ਮਨਦੀਪ ਸਿੰਘ ਸਿੱਧੂ
ਯਾਦਾਂ ਤੇ ਯਾਦਗਾਰਾਂ
ਪੰਜਾਬੀ ਫ਼ਿਲਮਾਂ ਦੇ ਸੁਪਰ ਸਟਾਰ ਰਹੇ ਸਤੀਸ਼ ਕੌਲ ਦੀ ਪੈਦਾਇਸ਼ 26 ਸਤੰਬਰ 1948 ਨੂੰ ਸ੍ਰੀਨਗਰ (ਕਸ਼ਮੀਰ) ਦੇ ਖ਼ੁਸ਼ਹਾਲ ਬ੍ਰਾਹਮਣ ਪਰਿਵਾਰ ਵਿਚ ਹੋਈ ਸੀ। ਇਨ੍ਹਾਂ ਦੇ ਪਿਤਾ ਮੋਹਨ ਲਾਲ ਐਮਾ ਦੂਰਦਰਸ਼ਨ, ਬੰਬੇ ਦੇ ਸਟੇਸ਼ਨ ਡਾਇਰੈਕਟਰ ਤੇ ਸੰਗੀਤ-ਨਿਰਦੇਸ਼ਕ ਸਨ। ਮਾਤਾ ਦਾ ਨਾਮ ਊਸ਼ਾ ਰਾਣੀ ਕੌਲ ਅਤੇ ਛੋਟੀ ਭੈਣ ਦਾ ਨਾਮ ਸੁਸ਼ਮਾ ਸੀ। ਸਤੀਸ਼ ਕੌਲ ਨੇ ਬੀ. ਏ. ਸ੍ਰੀਨਗਰ ਤੋਂ ਕੀਤੀ ਅਤੇ ਫਿਰ ਫ਼ਿਲਮਾਂ ਨਾਲ ਦਿਲਚਸਪੀ ਦੇ ਚੱਲਦਿਆਂ ਪੂਨੇ ਆ ਗਿਆ। ਪੂਨੇ ਵਿਚ ਸਤੀਸ਼ ਨੇ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਤੋਂ ਐਕਟਿੰਗ ਦਾ ਡਿਪਲੋਮਾ ਮੁਕੰਮਲ ਕਰਦਿਆਂ ਫ਼ਿਲਮ ਲਾਇਨ ਇਖ਼ਤਿਆਰ ਕਰ ਲਈ।
ਉਸ ਦੀ ਪਹਿਲੀ ਹਿੰਦੀ ਫ਼ਿਲਮ ਆਰਟ ਮੇਕਰਜ਼, ਬੰਬੇ ਦੀ ਵੇਦ ਰਾਹੀ ਨਿਰਦੇਸ਼ਿਤ ‘ਪ੍ਰੇਮ ਪਰਬਤ’ (1973) ਸੀ। ਇਸ ਫ਼ਿਲਮ ਵਿਚ ਸਤੀਸ਼ ਕੌਲ ਨਵੇਂ ਹੀਰੋ ਵਜੋ ਮੁਤਆਰਿਫ਼ ਹੋਏ, ਜਿਸ ਦੇ ਰੂਬਰ ਅਦਾਕਾਰਾ ਰੇਹਾਨਾ ਸੁਲਤਾਨਾ ਆਪਣੇ ਫ਼ਨ ਦੀ ਨੁਮਾਇਸ਼ ਕਰ ਰਹੀ ਸੀ। ਪਰ ਇਹ ਫ਼ਿਲਮ ਕਾਫ਼ੀ ਤਲਾਸ਼ ਕਰਨ ਦੇ ਬਾਵਜੂਦ ਨਹੀਂ ਮਿਲੀ। ਇਸ ਤੋਂ ਬਾਅਦ ਉਸ ਨੇ ‘ਅੰਗ ਸੇ ਅੰਗ ਲਗਾਨਾ’ (1974) ’ਚ ਅਦਾਕਾਰਾ ਪ੍ਰੇਮਾ ਨਰਾਇਣ ਨਾਲ ਹੀਰੋ ਦਾ ਕਿਰਦਾਰ ਨਿਭਾਇਆ। ਹਿਦਾਇਤਕਾਰ ਸੁਭਾਸ਼ ਘਈ ਦੀ ਫ਼ਿਲਮ ‘ਕਰਮਾ’ (1986) ਵਿਚ ਉਸ ਨੇ ਨੂਤਨ ਤੇ ਦਲੀਪ ਕੁਮਾਰ ਦੇ ਪੁੱਤਰ ‘ਸੁਨੀਲ ਪ੍ਰਤਾਪ ਸਿੰਘ’ ਦਾ ਯਾਦਗਾਰੀ ਰੋਲ ਕੀਤਾ। ਲਕਸ਼ਮੀ ਕਾਂਤ ਪਿਆਰੇ ਲਾਲ ਦੇ ਸੰਗੀਤ ਵਿਚ ਸਤੀਸ਼ ਕੌਲ, ਨੂਤਨ, ਦਲੀਪ ਕੁਮਾਰ, ਸ਼ਸ਼ੀਪੁਰੀ ਤੇ ਸਾਥੀਆਂ ’ਤੇ ਫ਼ਿਲਮਾਇਆ ਗਿਆ ਦੇਸ਼ ਭਗਤੀ ਦਾ ਗੀਤ ‘ਦਿਲ ਦੀਆ ਹੈ ਜਾਨ ਬੀ ਦੇਂਗੇ ਐ ਵਤਨ ਤੇਰੇ ਲੀਏ’ (ਮੁਹੰਮਦ ਅਜ਼ੀਜ਼, ਕਵਿਤਾ ਕ੍ਰਿਸ਼ਨਾਮੂਰਤੀ) ਕਰਕੇ ਅੱਜ ਵੀ ਉਸ ਨੂੰ ਯਾਦ ਕੀਤਾ ਜਾਂਦਾ ਹੈ। ਫਿਰ ਉਸ ਨੇ ਹੋਰ ਕਈ ਹਿੰਦੀ ਫ਼ਿਲਮਾਂ ਵਿਚ ਹੀਰੋ ਤੇ ਸਹਾਇਕ ਹੀਰੋ ਦੇ ਕਿਰਦਾਰ ਨਿਭਾਏ, ਪਰ ਉਸ ਨੂੰ ਉਹ ਕਾਮਯਾਬੀ ਨਾ ਮਿਲ ਸਕੀ, ਜਿਸ ਦਾ ਉਹ ਅਸਲ ਹੱਕਦਾਰ ਸੀ ਜਾਂ ਉਮੀਦ ਰੱਖਦਾ ਸੀ। ਪਰ ਪੰਜਾਬੀ ਫ਼ਿਲਮਾਂ ਨੇ ਉਸ ਨੂੰ ਨਾਮ ਤੇ ਸ਼ੁਹਰਤ ਜ਼ਰੂਰ ਦਿੱਤੀ।
ਸਤੀਸ਼ ਕੌਲ ਦੀ ਪਹਿਲੀ ਪੰਜਾਬੀ ਫ਼ਿਲਮ ਪੀ. ਐੱਲ. ਫ਼ਿਲਮਜ਼, ਬੰਬੇ ਦੀ ਜੁਗਲ ਕਿਸ਼ੋਰ ਨਿਰਦੇਸ਼ਿਤ ‘ਮੋਰਨੀ’ (1975) ਸੀ। ਇਸ ਫ਼ਿਲਮ ਵਿਚ ਉਸ ਨੇ ਮਦਨਪੁਰੀ (ਹਵੇਲੀਰਾਮ) ਦੇ ਪੁੱਤਰ ‘ਰਾਮੇਸ਼’ ਦਾ ਕਿਰਦਾਰ ਅਦਾ ਕੀਤਾ, ਜਿਸ ਦੇ ਰੂਬਰੂ ਅਦਾਕਾਰਾ ਰਾਧਾ ਸਲੂਜਾ ‘ਪਾਰੋ’ ਦਾ ਪਾਰਟ ਅਦਾ ਕਰ ਰਹੀ ਸੀ। ਫ਼ਿਲਮਸਾਜ਼ ਤੇ ਕਹਾਣੀਨਵੀਸ ਪੀ. ਐੱਲ. ਸ਼ਰਮਾ, ਗੀਤ ਵਰਮਾ ਮਲਿਕ ਤੇ ਸੰਗੀਤ ਜੁਗਲ ਕਿਸ਼ੋਰ ਨੇ ਮੁਰੱਤਬਿ ਕੀਤਾ। ਫ਼ਿਲਮ ਵਿਚ ਸਤੀਸ਼ ਕੌਲ ਤੇ ਰਾਧਾ ਸਲੂਜਾ ’ਤੇ ਫ਼ਿਲਮਾਏ ਗੀਤ ‘ਅੱਲੜ੍ਹ ਉਮਰ…ਮੈਂ ਕਹਿੰਦਾ ਸੱਚ ਕੁੜੀਏ’ (ਮੁਹੰਮਦ ਰਫ਼ੀ, ਆਸ਼ਾ ਭੌਸਲੇ) ਤੇ ‘ਤੇਰੇ ਅੰਦਰੋਂ ਮੈਲ ਨਾ ਜਾਵੇ ਤੀਰਥਾਂ ’ਤੇ ਜਾਣ ਵਾਲੀਏ’ (ਮੁਹੰਮਦ ਰਫ਼ੀ, ਮੀਨੂੰ ਪੁਰਸ਼ੋਤਮ) ਗੀਤ ਹੱਦ ਦਰਜਾ ਮਕਬੂਲ ਹੋਏ। ਇਹ ਫ਼ਿਲਮ 16 ਜਨਵਰੀ 1976 ਨੂੰ ਗਗਨ ਸਿਨਮਾ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ ਤੇ ਹਿੱਟ ਫ਼ਿਲਮ ਕਰਾਰ ਪਾਈ। ਫ਼ਿਲਮਸਾਜ਼ ਤੇ ਹਿਦਾਇਤਕਾਰ ਸਤੀਸ਼ ਭਾਖੜੀ ਦੀ ਪੀ. ਐੱਲ. ਫ਼ਿਲਮਜ਼ ਇੰਟਰਨੈਸ਼ਨਲ, ਬੰਬੇ ਦੇ ਬੈਨਰ ਹੇਠ ਬਣੀ ਫ਼ਿਲਮ ‘ਲੱਛੀ’ (1977) ਵਿਚ ਸਤੀਸ਼ ਨੇ ਮਦਨਪੁਰੀ ਦੇ ਪੁੱਤਰ ‘ਰਾਜੂ’ ਦਾ ਕਿਰਦਾਰ ਨਿਭਾਇਆ। ਹਿੰਦੀ ਵਿਚ ਇਹ ਫ਼ਿਲਮ ਐੱਮ. ਕੇ. ਬੀ. ਫ਼ਿਲਮਜ਼, ਬੰਬੇ ਦੇ ਬੈਨਰ ਹੇਠ ‘ਬਦਮਾਸ਼ੋਂ ਕਾ ਬਦਮਾਸ਼’ (1979) ਦੇ ਸਿਰਲੇਖ ਹੇਠ ਡੱਬ ਹੋਈ। ਕਪੂਰ ਫ਼ਿਲਮਜ਼ ਇੰਟਰਨੈਸ਼ਨਲ, ਬੰਬੇ ਦੀ ਫ਼ਿਲਮ ‘ਪ੍ਰੇਮੀ ਗੰਗਾਰਾਮ’ (1977) ਵਿਚ ਉਸ ਨੇ ‘ਸਤੀਸ਼’ ਦੀ ਭੂਮਿਕਾ, ਜਿਸ ਦੇ ਹਮਰਾਹ ਵਿੰਮੀ ‘ਲੀਲਾ’ ਦਾ ਪਾਰਟ ਕਰ ਰਹੀ ਸੀ। ਜਦੋਂ ਦਾਰਾ ਸਿੰਘ ਨੇ ਆਪਣੇ ਫ਼ਿਲਮਸਾਜ਼ ਅਦਾਰੇ ਦਾਰਾ ਪ੍ਰੋਡਕਸ਼ਨਜ਼, ਬੰਬੇ ਹੇਠ ਧਾਰਮਿਕ ਪੰਜਾਬੀ ਫ਼ਿਲਮ ‘ਧਿਆਨੂੰ ਭਗਤ’ (1978) ਬਣਾਈ ਤਾਂ ਉਸ ਨੇ ‘ਸਤੀਸ਼’ ਨਾਮੀ ਕਿਰਦਾਰ ਅਦਾ ਕੀਤਾ।
ਦੀਪਕਲਾ ਪ੍ਰੋਡਕਸ਼ਨਜ਼, ਨਵੀਂ ਦਿੱਲੀ ਦੀ ਪਵਨ ਦੇਵ ਨਿਰਦੇਸ਼ਿਤ ‘ਡੇਰਾ ਆਸ਼ਕਾਂ ਦਾ’ (1979) ’ਚ ਸਤੀਸ਼ ਨੇ ਬੀ. ਕੇ. ਸੂਦ (ਹਜ਼ਾਰੀ ਲਾਲ) ਦੇ ਪੁੱਤਰ ‘ਨਰੇਸ਼’ ਦਾ ਕਿਰਦਾਰ ਨਿਭਾਇਆ। ਸਤੀਸ਼ ਤੇ ਪਦਮਿਨੀ ਕਪਿਲਾ ’ਤੇ ਫ਼ਿਲਮਾਏ ਗੀਤ ‘ਯੌਵਨ ਦੇ ਪੀਂਘ ਹੁਲਾਰੇ’ (ਮੁਹੰਮਦ ਰਫ਼ੀ, ਊਸ਼ਾ ਮੰਗੇਸ਼ਕਰ), ‘ਇਕ ਇਕ ਅੱਖ ਤੇਰੀ ਸਵਾ ਲੱਖ ਦੀ’ (ਮੁਹੰਮਦ ਰਫ਼ੀ) ਤੋਂ ਇਲਾਵਾ ‘ਅੰਬਰਾਂ ’ਤੇ ਲਾਈਏ ਚੱਲ ਉਡਾਰੀ ਤੇ ਬੱਦਲਾਂ ਆਲ੍ਹਣਾ ਬਣਾਈਏ’ (ਆਸ਼ਾ ਭੌਸਲੇ) ਗੀਤ ਬੜੇ ਮਕਬੂਲ ਹੋਏ। ਅਮਰੀਸ਼ ਐੱਲ. ਭਾਖੜੀ ਦੇ ਫ਼ਿਲਮਸਾਜ਼ ਅਦਾਰੇ ਭਾਖੜੀ ਫ਼ਿਲਮਜ਼, ਬੰਬੇ ਦੀ ਸਤੀਸ਼ ਭਾਖੜੀ ਨਿਰਦੇਸ਼ਿਤ ਫ਼ਿਲਮ ‘ਜੱਟ ਪੰਜਾਬੀ’ (1979) ਵਿਚ ਉਸ ਨੇ ਤਾਂਗੇਵਾਲੇ ‘ਹੀਰਾ’ ਦਾ ਪਾਰਟ ਅਦਾ ਕੀਤਾ, ਜਿਸ ਦੇ ਹਮਰਾਹ ਅਦਾਕਾਰਾ ਭਾਵਨਾ ਭੱਟ ‘ਜੀਤੋ’ ਦੇ ਕਿਰਦਾਰ ਵਿਚ ਮੌਜੂਦ ਸੀ। 22 ਨਵੰਬਰ 1980 ਨੂੰ ਚੰਦਾ ਸਿਨਮਾ ਅੰਮ੍ਰਿਤਸਰ ’ਚ ਨੁਮਾਇਸ਼ ਹੋਈ ਇਹ ਫ਼ਿਲਮ ਕਾਮਯਾਬ ਫ਼ਿਲਮ ਕਰਾਰ ਪਾਈ। ਬਲਦੇਵ ਸਿੰਘ ਚਹਿਲ ਤੇ ਓ. ਪੀ. ਸੱਯਰ ਦੇ ਫ਼ਿਲਮਸਾਜ਼ ਅਦਾਰੇ ਜੁਗਨੂੰ ਫ਼ਿਲਮਜ਼, ਬਠਿੰਡਾ ਦੀ ਸੁਰਿੰਦਰ ਸਿੰਘ ਨਿਰਦੇਸ਼ਿਤ ਫ਼ਿਲਮ ‘ਮੁਟਿਆਰ’ (1979) ’ਚ ਸਤੀਸ਼ ਕੌਲ ਨੇ ਰਾਜਨ ਹਕਸਰ ਦੇ ਛੋਟੇ ਭਰਾ ‘ਚੰਦਰ’ ਦਾ ਪਾਰਟ ਅਦਾ ਕੀਤਾ। ਸਨਰਾਈਜ਼ ਇੰਟਰਪ੍ਰਾਈਸਜ਼, ਬੰਬੇ ਦੀ ਬੂਟਾ ਸਿੰਘ ਸ਼ਾਦ ਨਿਰਦੇਸ਼ਿਤ ਫ਼ਿਲਮ ‘ਸੈਦਾਂ ਜੋਗਨ’ (1979) ਵਿਚ ਉਸ ਨੇ ‘ਪ੍ਰੀਤਮ’ ਦਾ ਰੋਲ ਕੀਤਾ, ਜਿਸ ਦੇ ਮੁਕਾਬਿਲ ਅਦਾਕਾਰਾ ਦਲਜੀਤ ਕੌਰ ਡਬਲ ਕਿਰਦਾਰ ’ਚੋਂ ਇਕ ਵਿਚ ‘ਅੰਜੂ’ ਦਾ ਪਾਰਟ ਨਿਭਾ ਰਹੀ ਸੀ। ਦੂਜੇ ਹੀਰੋ ਵਜੋਂ ਵਰਿੰਦਰ ਤੇ ਦਲਜੀਤ ਕੌਰ ਦੀ ਜੋੜੀ ਮੌਜੂਦ ਸੀ। ਮੁਹੰਮਦ ਸਦੀਕ ਦੇ ਸੰਗੀਤ ਵਿਚ ਬਾਬੂ ਸਿੰਘ ਮਾਨ ਦੇ ਲਿਖੇ ਸਤੀਸ਼ ਕੌਲ ਤੇ ਦਲਜੀਤ ਕੌਰ ’ਤੇ ਫ਼ਿਲਮਾਏ ‘ਹੱਸ ਬੱਲੀਏ ਨਹੀਂ ਹੱਸਣਾ’ (ਮੁਹੰਮਦ ਰਫ਼ੀ, ਰਣਜੀਤ ਕੌਰ), ‘ਆਹ ਲੈ ਸਾਂਭ ਲੈ ਨੀਂ ਸੈਦੇ ਦੀਏ ਨਾਰੇ’ (ਕਰਤਾਰ ਰਮਲਾ, ਕੁਲਦੀਪ ਮਾਣਕ) ਤੇ ਇਕ ਪੁਰਦਰਦ ਗੀਤ ‘ਤੇਰਾ ਕੋਈ ਨਈ ਓ ਬੇਲੀ ਤੇਰਾ ਕੋਈ ਨਈਓ ਯਾਰ’ (ਮੁਹੰਮਦ ਰਫ਼ੀ) ਗੀਤ ਬੜੇ ਹਿੱਟ ਹੋਏ।
ਐੱਮ. ਜੇ. ਯੂ. ਫ਼ਿਲਮਜ਼, ਬੰਬੇ ਦੀ ਸੁਭਾਸ਼ ਸੀ. ਭਾਖੜੀ ਨਿਰਦੇਸ਼ਿਤ ਫ਼ਿਲਮ ‘ਗੋਰੀ ਦੀਆਂ ਝਾਂਜਰਾਂ’ (1980) ਵਿਚ ਉਸ ਨੇ ‘ਸਤੀਸ਼’ ਦਾ ਕਿਰਦਾਰ ਨਿਭਾਇਆ। ਕਮਲਜੀਤ ਸਿੰਘ ਕਵਾਤੜਾ ਦੇ ਫ਼ਿਲਮਸਾਜ਼ ਅਦਾਰੇ ਕਵਾਤੜਾ ਮੂਵੀਜ਼, ਬੰਬੇ ਦੀ ਚਮਨ ਨੀਲੈ ਨਿਰਦੇਸ਼ਿਤ ‘ਦੋ ਪੋਸਤੀ’ (1981) ’ਚ ਉਸ ਨੇ ਮਹਿਮਾਨ ਭੂਮਿਕਾ ਨਿਭਾਈ। ਸਰਦੂਲ ਕਵਾਤੜਾ ਦੇ ਸੰਗੀਤ ਵਿਚ ਵਰਮਾ ਦਾ ਲਿਖਿਆ ‘ਨੱਚ ਸੋਹਣਿਆ ਓ ਮੇਰੇ ਯਾਰ ਦੀ ਬਰਾਤ’ (ਮੁਹੰਮਦ ਰਫ਼ੀ) ਸਤੀਸ਼ ਕੌਲ ਤੇ ਸਾਥੀਆਂ ’ਤੇ ਫ਼ਿਲਮਾਇਆ ਬਹੁਤ ਮਸ਼ਹੂਰ ਵਿਆਹ ਗੀਤ ਸੀ। ਨਗ਼ਮਾਨਿਗਾਰ ਬਲਬੀਰ ਨਿਰਦੋਸ਼ ਦੇ ਫ਼ਿਲਮਸਾਜ਼ ਅਦਾਰੇ ਜਗਦੇਵਾ ਫ਼ਿਲਮਜ਼, ਬੰਬੇ ਦੀ ਸਤੀਸ਼ ਭਾਖੜੀ ਨਿਰਦੇਸ਼ਿਤ ਧਾਰਮਿਕ ਫ਼ਿਲਮ ‘ਜੈ ਬਾਬਾ ਬਾਲਕ ਨਾਥ’ (1981) ’ਚ ਸਤੀਸ਼ ਕੌਲ ਨੇ ‘ਸੁਰਿੰਦਰ’ ਦਾ ਤੇ ਅਰਪਣਾ ਚੌਧਰੀ ‘ਆਸ਼ਾ ਦਾ ਪਾਰਟ ਅਦਾ ਕਰ ਰਹੀ ਸੀ। ਦੋਵਾਂ ’ਤੇ ਫ਼ਿਲਮਾਇਆ ਬਲਬੀਰ ਨਿਰਦੋਸ਼ ਦਾ ਲਿਖਿਆ ਤੇ ਸੁਰਿੰਦਰ ਕੋਹਲੀ ਦਾ ਸੰਗੀਤਬੱਧ ਖ਼ਿਆਲੀ ਗੀਤ ‘ਅੱਖ ਮੇਰੇ ਯਾਰ ਦੀ ਦੁਖੇ ਲਾਲੀ ਤੇਰੀਆਂ ਵਿਚ ਰੜਕੇ’ (ਮੁਹੰਮਦ ਰਫ਼ੀ, ਦਿਲਰਾਜ ਕੌਰ) ਵੀ ਬੜਾ ਹਿੱਟ ਹੋਇਆ। ਰਮਨ ਇੰਟਰਪ੍ਰਾਈਸਜ਼, ਬੰਬੇ ਦੀ ਸੁਰਿੰਦਰ ਕਪਿਲ ਨਿਰਦੇਸ਼ਿਤ ਫ਼ਿਲਮ ‘ਜੋਸ਼ ਜਵਾਨੀ ਦਾ’ (1981) ’ਚ ਸਤੀਸ਼ ਨੇ ‘ਕਰਨੈਲ’ ਦਾ ਪਾਰਟ ਤੇ ਅਦਾਕਾਰਾ ਪਾਇਲ ‘ਰੀਮਾ’ ਦਾ ਰੋਲ ਕਰ ਰਹੀ ਸੀ। ਅਮਰ ਸ਼ਕਤੀ ਪ੍ਰੋਡਕਸ਼ਨਜ਼, ਬੰਬੇ ਦੀ ਸੁਭਾਸ਼ ਚੰਦਰ ਭਾਖੜੀ ਨਿਰਦੇਸ਼ਿਤ ਫ਼ਿਲਮ ‘ਅੰਗਰੇਜਣ’ (1982) ’ਚ ਉਸ ਨੇ ‘ਰਾਜੂ’ ਦਾ ਜਦੋਂਕਿ ਭਾਵਨਾ ‘ਅੰਗਰੇਜਣ’ ਦਾ ਟਾਈਟਲ ਰੋਲ ਕਰ ਰਹੀ ਸੀ। ਸੁਰਿੰਦਰ ਕੋਹਲੀ ਦੇ ਸੰਗੀਤ ’ਚ ਸਤੀਸ਼ ਤੇ ਭਾਵਨਾ ’ਤੇ ਫ਼ਿਲਮਾਇਆ ਗੀਤ ‘ਹਾੜ੍ਹਾ ਵੇ ਮੇਰਾ ਗੁੱਟ ਛੱਡ ਦੇ’ (ਦਿਲਰਾਜ ਕੌਰ, ਅਰਜਨ ਦੇਵ ਅਮਰ) ਬਹੁਤ ਪਸੰਦ ਕੀਤਾ ਗਿਆ। ਚੇਤਨ ਫ਼ਿਲਮਜ਼, ਬੰਬੇ ਦੀ ਸੁਭਾਸ਼ ਚੰਦਰ ਭਾਖੜੀ ਨਿਰਦੇਸ਼ਿਤ ਫ਼ਿਲਮ ‘ਛਮਕ ਛੱਲੋ’ (1982) ਵਿਚ ਸਤੀਸ਼ ਨੇ ‘ਸੂਰਜ’ ਦਾ ਤੇ ਭਾਵਨਾ ਭੱਟ ‘ਛਮਕ ਛੱਲੋ’ ਦਾ ਟਾਈਟਲ ਰੋਲ ਨਿਭਾ ਰਹੀ ਸੀ। ਸਨਰਾਈਜ਼ ਇੰਟਰਪ੍ਰਾਈਸਜ਼, ਬੰਬੇ ਦੀ ਸਤੀਸ਼ ਭਾਖੜੀ ਨਿਰਦੇਸ਼ਿਤ ਫ਼ਿਲਮ ‘ਰਾਣੋ’ (1982) ਆਪਣੇ ਦੌਰ ਦੀ ਸੁਪਰਹਿੱਟ ਫ਼ਿਲਮ ਸੀ, ਜਿਹੜੀ 12 ਲੱਖ ਰੁਪਏ ਦੀ ਲਾਗਤ ਨਾਲ ਬਣੀ ਸੀ। ਫ਼ਿਲਮ ’ਚ ਸਤੀਸ਼ ਨੇ ‘ਸੋਹਣੇ’ ਦਾ ਕਿਰਦਾਰ ਤੇ ਭਾਵਨਾ ਭੱਟ ‘ਰਾਣੋ’ ਦਾ ਟਾਈਟਲ ਰੋਲ ਕਰ ਰਹੀ ਸੀ। ਫ਼ਿਲਮ ’ਚ ਮੁਹੰਮਦ ਸਦੀਕ ਦੇ ਦਿਲਕਸ਼ ਸੰਗੀਤ ’ਚ ਸਤੀਸ਼ ਤੇ ਭਾਵਨਾ ਦੀ ਜੋੜੀ ’ਤੇ ਫ਼ਿਲਮਾਏ ‘ਓ ਬਿੱਲੋ ਸੋਹਣੀਏ ਹਾਏ ਨੀਂ ਮਨਮੋਹਣੀਏ’ (ਸੁਰੇਸ਼ ਵਾਡਕਰ, ਰਣਜੀਤ ਕੌਰ), ‘ਅਸੀਂ ਅੱਲ੍ਹੜਪੁਣੇ ਵਿਚ ਐਵੇਂ ਅੱਖੀਆਂ ਲਾ ਬੈਠੇ’ (ਰਣਜੀਤ ਕੌਰ, ਸੁਰੇਸ਼ ਵਾਡਕਰ) ਤੇ ‘ਤੇਰੀ ਸੱਪਣੀ ਵਰਗੀ ਤੋਰ ਕੁੜੇ’ (ਮਹਿੰਦਰ ਕਪੂਰ, ਰਣਜੀਤ ਕੌਰ, ਦਿਲਰਾਜ ਕੌਰ) ਗੀਤਾਂ ਨੇ ਬੇਹੱਦ ਮਕਬੂਲੀਅਤ ਹਾਸਲ ਕੀਤੀ। ਇਸ ਫ਼ਿਲਮ ਨੇ ਸਤੀਸ਼ ਕੌਲ ਨੂੰ ਸਫਲਤਾ ਦੇ ਆਲ੍ਹਾ ਮੁਕਾਮ ’ਤੇ ਲਿਆ ਖੜ੍ਹਾ ਕੀਤਾ। ਕਲਾਦੀਪ ਮੂਵੀਜ਼, ਨਵੀਂ ਦਿੱਲੀ ਦੀ ਪਵਨ ਦੇਵ ਨਿਰਦੇਸ਼ਿਤ ਫ਼ਿਲਮ ‘ਵੇਹੜਾ ਲੰਬੜਾਂ ਦਾ’ (1982) ’ਚ ਉਸ ਨੇ ਬੀ. ਕੇ. ਸੂਦ ਦੇ ਪੁੱਤਰ ‘ਬ੍ਰਹਮ’ ਦਾ ਪਾਰਟ ਅਦਾ ਕੀਤਾ ਤੇ ਹੀਰੋਇਨ ਸੀ ਪਦਮਿਨੀ ਕਪਿਲਾ। ਡੀ. ਐੱਮ. ਇੰਟਰਪ੍ਰਾਈਸਜ਼, ਬੰਬੇ ਦੀ ਫ਼ਿਲਮ ‘ਬੱਗਾ ਡਾਕੂ’ (1983) ’ਚ ਇਕ ਵਾਰ ਫਿਰ ਸਤੀਸ਼ (ਅਮਰ) ਤੇ ਭਾਵਨਾ ਭੱਟ (ਬਸੰਤੀ) ਦੀ ਜੋੜੀ ਸੀ। ਜੋੜਾ ਫ਼ਿਲਮਜ਼, ਬੰਬੇ ਦੀ ਚੰਦੂ ਨਿਰਦੇਸ਼ਿਤ ਫ਼ਿਲਮ ‘ਭੁਲੇਖਾ’ (1983) ’ਚ ਸਤੀਸ਼ ਕੌਲ ਨੇ ‘ਦੀਪਕ’ ਅਤੇ ਭਾਵਨਾ ਭੱਟ ‘ਜੋਤੀ’ ਦਾ ਪਾਰਟ ਅਦਾ ਕਰ ਰਹੀ ਸੀ। ਸੁਰਿੰਦਰ ਕੋਹਲੀ ਦੇ ਸੰਗੀਤ ’ਚ ਸਤੀਸ਼ ’ਤੇ ਫ਼ਿਲਮਾਇਆ ਗੀਤ ‘ਇਸ਼ਕੇ ਦੀ ਛਾਈ ਬਹਾਰ ਚੰਨਾ ਲੁੱਟ ਲੈ ਬਹਾਰ’ (ਦਿਲਰਾਜ ਕੌਰ, ਸ਼ਲਿੰਦਰ ਸਿੰਘ) ਬੜਾ ਹਿੱਟ ਹੋਇਆ ਸੀ। ਜਗਦਾਤੀ ਫ਼ਿਲਮਜ਼, ਬੰਬੇ ਦੀ ਸਤੀਸ਼ ਭਾਖੜੀ ਨਿਰਦੇਸ਼ਿਤ ਧਾਰਮਿਕ ਫ਼ਿਲਮ ‘ਜੈ ਮਾਤਾ ਚਿੰਤਪੁਰਨੀ’ (1983) ’ਚ ਸਤੀਸ਼ ਕੌਲ ਤੇ ਅਰਪਣਾ ਚੌਧਰੀ ਦੀ ਜੋੜੀ ਸੀ। ਐੱਸ. ਐੱਲ. ਪਾਹਲ ਦੇ ਫ਼ਿਲਮਸਾਜ਼ ਅਦਾਰੇ ਪਾਹਲ ਬ੍ਰਦਰਜ਼ ਪ੍ਰੋਡਕਸ਼ਨਜ਼, ਬੰਬੇ ਦੀ ਕੰਵਲ ਬਿਆਲਾ ਨਿਰਦੇਸ਼ਿਤ ਫ਼ਿਲਮ ‘ਰੂਪ ਸ਼ਕੀਨਣ ਦਾ’ (1983) ਵਿਚ ਸਤੀਸ਼ ਕੌਲ ਨੇ ‘ਜੀਤਾ’ ਦਾ ਰੋਲ ਕੀਤਾ। ਚਰਨਜੀਤ ਅਹੂਜਾ ਦੇ ਸੰਗੀਤ ’ਚ ਸਤੀਸ਼ ਤੇ ਦਲਜੀਤ ਕੌਰ ’ਤੇ ਫ਼ਿਲਮਾਇਆ ‘ਅੱਗੇ-ਪਿੱਛੇ ਸੋਹਣਿਆ ਤੂੰ ਰਹੇ ਘੁੰਮਦਾ’ (ਦਿਲਰਾਜ ਕੌਰ, ਮਹਿੰਦਰ ਕਪੂਰ) ਗੀਤ ਵੀ ਖ਼ੂਬ ਚੱਲਿਆ।
ਪਰ ਜਿਸ ਫ਼ਿਲਮ ਕਰਕੇ ਸਤੀਸ਼ ਕੌਲ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਉਹ ਸੀ ਦਸਮੇਸ਼ ਆਰਟ ਪ੍ਰੋਡਕਸ਼ਨਜ਼, ਲੁਧਿਆਣਾ ਦੀ ਸਤੀਸ਼ ਭਾਖੜੀ ਨਿਰਦੇਸ਼ਿਤ ਫ਼ਿਲਮ ‘ਸੱਸੀ ਪੁਨੂੰ’ (1983)। ਫ਼ਿਲਮ ਦਾ ਸੰਗੀਤ ਰਵੀ ਅਤੇ ਗੀਤ ਕਮਰ ਜਲਾਲਾਬਾਦੀ ਨੇ ਤਹਿਰੀਰ ਕੀਤੇ ਸਨ। ਸਤੀਸ਼ ਕੌਲ (ਪੁਨੂੰ) ਤੇ ਭਾਵਨਾ ਭੱਟ (ਸੱਸੀ) ’ਤੇ ਫ਼ਿਲਮਾਏ ਫ਼ਿਲਮ ਦੇ ਮਸ਼ਹੂਰ ਜ਼ਮਾਨਾ ਗੀਤ ‘ਦੱਸ ਮੇਰਿਆ ਦਿਲਬਰਾ ਵੇ ਤੂੰ ਕਿਹੜੇ ਅਰਸ਼ ਦਾ ਤਾਰਾ’ (ਆਸ਼ਾ ਭੌਸਲੇ, ਮੁਹੰਮਦ ਰਫ਼ੀ), ‘ਮੇਰਾ ਕੱਲਾ-ਕੱਲਾ ਪਿਆਰ ਅੱਜ ਕਰਦਾ ਪੁਕਾਰ’ (ਮਹਿੰਦਰ ਕਪੂਰ, ਊਸ਼ਾ ਮੰਗੇਸ਼ਕਰ) ਤੇ ‘ਲੱਗੀ ਵਾਲੇ ਤੇ ਕਦੀ ਨਈਓ ਸੌਂਦੇ ਨੀਂ ਤੇਰੀ ਕਿਵੇਂ ਅੱਖ ਲੱਗ ਗਈ’ (ਮਹਿੰਦਰ ਕਪੂਰ) ਆਦਿ ਰੇਡੀਓ ਉੱਤੇ ਵੱਜਦੇ ਗੀਤਾਂ ਨੇ ਹੱਦ ਦਰਜਾ ਮਕਬੂਲੀਅਤ ਹਾਸਲ ਕੀਤੀ। 29 ਅਗਸਤ 1986 ਨੂੰ ਚੰਦਾ ਸਿਨਮਾ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ ਇਹ ਕਾਮਯਾਬ ਫ਼ਿਲਮ ਸੀ। ਇਸ ਤੋਂ ਬਾਅਦ ਸਤੀਸ਼ ਕੌਲ ਦੀ ਅਦਾਕਾਰੀ ਵਾਲੀਆਂ ਫ਼ਿਲ਼ਮਾਂ ’ਚੋਂ ‘ਵਹੁਟੀ ਹੱਥ ਸੋਟੀ’/ਅਰਪਣਾ ਚੌਧਰੀ ਨਾਲ (1983), ‘ਇਸ਼ਕ ਨਿਮਾਣਾ’/ਦਲਜੀਤ ਕੌਰ ਨਾਲ, ‘ਮਾਵਾਂ ਠੰਢੀਆਂ ਛਾਵਾਂ’/ਸੁਰਿੰਦਰ ਕੌਰ ਨਾਲ, ‘ਵੀਰਾ’/ਰਮਾ ਵਿੱਜ ਨਾਲ (1984), ‘ਬਾਬੁਲ ਦਾ ਵਿਹੜਾ’/ ਭਾਵਨਾ ਭੱਟ ਨਾਲ, ‘ਗੁੱਡੋ’, ‘ਜੀਜਾ ਸਾਲੀ’/ਭਾਵਨਾ ਭੱਟ ਨਾਲ, ‘ਕੁਆਰਾ ਜੀਜਾ’/ਭਾਵਨਾ ਨਾਲ (1985), ‘ਮੁੰਡਾ ਨਰਮ ਤੇ ਕੁੜੀ ਗਰਮ’/ਰਣਜੀਤਾ ਕੌਰ, ‘ਪੀਂਘਾਂ ਪਿਆਰ ਦੀਆਂ’, ‘ਯਾਰ ਗ਼ਰੀਬਾਂ ਦਾ’ (1986), ‘ਪਟੋਲਾ’, ‘ਯਾਰੀ ਉਮਰਾਂ ਦੀ’/ਸੁਨੈਣਾ (1987), ‘ਅੱਜ ਦੀ ਹੀਰ’/ਟੀਨਾ ਘਈ, ‘ਧੀ ਰਾਣੀ’/ਰਮਾ ਵਿੱਜ ਨਾਲ, ‘ਜੱਗ ਵਾਲਾ ਮੇਲਾ’, ‘ਮੌਲਾ ਜੱਟ’, ‘ਸੁਹਾਗ ਚੂੜਾ’/ਪ੍ਰੀਤੀ ਸਪਰੂ (1988), ‘ਕੁਰਬਾਨੀ ਜੱਟ ਦੀ’, ‘ਸ਼ੇਰਾਂ ਦੇ ਪੁੱਤ ਸ਼ੇਰ’, ‘ਸਹੁੰ ਮੈਨੂੰ ਪੰਜਾਬ ਦੀ’/ਰਮਾ ਵਿੱਜ ਨਾਲ (1990), ‘ਜੱਟ ਦਾ ਗੰਡਾਸਾ’, ‘ਯਾਰ ਯਾਰਾਂ ਦੇ’/ਭਾਵਨਾ ਨਾਲ (1991) ਦੇ ਨਾਮ ਕਾਬਿਲ-ਏ-ਜ਼ਿਕਰ ਹਨ। ਇਨ੍ਹਾਂ ਫ਼ਿਲਮਾਂ ’ਚੋਂ ਫਰੈਂਡਜ਼ ਮੂਵੀਜ਼, ਬੰਬੇ ਦੀ ਜਗਜੀਤ ਨਿਰਦੇਸ਼ਿਤ ਫ਼ਿਲਮ ‘ਪਟੋਲਾ’ (1987) ਸਤੀਸ਼ ਕੌਲ ਦੀ ਅਦਾਕਾਰੀ ਵਾਲੀ ਸੁਪਰਹਿੱਟ ਫ਼ਿਲਮ ਸੀ, ਜਿਸ ਵਿਚ ਦੂਜੇ ਅਦਾਕਾਰ ਵਜੋਂ ਵਰਿੰਦਰ ਵੀ ਮੌਜੂਦ ਸੀ। ਮੁਹੰਮਦ ਸਦੀਕ ਦੇ ਸੰਗੀਤ ਵਿਚ ਇਸ ਫ਼ਿਲਮ ’ਚ ਸਤੀਸ਼ ਕੌਲ ’ਤੇ ਗੌਰੀ ਖੁਰਾਨਾ (ਨਵਾਂ ਚਿਹਰਾ) ’ਤੇ ਫ਼ਿਲਮਾਏ ‘ਸੋਹਣੀਏ ਨੀਂ ਸੁਣ ਬੱਲੀਏ ਮਾਰ ਕੇ ਉਡਾਰੀ ਕਿਤੇ ਉੱਡ ਚੱਲੀਏ’ (ਮੁਹੰਮਦ ਅਜ਼ੀਜ਼, ਰਣਜੀਤ ਕੌਰ) ਤੇ ‘ਕੋਈ ਦਰਦੀ ਦਿੱਸਦਾ ਨਾ ਕੀਹਨੂੰ ਦਿਲ ਦਾ ਹਾਲ ਸੁਣਾਵਾਂ’ (ਮੁਹੰਮਦ ਸਦੀਕ) ਗੀਤ ਘਰ-ਘਰ ਗੂੰਜੇ ਸਨ।
1990ਵਿਆਂ ਵਿਚ ਗੁੱਗੂ ਗਿੱਲ ਅਤੇ ਯੋਗਰਾਜ ਵਰਗੇ ਐਕਸ਼ਨ ਫ਼ਨਕਾਰਾਂ ਦੀ ਆਮਦ ਨਾਲ ਸਤੀਸ਼ ਕੌਲ, ਵਰਿੰਦਰ, ਧੀਰਜ ਕੁਮਾਰ, ਸ਼ਸ਼ੀਪੁਰੀ ਵਰਗੇ ਰੁਮਾਨੀ ਅਦਾਕਾਰਾਂ ਦਾ ਯੁੱਗ ਸਮਾਪਤ ਹੋ ਗਿਆ ਸੀ।
ਸਤੀਸ਼ ਕੌਲ ਦੀਆਂ ਆਪਣਾ ਚੜ੍ਹਤ ਵਾਲਾ ਦੌਰ ਹੰਢਾਉਣ ਤੋਂ ਬਾਅਦ ਚਰਿੱਤਰ ਅਦਾਕਾਰ ਵਜੋਂ ਆਈਆਂ ਕੁਝ ਪੰਜਾਬੀ ਫ਼ਿਲਮਾਂ ‘ਯਾਰਾ ਓ ਦਿਲਦਾਰਾ’ (2011), ‘ਫੇਰ ਮਾਮਲਾ ਗੜਬੜ’ (2013), ‘ਪ੍ਰਾਊਡ ਟੂ ਬੀ ਏ ਸਿੱਖ’ (2014), ‘ਮਿਸ਼ਨ 2017 ਹੱਲਾ ਹੋ’ (2017) ਅਤੇ ਆਖ਼ਰੀ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ ‘ਜੱਟੂ ਨਿਖੱਟੂ’ (2021) ਹੈ। ਇਹ ਸਤੀਸ਼ ਦਾ ਉਹ ਗੁਰਬਤ ਭਰਿਆ ਦੌਰ ਸੀ ਜਦੋਂ ਨਾ ਉਸ ਕੋਲ ਸ਼ੁਹਰਤ ਸੀ, ਨਾ ਦੌਲਤ ਸੀ, ਇਕ ਹਾੜ੍ਹਾ ਸੀ ਆਪਣਾ ਵਕਤ ਗ਼ੁਜ਼ਾਰਾ ਕਰਨ ਲਈ ਪੰਜਾਬੀ ਫ਼ਿਲਮਾਂ ਵਿਚ ਕੰਮ ਕਰਨ ਦਾ, ਪਰ ਅਫ਼ਸੋਸ ਆਪਣੇ ਜ਼ਮਾਨੇ ਦਾ ਮਸ਼ਹੂਰ ਅਤੇ ਆਪਣੇ ਸਮਕਾਲੀ ਨਾਇਕਾਂ ਤੋਂ ਵੱਧ ਕੰਮ ਕਰਨ ਵਾਲਾ ਹੀਰੋ ਸਤੀਸ਼ ਕੌਲ ਚਾਹ ਕੇ ਵੀ ਉਨ੍ਹਾਂ ਜਿੰਨਾ ਨਾਮ ਤੇ ਪੈਸਾ ਕਮਾਉਣ ਵਿਚ ਕਾਮਯਾਬ ਨਾ ਹੋ ਸਕਿਆ। ਪੰਜਾਬੀ ਸਿਨਮਾ ਇਤਿਹਾਸ ਵਿਚ ਉਸ ਦਾ ਨਾਮ ਹਮੇਸ਼ਾਂ ਸੁਨਹਿਰੇ ਹਰਫ਼ਾਂ ਵਿਚ ਦਰਜ ਰਹੂਗਾ। ਪੰਜਾਬੀ ਫ਼ਿਲਮਾਂ ਨੂੰ ਦਿੱਤੀ ਅਹਿਮ ਖਿਦਮਤ ਸਦਕਾ ਸਤੀਸ਼ ਕੌਲ ਨੂੰ 2011 ਵਿਚ ਪੀਟੀਸੀ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਸਰਫ਼ਰਾਜ਼ ਕੀਤਾ ਗਿਆ।
ਸਤੀਸ਼ ਕੌਲ ਨੇ ਕੁਝ ਪੰਜਾਬੀ ਵੀਡੀਓ ਫ਼ਿਲਮਾਂ ਵਿਚ ਕੰਮ ਕੀਤਾ। ਜੇ ਗੱਲ ਟੈਲੀਵਿਜ਼ਨ ਦੀ ਕਰੀਏੇ ਤਾਂ ਸਤੀਸ਼ ਕੌਲ ਦਾ ‘ਮਹਾਂਭਾਰਤ’ (1988-1990) ’ਚ ‘ਇੰਦਰ’ ਦਾ ਕਿਰਦਾਰ ਅੱਜ ਵੀ ਦਰਸ਼ਕ ਯਾਦ ਕਰਦੇ ਹਨ। ਇਸ ਤੋਂ ਇਲਾਵਾ ਦੂਰਦਰਸ਼ਨ ਦੇ ਲੜੀਵਾਰ ‘ਕੜਵਾ ਸੱਚ’ (1980), ‘ਵਿਕਰਮ ਵੇਤਾਲ’ (1985-1988), ‘ਸਰਕਸ’ (1989), ‘ਸਾਤ ਸਿਤਾਰੇ’ (1987), ‘ਮਨੋਰੰਜਨ’ (1987), ‘ਸਾਹਿਲ’ (1996), ‘ਮਹਾਂਭਾਰਤ ਕਥਾ’ (1997-1998) ਆਦਿ ’ਚ ਉਸ ਨੇ ਆਪਣੀ ਅਦਾਕਾਰੀ ਦੀ ਸੋਹਣੀ ਨੁਮਾਇਸ਼ ਕੀਤੀ।
ਸਤੀਸ਼ ਕੌਲ ਦਾ ਵਿਆਹ ਪੰਜਾਬਣ ਮੁਟਿਆਰ ਨਿੰਮੀ ਸਿੰਘ ਨਾਲ ਹੋਇਆ ਜੋ ਦੱਖਣੀ ਅਫ਼ਰੀਕਾ ਦੇ ਸ਼ਹਿਰ ਡਰਬਨ ਦੀ ਰਹਿਣ ਵਾਲੀ ਸੀ। ਵਿਆਹ ਤੋਂ ਇਕ ਸਾਲ ਬਾਅਦ ਸਤੀਸ਼ ਕੌਲ ਦਾ ਤਲਾਕ ਹੋ ਗਿਆ। ਉਸ ਵੇਲੇ ਸਤੀਸ਼ ਕੌਲ ਪੰਜਾਬੀ ਫ਼ਿਲਮ ‘ਬਾਬੁਲ ਦਾ ਵਿਹੜਾ’ (1985) ਵਿਚ ਕੰਮ ਕਰ ਰਿਹਾ ਸੀ। ਹਿਦਾਇਤਕਾਰ ਸਤੀਸ਼ ਭਾਖੜੀ ਨੇ ਦੱਸਿਆ ਕਿ ਫ਼ਿਲਮ ਦੇ ਸੈੱਟ ’ਤੇ ਸਤੀਸ਼ ਦੀ ਆਪਣੀ ਘਰਵਾਲੀ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ, ਤਾਂ ਉਹ ਉਸ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਕੇ ਡਰਬਨ ਚਲੀ ਗਈ। ਉੱਥੇ ਉਸ ਨੇ ਇਕ ਪੁੱਤਰ ਨੂੰ ਜਨਮ ਦਿੱਤਾ, ਜਿਸ ਦੀ ਪਰਵਰਿਸ਼ ਉਸ ਦੇ ਨਾਨੇ ਨੇ ਕੀਤੀ। ਉੱਥੇ ਉਸ ਨੇ ਦੂਜਾ ਵਿਆਹ ਕਰਵਾ ਕੇ ਇਸ ਨੂੰ ਸਦੀਵੀ ਤੌਰ ’ਤੇ ਭੁਲਾ ਦਿੱਤਾ। ਇਸ ਤੋਂ ਬਾਅਦ ਸਤੀਸ਼ ਦੇ ਪਿਤਾ ਦੀ ਕੈਂਸਰ ਨਾਲ ਮੌਤ ਹੋ ਗਈ ਅਤੇ ਫਿਰ ਥੋੜ੍ਹੇ ਚਿਰ ਪਿੱਛੋਂ ਮਾਂ ਵੀ ਚੱਲ ਵੱਸੀ।
ਇਸ ਤੋਂ ਬਾਅਦ ਉਹ ਪਰੇਸ਼ਾਨੀਆਂ ਦੇ ਆਲਮ ’ਚ ਅਜਿਹਾ ਘਿਰਿਆ ਕਿ ਅਖ਼ੀਰ ਤਕ ਲੋਟ ਨਾ ਆ ਸਕਿਆ। ਬੰਬੇ ਆਪਣਾ ਸਭ ਕੁਝ ਗਵਾਉਣ ਤੋਂ ਬਾਅਦ ਉਹ ਪੱਕੇ ਤੌਰ ’ਤੇ ਲੁਧਿਆਣਾ ਆ ਵੱਸਿਆ। ਇੱਥੇ ਉਸ ਨੇ ਐਕਟਿੰਗ ਸਕੂਲ ਖੋਲ੍ਹਿਆ, ਪਰ ਉੱਥੇ ਵੀ ਉਸ ਨੂੰ ਕਾਮਯਾਬੀ ਨਾ ਮਿਲੀ। ਫਿਰ ਬਿਮਾਰ ਹੋਇਆ ਤਾਂ ਲੁਧਿਆਣਾ ਦੀ ਇਕ ਬੀਬੀ ਸੱਤਯਾ ਦੇਵੀ ਨੇ ਪਨਾਹ ਦਿੱਤੀ ਤੇ ਅਖ਼ੀਰ ਤਕ ਉਸ ਨੇ ਆਪਣਾ ਇਨਸਾਨੀ ਫ਼ਰਜ਼ ਨਿਭਾਇਆ। ਬੇਸ਼ੱਕ ਗੁਰਬਤ ਦੇ ਦੌਰ ’ਚ ਪੰਜਾਬ ’ਚ ਉਸ ਦੇ ਪ੍ਰਸ਼ੰਸਕਾਂ, ਸਰਕਾਰ ਤੇ ਫ਼ਿਲਮ ਫ਼ਨਕਾਰਾਂ ਨੇ ਉਸ ਦੀ ਮਾਲੀ ਇਮਦਾਦ ਕੀਤੀ ਤੇ ਅਖ਼ੀਰ ਤਕ ਕਰਦੇ ਵੀ ਰਹੇ, ਪਰ ਕੋਈ ਵੀ ਉਸ ਨੂੰ ਰੁਹਾਨੀ ਸਕੂਨ ਨਾ ਦੇ ਸਕਿਆ ਜੋ ਉਸ ਨੂੰ ਚਾਹੀਦਾ ਸੀ।
ਪੰਜਾਬੀ ਫ਼ਿਲਮ ਇਤਿਹਾਸ ਨੂੰ 50 ਦੇ ਕਰੀਬ ਪੰਜਾਬੀ ਫ਼ੀਚਰ ਫ਼ਿਲਮਾਂ ਅਤੇ ਹਿੰਦੀ ਸਿਨਮਾ ਨੂੰ 70 ਦੇ ਕਰੀਬ ਫ਼ਿਲਮਾਂ ਦੇਣ ਵਾਲਾ ਸਤੀਸ਼ ਕੌਲ ਆਖ਼ਰੀ ਵਕਤ ਤੰਗਦਸਤੀ ਅਤੇ ਫ਼ਿਲਮ ਸਨਅਤ ਵਿਚ ਆਪਣੇ ਬਣਦੇ ਸਨਮਾਨ ਨੂੰ ਸਹਿਕਦਾ ਹੋਇਆ 10 ਅਪਰੈਲ 2021 ਨੂੰ 73 ਸਾਲਾਂ ਦੀ ਉਮਰ ਵਿਚ ਅਕਾਲ ਚਲਾਣਾ ਕਰ ਗਿਆ। ਜ਼ਾਤੀ ਜ਼ਿੰਦਗੀ ਵਿਚ ਸਤੀਸ਼ ਕੌਲ ਬੜਾ ਨਫ਼ੀਸ ਤੇ ਮਿਲਾਪੜਾ ਇਨਸਾਨ ਸੀ। ਉਸ ਦਾ ਇਕੋ ਇਕ ਪੁੱਤਰ ਰਿਸ਼ਬ ਹੈ ਜੋ ਵਿਦੇਸ਼ ਰਹਿੰਦਾ ਹੈ।
ਸੰਪਰਕ: 97805-09545