ਮਨਦੀਪ ਸਿੰਘ ਸਿੱਧੂ
ਸਾਲ 1935 ਵਿਚ 29 ਮਾਰਚ ਨੂੰ ਸਾਂਝੇ ਪੰਜਾਬ ਦੀ ਪਹਿਲੀ ਪੰਜਾਬੀ ਫ਼ਿਲਮ ‘ਇਸ਼ਕ-ਏ-ਪੰਜਾਬ’ ਉਰਫ਼ ‘ਮਿਰਜ਼ਾ ਸਾਹਿਬਾਂ’ ਤੋਂ ਸ਼ੁਰੂ ਹੋਇਆ ਪੰਜਾਬੀ ਸਿਨਮਾ ਦਾ ਸਫ਼ਰ ਅੱਜ ਸਫਲਤਾ ਦੀ ਬੁਲੰਦ ਪਰਵਾਜ਼ ਭਰ ਰਿਹਾ ਹੈ। ਉਸੇ ਮਜ਼ਬੂਤ ਨੀਂਹ ’ਤੇ ਖੜ੍ਹਾ ਇਹ ਆਪਣੀ 86ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਦੌਰਾਨ ਇਸ ਨੇ ਕਈ ਉਤਰਾਅ ਚੜ੍ਹਾਅ ਦੇਖੇ। ਅੱਜ ਆਲਮ ਇਹ ਹੈ ਕਿ ਪੌਲੀਵੁੱਡ ਦੀਆਂ ਫ਼ਿਲਮਾਂ ਦਾ ਬਜਟ ਲੱਖਾਂ ਤੋਂ ਕਰੋੜਾਂ ਰੁਪਇਆਂ ਵਿਚ ਪਹੁੰਚ ਗਿਆ ਹੈ।
ਵੰਡ ਤੋਂ ਪਹਿਲਾਂ ਪੰਜਾਬੀ ਸਿਨਮਾ ਦੇ ਤਿੰਨ ਵੱਡੇ ਫ਼ਿਲਮ ਮਰਕਜ਼ ਸਨ ਬੰਬਈ, ਕਲਕੱਤਾ ਅਤੇ ਲਾਹੌਰ। ਇਨ੍ਹਾਂ ਨੇ 1935 ਤੋਂ 1946 ਤਕ ਕੁੱਲ 35 ਪੰਜਾਬੀ ਫ਼ੀਚਰ ਫ਼ਿਲਮਾਂ ਬਣਾ ਕੇ ਪੰਜਾਬੀ ਸਿਨਮਾ ਦਾ ਪਰਚਮ ਬੁਲੰਦ ਕੀਤਾ। ਵੰਡ ਤੋਂ ਪਹਿਲਾਂ ਫ਼ਿਲਮ ਮਰਕਜ਼ ਬੰਬੇ ਵਿਚ 5, ਕਲਕੱਤਾ ਵਿਚ 13 ਅਤੇ ਲਾਹੌਰ ਵਿਚ 17 ਪੰਜਾਬੀ ਫ਼ਿਲਮਾਂ ਨੁਮਾਇਸ਼ ਹੋਈਆਂ, ਜਿਨ੍ਹਾਂ ਦੇ ਸੰਖੇਪ ਹਵਾਲੇ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ।
ਬੰਬੇ ਮਰਕਜ਼:
ਫ਼ਿਲਮਾਂ ਦੇ ਵੱਡੇ ਮਰਕਜ਼ ਬੰਬੇ ਨੇ 5 ਪੰਜਾਬੀ ਫ਼ਿਲਮਾਂ ਬਣਾਈਆਂ ਸਨ। ਸਾਂਝੇ ਪੰਜਾਬ ਵਿਚ ਤਿਆਰਸ਼ੁਦਾ ਭਾਰਤ ਦੀ ਪਹਿਲੀ ਬੋਲਦੀ ਪੰਜਾਬੀ ਫ਼ੀਚਰ ਫ਼ਿਲਮ ਬਣਾਉਣ ਦਾ ਇਜ਼ਾਜ਼ ਵੀ ਬੰਬੇ ਦੀ ਹਿੰਦਮਾਤਾ ਸਿਨੇਟੋਨ ਕੰਪਨੀ ਨੂੰ ਹਾਸਲ ਹੋਇਆ ਹੈ। 1932 ਵਿਚ ਉਨ੍ਹਾਂ ਨੇ ਪੰਜਾਬੀ ਫ਼ਿਲਮ ਬਣਾਉਣ ਦਾ ਐਲਾਨ ਕਰ ਦਿੱਤਾ। ਇਸ ਖ਼ਵਾਬ ਨੂੰ ਸਾਕਾਰ ਕਰਨ ਲਈ ਉਹ ਬੰਬੇ ਤੋਂ ਲਾਹੌਰ ਸ਼ਿਫਟ ਹੋ ਗਏ। ਲਾਹੌਰ ਵਿਚ ਫ਼ਿਲਮਸਾਜ਼ ਬੋਮਨ ਸ਼ਰਾਫ਼ ਨੇ ਇਸ ਦੀ ਹਿਦਾਇਤਕਾਰੀ ਦਾ ਕੰਮ ਸਿੰਧੀ ਨੌਜਵਾਨ ਐੱਨ. ਬੁਲਚੰਦਾਨੀ ਨੂੰ ਸੌਂਪਿਆ। ਬੁਲਚੰਦਾਨੀ ਨੇ ਫ਼ਿਲਮ ਦੀ ਕਮਾਂਡ ਸੰਭਾਲ ਤਾਂ ਲਈ, ਪਰ ਉਹ ਇਸ ਨੂੰ ਪੂਰਾ ਕਰਨ ਵਿਚ ਕਾਮਯਾਬ ਨਾ ਹੋ ਸਕਿਆ। ਓੜਕ ਇਸ ਫ਼ਿਲਮ ਦੀ ਸ਼ੂਟਿੰਗ ਪੰਜਾਬ ਦੀ ਧਰਤ ਉੱਤੇ 1933 ਵਿਚ ਮਾਰੂਫ਼ ਹਿਦਾਇਤਕਾਰ ਜੀ. ਆਰ ਸੇਠੀ ਦੀ ਹਿਦਾਇਤਕਾਰੀ ’ਚ ਦੁਬਾਰਾ ਸ਼ੁਰੂ ਹੋਈ। ਦੋ ਸਾਲਾਂ ਤੀਕਰ ਇਸ ਫ਼ਿਲਮ ਨੂੰ ਸਵਾਦਲਾ ਅਤੇ ਕਾਮਯਾਬ ਬਣਾਉਣ ਲਈ ਹਿੰਦਮਾਤਾ ਸਿਨੇਟੋਨ ਕੰਪਨੀ ਨੇ ਪੈਸੇ ਪਾਣੀ ਵਾਂਗ ਵਹਾਏ। ਬਾਅਦ ਵਿਚ ਇਸ ਫ਼ਿਲਮ ਨੂੰ ‘ਮਿਰਜ਼ਾ ਸਾਹਿਬਾਂ’ ਦੀ ਬਜਾਏ ‘ਇਸ਼ਕ-ਏ-ਪੰਜਾਬ’ ਉਰਫ਼ ‘ਮਿਰਜ਼ਾ-ਸਾਹਿਬਾਂ’ ਦੇ ਨਾਮ ਨਾਲ 29 ਮਾਰਚ 1935 ਨੂੰ ਨਿਰੰਜਨ ਟਾਕੀਜ਼, ਮੈਕਲੋਡ ਰੋਡ, ਲਾਹੌਰ ਵਿਖੇ ਨੁਮਾਇਸ਼ ਲਈ ਪੇਸ਼ ਕਰ ਦਿੱਤਾ। ਫ਼ਿਲਮ ’ਚ ‘ਮਿਰਜ਼ੇ’ ਦਾ ਕਿਰਦਾਰ ਪੰਜਾਬ ਦੇ ਨਾਮਵਰ ਗਵੱਈਏ ਤੇ ਰਬਾਬੀ ਭਾਈ ਦੇਸਾ ‘ਅੰਮ੍ਰਿਤਸਰ’ ਨੇ ਅਤੇ ਸਾਹਿਬਾਂ ਦਾ ਪਾਰਟ ਨਵੀਂ ਅਦਾਕਾਰਾ ਵਜੋਂ ਮੁਤਆਰਿਫ਼ ਹੋਈ ਤਹਿਸੀਲ ਚੂਨੀਆਂ (ਜ਼ਿਲ੍ਹਾ ਲਾਹੌਰ) ਦੀ ਪੰਜਾਬਣ ਮੁਟਿਆਰ ਮਿਸ ਖ਼ੁਰਸ਼ੀਦ ਬਾਨੋ ਨੇ ਅਦਾ ਕੀਤਾ ਸੀ। ਬੇਸ਼ੱਕ ਇਹ ਫ਼ਿਲਮ ਕੋਈ ਬਹੁਤਾ ਕਮਾਲ ਨਹੀਂ ਵਿਖਾ ਸਕੀ ਸੀ। ਅਲਬੱਤਾ ਪੰਜਾਬੀ ਫ਼ਿਲਮਸਾਜ਼ਾਂ ਦੇ ਮਨਾਂ ਨੂੰ ਇਕ ਸਾਰਥਿਕ ਹਲੂਣਾ ਤੇ ਚਿਣਗ ਜ਼ਰੂਰ ਦੇ ਗਈ।
ਬੰਬੇ ’ਚ ਬਣਨ ਵਾਲੀ ਦੂਜੀ ਪੰਜਾਬੀ ਫ਼ਿਲਮ ਸੇਠ ਚੰਦੂ ਲਾਲ ਸ਼ਾਹ ਦੇ ਫ਼ਿਲਮਸਾਜ਼ ਅਦਾਰੇ ਸ੍ਰੀ ਰਣਜੀਤ ਮੂਵੀਟੋਨ ਦੀ ਡੀ. ਐੱਨ. ਮਧੋਕ ਨਿਰਦੇਸ਼ਿਤ ‘ਮਿਰਜ਼ਾ ਸਾਹਿਬਾਂ’ (1939) ਸੀ। ਫ਼ਿਲਮ ਵਿਚ ਪਹਿਲੀ ਵਾਰ ਐਬਟਾਬਾਦ ਦਾ ਪੰਜਾਬੀ ਗੱਭਰੂ ਜ਼ਹੂਰ ਰਾਜਾ ਨਵੇਂ ਹੀਰੋ ਵਜੋਂ ਪੇਸ਼ ਹੋਇਆ ਤੇ ਉਸ ਨੇ ‘ਮਿਰਜ਼ਾ’ ਦਾ ਟਾਈਟਲ ਕਿਰਦਾਰ ਅਦਾ ਕੀਤਾ। ਤੀਜੀ ਫ਼ਿਲਮ ਮਹਬਿੂਬ ਖ਼ਾਨ ਦੇ ਫ਼ਿਲਮਸਾਜ਼ ਅਦਾਰੇ ਸਾਗਰ ਮੂਵੀਟੋਨ, ਬੰਬੇ ਦੀ ‘ਅਲੀ ਬਾਬਾ ਐਂਡ ਦਾ ਫੋਰਟੀ ਥੀਵਸ’ (1940) ਸੀ। ਚੌਥੀ ਏ. ਆਰ. ਕਾਰਦਾਰ ਦੇ ਫ਼ਿਲਮਸਾਜ਼ ਅਦਾਰੇ ਨਿਸ਼ਾਤ ਪ੍ਰੋਡਕਸ਼ਨਜ਼, ਬੰਬੇ (ਪਹਿਲੀ ਫ਼ਿਲਮ) ਦੀ ਜੇ. ਕੇ. ਨੰਦਾ ਨਿਰਦੇਸ਼ਿਤ ‘ਕੁੜਮਾਈ’ (1941) ਸੀ। 5ਵੀਂ ਲਾਲਾ ਯਾਕੂਬ ਤੇ ਖ਼ੁਰਸ਼ੀਦ ਬਾਨੋ ਦੇ ਫ਼ਿਲਮਸਾਜ਼ ਅਦਾਰੇ ਮਾਡਰਨ ਪਿਕਚਰਜ਼, ਬੰਬੇ ਦੀ ‘ਪਟੋਲਾ’ (1942) ਸੀ। ਫ਼ਿਲਮ ਵਿਚ ਪਹਿਲੀ ਵਾਰ ਸੁਜਾਨਗੜ੍ਹ (ਬੀਕਾਨੇਰ) ਦੇ ਗੱਭਰੂ ਪੰਡਤ ਖੇਮਚੰਦ ਪ੍ਰਕਾਸ਼ ਨੇ ਕਿਸੇ ਪੰਜਾਬੀ ਫ਼ਿਲਮ ਦਾ ਸੰਗੀਤ ਮੁਰੱਤਬਿ ਕੀਤਾ ਸੀ।
ਕਲਕੱਤਾ ਮਰਕਜ਼:
ਕਲਕੱਤੇ ਵਿਚ ਬਣਨ ਵਾਲੀ ਪਹਿਲੀ ਫ਼ਿਲਮ ਮਾਦਨ ਥੀਏਟਰ, ਕਲਕੱਤਾ ਦੀ ਕੇ. ਡੀ. ਮਿਹਰਾ ਉਰਫ਼ ਕ੍ਰਿਸ਼ਨ ਦੇਵ ਮਿਹਰਾ ਨਿਰਦੇਸ਼ਿਤ ‘ਸ਼ੀਲਾ’ ਉਰਫ਼ ‘ਪਿੰਡ ਦੀ ਕੁੜੀ’ (1936) ਸੀ ਜੋ ਪੰਜਾਬੀਆਂ ਦੁਆਰਾ ਬਣਾਈ ਪਹਿਲੀ ਪੰਜਾਬੀ ਫ਼ਿਲਮ ਸੀ। ਫ਼ਿਲਮ ਦੀ ਕਹਾਣੀ ਤੇ ਗੀਤ ਕੇ. ਡੀ. ਮਿਹਰਾ ਅਤੇ ਸੰਗੀਤ ਮਾਸਟਰ ਧੂਮੀ ਖ਼ਾਨ ਰਾਮਪੁਰੀ ਨੇ ਮੁਰੱਤਬਿ ਕੀਤਾ ਸੀ। ਫ਼ਿਲਮ ਵਿਚ ਪਹਿਲੀ ਵਾਰ ਕਸੂਰ ਦੀ ਬਾਲੜੀ ਅੱਲਾ ਵਸਾਈ ਉਰਫ਼ ਨੂਰਜਹਾਂ ਬਾਲ ਅਦਾਕਾਰਾ ਵਜੋਂ ਮੁਤਆਰਿਫ਼ ਹੋਈ ਜੋ ਬਾਅਦ ਵਿਚ ਬਰ-ਏ-ਸਗੀਰ ਵਿਚ ਦਰਾਜ਼ ਕੱਦ ਵਾਲੀ ਅਦਾਕਾਰਾ ਤੇ ਗੁਲੂਕਾਰਾ ਸਾਬਤ ਹੋਈ। ਫ਼ਿਲਮ ਵਿਚ ਪਿੰਡ ਦੀ ਕੁੜੀ ‘ਸ਼ੀਲਾ’ ਦਾ ਟਾਈਟਲ ਕਿਰਦਾਰ ਨਵਾਬ ਬੇਗ਼ਮ ਉਰਫ਼ ‘ਮਾਬੀ’ ਨੇ ਅਦਾ ਕੀਤਾ, ਜਿਸ ਦੇ ਰੂਬਰੂ ਗੁੱਜਰਾਂਵਾਲਾ ਦਾ ਗੱਭਰੂ ਕੁੰਦਨਲਾਲ ਰਾਜਪਾਲ ‘ਕੇਦਾਰ’ ਪਾਰਟ ਅਦਾ ਕਰ ਰਿਹਾ ਸੀ। ਟੌਲੀਵੁੱਡ ਸਟੂਡੀਓ, ਕਲਕੱਤਾ ਦੀ ਪੇਸ਼ਕਸ਼ ਇਹ ਫ਼ਿਲਮ 26 ਮਾਰਚ 1937 ਨੂੰ ਮੈਕਲੋਡ, ਲਾਹੌਰ ਵਿਖੇ ਨੁਮਾਇਸ਼ ਹੋਈ ਤੇ ਸੁਪਰਹਿੱਟ ਫ਼ਿਲਮ ਕਰਾਰ ਪਾਈ। ਕਲਕੱਤਾ ’ਚ ਬਣਨ ਵਾਲੀ ਦੂਜੀ ਫ਼ਿਲਮ ਇੰਦਰਾ ਮੂਵੀਟੋਨ ਦੀ ਕੇ. ਡੀ. ਮਿਹਰਾ ਨਿਰਦੇਸ਼ਿਤ ‘ਹੀਰ ਸਿਆਲ’ (1938) ਸੀ। ਪਹਿਲੀ ਵਾਰ ਪੰਜਾਬ ਦੇ ਮਸ਼ਹੂਰ ਕਵੀ ਫ਼ਿਰੋਜ਼ਦੀਨ ਸ਼ਰਫ਼ ਨੇ ਮੁਕਾਲਮੇ ਤੇ ਗੀਤ ਲਿਖੇ ਸਨ। ਸੇਠ ਮੋਤੀ ਲਾਲ ਚਾਮਰੀਆ ਦੇ ਫ਼ਿਲਮਸਾਜ਼ ਅਦਾਰੇ ਮੋਤੀ ਮਹਿਲ ਥੀਏਟਰਜ਼ ਲਿਮਟਿਡ, ਕਲਕੱਤਾ ਦੀ ਬੀ. ਐੱਸ. ਰਾਜਹੰਸ ਨਿਰਦੇਸ਼ਿਤ ‘ਸੂਰਦਾਸ’ ਉਰਫ਼ ‘ਭਗਤ ਸੂਰਦਾਸ’ (1939) ਵਿਚ ਲਾਹੌਰ ਦੇ ਗੱਭਰੂ ਆਰ. ਵਾਸਤੀ ਨੇ ‘ਸੂਰਦਾਸ’ ਦਾ ਟਾਈਟਲ ਕਿਰਦਾਰ ਨਿਭਾਇਆ। ਇੰਦਰਾ ਮੂਵੀਟੋਨ, ਕਲਕੱਤਾ ਦੀ ਆਰ. ਐੱਲ. ਸ਼ੌਰੀ (ਸੀਨੀ.) ਨਿਰਦੇਸ਼ਿਤ ਫ਼ਿਲਮ ‘ਪੂਰਨ ਭਗਤ’ (1939) ਵਿਚ ਪਹਿਲੀ ਵਾਰ ਗੁਜਰਾਂਵਾਲਾ ਦੇ ਗੱਭਰੂ ਕਰਨ ਦੀਵਾਨ ਨੇ ‘ਪੂਰਨ ਭਗਤ’ ਦਾ ਟਾਈਟਲ ਪਾਰਟ ਅਦਾ ਕੀਤਾ। ਇਸੇ ਬੈਨਰ ਦੀ ਹੀ ਦਾਊਦ ਚਾਂਦ ਨਿਰਦੇਸ਼ਿਤ ਫ਼ਿਲਮ ‘ਸੱਸੀ ਪੁੱਨੂੰ’ (1939) ਵਿਚ ਬਾਲੋ ਨੇ ‘ਸੱਸੀ’ ਦਾ ਅਤੇ ‘ਪੁਨੂੰ’ ਦਾ ਟਾਈਟਲ ਰੋਲ ਗ੍ਰਾਮੋਫ਼ੋਨ ਸਿੰਗਰ ਮੁਹੰਮਦ ਅਸਲਮ ਨੇ ਅਦਾ ਕੀਤਾ। ਮੋਤੀ ਮਹਿਲ ਥੀਏਟਰਜ਼ ਦੀ ਬੀ. ਐੱਸ. ਰਾਜਹੰਸ ਨਿਰਦੇਸ਼ਿਤ ਫ਼ਿਲਮ ‘ਸੋਹਣੀ ਕੁਮ੍ਹਾਰਨ’ (1939) ਵਿਚ ਨਗ਼ਮਾਨਿਗਾਰ ਵਲੀ ਸਾਹਿਬ ਨੇ ਮੁਮਤਾਜ਼ ਸ਼ਾਂਤੀ ਨੂੰ ਨਵੀਂ ਅਦਾਕਾਰਾ ਵਜੋਂ ‘ਸੋਹਣੀ’ ਦੇ ਕਿਰਦਾਰ ਵਿਚ ਪੇਸ਼ ਕੀਤਾ। ਇੰਦਰਾ ਮੂਵੀਟੋਨ ਦੀ ਧਰਮਵੀਰ ਸਿੰਘ ਨਿਰਦੇਸ਼ਿਤ ਫ਼ਿਲਮ ‘ਲੈਲਾ ਮਜਨੂੰ’ (1940) ਵਿਚ ਪਹਿਲੀ ਵਾਰ ‘ਲੈਲਾ ਮਜਨੂੰ’ ਦਾ ਟਾਈਟਲ ਰੋਲ ਦੋ ਜਨਾਨਾ ਅਦਾਕਰਾਵਾਂ ਨਜ਼ੀਰ ਬੇਗ਼ਮ (ਲੈਲਾ) ਤੇ ਪੁਸ਼ਪਾ ਰਾਣੀ (ਮਜਨੂੰ) ਨੇ ਨਿਭਾਇਆ। ਪਹਿਲੀ ਵਾਰ ਇਸ ਫ਼ਿਲਮ ਦੇ ਗੀਤ ਤੇ ਮੁਕਾਲਮੇ ਬੀ. ਸੀ. ਬੇਕਲ ‘ਅੰਮ੍ਰਿਤਸਰ’ ਨੇ ਤਹਿਰੀਰ ਕਰਨ ਦੇ ਨਾਲ-ਨਾਲ ਫ਼ਿਲਮ ’ਚ ‘ਸਦੀਕ’ ਦਾ ਕਿਰਦਾਰ ਵੀ ਅਦਾ ਕੀਤਾ ਸੀ। ਇੰਦਰਾ ਮੂਵੀਟੋਨ ਦੀ ਹੀ ਕੇ. ਡੀ. ਮਿਹਰਾ ਨਿਰਦੇਸ਼ਿਤ ਫ਼ਿਲਮ ‘ਮੇਰਾ ਪੰਜਾਬ’ (1940) ’ਚ ਲਾਹੌਰ ਦੇ ਗੱਭਰੂ ਹੀਰਾ ਲਾਲ ਨੇ ਪਹਿਲੀ ਵਾਰ ਹੀਰੋ ਦਾ ਰੋਲ ਕੀਤਾ। ਜਗਤ ਪਿਕਚਰਜ਼, ਕਲਕੱਤਾ ਫਣੀ ਮਜੂਮਦਾਰ ਨਿਰਦੇਸ਼ਿਤ ਫ਼ਿਲਮ ‘ਚੰਬੇ ਦੀ ਕਲੀ’ (1941) ’ਚ ਲਤਾ (ਲਤਾ ਮੰਗੇਸ਼ਕਰ ਨਹੀਂ) ਤੇ ਹਬੀਬ ਕਾਬਲੀ ਨੇ ਮਰਕਜ਼ੀ ਕਿਰਦਾਰ ਅਦਾ ਕੀਤੇ। ਆਰ. ਸੀ. ਤਲਵਾਰ ਦੇ ਫ਼ਿਲਮਸਾਜ਼ ਅਦਾਰੇ ਤਲਵਾਰ ਪ੍ਰੋਡਕਸ਼ਨਜ਼, ਕਲਕੱਤਾ ਦੇ ਬੈਨਰ ਹੇਠ ਬਣਨ ਵਾਲੀ ਆਖ਼ਰੀ ਪੰਜਾਬੀ ਫ਼ਿਲਮ ‘ਪਰਦੇਸੀ ਢੋਲਾ’ (1941) ਸੀ। ਇਹ ਕਲਕੱਤੇ ਵਿਚ ਬਣਨ ਵਾਲੀ 13ਵੀਂ ਤੇ ਆਖ਼ਰੀ ਪੰਜਾਬੀ ਫ਼ਿਲਮ ਸੀ।
ਲਾਹੌਰ ਮਰਕਜ਼:
ਲਾਹੌਰ, ਪੰਜਾਬ ਵਿਚ ਬਣਨ ਵਾਲੀ ਪਹਿਲੀ ਪੰਜਾਬੀ ਫ਼ਿਲਮ ਦਲਸੁਖ ਐੱਮ. ਪੰਚੋਲੀ ਦੇ ਫ਼ਿਲਮਸਾਜ਼ ਅਦਾਰੇ ਪੰਚੋਲੀ ਪਿਕਚਰਜ਼, ਲਾਹੌਰ ਦੀ ‘ਗੁਲ ਬਕਾਵਲੀ’ (1939) ਸੀ। ਇਹ ਫ਼ਿਲਮ ਸੰਗੀਤਕਾਰ ਵਜੋਂ ਅੰਮ੍ਰਿਤਸਰ ਦੇ ਰਬਾਬੀ ਭਾਈ ਗ਼ੁਲਾਮ ਹੈਦਰ ਦੀ ਵੀ ਪਹਿਲੀ ਪੰਜਾਬੀ ਫ਼ਿਲਮ ਸੀ। 65 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਸ ਫ਼ਿਲਮ ਨੇ 15 ਲੱਖ ਰੁਪਏ ਦਾ ਬਿਜ਼ਨਸ ਕਰਕੇ ਪੰਜਾਬੀ ਸਿਨਮਾ ਨੂੰ ਭਰਵਾਂ ਹੁਲਾਰਾ ਦਿੱਤਾ ਸੀ। ਲਾਹੌਰ ਵਿਚ ਬਣਨ ਵਾਲੀ ਦੂਜੀ ਫ਼ਿਲਮ ਰੌਸ਼ਨ ਲਾਲ ਸ਼ੋਰੀ ਦੇ ਫ਼ਿਲਮਸਾਜ਼ ਅਦਾਰੇ ਕਮਲਾ ਮੂਵੀਟੋਨ ਦੀ ਪਹਿਲੀ ਪੰਜਾਬੀ ਫ਼ਿਲਮ ‘ਸੋਹਣੀ ਮਹੀਂਵਾਲ’ (1939) ਸੀ। ਤੀਜੀ ਵੀ ਕਮਲਾ ਮੂਵੀਟੋਨ ਦੀ ਹੀ ਰੂਪ ਕੇ. ਸ਼ੋਰੀ ਨਿਰਦੇਸ਼ਿਤ ‘ਦੁੱਲਾ ਭੱਟੀ’ ਉਰਫ਼ ‘ਅੰਨ੍ਹੀ ਜਵਾਨੀ’ (1940) ਸੀ। ਚੌਥੀ ਵੀ ਕਮਲਾ ਮੌਵੀਟੋਨ ਦੀ ਆਰ. ਐੱਲ. ਸ਼ੋਰੀ (ਸੀਨੀ.) ਤੇ ਰੂਪ ਕੇ. ਸ਼ੋਰੀ (ਜੂਨੀ.) ਦੀ ਹਿਦਾਇਤਕਰੀ ਵਿਚ ਬਣੀ ‘ਇਕ ਮੁਸਾਫ਼ਰ’ (1940) ਸੀ। 5ਵੀਂਂ ਪੰਚੋਲੀ ਆਰਟ ਪਿਕਚਰਜ਼, ਲਾਹੌਰ ਦੀ ‘ਯਮਲਾ ਜੱਟ’ (1940) ਸੀ। ਛੇਵੀਂ ਫ਼ਿਲਮ ਸਿਸਟੋਫ਼ੋਨ ਪਿਕਚਰਜ਼, ਲਾਹੌਰ ਦੀ ‘ਚਤਰ ਬਕਾਵਲੀ’ (1941) ਸੀ। ਇਸ ਤੋਂ ਇਲਾਵਾ ਪੰਚੋਲੀ ਆਰਟ ਬੈਨਰ ਦੀ ਹੀ ‘ਚੌਧਰੀ’ (1941), ਠਾਕੁਰ ਰਾਜਿੰਦਰ ਸਿੰਘ ਦੇ ਫ਼ਿਲਮਸਾਜ਼ ਅਦਾਰੇ ਨੌਰਦਰਨ ਇੰਡੀਆ ਸਟੂਡੀਓਜ਼ ਲਿਮਟਿਡ, ਲਾਹੌਰ ਦੀ ‘ਮੇਰਾ ਮਾਹੀ’ (1941) ਤੇ ‘ਸਹਿਤੀ ਮੁਰਾਦ’ (1941) ਸੀ। ਕਿਸ਼ੋਰੀ ਲਾਲ ਸ਼ਾਹ ਦੇ ਫ਼ਿਲਮਸਾਜ਼ ਅਦਾਰੇ ‘ਸਿਨੇ ਸਟੂਡੀਓਜ਼, ਲਾਹੌਰ ਦੀ ‘ਗਵਾਂਢੀ’ (1942), ਸ਼ੋਰੀ ਪਿਕਚਰਜ਼, ਲਾਹੌਰ ਦੀ ਰੂਪ ਕੇ. ਸ਼ੋਰੀ ਨਿਰਦੇਸ਼ਿਤ ‘ਮੰਗਤੀ’ (1942) ਸੀ। ਮੰਗਤੀ ਪੰਜਾਬੀ ਫ਼ਿਲਮ ਇਤਿਹਾਸ ਦੀ ਪਹਿਲੀ ਗੋਲਡਨ ਜੁਬਲੀ ਫ਼ਿਲਮ ਸੀ, ਜਿਸ ਨੇ ਰਿਕਾਰਡ ਤੋੜ ਬਿਜ਼ਨਸ ਕੀਤਾ ਸੀ। ਕਵੀ ਨੰਦਲਾਲ ਨੂਰਪੁਰੀ ਨੇ ਇਸ ਫ਼ਿਲਮ ਦੇ ਮੁਕਾਲਮੇ ਤੇ ਗੀਤ ਲਿਖ ਕੇ ਆਪਣਾ ਨਾਮ ਅਮਰ ਕਰਵਾ ਲਿਆ ਸੀ। ਪੰਡਤ ਗੋਬਿੰਦਰਾਮ ਦੇ ਸੰਗੀਤ ’ਚ ਸਜੇ ਇਸ ਫ਼ਿਲਮ ਦੇ ਗੀਤਾਂ ਨੇ ਧੁੰਮਾਂ ਪਾ ਦਿੱਤੀਆਂ ਸਨ। ਇੱਥੇ 17ਵੀਂ ਫ਼ਿਲਮ ਠਾਕੁਰ ਹਿੰਮਤ ਸਿੰਘ ਦੇ ਫ਼ਿਲਮਸਾਜ਼ ਅਦਾਰੇ ਦੀ ਲਾਹੌਰ ਵਿਚ ਬਣਨ ਵਾਲੀ ਪਹਿਲੀ ਤੇ ਆਖ਼ਰੀ ਪੰਜਾਬੀ ਫ਼ਿਲਮ ‘ਕਮਲੀ’ (1946) ਸੀ। ਦੇਸ਼ ਵੰਡ ਦਾ ਸਭ ਤੋਂ ਵੱਡਾ ਖਮਿਆਜ਼ਾ ਸਾਂਝੇ ਪੰਜਾਬ ਦੇ ਪੰਜਾਬੀਆਂ ਅਤੇ ਪੰਜਾਬੀ ਫ਼ਿਲਮ ਸਨਅਤ ਨੂੰ ਭੁਗਤਣਾ ਪਿਆ। ਸਾਂਝਾ ਪੰਜਾਬ ਦੋ ਹਿੱਸਿਆਂ ’ਚ ਵੰਡਿਆ ਗਿਆ। ਲਾਹੌਰ ਜੋ ਵੰਡ ਤੋਂ ਪਹਿਲਾਂ ਫ਼ਿਲਮਾਂ ਦੇ ਤੀਸਰੇ ਵੱਡੇ ਮਰਕਜ਼ ਵਜੋਂ ਉੱਭਰ ਕੇ ਸਾਹਮਣੇ ਆਇਆ ਸੀ। ਉਹ ਹੁਣ ਤਬਾਹ ਹੋ ਗਿਆ ਸੀ। ਲਿਹਾਜ਼ਾ 1935 ਤੋਂ ਲੈ ਕੇ 1946 ਤਕ ਬਣੀਆਂ ਕੁੱਲ 35 ਪੰਜਾਬੀ ਫ਼ੀਚਰ ਫ਼ਿਲਮਾਂ ਦੇ ਪ੍ਰਿੰਟ ਨਾ ਤਾਂ ਅੱਜ ਭਾਰਤ ਵਿਚ ਹਨ ਅਤੇ ਨਾ ਹੀ ਪਾਕਿਸਤਾਨ ਵਿਚ।
ਵੰਡ ਤੋਂ ਬਾਅਦ:
ਸਾਲ 1946-47 ਵਿਚ ਕੁਝ ਪੰਜਾਬੀ ਫ਼ਿਲਮਾਂ ਸ਼ੁਰੂ ਹੋਈਆਂ, ਜਿਨ੍ਹਾਂ ਵਿਚੋਂ ਕੁਝ ਪੂਰੀਆਂ ਹੋਈਆਂ ਅਤੇ ਕੁਝ ਸ਼ੁਰੂ ਹੋਣ ਤੋਂ ਬਾਅਦ ਬਣੀਆਂ ਹੀ ਨਹੀਂ। ਜੈਮਿਨੀ ਦੀਵਾਨ ਪ੍ਰੋਡਕਸ਼ਨਜ਼ ਦੀ ਫ਼ਿਲਮ ‘ਡਾਕਟਰ ਚਮਨ’ ਜੋ ਲਾਹੌਰ ਵਿਚ ਸ਼ੁਰੂ ਹੋਈ ਸੀ ਵੰਡ ਤੋਂ ਬਾਅਦ ਬੰਬੇ ਜਾ ਕੇ ‘ਚਮਨ’ ਦੇ ਨਾਮ ਨਾਲ 1948 ਵਿਚ ਮੁਕੰਮਲ ਹੋਈ ਤੇ ਬਲਾਕ ਬਸਟਰ ਫ਼ਿਲਮ ਕਰਾਰ ਪਾਈ। 1949 ਵਿਚ ਸਿਰਫ਼ ਇਕੋ ਪੰਜਾਬੀ ਫ਼ਿਲਮ ‘ਲੱਛੀ’ ਬਣੀ, ਜਿਸ ਵਿਚ ‘ਲੱਛੀ’ ਦਾ ਕਿਰਦਾਰ ਮਨੋਰਮਾ ਨੇ ਅਦਾ ਕੀਤਾ ਸੀ। 1950 ਵਿਚ ਫ਼ਿਲਮ ‘ਭਾਈਆ ਜੀ’, ‘ਮਦਾਰੀ’, ‘ਛਈ’ ਤੇ ‘ਮੁਟਿਆਰ’ ਵਰਗੀਆਂ ਨਗ਼ਮਾਤੀ ਤੇ ਮਜ਼ਾਹੀਆ ਫ਼ਿਲਮਾਂ
ਰਿਲੀਜ਼ ਹੋਈਆਂ, ਜਿਨ੍ਹਾਂ ਦਾ ਸੰਗੀਤ ਅੱਜ ਵੀ ਕੰਨਾ ’ਚ ਰਸ ਘੋਲਦਾ ਹੈ। ‘ਬਾਲੋ’ (1951) ਵਿਚ ਪਹਿਲੀ ਵਾਰ ਉਰਦੂ ਅਦਬ ਦੇ ਅਜ਼ੀਮ ਸ਼ਾਇਰ ਸਾਹਿਰ ਲੁਧਿਆਣਵੀ ਨੇ ਤਮਾਮ ਗੀਤ ਪੰਜਾਬੀ ਵਿਚ ਲਿਖੇ ਸਨ। 1953-54 ਵਿਚ ਰਿਲੀਜ਼ ਹੋਈਆਂ ਫ਼ਿਲਮਾਂ ‘ਜੁਗਨੀ’ ਅਤੇ ‘ਕੌਡੇ ਸ਼ਾਹ’, ‘ਲਾਰਾ ਲੱਪਾ’ (1953), ‘ਅਸ਼ਟੱਲੀ’, ‘ਸ਼ਾਹ ਜੀ’, ‘ਵਣਜਾਰਾ’ (1954) ਵੀ ਗੀਤ-ਸੰਗੀਤ ਪੱਖੋਂ ਕਾਮਯਾਬ ਰਹੀਆਂ। 1959 ਵਿਚ ਨੁਮਾਇਸ਼ ਹੋਈ ਗੋਲਡਨ ਮੂਵੀਜ਼, ਬੰਬੇ ਦੀ ਜੁਗਲ ਕਿਸ਼ੋਰ ਨਿਰਦੇਸ਼ਿਤ ਫ਼ਿਲਮ ‘ਭੰਗੜਾ’ ਨੇ ਪੰਜਾਬੀ ਫ਼ਿਲਮ ਇਤਿਹਾਸ ਵਿਚ ਨਵੀਂ ਕ੍ਰਾਂਤੀ ਲੈ ਆਂਦੀ। ਇਸ ਤੋਂ ਪਹਿਲਾਂ ਬਣਦੀਆਂ ਫ਼ਿਲਮਾਂ ਮਹਿਜ਼ ਕਹਾਣੀ ਅਤੇ ਸੰਗੀਤ ਪ੍ਰਧਾਨ ਹੁੰਦੀਆਂ ਸਨ, ਪਰ ਫ਼ਿਲਮ ‘ਭੰਗੜਾ’ ਨੇ ਪੰਜਾਬੀਆਂ ਦੇ ਮਸ਼ਹੂਰ ਲੋਕ ਨ੍ਰਿਤ ਭੰਗੜਾ ਨੂੰ ਪੰਜਾਬੀ ਫ਼ਿਲਮ ਇਤਿਹਾਸ ਦਾ ਅਹਿਮ ਹਿੱਸਾ ਬਣਾ ਦਿੱਤਾ। 1960ਵਿਆਂ ਦੇ ਦਹਾਕੇ ਦੀ ਗੱਲ ਕਰੀਏ ਤਾਂ ਹਿਦਾਇਤਕਾਰ ਜੁਗਲ ਕਿਸ਼ੋਰ ਨੇ ਗੋਲਡਨ ਮੂਵੀਜ਼ ਦੇ ਬੈਨਰ ਹੇਠ ਫ਼ਿਲਮ ‘ਦੋ ਲੱਛੀਆਂ’ (1960), ਸ਼ਾਂਤੀ ਪ੍ਰਕਾਸ਼ ਬਖ਼ਸ਼ੀ ਦੀ ਫ਼ਿਲਮ ‘ਹੀਰ ਸਿਆਲ’, ਹਿਦਾਇਤਕਾਰ ਮਜਨੂੰ ਦੀ ‘ਪੱਗੜੀ ਸੰਭਾਲ ਜੱਟਾ’ (1960), ਹਿਦਾਇਤਕਾਰ ਏ. ਐੱਸ. ਅਰੋੜਾ ਦੀ ‘ਯਮਲਾ ਜੱਟ’, ‘ਗੁੱਡੀ’, ‘ਜੱਟੀ’, ‘ਜੀਜਾ ਜੀ’, ‘ਵਲਾਇਤ ਪਾਸ’ (1961), ‘ਢੋਲ ਜਾਨੀ’, ‘ਖੇਡਣ ਦੇ ਦਿਨ ਚਾਰ’, ‘ਪਰਦੇਸੀ ਢੋਲਾ’ (1962) ਵੀ ਕਹਾਣੀ ਤੇ ਗੀਤ-ਸੰਗੀਤ ਪੱਖੋਂ ਬੇਹੱਦ ਯਾਦਗਾਰੀ ਤੇ ਸਫਲ ਫ਼ਿਲਮਾਂ ਕਰਾਰ ਪਾਈਆਂ।
ਇਸੇ ਸਾਲ ਨੁਮਾਇਸ਼ ਹੋਈ ਹਿਦਾਇਤਕਾਰ ਕ੍ਰਿਸ਼ਨ ਕੁਮਾਰ ਦੀ ਫ਼ਿਲਮ ‘ਚੌਧਰੀ ਕਰਨੈਲ ਸਿੰਘ’ (1962) ਜੋ ਵੰਡ ਦੇ ਵਿਸ਼ੇ ਉੱਤੇ ਬਣੀ ਉਮਦਾ ਫ਼ਿਲਮ ਸੀ। ਇਸ ਵਿਚ ਪਹਿਲੀ ਵਾਰ ਲਾਹੌਰ ਦਾ ਗੱਭਰੂ ਪ੍ਰੇਮ ਚੋਪੜਾ ਨਵੇਂ ਹੀਰੋ ਵਜੋਂ ਪੇਸ਼ ਹੋਇਆ ਜੋ ਬਾਅਦ ਵਿਚ ਹਿੰਦੀ ਫ਼ਿਲਮਾਂ ਦਾ ਨਾਮੀ ਖ਼ਲ ਅਦਾਕਾਰ ਸਾਬਤ ਹੋਇਆ। ਫ਼ਿਲਮ ਨੂੰ ਬਿਹਤਰੀਨ ਕਹਾਣੀ ਦਾ ਨੈਸ਼ਨਲ ਐਵਾਰਡ ਵੀ ਮਿਲਿਆ ਜੋ ਪਹਿਲੀ ਵਾਰ ਕਿਸੇ ਪੰਜਾਬੀ ਫ਼ਿਲਮ ਨੂੰ ਮਿਲ ਰਿਹਾ ਸੀ। ਰਾਜਕੁਮਾਰ ਕੋਹਲੀ ਦੇ ਫ਼ਿਲਮਸਾਜ਼ ਅਦਾਰੇ ਸ਼ੰਕਰ ਮੂਵੀਜ਼, ਬੰਬੇ ਦੀ ਬਲਦੇਵ ਆਰ. ਝੀਂਗਣ ਨਿਰਦੇਸ਼ਿਤ ਫ਼ਿਲਮ ‘ਪਿੰਡ ਦੀ ਕੁੜੀ’ (1963) ਕਹਾਣੀ ਤੇ ਸੰਗੀਤ ਪੱਖੋਂ ਕਾਮਯਾਬ ਫ਼ਿਲਮ ਕਰਾਰ ਪਾਈ। ਫ਼ਿਲਮਏਜ਼, ਬੰਬੇ ਦੀ ਜੁਗਲ ਕਿਸ਼ੋਰ ਨਿਰਦੇਸ਼ਿਤ ਫ਼ਿਲਮ ‘ਜੱਗਾ’ (1964) ਨੂੰ ਬਿਹਤਰੀਨ ਪੰਜਾਬੀ ਫ਼ਿਲਮ ਦਾ ਨੈਸ਼ਨਲ ਐਵਾਰਡ ਮਿਲਿਆ। ਗੋਪਾਲ ਸਹਿਗਲ ਨੇ ਆਪਣੇ ਫ਼ਿਲਮਸਾਜ਼ ਅਦਾਰੇ ਅਲਪਨਾ ਫ਼ਿਲਮਜ਼, ਬੰਬੇ ਦੇ ਬੈਨਰ ਹੇਠ ‘ਮਾਮਾ ਜੀ’ (1964) ਬਣਾਈ ਜੋ ਬੜੀ ਹਿੱਟ ਰਹੀ। ਮਾਹੇਸ਼ਵਰੀ ਪਿਕਚਰਜ਼, ਬੰਬੇ ਦੀ ਪਦਮ ਮਾਹੇਸ਼ਵਰੀ ਨਿਰਦੇਸ਼ਿਤ ਫ਼ਿਲਮ ‘ਸਤਲੁਜ ਦੇ ਕੰਢੇ’ (1964) ਵਿਚ ਬਲਰਾਜ ਸਾਹਨੀ ਨੇ ਚੀਫ ਇੰਜਨੀਅਰ ‘ਰਾਮ ਪ੍ਰਕਾਸ਼ ਮਲਹੋਤਰਾ’ ਦਾ ਕਿਰਦਾਰ ਨਿਭਾਇਆ। ਇਸ ਫ਼ਿਲਮ ਨੂੰ 1967 ਵਿਚ ਬਿਹਤਰੀਨ ਪੰਜਾਬੀ ਫ਼ਿਲਮ ਦਾ ਨੈਸ਼ਨਲ ਐਵਾਰਡ ਮਿਲਿਆ। ਫ਼ਿਲਮਿਸਤਾਨ (ਪ੍ਰਾ.) ਲਿਮਟਿਡ, ਬੰਬੇ ਦੀ ਐੱਸ. ਪੀ. ਬਖ਼ਸ਼ੀ ਨਿਰਦੇਸ਼ਿਤ ਫ਼ਿਲਮ ‘ਸੱਸੀ ਪੁਨੂੰ’ (1965) ਪਹਿਲੀ ਈਸਟਮੈਨ ਕਲਰ ਫ਼ਿਲਮ ਸੀ, ਜਿਸ ਨੂੰ ਬਿਹਤਰੀਨ ਕਹਾਣੀ ਦਾ ਨੈਸ਼ਨਲ ਐਵਾਰਡ ਮਿਲਿਆ। ਸ਼ੰਕਰ ਮੂਵੀਜ਼ ਦੀ ਫ਼ਿਲਮ ‘ਦੁੱਲਾ ਭੱਟੀ’ (1966) ਵੀ ਸੁਪਰਹਿੱਟ ਰਹੀ। ਫ਼ਿਲਮ ‘ਕਦੇ ਧੁੱਪ ਕਦੇ ਛਾਂ’ (1967) ਨੂੰ ਵਧੀਆ ਕਹਾਣੀ ਦਾ ਸਟੇਟ ਐਵਾਰਡ ਮਿਲਿਆ। ਕਲਪਨਾਲੋਕ ਲਿਮਟਿਡ, ਅੰਮ੍ਰਿਤਸਰ ਦੀ ਰਾਮ ਮਾਹੇਸ਼ਵਰੀ ਨਿਰਦੇਸ਼ਿਤ ਫ਼ਿਲਮ ‘ਨਾਨਕ ਨਾਮ ਜਹਾਜ਼ ਹੈ’ (1969) ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਉਤਸਵ ਨੂੰ ਅਰਪਿਤ ਸੀ, ਨੂੰ 1969 ਵਿਚ ਬਿਹਤਰੀਨ ਪੰਜਾਬੀ ਫ਼ਿਲਮ ਦਾ ਨੈਸ਼ਨਲ ਐਵਾਰਡ ਮਿਲਿਆ। ਪ੍ਰਿਥਵੀਰਾਜ ਕਪੂਰ, ਵੀਨਾ, ਸੁਰੇਸ਼, ਨਿਸ਼ੀ, ਵਿੰਮੀ, ਸੋਮ ਦੱਤ, ਆਈ. ਐੱਸ. ਜੌਹਰ ਦੀ ਉਮਦਾ ਅਦਾਕਾਰੀ ਨਾਲ ਸਜੀ ਇਹ ਪੰਜਾਬੀ ਫ਼ਿਲਮ ਇਤਿਹਾਸ ਦੀ ਪਹਿਲੀ ਫ਼ਿਲਮ ਸੀ, ਜਿਸ ਨੂੰ ਲੋਕਾਂ ਨੇ ਬੜੇ ਅਦਬ ਨਾਲ ਸਿਨਮਾ ਘਰਾਂ ਵਿਚ ਜਾ ਕੇ ਵੇਖਿਆ ਸੀ।
1970ਵਿਆਂ ਦੇ ਦਹਾਕੇ ਵਿਚ ਕੁੱਲ 65 ਪੰਜਾਬੀ ਫ਼ੀਚਰ ਫ਼ਿਲਮਾਂ ਨੁਮਾਇਸ਼ ਹੋਈਆਂ, ਪਰ ਇਸ ਦੌਰ ਵਿਚ ਬਣੀਆਂ ਬਹੁਤੀਆਂ ਪੰਜਾਬੀ ਫ਼ਿਲਮਾਂ ਨਿਰੋਲ ਪੈਂਡੂ ਰਹਿਤਲ ਤੋਂ ਦੂਰ ਤੇ ਸ਼ਹਿਰੀਨੁਮਾ ਸੱਭਿਆਚਾਰ ਨਾਲ ਓਤ-ਪੋਤ ਸਨ। ਜੇ ਇਸ ਦੌਰ ਵਿਚ ਬਣੀਆਂ ਧਾਰਮਿਕ ਫ਼ਿਲਮਾਂ ਦੀ ਗੱਲ ਕਰੀਏ ਤਾਂ ‘ਨਾਨਕ ਦੁਖੀਆ ਸਭ ਸੰਸਾਰ’, ‘ਦੁਖ ਭੰਜਨ ਤੇਰਾ ਨਾਮ’, ‘ਸਵਾ ਲਾਖ ਸੇ ਏਕ ਲੜਾਊਂ’, ‘ਗੁਰੂ ਮਾਨਿਓ ਗ੍ਰੰਥ’ ਵਧੀਆ ਹੋਣ ਦੇ ਬਾਵਜੂਦ ਫ਼ਿਲਮ ‘ਨਾਨਕ ਨਾਮ ਜਹਾਜ਼ ਹੈ’ ਵਰਗੀ ਸਫਲਤਾ ਹਾਸਲ ਨਹੀਂ ਕਰ ਸਕੀਆਂ। ਇਸ ਦਹਾਕੇ ’ਚ ਬਣੀਆਂ ਦੇਸ਼ ਭਗਤੀ ਨੂੰ ਸਮਰਪਿਤ ਫ਼ਿਲਮਾਂ ’ਚ ‘ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ’ (1974), ‘ਧਰਤੀ ਸਾਡੀ ਮਾਂ’ (1976), ‘ਸ਼ਹੀਦ ਊਧਮ ਸਿੰਘ’ (1977), ‘ਉਡੀਕਾਂ’ (1978), ‘ਸਰਦਾਰ-ਏ-ਆਜ਼ਮ’ (1979) ਤੇ ‘ਸ਼ਹੀਦ ਕਰਤਾਰ ਸਿੰਘ ਸਰਾਭਾ’ (1979) ਦਰਸ਼ਕਾਂ ਵਿਚ ਦੇਸ਼ ਭਗਤੀ ਦੀ ਅਲਖ ਜਗਾਉਣ ਵਿਚ ਕਾਮਯਾਬ ਰਹੀਆਂ। ਡਾਕੂਆਂ ਦੀ ਜੀਵਨੀ ’ਤੇ ਬਣੀਆਂ ‘ਮਨਿ ਜੀਤੈ ਜਗੁਜੀਤੁ’ (1973), ‘ਦੋ ਸ਼ੇਰ’ (1974), ‘ਡਾਕੂ ਸ਼ਮਸ਼ੇਰ ਸਿੰਘ’ (1975), ‘ਜੁਗਨੀ’ (1979) ਆਦਿ ਵੀ ਪਸੰਦ ਕੀਤੀਆਂ ਗਈਆਂ।
1980 ਤੋਂ 1989 ਤਕ ਤਕਰੀਬਨ 80 ਪੰਜਾਬੀ ਫ਼ਿਲਮਾਂ ਨੁਮਾਇਸ਼ ਹੋਈਆਂ। ਚਿਤਰਾਰਥ ਸਿੰਘ ਦੀ ਫ਼ਿਲਮ ‘ਚੰਨ ਪ੍ਰਦੇਸੀ’ (1980) ਆਪਣੀ ਬਿਹਤਰੀਨ ਕਹਾਣੀ ਸਦਕਾ ਨੈਸ਼ਨਲ ਐਵਾਰਡ ਲੈਣ ਵਿਚ ਕਾਮਯਾਬ ਰਹੀ। ਸਤੀਸ਼ ਭਾਖੜੀ ਦੀ ‘ਰਾਣੋ’, ਜੇ. ਓਮ ਪ੍ਰਕਾਸ਼ ਦੀ ‘ਆਸਰਾ ਪਿਆਰ ਦਾ’, ਵਰਿੰਦਰ ਦੀਆਂ ‘ਬਟਵਾਰਾ’ ਤੇ ‘ਲਾਜੋ’ ਫ਼ਿਲਮਾਂ ਵੀ ਪਸੰਦ ਕੀਤੀਆਂ ਗਈਆਂ। ਪੰਜਾਬੀ ਰੰਗਮੰਚ ਦੀ ਹਸਤੀ ਹਰਪਾਲ ਟਿਵਾਣਾ ਦੇ ਫ਼ਿਲਮਸਾਜ਼ ਅਦਾਰੇ ਨੱਟ-ਨੱਟੀ ਪ੍ਰੋਡਕਸ਼ਨਜ਼, ਲੁਧਿਆਣਾ ਦੀ ਹਰਪਾਲ ਟਿਵਾਣਾ ਨਿਰਦੇਸ਼ਿਤ ਫ਼ਿਲਮ ‘ਲੌਂਗ ਦਾ ਲਿਸ਼ਕਾਰਾ’(1983) ਆਪਣੀ ਬਿਹਤਰੀਨ ਸੰਵਾਦ-ਅਦਾਇਗੀ ਕਰਕੇ ਸੁਪਰਹਿੱਟ ਫ਼ਿਲਮ ਕਰਾਰ ਪਾਈ। ਹਰੀ ਦੱਤ ਦੀ ਫ਼ਿਲਮ ‘ਮਾਮਲਾ ਗੜਬੜ ਹੈ’ (1983) ’ਚ ਨਵੇਂ ਅਦਾਕਾਰ ਵਜੋਂ ਗੁਰਦਾਸ ਮਾਨ ਪੇਸ਼ ਹੋਇਆ। ਇਸ ਦੌਰ ਵਿਚ ਆਈ ਗਿੱਲ ਆਰਟਸ, ਬੰਬੇ ਦੀ ਫ਼ਿਲਮ ‘ਪੁੱਤ ਜੱਟਾਂ ਦੇ’ (1983) ਪਹਿਲੀ ਐਕਸ਼ਨ ਫ਼ਿਲਮ ਸੀ, ਜਿਸ ਨੇ ਰਿਕਾਰਡ ਤੋੜ ਬਿਜ਼ਨਸ ਕਰਦਿਆਂ ਪੰਜਾਬੀ ਫ਼ਿਲਮ ਇਤਿਹਾਸ ਦੀ ਧਾਰਾ ਹੀ ਬਦਲ ਦਿੱਤੀ। ਫ਼ਿਲਮਾਂ ਰੁਮਾਨੀ ਦੌਰ ਤੋਂ ਇਕਦਮ ਐਕਸ਼ਨ ਵੱਲ ਮੁੜ ਗਈਆਂ। ਇਸੇ ਦਹਾਕੇ ’ਚ ਆਈ ਵੀ. ਕੇ. ਸੋਬਤੀ ਦੀ ਫ਼ਿਲਮ ‘ਵੈਰੀ ਜੱਟ’ (1985) ਪਹਿਲੀ ਸਿਨਮਾ ਸਕੋਪ ਪੰਜਾਬੀ ਫ਼ਿਲਮ ਸੀ। 1986 ਵਿਚ ਹਿਦਾਇਤਕਾਰ ਜਗਜੀਤ ਦੀ ਫ਼ਿਲਮ ‘ਗੱਭਰੂ ਪੰਜਾਬ ਦਾ’ (1986) ਤੇ ‘ਪਟੋਲਾ’ (1987) ਵੀ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤੀਆਂ ਗਈਆਂ। ਕੇ. ਪੱਪੂ ਦੀ ‘ਉੱਚਾ ਦਰ ਬਾਬੇ ਨਾਨਕ ਦਾ’ ਤੋਂ ਬਾਅਦ ਵਰਿੰਦਰ ਦੀ ਹਿਦਾਇਤਕਾਰੀ ਵਿਚ ਬਣੀ ‘ਯਾਰੀ ਜੱਟ ਦੀ’ (1987) ਸਿਲਵਰ ਜੁਬਲੀ ਫ਼ਿਲਮ ਕਰਾਰ ਪਾਈ। ਹੁਣ ਵਰਿੰਦਰ ਦਾ ਸਿਤਾਰਾ ਬੁਲੰਦੀ ਵੱਲ ਸੀ। ਜਦੋਂ ਉਸ ਨੇ ਆਪਣੀ ਅਦਾਕਾਰੀ ਤੇ ਹਿਦਾਇਤਕਾਰੀ ਵਿਚ ਫ਼ਿਲਮ ‘ਜੱਟ ਤੇ ਜ਼ਮੀਨ’ (1989) ਬਣਾਈ, ਤਾਂ ਉਸ ਦੀ ਹੱਤਿਆ ਕਰ ਦਿੱਤੀ ਗਈ। ਵਰਿੰਦਰ ਦਾ ਸਿਤਾਰਾ ਗ਼ਰੂਬ ਹੁੰਦਿਆਂ ਹੀ ਇਕ ਵਾਰੀ ਤਾਂ ਪੰਜਾਬੀ ਸਿਨਮਾ ’ਚ ਖੜੋਤ ਆਈ। 1989 ਵਿਚ ਆਈ ਆਈ ਐੱਨ. ਐੱਫ. ਡੀ. ਸੀ. ਦੀ ਆਰਟ ਫ਼ਿਲਮ ‘ਮੜੀ ਦਾ ਦੀਵਾ’ ਨੈਸ਼ਨਲ ਐਵਾਰਡ ਲੈਣ ਵਿਚ ਕਾਮਯਾਬ ਰਹੀ।
1990 ਤੋਂ 1999 ਤਕ ਲਗਭਗ 107 ਪੰਜਾਬੀ ਫ਼ਿਲਮਾਂ ਨੁਮਾਇਸ਼ ਹੋਈਆਂ। 1990 ਵਿਚ ਆਈ ਗਿੱਲ ਆਰਟਸ, ਬੰਬੇ ਦੀ ਰਵਿੰਦਰ ਰਵੀ ਨਿਰਦੇਸ਼ਿਤ ਐਕਸ਼ਨ ਫ਼ਿਲਮ ‘ਅਣਖ ਜੱਟਾਂ ਦੀ’ ਨਾਲ ਇਕ ਵਾਰ ਫਿਰ ਸਿਨਮਾ ਨੂੰ ਤਕੜਾ ਹੁਲਾਰਾ ਮਿਲਿਆ। 1991 ਵਿਚ ਆਈ ਰਵਿੰਦਰ ਰਵੀ ਦੀ ‘ਬਦਲਾ ਜੱਟੀ ਦਾ’ ਵੀ ਸੁਪਰਹਿੱਟ ਰਹੀ। ਬਾਕੀ ਇਸ ਦੌਰ ਵਿਚ ਆਈਆਂ ਬਹੁਤੀਆਂ ਪੰਜਾਬੀ ਫ਼ਿਲਮਾਂ ਪਾਕਿਸਤਾਨੀ ਫ਼ਿਲਮਾਂ ਦੀ ਕਾਪੀ ਸਨ ਜੋ ਕਹਾਣੀ ਤੇ ਮਿਆਰ ਪੱਖੋਂ ਬਹੁਤੀਆਂ ਕਾਮਯਾਬ ਨਹੀਂ ਹੋਈਆਂ। ਅਲਬੱਤਾ ਇਸੇ ਦਹਾਕੇ ’ਚ ਆਈ ਮਸ਼ਹੂਰ ਵਿਅੰਗਕਾਰ ਜਸਪਾਲ ਭੱਟੀ ਦੀ ਫ਼ਿਲਮ ‘ਮਾਹੌਲ ਠੀਕ’ (1998) ਨੇ ਇਕ ਵਾਰ ਫੇਰ ਪੰਜਾਬੀ ਸਿਨਮਾ ਦਾ ਮਾਹੌਲ ਠੀਕ ਕਰ ਦਿੱਤਾ।
ਇਸ ਤੋਂ ਬਾਅਦ ਕੁਝ ਫ਼ਿਲਮਾਂ ਆਪਣੀ ਬਿਹਤਰੀਨ ਕਹਾਣੀ ਕਰਕੇ ਨੈਸ਼ਨਲ ਐਵਾਰਡ ਜੇਤੂ ਰਹੀਆਂ, ਜਿਨ੍ਹਾਂ ਵਿਚ ਵਿਜੈ ਟੰਡਨ ਦੀ ‘ਕਚਹਿਰੀ’ (1993), ਬਲਵੰਤ ਦੁਲੱਟ ਦੀ ‘ਮੈਂ ਮਾਂ ਪੰਜਾਬ ਦੀ’ (1997) ਮਨਜੀਤ ਮਾਨ ਦੀ ‘ਸ਼ਹੀਦ-ਏ-ਮੁਹੱਬਤ ਬੂਟਾ ਸਿੰਘ’ (1998) ਅਤੇ ਇਕਬਾਲ ਢਿੱਲੋਂ ਦੀ ਫ਼ਿਲਮ ‘ਸ਼ਹੀਦ ਊਧਮ ਸਿੰਘ’ (1999) ਦੇ ਨਾਮ ਕਾਬਿਲ-ਏ-ਫ਼ਖ਼ਰ ਹਨ।
2001 ਤੋਂ 2020 ਤਕ ਬਣੀਆਂ ਪੰਜਾਬੀ ਫ਼ਿਲਮਾਂ ਵਿਚੋਂ ਹਿਦਾਇਤਕਾਰਾ ਮਨਜੀਤ ਮਾਨ ਦੀ ‘ਦੇਸ ਹੋਇਆ ਪਰਦੇਸ’ (2004), ਹਿਦਾਇਤਕਾਰ ਸੁਖਮੰਦਰ ਧੰਜਲ ਦੀ ‘ਬਾਗ਼ੀ’ (2005), ਮਨੋਜ ਪੁੰਜ (ਮਰਹੂਮ) ਦੀ ‘ਵਾਰਿਸ ਸ਼ਾਹ-ਇਸ਼ਕ ਦਾ ਵਾਰਿਸ’ (2006), ਗੁਰਵਿੰਦਰ ਸਿੰਘ ਦੀ ‘ਅੰਨ੍ਹੇ ਘੋੜੇ ਦਾ ਦਾਨ’ (2011), ਰਾਜੀਵ ਸ਼ਰਮਾ ਦੀ ‘ਨਾਬਰ’ (2012), ਅਨੁਰਾਗ ਸਿੰਘ ਦੀ ‘ਪੰਜਾਬ 1984’ (2014), ਗੁਰਵਿੰਦਰ ਸਿੰਘ ਦੀ ‘ਚੋਥੀ ਕੂਟ’ (2015) ਨੂੰ ਬਿਹਤਰੀਨ ਪੰਜਾਬੀ ਫ਼ਿਲਮ ਦਾ ਨੈਸ਼ਨਲ ਐਵਾਰਡ ਮਿਲਿਆ। ਇਸ ਤੋਂ ਇਲਾਵਾ ਵਿਜੈ ਕੁਮਾਰ ਅਰੋੜਾ ਦੀ ‘ਹਰਜੀਤਾ’ (2018) ਨੂੰ 2019 ਵਿਚ ਬਿਹਤਰੀਨ ਪੰਜਾਬੀ ਫ਼ੀਚਰ ਫ਼ਿਲਮ ਦਾ ਨੈਸ਼ਨਲ ਐਵਾਰਡ ਮਿਲਿਆ। ਹਾਲ ਹੀ ਵਿਚ ‘ਰੱਬ ਦਾ ਰੇਡਿਓ-2’ ਨੂੰ 2019 ਦਾ ਬਿਹਤਰੀਨ ਪੰਜਾਬੀ ਫ਼ੀਚਰ ਫ਼ਿਲਮ ਦਾ ਨੈਸ਼ਨਲ ਐਵਾਰਡ ਮਿਲਿਆ ਹੈ। ਹੁਣ ਤਕ ਵੀਹ ਪੰਜਾਬੀ ਫ਼ਿਲਮਾਂ ਨੂੰ ਨੈਸ਼ਨਲ ਐਵਾਰਡ ਮਿਲ ਚੁੱਕਿਆ ਹੈ।
ਇਸ ਤੋਂ ਇਲਾਵਾ ਹਿਦਾਇਤਕਾਰ ਮਨਮੋਹਨ ਸਿੰਘ ਦੀ ਫ਼ਿਲਮ ‘ਜੀ ਆਇਆਂ ਨੂੰ’ (2002) ਨਾਲ ਪੰਜਾਬੀ ਫ਼ਿਲਮ ਉਦਯੋਗ ਹਿੰਦੀ ਫ਼ਿਲਮ ਉਦਯੋਗ ਦੇ ਬਰਾਬਰ ਅਤੇ ਪੰਜਾਬੀ ਫ਼ਿਲਮਾਂ ਦਾ ਬਜਟ ਵੀ ਲੱਖਾਂ ਤੋਂ ਕਰੋੜਾਂ ’ਚ ਪਹੁੰਚ ਗਿਆ। ਇਸ ਤੋਂ ਬਾਅਦ ਵਿਚ ਆਈਆਂ ਫ਼ਿਲਮਾਂ ਵਿਚ ‘ਮੇਲ ਕਰਾਦੇ ਰੱਬਾ’ (2010), ‘ਧਰਤੀ’ (2011), ‘ਜੱਟ ਐਂਡ ਜੂਲੀਅਟ’, ‘ਕੈਰੀ ਔਨ ਜੱਟਾ’, ‘ਪਾਵਰ ਕੱਟ’ (2012), ‘ਅੰਗਰੇਜ਼’ (2015), ‘ਅਰਦਾਸ’, ‘ਲਵ ਪੰਜਾਬ’, ‘ਨਿੱਕਾ ਜ਼ੈਲਦਾਰ’ (2016), ‘ਮੰਜੇ ਬਿਸਤਰੇ’, ‘ਲਾਹੌਰੀਏ’, ਦਿ ਬਲੈਕ ਪ੍ਰਿੰਸ’, (2017), ‘ਸੱਜਣ ਸਿੰਘ ਰੰਗਰੂਟ’ (2018) ਆਦਿ ਵੀ ਬਹੁਤ ਪਸੰਦ ਕੀਤੀਆਂ ਗਈਆਂ।
2019 ਵਿਚ ਆਈਆਂ ‘ਅਰਦਾਸ ਕਰਾਂ’, ‘ਚੱਲ ਮੇਰਾ ਪੁੱਤ’, ‘ਕਾਲਾ ਸ਼ਾਹ ਕਾਲਾ’, ‘ਗੁੱਡੀਆਂ ਪਟੋਲੇ’, ‘ਬਲੈਕੀਆ’, ‘ਛੜਾ’, ‘ਸੁਰਖੀ ਬਿੰਦੀ’, ‘ਝੱਲੇ’ ਆਦਿ ਫ਼ਿਲਮਾਂ ਜਿੱਥੇ ਫ਼ਿਲਮ-ਮੱਦਾਹਾਂ ਵੱਲੋਂ ਸਲਾਹੀਆਂ ਗਈਆਂ ਉੱਥੇ ਵਪਾਰਕ ਪੱਖੋਂ ਵੀ ਇਹ ਫ਼ਿਲਮਾਂ ਬੇਹੱਦ ਕਾਮਯਾਬ ਰਹੀਆਂ। 2020 ’ਚ ਆਈਆਂ ਫ਼ਿਲਮਾਂ ’ਚ ਸਤਿੰਦਰ ਸਰਤਾਜ ਦੀ ‘ਇੱਕੋ ਮਿੱਕੇ’ ਤੋਂ ਇਲਾਵਾ ‘ਇੱਕ ਸੰਧੂ ਹੁੰਦਾ ਸੀ’, ‘ਚੱਲ ਮੇਰਾ ਪੁੱਤ 2’, ‘ਸੁਫ਼ਨਾ’, ‘ਜਿੰਦੇ ਮੇਰੀਏ’ ਆਦਿ ਵੀ ਪਸੰਦ ਕੀਤੀਆਂ ਗਈਆਂ।
ਸੰਪਰਕ: 97805-09545
ਵਰ੍ਹੇਗੰਢ ਦਾ ਜਸ਼ਨ
ਲਹਿੰਦੇ ਪੰਜਾਬ, ਲਾਹੌਰ ਵਿਚ ਬਾਬਾ ਇਕਬਾਲ ਕੈਸਰ 28 ਮਾਰਚ ਨੂੰ ਪੰਜਾਬੀ ਸਿਨਮਾ ਦੇ ਮਾਣਮੱਤੇ ਇਤਿਹਾਸ ਉੱਤੇ ਪ੍ਰੋਗਰਾਮ ਕਰ ਰਹੇ ਹਨ। 29 ਮਾਰਚ ਨੂੰ ਨਾਰਥ ਜ਼ੋਨ ਫ਼ਿਲਮ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ ਵੱਲੋਂ ਮੁਹਾਲੀ ਵਿਚ ਸਮਾਗਮ ਕਰਵਾਇਆ ਜਾ ਰਿਹਾ ਹੈ। ਐਸੋਸੀਏਸ਼ਨ ਦੇ ਜਨਰਲ ਸਕੱਤਰ ਮਲਕੀਤ ਸਿੰਘ ਰੌਣੀ ਨੇ ਦੱਸਿਆ ਕਿ ਇਸ ਦੇ ਮੱਦੇਨਜ਼ਰ ਉਨ੍ਹਾਂ ਵੱਲੋਂ ਕਈ ਹੋਰ ਦੇਸ਼ਾਂ ਵਿਚ ਵੀ ਪ੍ਰੋਗਰਾਮ ਕਰਵਾਏ ਜਾ ਰਹੇ ਹਨ।