਲਾਜਵੰਤੀ’ ਦਾ ਖ਼ੂਬਸੂਰਤ ਪਾਰਟ ਨਿਭਾਇਆ, ਜਿਸ ਦੇ ਹਮਰਾਹ ਗੁੱਜਰਾਂਵਾਲਾ ਦਾ ਗੱਭਰੂ ਕੁੰਦਨ ਲਾਲ ਰਾਜਪਾਲ ਹੀਰੋ ਦਾ ਪਾਰਟ ਅਦਾ ਕਰ ਰਿਹਾ ਸੀ। ਕਹਾਣੀ, ਮੁਕਾਲਮੇ ਤੇ ਗੀਤ ਡੀ. ਐੱਨ. ਮਧੋਕ, ਮੌਸੀਕੀ ਖਵਾਜਾ ਖੁਰਸ਼ੀਦ ਅਨਵਰ (ਪਹਿਲੀ ਫਿਲਮ) ਨੇ ਮੁਰੱਤਬਿ ਕੀਤੀ। ਫਿਲਮ ’ਚ ਸ਼ਾਂਤਾ ਉੱਤੇ ਫਿਲਮਾਏ ‘ਵਿਹੜੇ ’ਚ ਪਾਣੀ ਛਿੜਕਾਂ ਕੁੜੀਆਂ ਦੁੱਧ ਰਿੜਕਣ ਵੇ ਮੈਂ ਯਾਦ ਤੇਰੀ ਰਿੜਕਾਂ’, ‘ਹਰਦਮ ਨੌਕਰ ਤੇਰੀ ਆਂ’ (ਰਾਜਕੁਮਾਰੀ) ਤੇ ‘ਮਾਏ ਨੀਂ ਬੂਹਾ ਖੜਕੇ ਦਿਲ ਧੜਕੇ ਮੇਰਾ ਆ ਗਿਆ ਨੀਂ ਮੇਰਾ ਬ੍ਰਿਜਸ ਵਾਲਾ’ (ਇਕਬਾਲ ਬੇਗ਼ਮ, ਰਾਜਕੁਮਾਰੀ) ਗੀਤ ਸ਼ਾਂਤੀ ਤੇ ਰਾਧਾ ਰਾਣੀ ’ਤੇ ਫਿਲਮਾਇਆ ਗਿਆ ਸੀ। ਦਾਜ ਪ੍ਰਥਾ ’ਤੇ ਆਧਾਰਿਤ ਇਹ ਫ਼ਿਲਮ 29 ਅਗਸਤ 1941 ਨੂੰ ਰੀਜੈਂਟ ਸਿਨਮਾ, ਮੈਕਲੋਡ ਰੋਡ, ਲਾਹੌਰ ਤੋਂ ਇਲਾਵਾ ਕੈਪੀਟਲ ਤੇ ਪਿਕਚਰਜ਼, ਹਾਊਸ, ਪੇਸ਼ਾਵਰ ਅਤੇ ਰਿਆਲਟੋ ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ। ਪੰਜਾਬ ਵੰਡ ਤੋਂ ਬਾਅਦ ਇਸੇ ਕਹਾਣੀ ’ਤੇ ਆਧਾਰਿਤ ਇਹ ਫਿਲਮ ਦੁਬਾਰਾ ਕਾਰਦਾਰ ਪ੍ਰੋਡਕਸ਼ਜ਼, ਬੰਬੇ ਦੇ ਬੈਨਰ ਹੇਠ ਜੇ. ਕੇ. ਨੰਦਾ ਦੀ ਹਿਦਾਇਤਕਾਰੀ ਵਿੱਚ ‘ਬਰਾਤੀ’ (1954) ਦੇ ਨਾਮ ਨਾਲ ਰਿਲੀਜ਼ ਹੋਈ ਸੀ।
ਸ਼ਾਂਤਾ ਕਸ਼ਮੀਰੀ ਦੇ ਨਾਮ ਨਾਲ ਉਸ ਦੀ ਦੂਜੀ ਹਿੰਦੀ ਫਿਲਮ ਰਣਜੀਤ ਮੂਵੀਟੋਨ, ਬੰਬੇ ਦੀ ਭਰਤ ਵਿਆਸ ਨਿਰਦੇਸ਼ਿਤ ‘ਇਕਰਾਰ’ ਉਰਫ਼ ‘ਤਿਆਗ’ (1942) ਸੀ। ਇਸ ਫਿਲਮ ਵਿੱਚ ਉਸ ਨੇ ਸਾਥੀ ਅਦਾਕਾਰਾ ਦਾ ਪਾਰਟ ਅਦਾ ਕੀਤਾ ਜਦੋਂਕਿ ਮਰਕਜ਼ੀ ਕਿਰਦਾਰ ਵਿੱਚ ਮੋਤੀ ਲਾਲ ਤੇ ਮਾਧੁਰੀ ਮੌਜੂਦ ਸਨ। ਗੀਤ ਪੰਡਤ ਇੰਦਰ, ਮੁਣਸ਼ੀ ਦਿਲ ਤੇ ਸੰਗੀਤ ਖੇਮਚੰਦ ਪ੍ਰਕਾਸ਼ ਨੇ ਮੁਰੱਤਬਿ ਕੀਤਾ। ਅਸ਼ੋਕ ਪਿਕਚਰਜ਼, ਬੰਬੇ ਦੀ ਧੀਰੂਭਾਈ ਦੇਸਾਈ ਨਿਰਦੇਸ਼ਿਤ ਫਿਲਮ ‘ਸੇਵਾ’ (1942) ’ਚ ਰਾਧਾ ਰਾਣੀ ਨਾਲ ਸਾਥੀ ਅਦਾਕਾਰਾ ਵਜੋਂ ਸ਼ਾਂਤਾ ਵੀ ਮੌਜੂਦ ਸੀ ਜਦੋਂਕਿ ਹੀਰੋ ਦਾ ਮਰਕਜ਼ੀ ਕਿਰਦਾਰ ਐਬਟਾਬਾਦ ਦਾ ਪੰਜਾਬੀ ਗੱਭਰੂ ਜ਼ਹੂਰ ਰਾਜਾ ਨਿਭਾ ਰਿਹਾ ਸੀ। ਜੇਯੰਤ ਫ਼ਿਲਮਜ਼, ਬੰਬੇ ਦੀ ਮੋਹਨ ਸਿਨਹਾ ਨਿਰਦੇਸ਼ਿਤ ਫਿਲਮ ‘ਪ੍ਰੀਤਮ’ (1942) ’ਚ ਸ਼ਾਂਤੀ ਅਦਾਕਾਰਾ ਮਾਯਾ ਬੈਨਰਜੀ ਨਾਲ ਸਾਥੀ ਅਦਾਕਾਰਾ ਵਜੋਂ ਮੌਜੂਦ ਸੀ ਜਦੋਂ ਕਿ ਹੀਰੋ ਦਾ ਕਿਰਦਾਰ ਰਜਿੰਦਰ ਸਿੰਘ (ਲਾਹੌਰ) ਨਿਭਾ ਰਿਹਾ ਸੀ। ਜਾਗ੍ਰਿਤੀ ਪਿਕਚਰਜ਼, ਬੰਬੇ ਦੀ ਭਗਵਾਨ ਨਿਰਦੇਸ਼ਿਤ ਫਿਲਮ ‘ਬਦਲਾ’ (1943) ’ਚ ਸ਼ਾਂਤਾ ਨੇ ਸ਼ਾਂਤਾ ਰਿਨ ਦੇ ਨਾਮ ਨਾਲ ਅਦਾਕਾਰੀ ਕੀਤੀ ਜਦੋਂਕਿ ਬਾਬੂ ਰਾਵ ਪਹਿਲਵਾਨ ਤੇ ਭਗਵਾਨ ਮੁੱਖ ਭੂਮਿਕਾ ’ਚ ਸਨ। ਕੇ. ਐੱਲ. ਕਾਹਨ ਦੇ ਫਿਲਮਸਾਜ਼ ਅਦਾਰੇ ਅੰਮ੍ਰਿਤ ਪਿਕਚਰਜ਼, ਬੰਬੇ ਦੀ ਕੇ. ਐੱਲ. ਕਾਹਨ ਨਿਰਦੇਸ਼ਿਤ ਸਟੰਟ ਫਿਲਮ ‘ਖ਼ੂਨੀ ਲਾਸ਼’ (1943) ’ਚ ਸ਼ਾਂਤਾ ਰਿਨ ਨਾਲ ਹੀਰੋ ਦਾ ਕਿਰਦਾਰ ਈ. ਬਿਲੀਮੋਰੀਆ ਨੇ ਨਿਭਾਇਆ। ਜਦੋਂ ਮਹਬਿੂਬ ਖ਼ਾਨ ਨੇ ਆਪਣੇ ਫਿਲਮਸਾਜ਼ ਅਦਾਰੇ ਮਹਬਿੂਬ ਪ੍ਰੋਡਕਸ਼ਨਜ਼, ਬੰਬੇ ਹੇਠ ਆਪਣੀ ਹਿਦਾਇਤਕਾਰੀ ਵਿੱਚ ਪਹਿਲੀ ਫਿਲਮ ‘ਨਜਮਾ’ (1943) ਬਣਾਈ ਤਾਂ ਇਸ ਵਿਚ ਸ਼ਾਂਤਾਰੀ ਨੇ ਬਾਂਦੀ ਸਹੇਲੀ ‘ਤਿੱਲਤ’ ਦਾ ਸੋਹਣਾ ਰੋਲ ਕੀਤਾ ਜਦੋਂਕਿ ‘ਨਜਮਾ’ ਦਾ ਟਾਈਟਲ ਰੋਲ ਸਿਆਲਕੋਟ ਦੀ ਪੰਜਾਬਣ ਮੁਟਿਆਰ ਵੀਨਾ ਉਰਫ਼ ਤਜੌਰ ਸੁਲਤਾਨਾ ਅਦਾ ਕਰ ਰਹੀ ਸੀ। ਕਹਾਣੀ, ਮੰਜ਼ਰਨਾਮਾ ਤੇ ਮੁਕਾਲਮੇ ਆਗਾ ਜਾਨੀ ਕਸ਼ਮੀਰੀ, ਗੀਤ ਅੰਜੁਮ ਪੀਲੀਭੀਤੀ ਤੇ ਮੌਸੀਕੀ ਰਫ਼ੀਕ ਗ਼ਜ਼ਨਵੀ (ਰਾਵਲਪਿੰਡੀ) ਨੇ ਮੁਰੱਤਬਿ ਕੀਤੀ। ਫਿਲਮ ’ਚ ਸ਼ਾਂਤਾਰੀ (ਨਾਲ ਵੀਨਾ) ’ਤੇ ਫਿਲਮਾਇਆ ‘ਭਲਾ ਕਯੂੰ ਓ ਹੋ ਮਗਰ ਕਯੂੰ ਕਹੇਗੀ ਏਸੀ ਬਾਤ’ (ਪਾਰੁਲ ਘੋਸ਼, ਮੁਮਤਾਜ਼) ਬੜਾ ਪਿਆਰਾ ਗੀਤ ਸੀ। 121 ਮਿੰਟ ਦੀ ਇਹ ਕਾਮਯਾਬ ਫਿਲਮ 23 ਜੁਲਾਈ 1943 ਨੂੰ ਲਾਹੌਰ ਦੇ ਰੀਜੈਂਟ ਸਿਨਮਾ ਵਿਖੇ ਪਰਦਾਪੇਸ਼ ਹੋਈ।
ਰਾਜਕਮਲ ਕਲਾਮੰਦਿਰ, ਬੰਬੇ ਦੀ ਵੀ. ਸ਼ਾਂਤਾਰਾਮ ਨਿਰਦੇਸ਼ਿਤ ਸ਼ਾਸਤਰੀ ਸੰਗੀਤ ਪ੍ਰਧਾਨ ਫਿਲਮ ‘ਸ਼ਕੁੰਤਲਾ’ (1943) ਜਿਸ ਵਿੱਚ ਜਯਸ੍ਰੀ (ਵੀ. ਸ਼ਾਂਤਾਰਾਮ ਦੀ ਪਤਨੀ) ਨੇ ‘ਸ਼ਕੁੰਤਲਾ’ ਦਾ ਟਾਈਟਲ ਕਿਰਦਾਰ ਨਿਭਾਇਆ ਸੀ। ਇਸ ਫਿਲਮ ਵਿੱਚ ਸ਼ਾਂਤਾ ਨੇ ਸ਼ਾਂਤਾਰਿਨ ਦੇ ਨਾਮ ਨਾਲ ਸ਼ਕੁੰਤਲਾ ਦੀ ਸਹੇਲੀ ‘ਪ੍ਰਿਯੰਵਦਾ’ ਦਾ ਪਾਰਟ ਅਦਾ ਕੀਤਾ। ਵਸੰਤ ਦੇਸਾਈ ਦੇ ਸੰਗੀਤ ’ਚ ਦੀਵਾਨ ਸ਼ਰਰ ਦਾ ਲਿਖਿਆ ‘ਤੁਮਹੇਂ ਪ੍ਰਸੰਨ ਯੂੰ ਦੇਖ ਕੇ…ਆਓ ਸਖੀ ਰੀ ਆਓ’ (ਜਯਸ੍ਰੀ, ਜ਼ੌਹਰਾ ਬਾਈ, ਪਰਸ਼ੂਰਾਮ, ਸਾਥੀ) ਗੀਤ ਸ਼ਾਤਾਂਰਿਨ, ਜਯਸ੍ਰੀ, ਕੁਮਾਰ ਗਣੇਸ਼ ਤੇ ਸਾਥੀਆਂ ’ਤੇ ਫਿਲਮਾਇਆ ਗਿਆ ਸੀ। ਮਹਾਂਕਵੀ ਕਾਲੀਦਾਸ ਦੇ ਸੰਸਕ੍ਰਿਤ ਦੇ ਨਾਟਕ ‘ਅਭਿਗਿਆਨ ਸੰਕੁੰਤਲਮ’ ’ਤੇ ਆਧਾਰਿਤ ਇਹ ਕਾਮਯਾਬ ਫਿਲਮ ਅਮਰੀਕਾ ਵਿੱਚ ਵਿਖਾਈ ਜਾਣ ਵਾਲੀ ਪਹਿਲੀ ਭਾਰਤੀ ਫਿਲਮ ਸੀ। ਇਸ ਫਿਲਮ ਨੂੰ 1947 ਵਿੱਚ ਵੈਨਿਸ ਫਿਲਮ ਫੈਸਟੀਵਲ ’ਚ ਗਰਾਂਡ ਇੰਟਰਨੈਸ਼ਨਲ ਐਵਾਰਡ ਦੇ ਲਈ ਨਾਮਜ਼ਦ ਕੀਤਾ ਗਿਆ ਸੀ। ਇਸੇ ਬੈਨਰ ਦੀ ਵੀ. ਸ਼ਾਂਤਾਰਾਮ (ਸਹਾਇਕ ਚੰਦਰ ਸ਼ੇਖਰ) ਨਿਰਦੇਸ਼ਿਤ ਫਿਲਮ ‘ਪਰਬਤ ਪੇ ਅਪਨਾ ਡੇਰਾ ਹੈ’ (1944) ’ਚ ਸ਼ਾਂਤਾਰਿਨ ਨੇ ‘ਨੈਨੀ’ ਦਾ ਕਿਰਦਾਰ ਜਿਸ ਦੇ ਰੂਬਰੂ ਅਦਾਕਾਰ ਮਦਨ ਮੋਹਨ (ਸੰਗੀਤਕਾਰ ਮਦਨ ਮੋਹਨ ਨਹੀਂ) ਨੇ ‘ਮੰਗਲ’ ਦਾ ਰੋਲ ਕੀਤਾ ਜਦੋਂਕਿ ਮਰਕਜ਼ੀ ਕਿਰਦਾਰ ਵਿੱਚ ਅਦਾਕਾਰਾ ਵਨਮਾਲਾ ਤੇ ਉਲਾਸ ਮੌਜੂਦ ਸਨ। ਵਸੰਤ ਦੇਸਾਈ ਦੇ ਸੰਗੀਤ ’ਚ ਦੀਵਾਨ ਸ਼ਰਰ ਦੇ ਲਿਖੇ ‘ਹਮਸੇ ਕਰ ਲੇ ਪ੍ਰੀਤ ਰੀ ਜੋਗਨ’, ‘ਆ ਨਿਕਲੋ ਗੁਈਆਂ ਮੇਰੀ ਗਲੀ ਸੇ’ (ਨਸੀਮ ਅਖ਼ਤਰ, ਵਸੰਤ ਦੇਸਾਈ) ਗੀਤ ਸ਼ਾਂਤਾਰਿਨ ਤੇ ਮਦਨ ਮੋਹਨ ’ਤੇ ਫ਼ਿਲਮਾਏ ਗਏ ਸਨ। ਸਪੀਡਵੇ ਫਿਲਮਜ਼, ਬੰਬੇ ਦੀ ਏ. ਕਰੀਮ ਨਿਰਦੇਸ਼ਿਤ ਸਟੰਟ ਫਿਲਮ ‘ਬਦਮਾਸ਼’ (1944) ’ਚ ਸ਼ਾਂਤਾਰਿਨ ਨੇ ਬੇਂਜਾਮਿਨ ਤੇ ਅਨਿਲ ਕੁਮਾਰ ਨਾਲ ਅਦਾਕਾਰੀ ਕੀਤੀ। ਸੋਹਰਾਬ ਮੋਦੀ ਦੇ ਫਿਲਮਸਾਜ਼ ਅਦਾਰੇ ਮਿਨਰਵਾ ਮੂਵੀਟੋਨ ਦੀ ਸੋਹਰਾਬ ਮੋਦੀ ਨਿਰਦੇਸ਼ਿਤ ਤਾਰੀਖ਼ੀ ਫਿਲਮ ‘ਏਕ ਦਿਨ ਕਾ ਸੁਲਤਾਨ’ (1945) ’ਚ ਅਦਾਕਾਰਾ ਮਹਿਤਾਬ ਨੇ ‘ਕੌਸਰ’ ਦਾ ਤੇ ਆਰ. ਵਾਸਤੀ ਨੇ ‘ਨਿਜ਼ਾਮ ਖ਼ਾਨ’ ਦਾ ਕਿਰਦਾਰ ਅਤੇ ਸ਼ਾਂਤਾਰਿਨ ਨੇ ਕੌਸਰ ਦੀ ਬਾਂਦੀ ‘ਸੰਬੁਲ’ ਦਾ ਪਾਰਟ ਜਿਸ ਦੇ ਸਨਮੁੱਖ ਏ. ਸ਼ਾਹ ਨੇ ਬਹਿਸ਼ਤੀ ‘ਆਜ਼ਿਮ’ ਦਾ ਮਜ਼ਾਹੀਆ ਰੋਲ ਨਿਭਾਇਆ। ਸ਼ੀਰਾਜ਼ ਅਲੀ ਹਕੀਮ ਤੇ ਰਮਜ਼ਾਨ ਅਲੀ ਲਖਾਨੀ ਦੇ ਫਿਲਮਸਾਜ਼ ਅਦਾਰੇ ਈਸਟਰਨ ਪਿਕਚਰਜ਼, ਬੰਬੇ ਦੀ ਸਈਅਦ ਸ਼ੌਕਤ ਹੂਸੈਨ ਰਿਜ਼ਵੀ (ਸ਼ੌਹਰ ਅਦਾਕਾਰਾ ਨੂਰਜਹਾਂ) ਨਿਰਦੇਸ਼ਿਤ ਫਿਲਮ ‘ਜ਼ੀਨਤ’ (1945) ਜਿਸ ਦਾ ਟਾਈਟਲ ਰੋਲ ਨੂਰਜਹਾਂ ਨੇ ਅਦਾ ਕੀਤਾ। ਇਸ ਫਿਲਮ ’ਚ ਸ਼ਾਂਤਾਰਿਨ ਨੇ ਅਦਾਕਾਰਾ ਨਸੀਮ ਜੂਨੀਅਰ (ਭੈਣ ਅਦਾਕਾਰਾ ਸ਼ਮੀਮ) ਦੀ ਸਹੇਲੀ ‘ਜਮੀਲਾ’ ਦਾ ਕਿਰਦਾਰ ਨਿਭਾਇਆ। ਮੀਰ ਸਾਹਿਬ ਦੇ ਸੰਗੀਤ ’ਚ ਗੀਤ ‘ਸਖੀ ਆਇਆ ਸਾਵਨ ਆਇਆ’ ਸ਼ਾਂਤਾਰਿਨ, ਸ਼ਿਆਮਾ (ਲਾਹੌਰ) ਤੇ ਸਹੇਲੀਆਂ ਉੱਪਰ ਫਿਲਮਾਇਆ ਗਿਆ ਸੀ। ਫਿਲਮਸਾਜ਼ ਤੇ ਹਿਦਾਇਤਕਾਰ ਵਿਨਾਇਕ ਦੇ ਫਿਲਮਸਾਜ਼ ਅਦਾਰੇ ਦੀ ਪੁਰਾਣਿਕ ਫਿਲਮ ‘ਸੁਭੱਦਰਾ’ (1946) ’ਚ ਸ਼ਾਂਤਾਰਿਨ ਨੇ ‘ਰੂਪਾ’ ਦਾ ਪਾਰਟ ਨਿਭਾਇਆ ਜਦੋਂਕਿ ‘ਸੁਭੱਦਰਾ’ ਦਾ ਟਾਈਟਲ ਰੋਲ ਅਦਾਕਾਰਾ ਸ਼ਾਂਤਾ ਆਪਟੇ ਨਿਭਾ ਰਹੀ ਸੀ। ਸਟਾਰ ਪਿਕਚਰਜ਼, ਬੰਬੇ ਦੀ ਰਮਣੀਕ ਦੇਸਾਈ ਨਿਰਦੇਸ਼ਿਤ ਫਿਲਮ ‘ਦਾਸੀ ਯਾ ਮਾਂ’ (1946) ’ਚ ਸ਼ਾਂਤਾਰਿਨ ਨੇ ਸਾਥੀ ਅਦਾਕਾਰਾ ਦਾ ਪਾਰਟ ਅਦਾ ਕੀਤਾ। ਰਾਜਕਮਲ ਕਲਾਮੰਦਿਰ, ਬੰਬੇ ਦੀ ਵਿਨਾਇਕ ਨਿਰਦੇਸ਼ਿਤ ਫਿਲਮ ‘ਜੀਵਨ ਯਾਤਰਾ’ (1946) ’ਚ ਸ਼ਾਂਤਾਰਿਨ ਨੇ ਸਾਥੀ ਅਦਾਕਾਰਾ ‘ਮੋਹਨ’ ਦਾ ਕਿਰਦਾਰ ਅਦਾ ਕੀਤਾ ਜਦੋਂਕਿ ਮੁੱਖ ਭੂਮਿਕਾ ਵਿੱਚ ਅਦਾਕਾਰਾ ਨਯਨ ਤਾਰਾ ‘ਸੁਨੰਦਾ’ ਦਾ ਤੇ ਯਾਕੂਬ ‘ਰਾਜਾ’ ਦੇ ਰੋਲ ਵਿੱਚ ਮੌਜੂਦ ਸੀ। ਚੰਦਰਮਾ ਪਿਕਚਰਜ਼, ਬੰਬੇ ਦੀ ਵਸੰਤ ਜੋਗਲੇਕਰ ਨਿਰਦੇਸ਼ਿਤ ਫਿਲਮ ‘ਆਪਕੀ ਸੇਵਾ ਮੇਂ’ (1947) ’ਚ ਸ਼ਾਂਤਾਰਿਨ ਨੇ ‘ਨੀਲਾ’ ਦਾ, ਕਾਮੇਡੀਅਨ ਦੀਕਸ਼ਤ ਨੇ ‘ਸ਼ੰਭੂਨਾਥ’ ਦਾ ਤੇ ਕੇਸਰੀ ਨੇ ‘ਭੋਲਾਨਾਥ’ ਦਾ ਪਾਤਰ ਨਿਭਾਇਆ। ਇਹ ਫਿਲਮ ਬੀਬੀ ਲਤਾ ਮੰਗੇਸ਼ਕਰ ਦੀ ਬਤੌਰ ਪਸ-ਏ-ਪਰਦਾ ਗੁਲੂਕਾਰਾ ਵਜੋਂ ਪਹਿਲੀ ਹਿੰਦੀ ਫਿਲਮ ਸੀ ਜਿਸ ਵਿੱਚ ਉਨ੍ਹਾਂ ਨੇ 3 ਏਕਲ ਗੀਤ ਗਾਏ ਸਨ। ਪ੍ਰਦੀਪ ਪਿਕਚਰਜ਼, ਬੰਬੇ ਦੀ ਜੀ. ਪੀ. ਪਵਾਰ ਨਿਰਦੇਸ਼ਿਤ ਫਿਲਮ ‘ਇੰਤਜ਼ਾਰ ਕੇ ਬਾਦ’ (1947) ’ਚ ਸ਼ਾਂਤਾਰਿਨ ਤੇ ਲਾਹੌਰ ਦਾ ਗੱਭਰੂ ਰਹਿਮਾਨ ਜੋੜੀਦਾਰ ਵਜੋਂ ਆਪਣੇ ਫ਼ਨ ਦੀ ਨੁਮਾਇਸ਼ ਕਰ ਰਹੇ ਸਨ। ਪ੍ਰਕਾਸ਼ ਪਿਕਚਰਜ਼, ਬੰਬੇ ਦੀ ਵਿਜੈ ਭੱਟ ਨਿਰਦੇਸ਼ਿਤ ਫਿਲਮ ‘ਸਮਾਜ ਕੋ ਬਦਲ ਡਾਲੋ’ (1947) ’ਚ ਸ਼ਾਂਤਾਰਿਨ ਨੇ ਸਾਥੀ ਅਦਾਕਾਰਾ ਦਾ ਪਾਰਟ ਅਦਾ ਕੀਤਾ ਜਦੋਂਕਿ ਮੁੱਖ ਭੂਮਿਕਾ ਵਿੱਚ ਅਰੁਣ ਅਹੂਜਾ (ਗੁਜਰਾਂਵਾਲਾ/ਗੋਵਿੰਦਾ ਦੇ ਪਿਤਾ) ਤੇ ਮ੍ਰਿਦੂਲਾ ਸ਼ਾਮਲ ਸਨ। ਪ੍ਰਕਾਸ਼ ਪਿਕਚਰਜ਼, ਬੰਬੇ ਦੀ ਹੀ ਸ਼ਾਂਤੀ ਕੁਮਾਰ ਨਿਰਦੇਸ਼ਿਤ ਪੁਰਾਣਿਕ ਫਿਲਮ ‘ਭਗਤ ਧਰੁਵ’ (1947) ਜਿਸ ਦਾ ਟਾਈਟਲ ਰੋਲ ਸ਼ਸ਼ੀ ਕਪੂਰ (ਰਾਜ ਕਪੂਰ ਦਾ ਭਰਾ ਨਹੀਂ) ਨੇ ਅਦਾ ਕੀਤਾ। ਫਿਲਮ ’ਚ ਸ਼ਾਂਤਾਰਿਨ ਨੇ ‘ਮਹਾਂਰਾਣੀ ਸੁਰੂਚੀ’ ਦਾ ਕਿਰਦਾਰ ਨਿਭਾਇਆ। ਨੀਲਕਮਲ ਮੰਦਿਰ, ਬੰਬੇ ਦੀ ਅਮੈਨੂਅਲ ਨਿਰਦੇਸ਼ਿਤ ਫਿਲਮ ‘ਰਾਜ਼’ (1949) ’ਚ ਸ਼ਾਂਤਾਰਿਨ ਨੇ ‘ਮਧੂ’ ਤੇ ‘ਸ਼ਾਂਤਾ’ ਦਾ ਡਬਲ ਕਿਰਦਾਰ ਜਿਸ ਦੇ ਰੂਬਰੂ ਅਦਾਕਾਰ ਮੋਹਨ ਸਹਿਗਲ ‘ਮੋਹਨ’ ਦਾ ਪਾਰਟ ਅਦਾ ਕਰ ਰਿਹਾ ਸੀ।
ਰਾਜਕਮਲ ਕਲਾ ਮੰਦਿਰ ਲਿਮਟਿਡ, ਬੰਬੇ ਦੀ ਵੀ. ਸ਼ਾਂਤਾਰਾਮ ਨਿਰਦੇਸ਼ਿਤ ਫਿਲਮ ‘ਦਹੇਜ’ (1950) ’ਚ ਸ਼ਾਂਤਰਿਨ ਨੇ ਫਿਲਮ ਦੀ ਮੁੱਖ ਅਦਾਕਾਰ ਜਯਸ੍ਰੀ (ਚੰਦਾ) ਦੀ ਸਹੇਲੀ ‘ਸ਼ਕੁੰਤਲਾ’ ਦਾ ਪਾਰਟ ਅਦਾ ਕੀਤਾ ਸੀ। ਵਸੰਤ ਦੇਸਾਈ ਦੇ ਸੰਗੀਤ ’ਚ ਸ਼ਮਸ ਲਖਨਵੀ ਦਾ ਲਿਖਿਆ ‘ਏ ਕਾਲੇ ਬਾਦਲ ਬੋਲ ਤੂ ਕਿਓਂ ਇਤਰਾਤਾ ਹੈ’ (ਸ਼ਮਸ਼ਾਦ ਬੇਗ਼ਮ) ਸ਼ਾਂਤਾਰਿਨ ’ਤੇ ਫਿਲਮਾਇਆ ਮਕਬੂਲਤਰੀਨ ਗੀਤ ਸੀ। ਇਸ ਤੋਂ ਬਾਅਦ ਸ਼ਾਂਤਾ ਫਿਲਮੀ ਪਰਦੇ ਤੋਂ ਇਕਦਮ ਲੋਪ ਹੋ ਗਈ।
ਕਾਫ਼ੀ ਤਹਿਕੀਕ ਕਰਨ ਦੇ ਬਾਵਜੂਦ ਸ਼ਾਂਤਾ ਬਾਰੇ ਹੋਰ ਮਾਲੂਮਾਤ ਨਹੀਂ ਮਿਲ ਸਕੀ। ਵੰਡ ਤੋਂ ਬਾਅਦ ਉਹ ਭਾਰਤ ਰਹਿ ਗਈ ਜਾਂ ਪਾਕਿਸਤਾਨ ਚਲੀ ਗਈ? ਪਰ ਫਿਲਮਾਂ ਵਿੱਚ ਨਿਭਾਏ ਆਪਣੇ ਸ਼ਾਨਦਾਰ ਕਿਰਦਾਰਾਂ ਸਦਕਾ ਉਹ ਹਮੇਸ਼ਾਂ ਯਾਦ ਕੀਤੀ ਜਾਂਦੀ ਰਹੇਗੀ।
ਸੰਪਰਕ: 97805-09545