ਡਾ. ਸਾਹਿਬ ਸਿੰਘ
ਭਾਸ਼ਾ ਅਤੇ ਸਾਹਿਤ ਦਾ ਗਹਿਰਾ ਸਬੰਧ ਹੈ। ਕਲਾ ਭਾਸ਼ਾ ਦੇ ਅਰਥ, ਭਾਵ ਉਜਾਗਰ ਕਰਨ ’ਚ ਅਹਿਮ ਭੂਮਿਕਾ ਅਦਾ ਕਰਦੀ ਹੈ। ਨਾਟਕ ਕਿਸੇ ਖਿਆਲ ’ਚੋਂ ਉਪਜਦਾ ਹੈ, ਕਿਸੇ ਵਿਚਾਰ ਨੂੰ ਤਰਤੀਬ ਦੇਣ ਦਾ ਕੰਮ ਕਰਦਾ ਹੈ ਤੇ ਉਸ ਖਿਆਲ/ ਵਿਚਾਰ ਰਾਹੀਂ ਆਪਣੇ ਪਾਠਕ ਦੇ ਮਨ ’ਚ ਕੋਈ ਸੁਪਨਾ ਬੀਜਣਾ ਚਾਹੁੰਦਾ ਹੈ। ਸੁਪਨਾ ਕਦੇ ਓਪਰੀ ਭਾਸ਼ਾ ’ਚ ਨਹੀਂ ਆਉਂਦਾ। ਕੋਈ ਕਿੰਨੀਆਂ ਵੀ ਭਾਸ਼ਾਵਾਂ ਦਾ ਗਿਆਤਾ ਹੋਵੇ, ਉਹਦੇ ਸੁਪਨਿਆਂ ਦੀ ਭਾਸ਼ਾ ਉਹਦੀ ਮਾਂ ਦੀ ਭਾਸ਼ਾ ਹੀ ਹੁੰਦੀ ਹੈ। ਪੰਜਾਬੀ ਨਾਟਕ ਅਤੇ ਰੰਗਮੰਚ ਦਾ ਆਪਣੀ ਭਾਸ਼ਾ ਨਾਲ ਸਬੰਧ ਜਾਣਨ ਲਈ ਵੀ ਇਸ ਨੁਕਤੇ ’ਤੇ ਗੌਰ ਕਰਨਾ ਲਾਜ਼ਮੀ ਹੈ। ਰੰਗਮੰਚ ਦੀ ਭਾਸ਼ਾ ਦਾ ਫ਼ੈਸਲਾ ਕਰਨਾ ਏਨਾ ਸਿੱਧ ਪੱਧਰਾ ਤੇ ਆਸਾਨ ਕੰਮ ਨਹੀਂ। ਕਈ ਵਾਰ ਰੰਗਮੰਚ ਸਿਰਫ਼ ਸਰੀਰਿਕ ਭਾਸ਼ਾ ਤੇ ਅੱਖਾਂ ਦੀ ਬੋਲੀ ਰਾਹੀਂ ਵੀ ਸਿਰਜਿਆ ਜਾਂਦਾ ਹੈ, ਪਰ ਰੰਗਮੰਚ ਆਪਣੀ ਭਾਸ਼ਾ ਨਾਲੋਂ ਵਿੱਥ ’ਤੇ ਕਦੇ ਨਹੀਂ ਖੜ੍ਹਿਆ। ਪੰਜਾਬੀ ਨਾਟਕ ਤੇ ਰੰਗਮੰਚ ਦੀ ਜਦੋਂ ਮੋਹੜੀ ਗੱਡੀ ਜਾਂਦੀ ਹੈ ਤਾਂ ਇਕ ਦਿਲਚਸਪ ਘਟਨਾਕ੍ਰਮ ਰਾਹੀਂ ਇਹ ਕਾਰਜ ਸਪੰਨ ਹੁੰਦਾ ਹੈ। ਨੋਰਾ ਆਪਣੇ ਪਤੀ ਫਿਲਿਪ ਰਿਚਰਡਜ਼ ਨਾਲ ਦਿਆਲ ਸਿੰਘ ਕਾਲਜ ਲਾਹੌਰ ਪਹੁੰਚਦੀ ਹੈ। ਪਤੀ ਅੰਗਰੇਜ਼ੀ ਦਾ ਅਧਿਆਪਕ ਹੈ ਤੇ ਲਾਹੌਰ ਦੇ ਮੁੰਡਿਆਂ ਨੂੰ ਫਰਾਟੇਦਾਰ ਅੰਗਰੇਜ਼ੀ ਸਿਖਾਉਣ ਆਇਆ ਹੈ। ਨੋਰਾ ਆਪਣੇ ਲਈ ਰੁਝੇਵਾਂ ਤੇ ਮਕਸਦ ਲੱਭਦੀ ਹੈ। ਰਿਚਰਡਜ਼ ਦੇ ਵਿਦਿਆਰਥੀਆਂ ਨੂੰ ਸ਼ੇਕਸਪੀਅਰ ਦਾ ਡਰਾਮਾ ਤਿਆਰ ਕਰਵਾਉਂਦੀ ਹੈ, ਪਰ ਪੇਸ਼ਕਾਰੀ ਤੋਂ ਬਾਅਦ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਓਪਰੀ ਭਾਸ਼ਾ ਹੋਣ ਕਾਰਨ ਮੁੰਡੇ ਨਾਟਕ ਦੀ ਰੂਹ ਨਾਲ ਇਨਸਾਫ਼ ਨਹੀਂ ਕਰ ਸਕੇ ਤੇ ਨਾਟਕ ਦਾ ਪ੍ਰਭਾਵ ਪੇਤਲਾ ਰਹਿ ਗਿਆ। ਅਗਲੀ ਘਟਨਾ ਇਹ ਵਾਪਰਦੀ ਹੈ ਕਿ ਅੰਗਰੇਜ਼ੀ ਨਾਟਕ ਪੰਜਾਬੀ ਵਿਚ ਤਰਜਮਾ ਕਰਕੇ ਤਿਆਰ ਕੀਤਾ ਜਾਂਦਾ ਹੈ। ਹੁਣ ਨਾਟਕ ਦੀ ਬੋਲੀ ਪੰਜਾਬੀ ਹੋ ਗਈ ਹੈ, ਪਰ ਉਸ ਦੀ ਆਤਮਾ ਅਜੇ ਵੀ ਅੰਗਰੇਜ਼ੀ ਹੈ। ‘ਵੈਦਰ’ ਨੂੰ ਮੌਸਮ ਜਾਂ ‘ਟ੍ਰੀ’ ਨੂੰ ਰੁੱਖ ਕਹਿਣ ਨਾਲ ਨਾਟਕ ਨੇ ਪੰਜਾਬੀ ਨਹੀਂ ਬਣ ਜਾਣਾ। ਸੰਵਾਦ ਵਿਦਿਆਰਥੀਆਂ ਦੇ ਅੰਦਰੋਂ ਨਾ ਨਿਕਲੇ… ਤੇ ਨੋਰਾ ਨੂੰ ਲੱਗਾ ਕਿ ਹੁਣ ਅਸਲ ਕਦਮ ਚੁੱਕਣ ਦੀ ਲੋੜ ਹੈ।
ਉਹ ਆਪਣੇ ਵਿਦਿਆਰਥੀਆਂ ਨੂੰ ਆਪਣੀ ਮਾਤ ਭਾਸ਼ਾ ਵਿਚ ਮੌਲਿਕ ਨਾਟਕ ਲਿਖਣ ਲਈ ਪ੍ਰੇਰਦੀ ਹੈ, ਜਿਸ ਵਿਚ ਪਾਤਰ ਵੀ ਉਸ ਭਾਸ਼ਾ ਨੂੰ ਹੰਢਾਉਣ ਵਾਲੇ ਚੌਗਿਰਦੇ ’ਚੋਂ ਆਉਣ, ਘਟਨਾਵਾਂ ਵੀ ਪੰਜਾਬੀ ਸਮਾਜ ਦੇ ਗਰਭ ’ਚੋਂ ਨਿਕਲਣ ਤੇ ਮਾਤ ਭਾਸ਼ਾ ਨਾਲ ਸਜੇ ਸੰਵਰੇ ਸੰਵਾਦ ਬੋਲਣ ਵੇਲੇ ਉਨ੍ਹਾਂ ਦਾ ਉਤਰਾਅ ਚੜ੍ਹਾਅ ਵੀ ਪੰਜਾਬੀਆਂ ਵਰਗਾ ਹੋਵੇ। ਕਸਰਤ ਸੌਖੀ ਨਹੀਂ ਸੀ, ਪਰ ਨੰਦਾ, ਸਾਹਨੀ ਤੇ ਭਟਨਾਗਰ ਨੂੰ ਸਿਰਫ਼ ਨਾਟਕ ਦੇ ਤਕਨੀਕੀ ਪੱਖਾਂ ਦਾ ਧਿਆਨ ਰੱਖਣ ਲਈ ਤੀਂਘੜਨਾ ਪਿਆ। ਸੰਵਾਦ ਲਿਖਣ ਜਾਂ ਬੋਲਣ ਵੇਲੇ ਉਚੇਚ ਨਹੀਂ ਕਰਨੀ ਪਈ। ‘ਸੁਹਾਗ’ (ਦੁਲਹਨ) ਨਾਟਕ ਹੋਂਦ ਵਿਚ ਆਇਆ ਤੇ ਭਾਸ਼ਾ ਦੀ ਤਾਕਤ ਨੇ ਰੰਗ ਵਿਖਾਇਆ। ਇਹ ਨਾਟਕ ਪੰਜਾਬੀ ਨਾਟਕ ਦਾ ਆਗਾਜ਼ ਹੋ ਨਿੱਬੜਿਆ ਤੇ ਆਈ ਸੀ ਨੰਦਾ ਪਹਿਲੇ ਨਾਟਕਕਾਰ ਦੇ ਤੌਰ ’ਤੇ ਸਥਾਪਤ ਹੋ ਗਿਆ। ਉਸ ਨੂੰ ਹੌਸਲਾ ਅਤੇ ਪ੍ਰੇਰਨਾ ਆਇਰਲੈਂਡ ਦੀ ਔਰਤ ਨੇ ਦਿੱਤੀ, ਪਰ ਤਾਕਤ ਆਪਣੀ ਭਾਸ਼ਾ ਕੋਲੋਂ ਲਈ। ਉਹ ਫਿਰ ਲਗਾਤਾਰ ਨਾਟਕ ਲਿਖਦਾ ਰਿਹਾ। ਇਸ ਲੜੀ ਵਿਚ ਹੀ ਅੱਗੇ ਡਾ. ਹਰਚਰਨ ਸਿੰਘ ਉੱਭਰੇ। ਨੰਦਾ ਜਿੱਥੇ ਮਾਝੇ ਦੀ ਉਪ ਬੋਲੀ ਦਾ ਨਾਟਕਕਾਰ ਸੀ, ਹਰਚਰਨ ਸਿੰਘ ਦੇ ਨਾਟਕ ਵਿਚ ਦੋਆਬੀ ਪੰਜਾਬੀ ਦਾ ਰੰਗ ਉੱਘੜਿਆ। ਇਸ ਤਰ੍ਹਾਂ ਭਾਸ਼ਾ ਦੀ ਅਮੀਰੀ ਦਾ ਵੀ ਪਾਸਾਰ ਹੁੰਦਾ ਹੈ ਕਿਉਂਕਿ ਨਾਟਕ, ਰੰਗਮੰਚ ਨੇ ਆਪਣੇ ਖਿੱਤੇ ਤੋਂ ਬਾਹਰ ਵੀ ਖੇਡਿਆ ਅਤੇ ਪੜ੍ਹਿਆ ਜਾਣਾ ਹੈ। ਦੂਜੇ ਖਿੱਤੇ ’ਚ ਬੈਠੇ ਪੰਜਾਬੀ ਨੇ ਨੰਦਾ ਰਾਹੀਂ ਮਾਝੇ ਦੀ ਪੰਜਾਬੀ ’ਚ ਮੌਜੂਦ ਵੱਖਰੇ ਸ਼ਬਦ ਗ੍ਰਹਿਣ ਕੀਤੇ ਤੇ ਹਰਚਰਨ ਸਿੰਘ ਰਾਹੀਂ ਦੋਆਬੀ ਪੰਜਾਬੀ ਬਾਰੇ ਜਾਣਕਾਰੀ ਹਾਸਲ ਕੀਤੀ। ਮਾਤ ਭਾਸ਼ਾ ਦੀ ਬਿਹਤਰੀ ਲਈ ਇਸ ਤਰ੍ਹਾਂ ਪੰਜਾਬੀ ਨਾਟਕ ਅਤੇ ਰੰਗਮੰਚ ਬਿਨਾਂ ਰੌਲਾ ਪਾਇਆਂ ਸੇਵਾ ਕਰਦਾ ਰਿਹਾ।
ਫਿਰ ਅਮਰੀਕਾ ਤੋਂ ਬਲਵੰਤ ਗਾਰਗੀ ਪੰਜਾਬੀ ਨਾਟਕ ਦੇ ਪਿੜ ’ਚ ਉਤਰਿਆ। ਉਸ ਨੂੰ ਨਾਟਕ ਬਾਰੇ ਵਿਸ਼ਵ ਪੱਧਰ ਦਾ ਗਿਆਨ ਸੀ, ਪਰ ਜਦੋਂ ਉਹ ਆਪਣੇ ਪਾਠਕ/ ਦਰਸ਼ਕ ਦੇ ਰੂਬਰੂ ਹੋਇਆ ਤਾਂ ਉਸ ਨੇ ਬਠਿੰਡਾ ਦੇ ਟਿੱਬਿਆਂ ਅੰਦਰ ਮਹਿਕਦੀ ਪੰਜਾਬੀ ਨੂੰ ਆਪਣਾ ਗਹਿਣਾ ਬਣਾਇਆ। ਅੱਗ ਵਾਂਗ ਭਬੂਕੇ ਮਾਰਦੇ ਸ਼ਬਦ ਤੇ ਵਾਕ ਉਸ ਦੇ ਨਾਟਕਾਂ ਵਿਚ ਲਲਕਾਰੇ ਮਾਰਦੇ। ਆਪਣੇ ਖਿੱਤੇ ਦੀ ਭਾਸ਼ਾ ਨੂੰ ਉਸ ਨੇ ਅੰਤਰਰਾਸ਼ਟਰੀ ਪਹਿਚਾਣ ਦਿੱਤੀ। ਉਹ ਸ਼ਬਦਾਂ ਦਾ ਜਾਦੂਗਰ ਸੀ। ਇਕ ਜਾਦੂਗਰ ਵਾਂਗ ਸ਼ਬਦਾਂ ਨਾਲ ਖੇਡਦਾ, ਉਨ੍ਹਾਂ ਦਾ ਵਜ਼ਨ /ਨਾਪ ਘਟਾਉਂਦਾ ਵਧਾਉਂਦਾ ਤੇ ਇਕੋ ਹੀ ਸ਼ਬਦ ਨੂੰ ਵੱਖਰੀਆਂ ਸਥਿਤੀਆਂ ’ਚ ਪ੍ਰਯੋਗ ਕਰਕੇ ਉਸ ਦੀਆਂ ਬਹੁਭਾਂਤੀ ਧੁਨੀਆਂ ਪੈਦਾ ਕਰਦਾ। ਫਿਰ ਦੇਸ਼ ਜੰਗਾਂ ਵਿਚ ਧੱਕਿਆ ਗਿਆ। ਅਮਨ ਸ਼ਾਂਤੀ ਤੇ ਸੰਗਰਾਮ ਦਾ ਹੋਕਾ ਦੇਣ ਲਈ ਲੋੜ ਮਹਿਸੂਸ ਹੋਈ। ਜੋਗਿੰਦਰ ਬਾਹਰਲਾ ਅਤੇ ਤੇਰਾ ਸਿੰਘ ਚੰਨ ਨੇ ਆਪਣੀ ਮਾਤ ਭਾਸ਼ਾ ਦੇ ਅਮੀਰ ਸ਼ਬਦਾਂ ਨੂੰ ਵੰਗਾਰ ਬਣਾ ਦਿੱਤਾ। ‘ਲੱਕੜ ਦੀ ਲੱਤ’, ‘ਅਮਰ ਪੰਜਾਬ’, ‘ਹਾੜ੍ਹੀਆਂ ਸੌਣੀਆਂ’ ਵਰਗੇ ਨਾਟਕਾਂ ਵਿਚ ਅਵਾਮ ਦੇ ਦਿਲਾਂ ’ਚ ਵਸੇ ਸ਼ਬਦਾਂ ਨੂੰ ਅੰਗਾਰ ਬਣਾਇਆ ਗਿਆ। ਲੋਕ ਪੱਖੀ ਕਿਰਦਾਰ ਆਪਣੀ ਬੁਲੰਦੀ ’ਤੇ ਸੀ। ਮਾਂ ਦੇ ਦੁੱਧ ਦਾ ਕਰਜ਼ਾ ਲਾਹਿਆ ਜਾ ਰਿਹਾ ਸੀ ਤੇ ਮਾਂ ਦੀ ਭਾਸ਼ਾ ਸਹਾਈ ਹੋ ਰਹੀ ਸੀ। ਜਨ ਮਾਨਸ ਟੁੰਬਿਆ ਜਾਂਦਾ, ਲੱਖਾਂ ਦੇ ਇਕੱਠ ਹੁੰਦੇ ਤੇ ਸੰਦੇਸ਼ ਫੈਲਦਾ ਫੈਲਦਾ ਕੁੱਲ ਪੰਜਾਬ ਦੀ ਫਿਜ਼ਾ ’ਤੇ ਛਾ ਜਾਂਦਾ।
ਫਿਰ ਭਾਅ ਗੁਰਸ਼ਰਨ ਸਿੰਘ ਦਾ ਆਗਮਨ ਹੁੰਦਾ ਹੈ। ਉਹ ਇਨਕਲਾਬੀ ਬੋਲ ਉੱਚੇ ਕਰਦੇ ਹਨ। ਪ੍ਰੋ. ਅਜਮੇਰ ਔਲਖ, ਡਾ. ਆਤਮਜੀਤ, ਚਰਨ ਦਾਸ ਸਿੱਧੂ, ਦਵਿੰਦਰ ਦਮਨ ਪੰਜਾਬੀ ਨਾਟਕ ਅਤੇ ਰੰਗਮੰਚ ਨੂੰ ਅਪਣਾਉਂਦੇ ਹਨ। ਔਲਖ ਅਤੇ ਦਮਨ ਮਾਲਵੇ ਦੀ ਠੁੱਕਦਾਰ ਭਾਸ਼ਾ ਵਰਤਦੇ ਹਨ, ਪਰ ਦੋਵਾਂ ਦਾ ਖਿੱਤਾ ਅਲੱਗ ਅਲੱਗ ਹੈ। ਆਤਮਜੀਤ ਸ਼ਹਿਰੀ ਮੱਧਵਰਗ ਦੀ ਭਾਸ਼ਾ ਰਾਹੀਂ ਆਪਣੇ ਨਾਟਕ ਦੀ ਸਿਰਜਣਾ ਕਰਦਾ ਹੈ। ਸਿੱਧੂ ਅੰਬੀਆਂ ਵਾਲੇ ਦੁਆਬੇ ਦੀ ਬੋਲੀ ਨੂੰ ਹਿੱਕ ਨਾਲ ਲਾਉਂਦਾ ਹੈ। ਜੇ ਮੈਂ ਖਾਸ ਤੌਰ ’ਤੇ ਔਲਖ ਦਾ ਜ਼ਿਕਰ ਕਰਨ ਦੀ ਗੁਸਤਾਖ਼ੀ ਵੀ ਕਰਾਂ ਤਾਂ ਕੁਤਾਹੀ ਨਹੀਂ ਹੋਵੇਗੀ। ਔਲਖ ਦੇ ਨਾਟਕਾਂ ਨੇ ਇਕ ਤਰ੍ਹਾਂ ਨਾਲ ਸਮੁੱਚੇ ਪੰਜਾਬ ਨੂੰ ਮਾਨਸੇ ਖਿੱਤੇ ਦੀ ਮਲਵਈ ਬੋਲੀ ਸਿਖਾ ਦਿੱਤੀ। ਇਸ ਦੀ ਗੂੰਜ ਦਿੱਲੀ ਤਕ ਵੀ ਪਹੁੰਚੀ। ਮਾਂ ਦਾ ਲਾਡਲਾ ਸਪੂਤ ਹੋਣਾ ਹੋਰ ਕਿਸ ਨੂੰ ਕਹਿੰਦੇ ਹਨ। ਸਵਰਾਜਬੀਰ ਦੇ ਨਾਟਕਾਂ ਵਿਚ ਜੋ ਕਾਵਿਕ ਰਸ ਹੁੰਦਾ ਹੈ, ਉਸ ਵਿਚ ਗੁਰਦਾਸਪੁਰੀ ਰੰਗਤ ਇਸ ਨੂੰ ਹੋਰ ਰਸੀਲੀ ਬਣਾ ਦਿੰਦੀ ਹੈ। ਕੇਵਲ ਧਾਲੀਵਾਲ ਜਦੋਂ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਸਿਖਲਾਈ ਲੈ ਕੇ ‘ਆਪਣੇ ਦੇਸ’ ਪਹੁੰਚਦਾ ਹੈ ਤਾਂ ਆਪਣੇ ਨਾਟਕਾਂ ਦਾ ਪਿੰਡਾ ਓਪਰਾ ਨਹੀਂ ਹੋਣ ਦਿੰਦਾ। ਜਿਸ ਭਾਸ਼ਾ, ਸੱਭਿਆਚਾਰ ’ਚੋਂ ਉਗਮ ਕੇ ਉਹ ਜਵਾਨ ਹੋਇਆ ਸੀ, ਉਸ ਨੂੰ ਆਪਣੇ ਰੰਗਮੰਚ ਦਾ ਸ਼ਿੰਗਾਰ ਬਣਾਉਂਦਾ ਹੈ। ਕੇਵਲ ਧਾਲੀਵਾਲ ਦੇ ਉਭਾਰ ਦਾ ਕਿਸੇ ਨੇ ਵਿਸ਼ਲੇਸ਼ਣ ਕਰਨਾ ਹੋਵੇ ਤਾਂ ਇਸ ਤੱਥ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ ਕਿ ਉਹ ਲਗਪਗ ਆਪਣੇ ਹਰ ਨਾਟਕ ਵਿਚ ਅੰਮ੍ਰਿਤਸਰੀ ਪਹਿਰਾਵੇ, ਖੇਤੀ ਨਾਲ ਜੁੜੇ ਸੰਦ, ਵਿਸ਼ੇਸ਼ ਪਾਤਰਾਂ ਦੀ ਵਿਸ਼ੇਸ਼ ਅੰਦਾਜ਼ ਵਾਲੀ ਮਝੈਲ ਬੋਲੀ ਤੇ ਮਾਤ ਭਾਸ਼ਾ ਦੇ ਟੁਣਕਵੇਂ ਬੋਲ ਸ਼ਾਮਲ ਕਰਦਾ ਹੈ। ਇਸ ਤਰ੍ਹਾਂ ਪੰਜਾਬੀ ਨਾਟਕ ਅਤੇ ਰੰਗਮੰਚ ਜਿੱਥੇ ਮਾਤ ਭਾਸ਼ਾ ਨੂੰ ਸਿਜਦਾ ਕਰਦਾ ਹੈ, ਉਸ ਦਾ ਕਰਜ਼ ਲਾਹੁੰਦਾ ਹੈ, ਉੱਥੇ ਮਾਤ ਭਾਸ਼ਾ ਦੇ ਗਲੋਬਲ ਪਸਾਰ ਲਈ ਯਤਨ ਵੀ ਕਰਦਾ ਹੈ। ਇੱਕੀ ਫਰਵਰੀ ਦੇ ਕੌਮਾਂਤਰੀ ਮਾਤ ਭਾਸ਼ਾ ਦਿਵਸ ਨੂੰ ਯਾਦ ਕਰਦਿਆਂ ਨਾਟਕ, ਰੰਗਮੰਚ ਆਪਣੀ ਜ਼ਿੰਮੇਵਾਰੀ ਸਮਝਦਾ ਹੈ।
ਸੰਪਰਕ: 98880-11096