ਬਲਜਿੰਦਰ ਜੌੜਕੀਆਂ
ਸੂਚਨਾ ਤਕਨੀਕ ਦੀ ਕ੍ਰਾਂਤੀ ਕਰਕੇ ਅੱਜ ਦੇ ਬੱਚੇ ਵੱਧ ਖੁੱਲ੍ਹਾਂ ਭਾਲਦੇ ਹਨ, ਪਰ ਮਾਪੇ ਅੱਜ ਵੀ ਉੱਥੇ ਹੀ ਖੜ੍ਹੇ ਹਨ। ਹਰ ਕਿਸੇ ਦੀਆਂ ਆਪਣੀ ਔਲਾਦ ਤੋਂ ਵੱਡੀਆਂ ਉਮੀਦਾਂ ਹਨ। ਮਾਪੇ ਜੋ ਖ਼ੁਦ ਨਹੀਂ ਬਣ ਸਕੇ, ਉਹ ਬੱਚਿਆਂ ਰਾਹੀਂ ਸਾਕਾਰ ਕਰਨਾ ਚਾਹੁੰਦੇ ਹਨ। ਇਸ ਕਸ਼ਮਕਸ਼ ਵਿੱਚ ਮਾਪਿਆਂ ਤੇ ਬੱਚਿਆਂ ਵਿੱਚ ਦੂਰੀਆਂ ਵਧੀਆਂ ਹਨ। ਬੱਚੇ ਮਾਪਿਆਂ ਦਾ ਪਿਆਰ ਲੋਚਦੇ ਹਨ। ਮਾਪਿਆਂ ਦੇ ਮੋਹ ਦੀ ਨੀਂਹ ’ਤੇ ਰਿਸ਼ਤਿਆਂ ਦੇ ਉੱਚੇ ਚੁਬਾਰੇ ਉਸਰਦੇ ਹਨ। ਆਪਸੀ ਵਿਸ਼ਵਾਸ ਵਧਦਾ ਹੈ। ਘਰਾਂ ਦਾ ਖੁਸ਼ਗਵਾਰ ਮਾਹੌਲ ਬੱਚਿਆਂ ਨੂੰ ਸਰਬਗੁਣੀ ਬਣਾ ਦਿੰਦਾ ਹੈ। ਅੱਜਕੱਲ੍ਹ ਘਰਾਂ ਦੇ ਤਣਾਅ, ਡਿਜੀਟਲ ਸਾਧਨਾਂ ਦੀ ਬਹੁਤਾਤ ਅਤੇ ਭੌਤਿਕ ਸਾਧਨ ’ਕੱਠੇ ਕਰਨ ਦੀ ਦੌੜ ਨੇ ਮਾਪਿਆਂ ਤੇ ਬੱਚਿਆਂ ਦੀਆਂ ਸਾਝਾਂ ’ਤੇ ਅਸਰ ਪਾਇਆ ਹੈ ਭਾਵ ਆਪਸੀ ਸੰਪਰਕ ਕਮਜ਼ੋਰ ਹੋਇਆ ਹੈ।
ਔਲਾਦ ਨਾਲ ਜੁੜੇ ਰਹਿਣ ਬਾਰੇ ਕਿਤਾਬਾਂ ਵਿੱਚੋਂ ਨਹੀਂ ਸਗੋਂ ਜੀਵਨ ਅਨੁਭਵ ਦੇ ਸਾਗਰ ਵਿੱਚ ਡੁਬਕੀਆਂ ਲਾਉਣ ਨਾਲ ਗਿਆਨ ਮਿਲਦਾ ਹੈ। ਮਹਿਸੂਸ ਕਰਨ ਦੀ ਤੀਬਰਤਾ ਜਿੰਨੀ ਜ਼ਿਆਦਾ ਹੋਵੇਗੀ, ਰਿਸ਼ਤੇ ਓਨੇ ਹੀ ਮਜ਼ਬੂਤ ਹੋਣਗੇ। ਜੀਵਨ ਦੇ ਹਰ ਪੜਾਅ ’ਤੇ ਮਨੁੱਖੀ ਛੋਹ ਅਤੇ ਪਿਆਰ ਭਰੇ ਸਬੰਧਾਂ ਦੀ ਲੋੜ ਹੁੰਦੀ ਹੈ। ਬੱਚੇ ਨੂੰ ਹਰ ਰੋਜ਼ ਮਾਪਿਆਂ ਦੇ ਕੋਮਲ ਤੇ ਮੁਹੱਬਤੀ ਸਪਰਸ਼ ਦੀ ਲੋੜ ਹੁੰਦੀ ਹੈ। ਨਿੱਕੀਆਂ-ਨਿੱਕੀਆਂ ਗੱਲਾਂ ਰਾਹੀਂ ਆਪਣੇ ਬੱਚੇ ਨਾਲ ਜੁੜਨ ਦੇ ਮੌਕੇ ਲੱਭੋ। ਉਨ੍ਹਾਂ ਵੱਲ ਨਿੱਘੇ ਪ੍ਰਗਟਾਵੇ ਨਾਲ ਤੱਕੋ, ਮੁਸਕਰਾਓ ਅਤੇ ਇਮਾਨਦਾਰ ਗੱਲਬਾਤ ਨੂੰ ਉਤਸ਼ਾਹਿਤ ਕਰੋ। ਆਪਣੇ ਬੱਚੇ ਨੂੰ ਅਕਸਰ ਕਹੋ ਕਿ ‘‘ਤੂੰ ਮੇਰਾ ਜਹਾਨ ਹੈ।’’ ਅਸੀਂ ਕੁਝ ਪੱਕੀਆਂ ਧਾਰਨਾਵਾਂ ਵਿੱਚ ਬੱਝੇ ਹੋਣ ਕਰਕੇ ਕੰਜੂਸੀ ਕਰਦੇ ਹੋਏ ਆਪਣੇ ਬੱਚਿਆਂ ਨਾਲ ਵੀ ਕੇਵਲ ਸੰਕੇਤਾਂ ਰਾਹੀਂ ਪਿਆਰ ਕਰਦੇ ਹਾਂ। ਇਹ ਕੰਮ ਖੁੱਲ੍ਹ ਕੇ ਕਰੋ, ਇਹ ਕੋਈ ਗੁਨਾਹ ਨਹੀਂ। ਜੇਕਰ ਬੱਚਾ ਸਹੀ ਟਰੈਕ ’ਤੇ ਨਹੀਂ ਤਾਂ ਵੀ ਬਿਨਾਂ ਸ਼ਰਤ ਪਿਆਰ ਕਰੋ। ਤੁਹਾਡੀ ਇਹ ਭਾਵਨਾ ਜ਼ਰੂਰ ਬੱਚੇ ਨੂੰ ਸਿੱਧੇ ਰਸਤੇ ’ਤੇ ਲੈ ਕੇ ਆਵੇਗੀ। ਤੁਹਾਡੀਆਂ ਮੋਹ ਭਰੀਆਂ ਸਾਝਾਂ ਬੱਚੇ ਨਾਲ ਤੁਹਾਡੇ ਲੰਬੇ ਸਮੇਂ ਦੇ ਰਿਸ਼ਤੇ ’ਤੇ ਬਹੁਤ ਚੰਗਾ ਪ੍ਰਭਾਵ ਪਾ ਸਕਦੀਆਂ ਹਨ। ਬੱਚਿਆਂ ਨੂੰ ਮਾਰਗਦਰਸ਼ਨ ਦੀ ਲੋੜ ਹੁੰਦੀ ਹੈ ਕਿਉਂਕਿ ਉਹ ਵੱਡੇ ਹੋ ਰਹੇ ਹੁੰਦੇ ਹਨ ਅਤੇ ਆਪਣੇ ਆਲੇ-ਦੁਆਲੇ ਦੀ ਦੁਨੀਆ ਬਾਰੇ ਨਵਾਂ ਸਿੱਖ ਰਹੇ ਹਨ।
ਆਪਣੇ ਬੱਚਿਆਂ ਨਾਲ ਇਸ ਬਾਰੇ ਗੱਲ ਕਰੋ ਕਿ ਤੁਸੀਂ ਉਨ੍ਹਾਂ ਤੋਂ ਕੀ ਉਮੀਦ ਕਰਦੇ ਹੋ ਅਤੇ ਯਕੀਨੀ ਬਣਾਓ ਕਿ ਤੁਸੀਂ ਉਨ੍ਹਾਂ ਦੀਆਂ ਪ੍ਰਾਪਤੀਆਂ ਤੋਂ ਪੂਰੇ ਖੁਸ਼ ਤੇ ਸੰਤੁਸ਼ਟ ਹੋ। ਜਦੋਂ ਬੱਚੇ ਨਿਯਮ ਤੋੜਦੇ ਹਨ ਤਾਂ ਭੜਕੋ ਨਾ, ਸਗੋਂ ਸਹਿਜ ਰਹਿ ਕੇ ਬੱਚਿਆਂ ਦੀ ਅਗਵਾਈ ਕਰੋ ਤਾਂ ਜੋ ਉਹ ਅੱਗੇ ਤੋਂ ਅਜਿਹਾ ਨਾ ਕਰਨ। ਸੁਣਨਾ ਸਤਿਕਾਰ ਦੇਣਾ ਹੁੰਦਾ ਹੈ। ਕਨੈਕਸ਼ਨ ਸੁਣਨ ਨਾਲ ਸ਼ੁਰੂ ਹੁੰਦਾ ਹੈ। ਆਪਣੇ ਬੱਚੇ ਦੀਆਂ ਭਾਵਨਾਵਾਂ ਨੂੰ ਸਵੀਕਾਰ ਕਰੋ, ਉਨ੍ਹਾਂ ਨੂੰ ਦਿਖਾਓ ਕਿ ਤੁਸੀਂ ਸਮਝਦੇ ਹੋ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਓ ਕਿ ਉਨ੍ਹਾਂ ਨੂੰ ਜੋ ਵੀ ਚਾਹੀਦਾ ਹੈ, ਉਸ ਵਿੱਚ ਮਦਦ ਕਰਨ ਲਈ ਤੁਸੀਂ ਹਮੇਸ਼ਾਂ ਹਾਜ਼ਰ ਹੋ। ਦੁਨੀਆ ਨੂੰ ਆਪਣੇ ਬੱਚੇ ਦੀ ਅੱਖ ਨਾਲ ਵੇਖਣ ਦੀ ਕੋਸ਼ਿਸ਼ ਕਰੋ। ਇਸ ਨਾਲ ਤੁਸੀਂ ਬੱਚਿਆਂ ਨਾਲ ਰਚ-ਮਿਚ ਜਾਵੋਗੇ। ਆਪਣੇ ਬੱਚੇ ਨੂੰ ਸੁਣਨ ਅਤੇ ਉਸ ਨਾਲ ਹਮਦਰਦੀ ਕਰਨ ਨਾਲ ਬੱਚੇ ਦੀ ਨਿਗ੍ਹਾ ਵਿੱਚ ਤੁਹਾਡਾ ਸਤਿਕਾਰ ਬਹੁਤ ਵਧ ਜਾਂਦਾ ਹੈ।
ਬੱਚੇ ਦੇ ਵਿਕਾਸ ਲਈ ਖੇਡਣਾ ਬਹੁਤ ਜ਼ਰੂਰੀ ਹੈ। ਇਹ ਉਹ ਸਾਧਨ ਹੈ ਜਿਸ ਰਾਹੀਂ ਬੱਚੇ ਭਾਸ਼ਾ ਦੇ ਹੁਨਰ ਨੂੰ ਵਿਕਸਤ ਕਰਦੇ ਹਨ, ਭਾਵਨਾਵਾਂ ਨੂੰ ਪ੍ਰਗਟ ਕਰਦੇ ਹਨ, ਰਚਨਾਤਮਕਤਾ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਸਮਾਜਿਕ ਤੇ ਨੈਤਿਕ ਹੁਨਰਾਂ ਬਾਰੇ ਸਿੱਖਦੇ ਹਨ। ਹਾਰ ਨਾਲ ਸਹਿਣਸ਼ੀਲਤਾ ਆਉਂਦੀ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕੀ ਖੇਡਦੇ ਹੋ ? ਮਸਲਾ ਸਿਰਫ਼ ’ਕੱਠੇ ਰਹਿੰਦੇ ਹੋਏ ਇੱਕ ਦੂਜੇ ਦਾ ਆਨੰਦ ਲੈਣ-ਦੇਣ ਦਾ ਹੈ।
ਆਪਣੇ ਬੱਚੇ ਨਾਲ ਗੱਲ ਕਰਨ ਲਈ ਦਿਨ ਵਿੱਚ ਸਿਰਫ਼ 15 ਮਿੰਟ ਕੱਢਣਾ ਬੱਚਿਆਂ ਦੀ ਜ਼ਿੰਦਗੀ ਵਿੱਚ ਵੱਡਾ ਫ਼ਰਕ ਲਿਆ ਸਕਦਾ ਹੈ। ਟੀਵੀ ਬੰਦ ਕਰੋ, ਫੋਨ ਤੋਂ ਦੂਰ ਰਹਿੰਦੇ ਹੋਏ ਅਤੇ ਕੁਝ ਭਰਪੂਰ ਸਮਾਂ ਇਕੱਠੇ ਬਿਤਾਓ। ਤੁਹਾਡੇ ਬੱਚੇ ਨੂੰ ਇਹ ਅਹਿਸਾਸ ਹੋਣਾ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਜੀਵਨ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਅਤੇ ਤਣਾਅ ਦੇ ਬਾਵਜੂਦ ਬੱਚੇ ਤੁਹਾਡੇ ਲਈ ਪਿਆਰੇ ਹਨ। ਇੱਕ ਪਰਿਵਾਰ ਦੇ ਰੂਪ ਵਿੱਚ ਇਕੱਠੇ ਖਾਣਾ ਅਕਸਰ ਤੁਹਾਡੇ ਬੱਚੇ ਨਾਲ ਵਧੀਆ ਗੱਲਬਾਤ ਦਾ ਖੂਬਸੂਰਤ ਬਹਾਨਾ ਹੈ। ਸਾਰੇ ਝੰਜਟਾਂ ਤੋਂ ਮੁਕਤ ਹੁੰਦੇ ਹੋਏ ਪਰਿਵਾਰ ਦੇ ਮੈਂਬਰਾਂ ਨੂੰ ਦੂਜੇ ਦੀ ਕੰਪਨੀ ਦਾ ਆਨੰਦ ਲੈਣ ਲਈ ਉਤਸ਼ਾਹਿਤ ਕਰੋ। ਭੋਜਨ ਦਾ ਸਮਾਂ ਤੁਹਾਡੇ ਲਈ ਆਪਣੇ ਬੱਚਿਆਂ ਨੂੰ ਸਿਹਤਮੰਦ ਅਤੇ ਸੰਤੁਲਿਤ ਖੁਰਾਕ ਦੀ ਮਹੱਤਤਾ ਸਿਖਾਉਣ ਦਾ ਵੀ ਇੱਕ ਵਧੀਆ ਮੌਕਾ ਹੈ ਜੋ ਉਨ੍ਹਾਂ ਦੀ ਸਮੁੱਚੀ ਮਾਨਸਿਕ ਸਿਹਤ ਨੂੰ ਵੀ ਪ੍ਰਭਾਵਿਤ ਕਰਦਾ ਹੈ।
ਜੇ ਤੁਹਾਡੇ ਇੱਕ ਤੋਂ ਵੱਧ ਬੱਚੇ ਹਨ ਤਾਂ ਉਨ੍ਹਾਂ ਵਿੱਚੋਂ ਹਰੇਕ ਨਾਲ ਵਿਅਕਤੀਗਤ ਸਮਾਂ ਬਿਤਾਉਣ ਦੀ ਕੋਸ਼ਿਸ਼ ਕਰੋ। ਅਜਿਹੇ ਇਕਸਾਰ ਵਰਤਾਓ ਨਾਲ ਬੱਚੇ ਈਰਖਾ ਮੁਕਤ ਰਹਿੰਦੇ ਹਨ। ਇਹ ਭਾਵਨਾ ਤੁਹਾਡੇ ਬੱਚੇ ਨਾਲ ਤੁਹਾਡੇ ਰਿਸ਼ਤੇ ਨੂੰ ਮਜ਼ਬੂਤ ਬਣਾ ਦਿੰਦੀ ਹੈ ਅਤੇ ਬੱਚੇ ਦਾ ਸਵੈ-ਮਾਣ ਵਿੱਚ ਵੀ ਅਥਾਹ ਵਾਧਾ ਹੁੰਦਾ ਹੈ। ਉਨ੍ਹਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਹ ਵਿਸ਼ੇਸ਼ ਅਤੇ ਕੀਮਤੀ ਹਨ। ਕੁਝ ਮਾਪੇ ਆਪਣੇ ਬੱਚਿਆਂ ਨਾਲ ਟੂਰ ’ਤੇ ਜਾਂਦੇ ਹਨ। ਇਸ ਨਾਲ ਜਿੱਥੇ ਗਿਆਨ ਵਿੱਚ ਵਾਧਾ ਹੁੰਦਾ ਹੈ, ਉੱਥੇ ਇੱਕ ਦੂਜੇ ਨੂੰ ਸਮਝਣ ਲਈ ਖੁੱਲ੍ਹਾ ਸਮਾਂ ਮਿਲ ਜਾਂਦਾ ਹੈ। ਇਸ ਤੋਂ ਬਿਨਾਂ ਬੱਚਿਆਂ ਨਾਲ ਇਕੱਠੇ ਸਮਾਂ ਗੁਜ਼ਾਰਨ ਲਈ ਰੋਜ਼ਾਨਾ ਸੈਰ, ਖੇਡ ਮੈਦਾਨ ਵਿੱਚ ਰੁਟੀਨ ਦੀ ਹਾਜ਼ਰੀ ਜਾਂ ਕਦੇ-ਕਦੇ ਥੀਏਟਰ ਵਿੱਚ ਫਿਲਮ ਵੇਖਣ ਲਈ ਸਮਾਂ ਕੱਢੋ। ਹਰੇਕ ਬੱਚੇ ਨੂੰ ਵੱਖਰੇ ਤੌਰ ’ਤੇ ਮਨਾਉਣਾ ਮਹੱਤਵਪੂਰਨ ਹੈ। ਬੱਚਿਆਂ ਨਾਲ ਅਜਿਹੇ ਨਿੱਕੇ-ਨਿੱਕੇ ਉਤਸਵ ਮਨਾਉਣੇ ਉਨ੍ਹਾਂ ਨੂੰ ਬਹੁਤ ਵੱਡੇ ਕਰ ਦਿੰਦਾ ਹੈ। ਸਾਡੀ ਆਉਣ ਵਾਲੀ ਪਨੀਰੀ ਦੀ ਮਜ਼ਬੂਤੀ ਤੇ ਖੁਸ਼ਹਾਲੀ ਲਈ ਮਾਪਿਆਂ ਵੱਲੋਂ ਬੱਚਿਆਂ ਲਈ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ।
ਸੰਪਰਕ: 94630-245750