ਮੁੰਬਈ: ਇਸ ਵਾਰ ਮੈਲਬਰਨ ’ਚ ਹੋਣ ਵਾਲੇ ਭਾਰਤੀ ਫਿਲਮ ਫੈਸਟੀਵਲ 2023 ਦਾ ਆਗਾਜ਼ ਆਰ ਬਾਲਕੀ ਵੱਲੋਂ ਨਿਰਦੇਸ਼ਿਤ ਅਭਿਸ਼ੇਕ ਬੱਚਨ ਅਤੇ ਸਿਯਾਮੀ ਖੇਰ ਦੀ ਫਿਲਮ ‘ਘੂਮਰ’ ਨਾਲ ਹੋਵੇਗਾ। ਇਹ ਫਿਲਮ ਫੈਸਟੀਵਲ 12 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ। ਫਿਲਮ ਦੇ ਨਿਰਮਾਤਾਵਾਂ ਅਨੁਸਾਰ ਇਹ ਫਿਲਮ ਪੈਰਾਪਲਾਜ਼ੀਆ (ਸਰੀਰ ਦੀ ਲੱਕ ਤੋਂ ਹੇਠਲਾ ਭਾਗ ਨਕਾਰਾ ਹੋਣਾ) ਬਿਮਾਰੀ ਤੋਂ ਪੀੜਤ ਇੱਕ ਖਿਡਾਰਨ (ਸਿਯਾਮੀ) ਦੀ ਦਮਦਾਰ ਕਹਾਣੀ ਬਿਆਨਦੀ ਹੈ, ਜੋ ਆਪਣੇ ਕੋਚ (ਅਭਿਸ਼ੇਕ) ਦੀ ਨਿਗਰਾਨੀ ਹੇਠ ਇੱਕ ਸਫਲ ਕ੍ਰਿਕਟਰ ਬਣਦੀ ਹੈ। ਇਸ ਫਿਲਮ ਦੀ ਕਹਾਣੀ ਬਾਲਕੀ, ਰਾਹੁਲ ਸੇਨਗੁਪਤਾ ਤੇ ਰਾਸ਼ੀ ਵਿਰਮਾਨੀ ਨੇ ਸਾਂਝੇ ਰੂਪ ਵਿੱਚ ਲਿਖੀ ਹੈ। ਫਿਲਮ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਬਾਲਕੀ ਤੇ ਅਭਿਸ਼ੇਕ ਬੱਚਨ ਨੇ ਸਾਂਝੇ ਤੌਰ ’ਤੇ ਕਿਹਾ ਕਿ ‘ਘੂਮਰ’ ਨਾਲ ਫਿਲਮ ਫੈਸਟੀਵਲ ਦੀ ਸ਼ੁਰੂਆਤ ਹੋਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਫਿਲਮ ਕਮੀ ਨੂੰ ਤਾਕਤ ਬਣਾਉਣ ਵੱਲ ਪ੍ਰੇਰਦੀ ਹੈ। ਇਹ ਬਾਹਰੀ ਔਕੜਾਂ ਦਾ ਸਾਹਮਣਾ ਕਰਦੇ ਹੋਏ ਖ਼ੁਦ ਨੂੰ ਉਜਾਗਰ ਕਰਨ ਦੀ ਕਹਾਣੀ ਹੈ। ਉਨ੍ਹਾਂ ਕਿਹਾ ਕਿ ਇਹ ਫਿਲਮ ਮਨੁੱਖ ਦੀ ਵਿਦਰੋਹੀ ਤਾਸੀਰ ਅਤੇ ਖੇਡਾਂ ਦੇ ਆਪਸੀ ਸੁਮੇਲ ਰਾਹੀਂ ਦਰਸਾਉਂਦੀ ਹੈ ਕਿ ਖੇਡਾਂ ਜੀਵਨ ਦਾ ਮੁੱਲ ਹੋਰ ਵਧਾ ਦਿੰਦੀਆਂ ਹਨ। ਅਦਾਕਾਰਾ ਸਿਯਾਮੀ ਨੇ ਕਿਹਾ ਕਿ ਇਸ ਫਿਲਮ ਨਾਲ ਖਿਡਾਰਨ ਦੀ ਭੂਮਿਕਾ ਨਿਭਾਉਣ ਦੀ ਉਸ ਦੀ ਚਿਰਾਂ ਦੀ ਇੱਛਾ ਪੂਰੀ ਹੋਈ ਹੈ। ਸਿਯਾਮੀ ਨੇ ਕਿਹਾ, ‘ਇਹ ਫਿਲਮ ਮੇਰੇ ਦਿਲ ਦੇ ਬਹੁਤ ਨੇੜੇ ਹਨ। ਸਕਰੀਨ ’ਤੇ ਖਿਡਾਰੀ ਦੀ ਭੂਮਿਕਾ ਨਿਭਾਉਣਾ ਮੇਰਾ ਸੁਫ਼ਨਾ ਸੀ।’ -ਪੀਟੀਆਈ