ਮਨਦੀਪ ਸਿੰਘ ਸਿੱਧੂ
ਸਿਨੇ ਪੰਜਾਬੀ
ਯਾਦਾਂ ਤੇ ਯਾਦਗਾਰਾਂ
ਭਾਰਤੀ ਫ਼ਿਲਮਾਂ ਦੇ ਮਹਾਨ ਸੰਗੀਤਕਾਰਾਂ ਵਿਚ ਇਕ ਨਾਮ ਹਮੇਸ਼ਾਂ ਅਮਰ ਰਹੇਗਾ-ਰਫ਼ੀਕ ਗ਼ਜ਼ਨਵੀ। ਰਫ਼ੀਕ ਸਾਹਿਬ ਉਮਦਾ ਸੰਗੀਤਕਾਰ ਹੀ ਨਹੀਂ ਸਨ ਬਲਕਿ ਫ਼ਿਲਮ ਤਾਰੀਖ਼ ਦੇ ਬਿਹਤਰੀਨ ਅਦਾਕਾਰ, ਗੁਲੂਕਾਰ, ਗੀਤਕਾਰ ਅਤੇ ਹਿਦਾਇਤਕਾਰ ਵੀ ਸਨ।
ਰਫ਼ੀਕ ਗ਼ਜ਼ਨਵੀ ਉਰਫ਼ ਮੁਹੰਮਦ ਰਫ਼ੀਕ ਗ਼ਜ਼ਨਵੀ ਦੀ ਪੈਦਾਇਸ਼ ਮਾਰਚ 1907 ਵਿਚ ਰਾਵਲਪਿੰਡੀ ਦੇ ਮੁਸਲਿਮ ਪਰਿਵਾਰ ਵਿਚ ਹੋਈ। ਉਂਜ ਇਨ੍ਹਾਂ ਦਾ ਆਬਾਈ ਤਾਲੁਕ ਅਫ਼ਗਾਨਿਸਤਾਨ ਦੇ ਸ਼ਹਿਰ ਗ਼ਜ਼ਨੀ ਨਾਲ ਸੀ, ਜਿੱਥੋਂ ਉਹ ਹਿਜ਼ਰਤ ਕਰ ਕੇ ਪੇਸ਼ਾਵਰ ਆਬਾਦ ਹੋਏ ਸਨ। ਇਸ ਤੋਂ ਬਾਅਦ ਇਨ੍ਹਾਂ ਦੇ ਪੁਰਖੇ ਕਾਰੋਬਾਰ ਦੇ ਸਿਲਸਿਲੇ ’ਚ ਪੱਕੇ ਤੌਰ ’ਤੇ ਰਾਵਲਪਿੰਡੀ ਵਸ ਗਏ।
ਰਫ਼ੀਕ ਗ਼ਜ਼ਨਵੀ ਨੂੰ ਸਕੂਲ ਟਾਈਮ ਤੋਂ ਹੀ ਮੌਸੀਕੀ ਤੇ ਸ਼ਾਇਰੀ ਨਾਲ ਬੇਪਨਾਹ ਮੁਹੱਬਤ ਅਤੇ ਅਦਾਕਾਰੀ ਵੱਲ ਜਨੂੰਨ ਦੀ ਹੱਦ ਤਕ ਖਿੱਚ ਸੀ। ਉਹ ਵਿਦਿਆਰਥੀ ਜੀਵਨ ਵਿਚ ਆਪਣੇ ਕਾਲਜ ਵਿਚ ਹੋਣ ਵਾਲੇ ਡਰਾਮਿਆਂ ਅਤੇ ਦੂਜੇ ਸਟੇਜ ਪ੍ਰੋਗਰਾਮਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੇ ਸਨ। ਉਨ੍ਹਾਂ ਨੇ ਕਲਾਸੀਕਲ ਮੌਸੀਕੀ ਦੀ ਬਕਾਇਦਾ ਤਾਲੀਮ ਉਸਤਾਦ ਅਬਦੁੱਲ ਅਜ਼ੀਜ਼ ਖ਼ਾਨ, ਉਸਤਾਦ ਮੀਆਂ ਕਾਦਿਰ ਬਖ਼ਸ਼ ‘ਲਾਹੌਰੀ’ ਤੋਂ ਹਾਸਲ ਕੀਤੀ। ਇਸ ਤੋਂ ਬਾਅਦ ਰਫ਼ੀਕ ਨੇ ਉਸਤਾਦ ਆਸ਼ਿਕ ਅਲੀ ਖ਼ਾਨ ‘ਪਟਿਆਲਾ’ ਤੋਂ ਵੀ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ। ਮੌਸੀਕੀ ਨਾਲ ਉਨ੍ਹਾਂ ਦਾ ਇਸ਼ਕ ਐਨਾ ਗਹਿਰਾ ਸੀ ਕਿ ਕਿਸੇ ਘਰਾਣੇ ਨਾਲ ਤਾਲੁਕ ਨਾ ਹੋਣ ਦੇ ਬਾਵਜੂਦ ਉਨ੍ਹਾਂ ਦਾ ਸ਼ੁਮਾਰ ਬਰ-ਏ-ਸਗੀਰ (ਉਪ-ਮਹਾਂਦੀਪ) ਦੇ ਮਹਾਨ ਸੰਗੀਤਕਾਰਾਂ ਵਿਚ ਹੋਇਆ। ਉਨ੍ਹਾਂ ਦੀ ਗਾਇਨ ਕਲਾ ਤੇ ਸੰਗੀਤ ਕਲਾ ਤੋਂ ਮੁਤਾਸਿਰ ਹੁੰਦਿਆਂ ਗ੍ਰਾਮੋਫੋਨ ਕੰਪਨੀ ਨੇ ਉਨ੍ਹਾਂ ਦੇ ਤਵੇ ਭਰਨੇ ਸ਼ੁਰੂ ਕਰ ਦਿੱਤੇ। ਉਂਜ ਤਾਂ ਉਸ ਦੌਰ ਵਿਚ ਰਫ਼ੀਕ ਗ਼ਜ਼ਨਵੀ ਦੇ ਗਾਏ ਬਹੁਤ ਸਾਰੇ ਗ਼ੈਰ ਫ਼ਿਲਮੀ ਪੰਜਾਬੀ ਲੋਕ ਗੀਤ ਪਸੰਦ ਕੀਤੇ ਗਏ, ਪਰ ਇਕ ਲੋਕ ਗੀਤ ਤਾਂ ਬਹੁਤ ਚੱਲਿਆ ਸੀ:
‘ਇਸ ਜੋਬਨ ਦਾ ਮਾਣ ਨਾ ਕਰੀਏ,
ਇਹ ਜੋਬਨ ਚਾਰ ਦਿਹਾੜੇ’ (ਰਾਗ ਭੂਪਾਲੀ)
ਲਾਹੌਰ ਵਿਚ ਨਾਮ ਤੇ ਸ਼ੁਹਰਤ ਮਿਲਦਿਆਂ ਹੀ ਰਫ਼ੀਕ ਦਾ ਰਾਬਤਾ ਹਿਦਾਇਤਕਾਰ ਅਬਦੁੱਲ ਰਸ਼ੀਦ ਕਾਰਦਾਰ ਨਾਲ ਹੋਇਆ, ਜਿਨ੍ਹਾਂ ਦੇ ਕਹਿਣ ’ਤੇ ਉਨ੍ਹਾਂ ਨੇ ਫ਼ਿਲਮ ਲਾਈਨ ਅਖ਼ਤਿਆਰ ਕਰ ਲਈ। ਇਹ ਰਫ਼ੀਕ ਦੀ ਖ਼ੁਸ਼ਕਿਸਮਤੀ ਹੀ ਸੀ ਕਿ ਜਿੱਥੇ ਇਕ ਪਾਸੇ ਉਹ ਵਧੀਆ ਗੁਲੂਕਾਰ ਤੇ ਸੰਗੀਤਕਾਰ ਸਨ, ਦੂਜੇ ਪਾਸੇ ਉਨ੍ਹਾਂ ਦੀ ਦਿਲਕਸ਼ ਸ਼ਖ਼ਸੀਅਤ ਨੇ ੳਨ੍ਹਾਂ ਨੂੰ ਫ਼ਿਲਮਾਂ ਦਾ ਹੀਰੋ ਵੀ ਬਣਾ ਦਿੱਤਾ। ਇਹ ਖ਼ਾਮੋਸ਼ ਯਾਨੀ ਚੁੱਪ ਫ਼ਿਲਮਾਂ ਦਾ ਦੌਰ ਸੀ। ਇਸੇ ਜ਼ਮਾਨੇ ਵਿਚ ਉਸ ਦੀ ਸਹਾਇਕ ਅਦਾਕਾਰ ਵਜੋਂ ਪਹਿਲੀ ਚੁੱਪ ਫ਼ਿਲਮ ਅਬਦੁੱਲ ਰਸ਼ੀਦ ਕਾਰਦਾਰ ਦੇ ਫ਼ਿਲਮਸਾਜ਼ ਅਦਾਰੇ ਯੂਨਾਈਟਿਡ ਪਲੇਅਰਜ਼ ਕਾਰਪੋਰੇਸ਼ਨ, ਲਾਹੌਰ ਦੀ ‘ਬਰੇਵ ਹਾਰਟ’ ਉਰਫ਼ ‘ਸਰਫ਼ਰੋਸ਼’ (1930) ਸੀ। ਇਸ ਫ਼ਿਲਮ ਤੋਂ ਬਾਅਦ ਉਹ ਫ਼ਿਲਮਾਂ ਦੇ ਵੱਡੇ ਮਰਕਜ਼ ਬੰਬੇ ਟੁਰ ਗਏ। ਬੰਬੇ ’ਚ ਰਫ਼ੀਕ ਦੀ ਦੂਸਰੀ ਚੁੱਪ ਫ਼ਿਲਮ ਕ੍ਰਿਸ਼ਨਾ ਫ਼ਿਲਮ ਕੰਪਨੀ, ਬੰਬੇ ਦੀ ‘ਲਾਇਨੈਸ’ (1931) ਸੀ ਅਤੇ ਤੀਸਰੀ ਵੀ ਇਸੇ ਅਦਾਰੇ ਦੀ ਚੁੱਪ ਫ਼ਿਲਮ ‘ਵਾਈਲਡ ਰੋਜ਼’ ਉਰਫ਼ ‘ਮਸਤਾਨਾ ਮਹਬਿੂਬ’ (1931) ਸੀ। ਉਨ੍ਹਾਂ ਦੀ ਚੌਥੀ ਤੇ ਆਖ਼ਰੀ ਚੁੱਪ ਫ਼ਿਲਮ ‘ਗ਼ੁਲਾਮੀ ਜ਼ੰਜੀਰ’ ਉਰਫ਼ ‘ਬੌਂਡਮੈਨ’ (1931) ਸੀ।
ਜਦੋਂ ਬੋਲਦੀਆਂ ਫ਼ਿਲਮਾਂ ਦਾ ਦੌਰ ਸ਼ੁਰੂ ਹੋਇਆ ਤਾਂ ਅਬਦੁੱਲ ਰਸ਼ੀਦ ਕਾਰਦਾਰ ਨੇ ਹਕੀਮ ਰਾਮ ਪ੍ਰਸ਼ਾਦ ਨਾਲ ਮਿਲ ਕੇ ਲਾਹੌਰ ਵਿਚ ਆਪਣੇ ਫ਼ਿਲਮਸਾਜ਼ ਅਦਾਰੇ ਪਲੇਆਰਟ ਫੋਟੋਟੋਨ ਦੇ ਬੈਨਰ ਹੇਠ ਪੰਜਾਬ ਦੀ ਦੂਜੀ ਟਾਕੀਜ਼ (ਪਹਿਲੀ ਰਾਧੇ ਸ਼ਿਆਮ/1932) ਫ਼ਿਲਮ ‘ਹੀਰ ਰਾਂਝਾ’ ਉਰਫ਼ ‘ਹੂਰ-ਏ-ਪੰਜਾਬ’ (1932) ਬਣਾਈ ਤਾਂ ਕਾਲਜ ਵਿਦਿਆਰਥੀ ਰਫ਼ੀਕ ਗ਼ਜ਼ਨਵੀ ਨੂੰ ‘ਰਾਂਝੇ’ ਦਾ ਕਿਰਦਾਰ ਨਿਭਾਉਣ ਦਾ ਮੌਕਾ ਦਿੱਤਾ, ਜਿਸ ਦੇ ਹਮਰਾਹ ਅੰਮ੍ਰਿਤਸਰ ਦੀ ਖ਼ੂਬਸੂਰਤ ਪੰਜਾਬਣ ਮੁਟਿਆਰ ਅਨਵਰ ਬੇਗ਼ਮ ‘ਹੀਰ’ ਦਾ ਕਿਰਦਾਰ ਨਿਭਾ ਰਹੀ ਸੀ। ਕਹਾਣੀ ਪ੍ਰੋਫੈਸਰ ਅਬਿਦ ਅਲੀ ਆਬਿਦ, ਮੁਕਾਲਮੇ ਲਾਲਾ ਯਾਕੂਬ, ਮੰਜ਼ਰਨਾਮਾ ਐੱਮ. ਸਾਦਿਕ, ਸੰਗੀਤ ਰਫ਼ੀਕ ਗ਼ਜ਼ਨਵੀ (ਸਹਾਇਕ ਭਾਈ ਗ਼ੁਲਾਮ ਹੈਦਰ ਅੰਮ੍ਰਿਤਸਰੀ) ਨੇ ਮੁਰੱਤਬਿ ਕੀਤਾ। ਇਸ ਫ਼ਿਲਮ ਦੇ ਸਿਰਫ਼ ਦੋ ਗੀਤਾਂ ਦਾ ਹਵਾਲਾ ਮਿਲ ਪਾਇਆ ਹੈ। ਪਹਿਲਾ ਪੰਜਾਬੀ ਵਿਚ ‘ਟੁਰ ਚੱਲਿਆ ਨੀਂ ਰਾਂਝਾ ਮੇਰੀ ਪ੍ਰੀਤ ਨੂੰ ਤੋੜ ਕੇ’ ਅਤੇ ਦੂਜਾ ਹਿੰਦੀ ਗੀਤ ‘ਉੱਠ ਏ ਵਫ਼ਾ ਸ਼ਾਰ ਮੇਰਾ ਹਾਲੇ ਜ਼ਾਰ ਦੇਖ’। ਇਹ ਫ਼ਿਲਮ 9 ਸਤੰਬਰ 1932 ਨੂੰ ਕੈਪੀਟਲ ਸਿਨਮਾ, ਮੈਕਲੋਡ ਰੋਡ, ਲਾਹੌਰ ਅਤੇ ਸਟਾਰ ਸਿਨਮਾ, ਭਾਟੀ ਗੇਟ, ਲਾਹੌਰ ਵਿਖੇ ਨੁਮਾਇਸ਼ ਹੋਈ, ਪਰ ਆਪਣੀ ਨਾਕਸ ਫੋਟੋਗ੍ਰਾਫ਼ੀ ਦੀ ਵਜ੍ਹਾ ਨਾਲ ਇਹ ਫ਼ਿਲਮ ਨਾਕਾਮ ਸਾਬਤ ਹੋਈ। ਉਸ ਨੇ ਫ਼ਿਲਮ ਦੀ ਹੀਰੋਇਨ ਅਨਵਰ ਬੇਗ਼ਮ ਨੂੰ ਗੀਤਾਂ ਦੀ ਰਿਹਰਸਲ ਦੌਰਾਨ ਆਪਣੇ ਦਿਲ ਦੀ ‘ਹੀਰ’ ਬਣਾ ਲਿਆ।
ਰਫ਼ੀਕ ਗ਼ਜ਼ਨਵੀ ਦੀ ਸੰਗੀਤਕਾਰ ਵਜੋਂ ਪਹਿਲੀ ਫ਼ਿਲਮ ਹਿਦਾਇਤਕਾਰ ਜੇ. ਕੇ. ਨੰਦਾ ਦੇ ਫ਼ਿਲਮਸਾਜ਼ ਅਦਾਰੇ ਓਰੀਐਂਟਲ ਪਿਕਚਰਜ਼, ਲਾਹੌਰ ਦੀ ‘ਪਵਿੱਤਰ ਗੰਗਾ’ ਉਰਫ਼ ‘ਸੈਕਰਡ ਗੰਗਾਸ’ (1932) ਸੀ। ਇਸ ਦੀ ਤਕਮੀਲ ਤੋਂ ਬਾਅਦ ਰਫ਼ੀਕ ਗ਼ਜ਼ਨਵੀ ਆਪਣੀ ਪਤਨੀ ਅਨਵਰ ਬੇਗ਼ਮ ਨੂੰ ਨਾਲ ਲੈ ਕੇ ਬੰਬੇ ਚਲੇ ਗਏ। ਬੰਬੇ ਜਾ ਕੇ ਉਨ੍ਹਾਂ ਨੇ ਮਹਾਰਾਸ਼ਟਰ ਸਿਨੇਟੋਨ ਦੀ ਨਾਨਾ ਸਾਹਬ ਡੀ. ਸ਼ਰਪੋਤਦਾਰ ਤਾਰੀਖ਼ੀ ਫ਼ਿਲਮ ‘ਪ੍ਰਿਥਵੀਰਾਜ ਸੰਯੋਗਿਤਾ’ (1933) ਦੇ 12 ਗੀਤਾਂ ਦੀ ਮੌਸੀਕੀ ਮੁਰੱਤਬਿ ਕੀਤੀ। ਉਨ੍ਹਾਂ ਨੇ ਫ਼ਿਲਮ ’ਚ ‘ਕਵੀ ਚੰਦ ਬਰਦਾਈ’ ਦਾ ਪਾਰਟ ਵੀ ਅਦਾ ਕੀਤਾ। ਇਸ ਫ਼ਿਲਮ ਤੋਂ ਬਾਅਦ ਰਫ਼ੀਕ ਨੇ ਅਨਵਰ ਬੇਗ਼ਮ ਨੂੰ ਤਲਾਕ ਦੇ ਦਿੱਤਾ। ਜਯੰਤ ਪਿਕਚਰਜ਼, ਬੰਬੇ ਦੀ ਸ਼ਾਂਤੀ ਜੇ. ਦਵੇ ਨਿਰਦੇਸ਼ਿਤ ਫ਼ਿਲਮ ‘ਜਵਾਨੀ ਦੀਵਾਨੀ’ ਉਰਫ਼ ‘ਫਲੇਮਿੰਗ ਯੂਥ’ (1934) ਦੇ 8 ਗੀਤਾਂ ਦਾ ਸੰਗੀਤ ਤਰਤੀਬ ਕਰਨ ਦੇ ਨਾਲ ਰਫ਼ੀਕ ਨੇ ‘ਸ਼ਰਮਾ’ ਦਾ ਕਿਰਦਾਰ ਵੀ ਅਦਾ ਕੀਤਾ, ਜਿਸ ਦੇ ਰੂਬਰੂ ਅਦਾਕਾਰਾ ਮਿਸ ਜ਼ੌਹਰਾ ‘ਕੁਮੁਦ’ ਦਾ ਰੋਲ ਕਰ ਰਹੀ ਸੀ। ਫ਼ਿਲਮਬੰਦੀ ਦੇ ਦੌਰਾਨ ਮਿਸ ਜ਼ੌਹਰਾ ਤੇ ਰਫ਼ੀਕ ਇਕ-ਦੂਜੇ ਦੇ ਕਰੀਬ ਆ ਗਏ ਤੇ ਦੋਵਾਂ ਨੇ ਮੁਹੱਬਤੀ ਵਿਆਹ ਕਰਵਾ ਲਿਆ। ਭਾਰਤ ਮੂਵੀਟੋਨ, ਬੰਬੇ ਦੀ ਜੀ. ਆਰ. ਸੇਠੀ ਨਿਰਦੇਸ਼ਿਤ ਕਲਾਸੀਕਲ ਫ਼ਿਲਮ ‘ਰੌਸ਼ਨਆਰਾ’ (1932) ਵਿਚ ਰਫ਼ੀਕ ਨੇ ਅਦਾਕਾਰਾ ਤਾਰਾ (ਸਿਤਾਰਾ ਦੇਵੀ ਤੇ ਅਲਕਨੰਦਾ ਦੀ ਭੈਣ) ਨਾਲ ਹੀਰੋ ਦਾ ਪਾਰਟ ਅਦਾ ਕੀਤਾ। ਅਮਰ ਮੂਵੀਟੋਨ, ਬੰਬੇ ਦੀ ਜੇ. ਕੇ. ਨੰਦਾ ਨਿਰਦੇਸ਼ਿਤ ਫ਼ਿਲਮ ‘ਇੰਤਕਾਮ’ ਉਰਫ਼ ‘ਮੁਹੱਬਤ ਕੀ ਮਾਰ’ ਉਰਫ਼ ‘ਕਰਸਸ ਆਫ਼ ਕਿਊਪਡ’ (1933) ’ਚ ਰਫ਼ੀਕ ਨੇ 8 ਗੀਤਾਂ ਦੀਆਂ ਧੁਨਾਂ ਬਣਾਈਆਂ। ਰਾਇਲ ਸਿਨੇਟੋਨ, ਬੰਬੇ ਦੀ ਸ਼ਾਂਤੀ ਜੇ. ਦਵੇ ਤੇ ਬਲਵੰਤ ਭੱਟ ਨਿਰਦੇਸ਼ਿਤ ਫ਼ਿਲਮ ‘ਅਲਿਫ਼ ਲੈਲਾ’ ਉਰਫ਼ ‘ਅਰਬੀਅਨ ਨਾਈਟਸ’ (1933) ’ਚ ਫ਼ਿਲਮ ਦੇ 13 ਗੀਤਾਂ ’ਚੋਂ ਇਕ ਵਾਤਾਵਰਣ ਦੀ ਖ਼ੂਬਸੂਰਤੀ ਪੇਸ਼ ਕਰਦਾ ਗੀਤ ‘ਚਲੋ ਚਮਨ ਮੇਂ ਦੇਖੋ ਗੁਲ ਕੀ ਯਹ ਬਹਾਰ’ ਦਾ ਸੰਗੀਤ ਦਿੱਤਾ ਜਦੋਂਕਿ 12 ਗੀਤਾਂ ਦੇ ਸੰਗੀਤਕਾਰ ਕੀਕੂ ਭਾਈ ਯਾਗਨਿਕ ਸਨ।
ਇੰਪੀਰੀਅਲ ਫ਼ਿਲਮ ਕੰਪਨੀ, ਬੰਬੇ ਦੀ ਹੋਮੀ ਮਾਸਟਰ ਨਿਰਦੇਸ਼ਿਤ ਫ਼ਿਲਮ ‘ਸਮਾਜ ਕੀ ਭੂਲ’ (1934) ’ਚ ਰਫ਼ੀਕ ਗ਼ਜ਼ਨਵੀ ਨੇ ‘ਵਕੀਲ ਰਘੂਵੀਰ’ ਦਾ ਕਿਰਦਾਰ ਅਤੇ ਦੁਲਾਰੀ ‘ਚੰਦਰਮੁਖੀ’ ਦਾ ਰੋਲ ਕਰ ਰਹੀ ਸੀ। ਇੰਪੀਰੀਅਲ ਦੀ ਚੌਧਰੀ ਨਿਰਦੇਸ਼ਿਤ ਫ਼ਿਲਮ ‘ਪੀਆ ਪਿਆਰੇ’ ਉਰਫ਼ ‘ਮਾਈ ਮੈਨ’ (1934) ’ਚ ਵੀ ਰਫ਼ੀਕ ਸਹਾਇਕ ਅਦਾਕਾਰ ਸਨ। ਇੰਪੀਰੀਅਲ ਫ਼ਿਲਮ ਕੰਪਨੀ ਦੀ ਹੀ ਮੋਤੀ ਬੀ. ਗਿਡਵਾਨੀ ਨਿਰਦੇਸ਼ਿਤ ਫ਼ਿਲਮ ‘ਗ਼ੁਲਾਮ ਡਾਕੂ’ (1936) ’ਚ ਰਫ਼ੀਕ ਗ਼ਜ਼ਨਵੀ ਨੇ ‘ਦਲੀਪ’ ਦਾ ਪਾਰਟ ਅਦਾ ਕੀਤਾ। ਇੰਪੀਰੀਅਲ ਦੀ ਹੀ ਮੋਤੀ ਬੀ. ਗਿਡਵਾਨੀ ਨਿਰਦੇਸ਼ਿਤ ਫ਼ਿਲਮ ‘ਟੂ ਵੂਮਨ’ ਉਰਫ਼ ‘ਦੋ ਔਰਤੇਂ’ (1937) ਵਿਚ ਮਿਸ ਰੋਜ਼ ਤੇ ਪਦਮਾ ਦੇਵੀ ਨਾਲ ਹੀਰੋ ਦਾ ਕਿਰਦਾਰ ਨਿਭਾਇਆ। ਇਸ ਤੋਂ ਬਾਅਦ ਰਫ਼ੀਕ ਨੇ ਇੰਪੀਰੀਅਲ ਫ਼ਿਲਮ ਕੰਪਨੀ ਦੀਆਂ ‘ਲਯਲੋ ਨਿਹਾਰ’ (1936) ਦੁਲਾਰੀ ਨਾਲ, ‘ਉਸਨੇ ਕਯਾ ਸੋਚਾ’ ਉਰਫ਼ ‘ਦਿ ਪ੍ਰਿਜ਼ਨਰਜ਼ ਵਾਈਫ’ (1937) ਰਤਨਬਾਈ ਨਾਲ, ਗੁੰਜਾਲ ਨਿਰਦੇਸ਼ਿਤ ਫ਼ਿਲਮ ‘ਮੇਰੇ ਲਾਲ’ (1937) ਜ਼ਿੱਲੋ ਬਾਈ ਨਾਲ ਅਤੇ ‘ਕਿਸ ਲੀਏ’ (1937) ’ਚ ਰਫ਼ੀਕ ਤੇ ਪਦਮਾ ਦੇਵੀ ਜੋੜੀਦਾਰ ਸਨ। ਸਾਗਰ ਮੂਵੀਟੋਨ, ਬੰਬੇ ਦੀ ਰਮਣੀਕ ਦੇਸਾਈ ਨਿਰਦੇਸ਼ਿਤ ਫ਼ਿਲਮ ‘ਨਾਚਵਾਲੀ’ (1934) ਵਿਚ ਰਫ਼ੀਕ ਸਹਾਇਕ ਅਦਾਕਾਰ ਸਨ। ਪ੍ਰੋਸਪੈਰਿਟੀ ਫ਼ਿਲਮ ਕੰਪਨੀ, ਬੰਬੇ ਦੀ ਜੇ. ਕੇ. ਨੰਦਾ ਨਿਰਦੇਸ਼ਿਤ ਫ਼ਿਲਮ ‘ਬਹਿਨ ਕਾ ਪ੍ਰੇਮ’ ਉਰਫ਼ ‘ਬੈਨੂਰ ਆਂਖੇਂ’ (1935) ’ਚ ‘ਰਮੇਸ਼’ ਦਾ ਕਿਰਦਾਰ, ਜਿਸਦੇ ਰੂਬਰੂ ਇਕ ਵਾਰ ਫਿਰ ਅਦਾਕਾਰਾ ਪਤਨੀ ਜ਼ੌਹਰਾ ਮੌਜੂਦ ਸੀ। ਅਦਾਕਾਰੀ ਦੇ ਨਾਲ-ਨਾਲ ਰਫ਼ੀਕ ਨੇ ਫ਼ਿਲਮ ਦੇ 13 ਗੀਤਾਂ ਦਾ ਸੰਗੀਤ ਵੀ ਦਿੱਤਾ, ਜਿਨ੍ਹਾਂ ’ਚੋਂ 3 ਗੀਤ ਰਫ਼ੀਕ ਦੇ ਗਾਏ ਤੇ ਰਫ਼ੀਕ ’ਤੇ ਹੀ ਫ਼ਿਲਮਾਏ ਗਏ ‘ਜਿਸਪੇ ਗ਼ੁਜ਼ਰੇ ਵਹ ਮੁਬਤਲਾ ਜਾਨੇ’, ‘ਆਂਖੋਂ ਵਾਲੇ ਬਾਬਾ’ ਤੇ ‘ਝੂਠਾ ਸਭ ਸੰਸਾਰ ਮਤਲਬ ਕੇ ਸਭ ਯਾਰ’।
ਬਤੌਰ ਹਿਦਾਇਤਕਾਰ ਰਫ਼ੀਕ ਗ਼ਜ਼ਨਵੀ ਦੀ ਪਹਿਲੀ ਫ਼ਿਲਮ ‘ਪ੍ਰੇਮ ਪੁਜਾਰੀ’ ਉਰਫ਼ ‘ਮਰੀਜ਼-ਏ-ਇਸ਼ਕ’ (1935) ਸੀ। ਰਫ਼ੀਕ ਇਸ ਫ਼ਿਲਮ ਦੇ ਅਦਾਕਾਰ, ਸੰਗੀਤਕਾਰ, ਕਹਾਣੀਕਾਰ ਤੇ ਸੰਵਾਦ ਲੇਖਕ ਵੀ ਖ਼ੁਦ ਸਨ। ਫ਼ਿਲਮ ਦੀ ਅਦਾਕਾਰਾ ਸੀ ਇਨ੍ਹਾਂ ਦੀ ਪਤਨੀ ਜ਼ੌਹਰਾ। ਇਨ੍ਹਾਂ ਫ਼ਿਲਮਾਂ ਦੀ ਤਕਮੀਲ ਦੇ ਦੌਰਾਨ ਰਫ਼ੀਕ ਗ਼ਜ਼ਨਵੀ ਨੇ ਜ਼ੌਹਰਾ ਨੂੰ ਵੀ ਤਲਾਕ ਦੇ ਦਿੱਤਾ ਅਤੇ ਇਸ ਦੀ ਛੋਟੀ ਭੈਣ ਅਦਾਕਾਰਾ ਅਨੁਰਾਧਾ ਨਾਲ ਵਿਆਹ ਕਰ ਲਿਆ। ਜ਼ੌਹਰਾ ਨੇ ਰਫ਼ੀਕ ਤੋਂ ਤਲਾਕ ਲੈਣ ਤੋਂ ਬਾਅਦ ਹਿਦਾਇਤਕਾਰ ਐੱਮ. ਏ. ਮਿਰਜ਼ਾ ਨਾਲ ਵਿਆਹ ਕਰ ਲਿਆ।
ਇਸੇ ਵਰ੍ਹੇ ਰਫ਼ੀਕ ਗ਼ਜ਼ਨਵੀ ਨੇ ਈਸਟਰਨ ਆਰਟਸ, ਬੰਬੇ ਦੀ ਹੀਰੇਨ ਬੋਸ ਨਿਰਦੇਸ਼ਿਤ ਫ਼ਿਲਮ ‘ਧਰਮ ਕੀ ਦੇਵੀ’ ਉਰਫ਼ ‘ਸੁਹਾਗ ਕੀ ਰਾਤ’ (1935) ’ਚ ਸਰਦਾਰ ਅਖ਼ਤਰ ਅਤੇ ਕੁਮਾਰ ਦੇ ਨਾਲ ਦੂਜੇ ਹੀਰੋ ਵਜੋਂ ਅਦਾਕਾਰੀ ਕੀਤੀ। ਪ੍ਰੀਮੀਅਰ ਫ਼ਿਲਮਜ਼, ਬੰਬੇ ਦੀ ਅਸਪੀ ਨਿਰਦੇਸ਼ਿਤ ਫ਼ਿਲਮ ‘ਸੁੰਦਰੀ’ (1936) ’ਚ ਸਹਾਇਕ ਭੁੂਮਿਕਾ, ਮੋਹਨ ਪਿਕਚਰਜ਼, ਬੰਬੇ ਦੀ ਏ. ਐੱਮ. ਖ਼ਾਨ ਨਿਰਦੇਸ਼ਿਤ ਸਟੰਟ ਫ਼ਿਲਮ ‘ਕੁਲ ਦੀਪਕ’ (1937) ’ਚ ਵੀ ਸਹਾਇਕ ਅਦਾਕਾਰ ਸਨ, ਪਰ ਇਸ ਫ਼ਿਲਮ ’ਚ ਪੰਜਾਬੀ ’ਚ ਗਾਇਆ ਇਕ ਗੀਤ ‘ਢੋਲ ਕਮਲਾ ਚਿੱਟੀ ਤੇਰੀ ਦਾੜ੍ਹੀ ਤੇ ਗੁਲਾਬੀ ਸ਼ਮਲਾ’ ਵੀ ਬੜਾ ਮਕਬੂਲ ਹੋਇਆ। ਫੈਡਰਲ ਫ਼ਿਲਮ ਐਕਸਚੇਂਜ, ਬੰਬੇ ਦੀ ਜੀ. ਆਰ. ਸੇਠੀ ਨਿਰਦੇਸ਼ਿਤ ਫ਼ਿਲਮ ‘ਐਕਟਰੈੱਸ ਕਿਓਂ ਬਨੀ’ (1939) ’ਚ ਰਫ਼ੀਕ ਤੇ ਪਦਮਾ ਦੇਵੀ ਦੀ ਜੋੜੀ ਆਪਣੇ ਫ਼ਨ ਦੀ ਨੁਮਾਇਸ਼ ਕਰ ਰਹੀ ਸੀ। ਹਿੰਦੋਸਤਾਨ ਸਿਨੇਟੋਨ, ਬੰਬੇ ਦੀ ਸੀ. ਐੱਮ. ਲੁਹਾਰ ਨਿਰਦੇਸ਼ਿਤ ਫ਼ਿਲਮ ‘ਕੌਨ ਕਿਸੀਕਾ’ (1939) ’ਚ ਰਫ਼ੀਕ ਗ਼ਜ਼ਨਵੀ ਨੇ ਮੁਣਸ਼ੀ ਦਿਲ ਦੇ ਲਿਖੇ 9 ਗੀਤਾਂ ਦਾ ਸੰਗੀਤ ਮੁਰੱਤਬਿ ਕੀਤਾ। ਐਵਰੇਸਟ ਪਿਕਚਰਜ਼ ਕਾਰਪੋਰੇਸ਼ਨ, ਬੰਬੇ ਦੀ ਅਜ਼ਰਾ ਮੀਰ ਨਿਰਦੇਸ਼ਿਤ ਫ਼ਿਲਮ ‘ਸਿਤਾਰਾ’ (1939) ’ਚ ਮੁਣਸ਼ੀ ਦਿਲ ਦੇ ਲਿਖੇ 13 ਗੀਤਾਂ ਦਾ ਸੰਗੀਤ ਤਿਆਰ ਕੀਤਾ। ਫ਼ਿਲਮ ’ਚ ਰਫ਼ੀਕ ਨੇ ਸੰਗੀਤ ਦੇਣ ਦੇ ਨਾਲ 3 ਗੀਤ ਵੀ ਗਾਏ ‘ਤਸਵੀਰ ਬਨਾਨੇ ਵਾਲੇ ਤਕਦੀਰ ਬਨਾ ਦੇ ਮੇਰੀ’ (ਨਾਲ ਖ਼ੁਰਸ਼ੀਦ ਬਾਨੋ), ‘ਅਰਮਾਨ ਭਰੇ ਦਿਲ ਔਰ ਤਾਰੋਂ ਭਰੀ ਰਾਤੇਂ’ ਤੇ ‘ਮੈਂ ਸਦਕੇ ਤੇਰੇ’ ਜੋ ਬੜੇ ਹਿੱਟ ਰਹੇ ਤੇ ਰਫ਼ੀਕ ਦੇ ਸੰਗੀਤਕ ਫ਼ਨ ਨੂੰ ਭਰਵਾਂ ਹੁਲਾਰਾ ਮਿਲਿਆ। ਇਹ ਫ਼ਿਲਮ 21 ਜੁਲਾਈ 1939 ਨੂੰ ਪੈਲੇਸ ਸਿਨਮਾ, ਲਾਹੌਰ ਅਤੇ 6 ਅਕਤੂਬਰ 1939 ਨੂੰ ਮਿਨਰਵਾ ਟਾਕੀਜ਼, ਲਾਹੌਰ ਵਿਖੇ ਪਰਦਾਪੇਸ਼ ਹੋਈ ਤੇ ਹਿੱਟ ਫ਼ਿਲਮ ਸਾਬਤ ਹੋਈ।
ਇਹ ਸਿਲਸਿਲਾ ਇੰਝ ਹੀ ਚੱਲਦਾ ਰਿਹਾ ਤੇ ਰਫ਼ੀਕ ਸਾਹਬ ਦੇ ਸੰਗੀਤ ਤੋਂ ਬਗ਼ੈਰ ਫ਼ਿਲਮਾਂ ਨੂੰ ਅਧੂਰਾ ਸਮਝਿਆ ਜਾਣ ਲੱਗ ਪਿਆ। ਇਕ ਪਾਸੇ ਜਿੱਥੇ ਉਨ੍ਹਾਂ ਨੂੰ ਜ਼ਿਆਦਾ ਰੁਝੇਵਿਆਂ ਦੇ ਚੱਲਦਿਆਂ ਸਿਰ ਖੁਰਕਣ ਦੀ ਵਿਹਲ ਨਹੀਂ ਸੀ ਤੇ ਦੂਜੇ ਪਾਸੇ ਉਨ੍ਹਾਂ ਦੇ ਮੁਹੱਬਤੀ ਅਫ਼ਸਾਨਿਆਂ ਦੇ ਕਿੱਸੇ ਵੀ ਮਸ਼ਹੂਰ ਰਹਿੰਦੇ। ਹਿੰਦੋਸਤਾਨ ਸਿਨੇਟੋਨ ਦੀ ਗੂੰਜਾਲ ਨਿਰਦੇਸ਼ਿਤ ਫ਼ਿਲਮ ‘ਅਪਨੀ ਨਗਰੀਆ’ ਉਰਫ਼ ‘ਮਡ’ (1940) ’ਚ ਰਫ਼ੀਕ ਗ਼ਜ਼ਨਵੀ ਨੇ ਡਾ. ਸ਼ਫ਼ਦਰ ਆਹ ‘ਸੀਤਾਪੁਰੀ’ ਤੇ ਪੰਡਤ ਇੰਦਰ ਦੇ ਲਿਖੇ 12 ਗੀਤਾਂ ਦਾ ਸੰਗੀਤ ਤਿਆਰ ਕੀਤਾ। ਇਹ ਫ਼ਿਲਮ 19 ਜੁਲਾਈ 1940 ਨੂੰ ਰੀਗਲ ਥੀਏਟਰ, ਲਾਇਲਪੁਰ ’ਚ ਨੁਮਾਇਸ਼ ਹੋਈ। ਦੀ ਇੰਡੀਆ ਆਰਟਿਸਟਸ ਲਿਮ., ਬੰਬੇ ਦੀ ਆਰ. ਐੱਸ. ਜੁਨਾਰਕਰ ਤੇ ਮੁਬਾਰਕ ਨਿਰਦੇਸ਼ਿਤ ਫ਼ਿਲਮ ‘ਬਹੂਰਾਨੀ’ (1940) ’ਚ ਗੀਤਕਾਰ ਆਜ਼ਾਦ ਕਸ਼ਯਪ ਦੇ ਲਿਖੇ 9 ਗੀਤਾਂ ਦਾ ਸੰਗੀਤ ਬਨਾਇਆ। ਇਹ ਫ਼ਿਲਮ 20 ਜੂਨ 1940 ਨੂੰ ਐਕਸੀਲੀਜ਼ਰ ਸਿਨਮਾ, ਬੰਬੇ ਵਿਖੇ ਰਿਲੀਜ਼ ਹੋਈ। ਮਿਨਰਵਾ ਮੂਵੀਟੋਨ, ਬੰਬੇ ਦੀ ਸੋਹਰਾਬ ਮੋਦੀ ਨਿਰਦੇਸ਼ਿਤ ਤਾਰੀਖ਼ੀ ਫ਼ਿਲਮ ‘ਸਿਕੰਦਰ’ (1941) ’ਚ ਰਫ਼ੀਕ ਗ਼ਜ਼ਨਵੀ ਤੇ ਮੀਰ ਸਾਹਿਬ ਦੇ ਸੰਗੀਤ ’ਚ ਪੰਡਤ ਸੁਦਰਸ਼ਨ ਦੇ ਲਿਖੇ 7 ਗੀਤ ਬੜੇ ਮਕਬੂਲ ਹੋਏ। ਖ਼ਾਸ ਕਰਕੇ ਫ਼ਿਲਮ ਦਾ ਇਕ ਗੀਤ ਯੂਨਾਨੀ ਸਿਪਾਹੀ ‘ਸਲਿਊਕਸ’ (ਲਾਲਾ ਯਾਕੂਬ, ਲਾਹੌਰੀ) ਤੇ ਸਾਥੀਆਂ ’ਤੇ ਫ਼ਿਲਮਾਇਆ ਗੀਤ ‘ਜ਼ਿੰਦਗ਼ੀ ਹੈ ਪਯਾਰ ਸੇ, ਪਯਾਰ ਸੇ ਬਿਤਾਏ ਜਾ, ਹੁਸਨ ਕੇ ਹਜ਼ੂਰ ਮੇਂ ਅਪਨਾ ਦਿਲ ਲੁਟਾਏ ਜਾ’ (ਰਫ਼ੀਕ ਗ਼ਜ਼ਨਵੀ) ਅਮਰ ਗੀਤ ਦਾ ਦਰਜਾ ਰੱਖਦਾ ਹੈ। ਸਿਰਕੋ ਪ੍ਰੋਡਕਸ਼ਨਜ਼, ਬੰਬੇ ਦੀ ਏ. ਆਰ. ਕਾਰਦਾਰ ਨਿਰਦੇਸ਼ਿਤ ਫ਼ਿਲਮ ‘ਸਵਾਮੀ’ (1941) ’ਚ ਰਫ਼ੀਕ ਨੇ ਫ਼ਿਲਮ ’ਚ ਸ਼ਾਤਿਰ ਗ਼ਜ਼ਨਵੀ, ਪੰਡਤ ਇੰਦਰ (ਇਕ ਗੀਤ) ਤੇ ਸਾਹਿਰ ਐੱਮ. ਏ. (ਇਕ ਗੀਤ) ਦੇ ਲਿਖੇ 10 ਗੀਤਾਂ ਦਾ ਖ਼ੂਬਸੂਰਤ ਸੰਗੀਤ ਤਾਮੀਰ ਕੀਤਾ ਜੋ ਬੇਹੱਦ ਮਕਬੂਲ ਹੋਏ। ਇਹ ਫ਼ਿਲਮ 12 ਦਸੰਬਰ 1941 ਨੂੰ ਰੀਜੈਂਟ ਸਿਨਮਾ, ਲਾਹੌਰ ਵਿਖੇ ਨੁਮਾਇਸ਼ ਹੋਈ। ਹਿੰਦ ਪਿਕਚਰਜ਼, ਬੰਬੇ ਦੀ ਨਜ਼ੀਰ ਨਿਰਦੇਸ਼ਿਤ ਫ਼ਿਲਮ ‘ਕਲਯੁੱਗ’ (1942) ’ਚ ਰਫ਼ੀਕ ਨੇ ਹਸਰਤ ਲਖਨਵੀ ਦੇ ਲਿਖੇ 10 ਗੀਤਾਂ ਦੀਆਂ ਸੋਹਣੀਆਂ ਤਰਜ਼ਾਂ ਬਣਾਈਆਂ। ਹਿੰਦ ਪਿਕਚਰਜ਼ ਦੀ ਹੀ ਫ਼ਿਲਮ ‘ਸੋਸਾਇਟੀ’ (1942) ’ਚ ਰਫ਼ੀਕ ਨੇ 11 ਗੀਤਾਂ ਦੀਆਂ ਧੁਨਾਂ ਤਰਤੀਬ ਕੀਤੀਆਂ ‘ਦੋਸਤ ਹੂਆ ਹੈ ਦੁਸ਼ਮਨ’ (ਰਫ਼ੀਕ ਗ਼ਜ਼ਨਵੀ), ‘ਹਾਏ ਜਵਾਨੀ’ (ਸਿਤਾਰਾ ਦੇਵੀ, ਰਫ਼ੀਕ) ਆਦਿ ਤੋਂ ਇਲਾਵਾ ਸਿਤਾਰਾ ਦੇਵੀ ਦਾ ਗਾਇਆ ਇਕ ਪੰਜਾਬੀ ਗੀਤ ‘ਕੱਦ ਯਾਰ ਸਰੂੰ ਦਾ ਬੂਟਾ ਵਿਹੜੇ ਵਿਚ ਲਾਈ ਰੱਖਦੀ’ ਵੀ ਬੜਾ ਹਿੱਟ ਹੋਇਆ। ਇਹ ਫ਼ਿਲਮ 6 ਫਰਵਰੀ 1942 ਨੂੰ ਜਸਵੰਤ ਟਾਕੀਜ਼ ਵਿਖੇ ਰਿਲੀਜ਼ ਹੋਈ। ਭਾਰਤ ਟਾਕੀਜ਼, ਬੰਬੇ ਦੀ ਐੱਮ. ਏ. ਮਿਰਜ਼ਾ ਨਿਰਦੇਸ਼ਿਤ ਫ਼ਿਲਮ ‘ਕਿਸਕੀ ਬੀਬੀ’ (1942) ’ਚ ਰਫ਼ੀਕ ਨੇ 11 ਗੀਤਾਂ ਦਾ ਰੁਮਾਨੀ ਸੰਗੀਤ ਤਿਆਰ ਕੀਤਾ। ਸਨਰਾਈਜ਼ ਪਿਕਚਰਜ਼, ਬੰਬੇ ਦੀ ਬੀ. ਐੱਮ. ਵਿਆਸ ਨਿਰਦੇਸ਼ਿਤ ਫ਼ਿਲਮ ‘ਦੁਹਾਈ’ (1943) ’ਚ 9 ਗੀਤਾਂ ’ਚੋਂ 2 ਗੀਤਾਂ ਦੀਆਂ ਤਰਜ਼ਾਂ ਬਣਾਈਆਂ। ਰਫ਼ੀਕ ਦੇ ਸ਼ਾਂਤਾ ਆਪਟੇ ਨਾਲ ਗਾਏ, ਇਨ੍ਹਾਂ ਦਿਲਕਸ਼ ਗੀਤਾਂ ਦੇ ਬੋਲ ਹਨ ‘ਮੋਹੇ ਨੀਂਦ ਨਾ ਆਏ’ ਤੇ ਦੂਸਰਾ ‘ਮਾਨ ਗਈ ਮੈਂ’। ਮਹਬਿੂਬ ਖ਼ਾਨ ਦੇ ਫ਼ਿਲਮਸਾਜ਼ ਅਦਾਰੇ ਮਹਬਿੂਬ ਪ੍ਰੋਡਕਸ਼ਨਜ਼, ਬੰਬੇ ਦੀ ਮਹਬਿੂਬ ਖ਼ਾਨ ਨਿਰਦੇਸ਼ਿਤ ਪਹਿਲੀ ਫ਼ਿਲਮ ‘ਨਜਮਾ’ (1943) ’ਚ ਰਫ਼ੀਕ ਸਾਹਬ ਦੇ ਸੰਗੀਤਬੱਧ ‘ਤਰਸੀ ਹੂਈ ਹੈ ਮੁੱਦਤ ਸੇ ਆਂਖੇਂ’, ‘ਕਯਾ ਮੁਹੱਬਤ ਕਾ ਯਹੀ ਅੰਜਾਮ ਥਾ’ (ਅਸ਼ੋਕ ਕੁਮਾਰ), ‘ਜਲ ਜਾ ਜਲ ਜਾ ਪਤੰਗੇ’ (ਸਿਤਾਰਾ, ਅਸ਼ੋਕ ਕੁਮਾਰ) ਆਦਿ ਗੀਤ ਇੰਤਹਾਈ ਮਕਬੂਲ ਹੋਏ। ਦਿਲਚਸਪ ਗੱਲ ਇਹ ਹੈ ਕਿ ਮਹਬਿੂਬ ਪ੍ਰੋਡਕਸ਼ਨਜ਼ ਦੀਆਂ ਫ਼ਿਲਮਾਂ ਦੀ ਸ਼ੁਰੂਆਤ ਵਿਚ ਬੋਲੀਆਂ ਜਾਣ ਵਾਲੀਆਂ ਤੇ ਆਗ਼ਾ ਹਸ਼ਰ ਕਸ਼ਮੀਰੀ ਦੀਆਂ ਲਿਖੀਆਂ ਇਹ ਸਤਰਾਂ:
ਮੁਦਈ ਲਾਖ ਬੁਰਾ ਚਾਹੇ ਤੋ ਕਯਾ ਹੋਤਾ ਹੈ
ਵਹੀ ਹੋਤਾ ਹੈ ਜੋ ਮਨਜ਼ੂਰ-ਏ-ਖ਼ੁਦਾ ਹੋਤਾ ਹੈ।
ਨੂੰ ਆਪਣੀ ਦਿਲਕਸ਼ ਆਵਾਜ਼ ਦੇਣ ਵਾਲੇ ਰਫ਼ੀਕ ਗ਼ਜ਼ਨਵੀ ਹੀ ਸਨ। ਜਦੋਂ ਸਨਰਾਈਜ਼ ਪਿਕਚਰਜ਼, ਬੰਬੇ ਦੇ ਬੈਨਰ ਹੇਠ ਸਈਅਦ ਸ਼ੌਕਤ ਹੁਸੈਨ ਰਿਜ਼ਵੀ ਨੇ (ਨੂਰਜਹਾਂ ਦਾ ਪਤੀ) ਆਪਣੀ ਹਿਦਾਇਤਕਾਰੀ ਵਿਚ ਫ਼ਿਲਮ ‘ਨੌਕਰ’ (1943) ਬਣਾਈ ਤਾਂ ਰਫ਼ੀਕ ਗ਼ਜ਼ਨਵੀ ਦਾ ਇੰਤਖ਼ਾਬ ਕੀਤਾ। ਰਫ਼ੀਕ (ਸਹਾਇਕ ਸ਼ਾਂਤੀ ਕੁਮਾਰ) ਨੇ 9 ਗੀਤਾਂ ਦਾ ਸੰਗੀਤ ਤਾਮੀਰ ਕੀਤਾ ‘ਬਸਤੀ ਕੀ ਲੜਕੀਓਂ ਮੇਂ ਬਦਨਾਮ ਹੋ ਰਹਾ ਹੂੰ’, ‘ਝੂਮ ਝੂਮ ਗੁਲੇ ਨੌਂ ਬਹਾਰ ਝੂਮ’ (ਨੂਰਜਹਾਂ, ਰਾਜਕੁਮਾਰੀ) ਆਦਿ ਗੀਤ ਖ਼ੂਬ ਚੱਲੇ। ਮਹਬਿੂਬ ਪ੍ਰੋਡਕਸ਼ਨਜ਼, ਬੰਬੇ ਦੀ ਮਹਬਿੂਬ ਖ਼ਾਨ ਨਿਰਦੇਸ਼ਿਤ ਫ਼ਿਲਮ ‘ਤਕਦੀਰ’ (1943) ਵਿਚ ਰਫ਼ੀਕ ਨੇ 10 ਗੀਤਾਂ ਦੀਆਂ ਤਰਜ਼ਾਂ ਬਣਾਈਆਂ, ਜਿਨ੍ਹਾਂ ’ਚ ਸ਼ਮਸ਼ਾਦ ਬੇਗ਼ਮ ਦੀ ਖਣਕਦੀ ਆਵਾਜ਼ ਦਾ ਖ਼ੂਬਸੂਰਤ ਇਸਤੇਮਾਲ ਕੀਤਾ। ਜ਼ਹੂਰ ਰਾਜਾ ਦੇ ਫ਼ਿਲਮਸਾਜ਼ ਅਦਾਰੇ ਰਾਜਾ ਮੂਵੀਟੋਨ, ਬੰਬੇ ਦੀ ਜ਼ਹੂਰ ਰਾਜਾ ਨਿਰਦੇਸ਼ਿਤ ਫ਼ਿਲਮ ‘ਮਜ਼ਾਕ’ (1943) ’ਚ 10 ਗੀਤਾਂ ਦੀਆਂ ਸੋਹਣੀਆਂ ਤਰਜ਼ਾਂ ਬਣਾਈਆਂ। ਫ਼ਿਲਮਸਤਾਨ ਲਿਮਟਿਡ, ਬੰਬੇ ਦੀ ਗਿਆਨ ਮੁਖਰਜੀ ਨਿਰਦੇਸ਼ਿਤ ਫ਼ਿਲਮ ‘ਚਲ ਚਲ ਰੇ ਨੌਜਵਾਨ’ (1944) ’ਚ ਰਫ਼ੀਕ ਨੇ ਅਹਿਮ ਕਿਰਦਾਰ ਅਦਾ ਕਰਨ ਦੇ ਨਾਲ-ਨਾਲ ਇਕ ਗੀਤ ਵੀ ਗਾਇਆ। ਮਿਨਰਵਾ ਮੂਵੀਟੋਨ, ਬੰਬੇ ਦੀ ਸੋਹਰਾਬ ਮੋਦੀ ਨਿਰਦੇਸ਼ਿਤ ਤਾਰੀਖ਼ੀ ਫ਼ਿਲਮ ‘ਏਕ ਦਿਨ ਕਾ ਸੁਲਤਾਨ’ (1945) ’ਚ ਰਫ਼ੀਕ ਨੇ 3 ਗੀਤਾਂ ਦਾ ਸੰਗੀਤ ਮੁਰੱਤਬਿ ਕੀਤਾ ‘ਕਿਸੀ ਕੇ ਕੂਚੇ ਮੇਂ ਗਰਦਨ ਕਟਾਨੇ ਜਾਤੇ ਹੈਂ’ (ਜੀ. ਐੱਮ. ਦੁਰਾਨੀ) ਆਦਿ ਬਾਕੀ ਗੀਤਾਂ ਦੀਆਂ ਤਰਜ਼ਾਂ ਸ਼ਾਂਤੀ ਕੁਮਾਰ ਤੇ ਡੀ. ਗਡਕਰ ਨੇ ਬਣਾਈਆਂ ਸਨ। ਹਿੰਦ ਪਿਕਚਰਜ਼, ਬੰਬੇ ਸ਼ਰੀਫ਼ ਨਈਅਰ ਤੇ ਨਜ਼ੀਰ ਨਿਰਦੇਸ਼ਿਤ ਫ਼ਿਲਮ ‘ਲੈਲਾ ਮਜਨੂੰ’ (1945) ’ਚ ਰਫ਼ੀਕ ਗ਼ਜ਼ਨਵੀ ਨੇ ਕੁਝ ਗੀਤਾਂ ਦਾ ਸੰਗੀਤ ਤਿਆਰ ਕੀਤਾ। ਈਸਟਰਨ ਪਿਕਚਰਜ਼, ਬੰਬੇ ਦੀ ਸਈਅਦ ਸ਼ੌਕਤ ਹੁਸੈਨ ਰਿਜ਼ਵੀ ਨਿਰਦੇਸ਼ਿਤ ਫ਼ਿਲਮ ‘ਜ਼ੀਨਤ’ (1945) ਦਾ ਪਿਛੋਕੜ ਸੰਗੀਤ ਤਿਆਰ ਕੀਤਾ। ਜੇ. ਐੱਮ. ਪਿਕਚਰਜ਼, ਬੰਬੇ ਦੀ ਐੱਮ. ਸਾਦਿਕ ਨਿਰਦੇਸ਼ਿਤ ਫ਼ਿਲਮ ‘ਸ਼ਾਮ ਸਵੇਰਾ’ (1946) ’ਚ ਰਫ਼ੀਕ ਗ਼ਜ਼ਨਵੀ ਨੇ ‘ਦੀਪਕ’ ਦਾ ਕਿਰਦਾਰ ਜਿਸ ਦੇ ਹਮਰਾਹ ਅਦਾਕਾਰਾ ਸਵਰਨ ਲਤਾ ‘ਕਮਲ’ ਦਾ ਪਾਰਟ ਅਦਾ ਕਰ ਰਹੀ ਸੀ। ਸੈਂਟਰਲ ਸਟੂਡੀਓ, ਬੰਬੇ ਦੀ ਐੱਮ. ਸਾਦਿਕ ਨਿਰਦੇਸ਼ਿਤ ਫ਼ਿਲਮ ‘ਸਾਥੀ’ (1946) ’ਚ ਰਫ਼ੀਕ ਗ਼ਜ਼ਨਵੀ ਨੇ ਗੁਲਸ਼ਨ ਸੂਫ਼ੀ ਦੇ ਸੰਗੀਤ ’ਚ ਇਕ ਗੀਤ ਸ਼ਮਸ਼ਾਦ ਬੇਗ਼ਮ ਨਾਲ ਗਾਇਆ ‘ਦੁਨੀਆ ਬਸੰਤ ਕਾ ਮੇਲਾ ਕਯੂੰ ਮੂਰਖ ਫਿਰੇ ਅਕੇਲਾ’।
ਮਿਨਰਵਾ ਮੂਵੀਟੋਨ, ਬੰਬੇ ਦੀ ਸੋਹਰਾਬ ਮੋਦੀ ਨਿਰਦੇਸ਼ਿਤ ਫ਼ਿਲਮ ‘ਮੰਝਧਾਰ’ ਉਰਫ਼ ‘ਲੌੌਸਟ ਇਨ ਮਿਡ ਸਟਰੀਮ’ (1947) ’ਚ ਰਫ਼ੀਕ ਨੇ ਸਹਾਇਕ ਭੂਮਿਕਾ ਨਿਭਾਈ। ਸੇਠ ਬ੍ਰਦਰਜ਼ ਪ੍ਰੋਡਕਸ਼ਨਜ਼, ਬੰਬੇ ਦੀ ਆਗ਼ਾਜਾਨੀ ਕਸ਼ਮੀਰੀ ਨਿਰਦੇਸ਼ਿਤ ਫ਼ਿਲਮ ‘ਤੋਹਫ਼ਾ’ (1947) ਦੇ ਰਫ਼ੀਕ ਪਸ-ਏ-ਪਰਦਾ ਸੰਗੀਤਕਾਰ ਸਨ। ਉਨ੍ਹਾਂ ਇਕ ਗੀਤ ਵੀ ਲਿਖਿਆ ਤੇ ਉਸ ਦਾ ਸੰਗੀਤ ਵੀ ਤਿਆਰ ਕੀਤਾ, ਜਿਸ ਦੇ ਬੋਲ ਹਨ ‘ਵਹ ਦਿਲ ਗਯਾ ਵਹ ਦਿਲ ਕੇ ਸਹਾਰੇ ਗਏ’ (ਗੀਤਾ ਰੌਏ) ਜਦੋਂਕਿ ਬਾਕੀ 9 ਗੀਤਾਂ ਦੇ ਸੰਗੀਤਕਾਰ ਐੱਮ. ਏ. ਰਾਊਫ਼ (ਓਸਮਾਨੀਆ) ਸਨ।
ਬਸ! ਐਨਾ ਹੀ ਨਹੀਂ ਰਫ਼ੀਕ ਗ਼ਜ਼ਨਵੀ ਭਾਰਤ ਦੇ ਪਹਿਲੇ ਸੰਗੀਤਕਾਰ ਸਨ, ਜਿਨ੍ਹਾਂ ਨੇ ਹਿਦਾਇਤਕਾਰ ਅਲੈਗਜ਼ੈਂਡਰ ਕੋਰਡਾ ਦੀ ਵਿਦੇਸ਼ੀ ਫ਼ਿਲਮ ‘ਦਿ ਥੀਫ ਆਫ ਬਗਦਾਦ’ (1940) ’ਚ ਭਾਰਤੀ ਆਰਕੈਸਟਰਾ ਨਾਲ ਪਸ-ਏ-ਪਰਦਾ ਸੰਗੀਤ ਦੇਣ ਦਾ ਫ਼ਖ਼ਰ ਹਾਸਲ ਕੀਤਾ। ਸਾਲ 1941 ਵਿਚ ਰਫ਼ੀਕ ਗ਼ਜ਼ਨਵੀ ਨੇ ਸਰਹੱਦ ਪਿਕਚਰਜ਼ ਦੇ ਬੈਨਰ ਹੇਠ ਆਪਣੀ ਮਾਂ-ਬੋਲੀ ਪਸ਼ਤੋ ਵਿਚ ਇਕ ਫ਼ਿਲਮ ‘ਲੈਲਾ ਮਜਨੂੰ’ ਬਣਾਈ, ਜਿਸ ਦੇ ਸੰਗੀਤਕਾਰ, ਹਿਦਾਇਤਕਾਰ ਅਤੇ ਅਦਾਕਾਰ ਉਹ ਖ਼ੁਦ ਸਨ। ਅਦਾਕਾਰਾ ਪਸ਼ਤੋ ਦੀ ਮਸ਼ਹੂਰ ਗੁਲੂਕਾਰਾ ਹਬੀਬ ਜਾਨ ਕਾਬਲੀ ਸੀ। ਫ਼ਿਲਮ ਦੇ ਗੀਤ ਅਤੇ ਮੁਕਾਲਮੇ ਨਾਮਵਰ ਸ਼ਾਇਰ ਤੇ ਬਾਬਾ-ਏ-ਪਸ਼ਤੋ ਗ਼ਜ਼ਲ ਅਮੀਰ ਹਮਜ਼ਾ ਖ਼ਾਨ ਸ਼ੇਨਾਵਰੀ ਨੇ ਲਿਖੇ ਸਨ।
ਵੰਡ ਤੋਂ ਬਾਅਦ ਰਫ਼ੀਕ ਗ਼ਜ਼ਨਵੀ ਨੇ ਭਾਰਤ ਰਹਿਣ ਦੀ ਬਜਾਏ ਪਾਕਿਸਤਾਨ ਜਾਣਾ ਪਸੰਦ ਕੀਤਾ। ਪਹਿਲਾਂ ਉਨ੍ਹਾਂ ਕਰਾਚੀ ਵਸੇਬਾ ਕੀਤਾ ਅਤੇ ਫਿਰ ਉਹ ਲਾਹੌਰ ਚਲੇ ਗਏ। ਪਾਕਿਸਤਾਨ ਫ਼ਿਲਮ ਸਨਅਤ ਵਿਚ ਰਫ਼ੀਕ ਦੀ ਪਹਿਲੀ ਉਰਦੂ ਫ਼ਿਲਮ ਅਸ਼ਫ਼ਾਕ ਮਲਿਕ ਦੇ ਫ਼ਿਲਮਸਾਜ਼ ਅਦਾਰੇ ਏ. ਐੱਮ. ਫ਼ਿਲਮਜ਼, ਲਾਹੌਰ ਦੀ ‘ਪਰਵਾਜ਼’ (1954) ਸੀ, ਜਿਸ ਦਾ ਉਨ੍ਹਾਂ ਨੇ ਸੰਗੀਤ ਤਿਆਰ ਕੀਤਾ, ਪਰ ਇਹ ਫ਼ਿਲਮ ਨਾਕਾਮ ਸਾਬਤ ਹੋਈ। ਬਾਅਦ ਵਿਚ ਉਨ੍ਹਾਂ ਨੇ ਹਿਦਾਇਤਕਾਰ ਜ਼ਫ਼ਰ ਬੁਖ਼ਾਰੀ ਦੀ ਇਕ ਉਰਦੂ ਫ਼ਿਲਮ ‘ਅਨੋਖੀ ਰਾਤ’ ਦੇ ਚਾਰ ਗੀਤ ਰਿਕਾਰਡ ਕਰਵਾਏ ਸਨ, ਪਰ ਇਹ ਫ਼ਿਲਮ ਵੀ ਬੰਦ ਹੋ ਗਈ। ਸਾਲ 1956 ਵਿਚ ਉਹ ਲਾਹੌਰ ਤੋਂ ਕਰਾਚੀ ਆ ਗਏ। ਇੱਥੇ ਆ ਕੇ ਉਨ੍ਹਾਂ ਨੇ ਸ਼ਕੀਲ ਆਰਟ ਪ੍ਰੋਡਕਸ਼ਨਜ਼, ਕਰਾਚੀ ਦੀ ਉਰਦੂ ਫ਼ਿਲਮ ‘ਮੰਡੀ’ (1956) ਦਾ ਸੰਗੀਤ ਤਰਤੀਬ ਕੀਤਾ, ਪਰ ਇਸ ਫ਼ਿਲਮ ਦੀ ਨਾਕਾਮੀ ਦੇ ਬਾਅਦ ਉਨ੍ਹਾਂ ਨੇ ਫ਼ਿਲਮੀ ਦੁਨੀਆਂ ਨੂੰ ਛੱਡ ਦਿੱਤਾ ਅਤੇ ਰੇਡੀਓ ਪਾਕਿਸਤਾਨ ਨਾਲ ਵਾਬਸਤਾ ਹੋ ਗਏ। ਉਹ ਲੰਬੇ ਅਰਸੇ ਤਕ ਰੇਡੀਓ ਨਾਲ ਜੁੜੇ ਰਹੇ ਅਤੇ ਜਦੋਂ ਪਾਕਿਸਤਾਨ ਟੈਲੀਵਿਜ਼ਨ ਦਾ ਆਗ਼ਾਜ਼ ਹੋਇਆ ਤਾਂ ਉਨ੍ਹਾਂ ਨੇ ਟੀਵੀ ਦੇ ਕਈ ਪ੍ਰੋਗਰਾਮਾਂ ਦੀਆਂ ਧੁੰਨਾਂ ਬਣਾਈਆਂ। ਰਫ਼ੀਕ ਗ਼ਜ਼ਨਵੀ ਬੰਬੇ ਦੇ ਫ਼ਿਲਮੀ ਹਲਕਿਆਂ ਵਿਚ ‘ਪੇਸ਼ਾਵਰੀ ਸੰਗੀਤਕਾਰ’ ਦੇ ਨਾਮ ਨਾਲ ਜਾਣੇ ਜਾਂਦੇ ਸਨ। ਉਨ੍ਹਾਂ ਨੇ ਆਪਣੀ ਰੰਗੀਨ ਮਿਜ਼ਾਜੀ ਦੇ ਚੱਲਦਿਆਂ ਆਪਣੀ ਹਿਆਤੀ ਵਿਚ ਕਈ ਫ਼ਿਲਮੀ ਅਦਾਕਾਰਾਵਾਂ ਨਾਲ ਵਿਆਹ ਕੀਤੇ ਜੋ ਬਾਅਦ ਵਿਚ ਤਲਾਕ ਵਿਚ ਬਦਲੇ। ਉਨ੍ਹਾਂ ਦਾ ਪਹਿਲਾ ਵਿਆਹ ਬਿੱਲੋ ਅੰਮ੍ਰਿਤਸਰੀ ਦੀ ਧੀ ਅਨਵਰ ਬੇਗ਼ਮ ਨਾਲ ਹੋਇਆ, ਜਿਸ ਦੇ ਉਦਰ ’ਚੋਂ ਇਕ ਧੀ ਜ਼ਰੀਨਾ ਦਾ ਜਨਮ ਹੋਇਆ। ਜ਼ਰੀਨਾ ਨੇ ‘ਨਸਰੀਨ’ ਦੇ ਫ਼ਿਲਮੀ ਨਾਮ ਨਾਲ ਅਦਾਕਾਰੀ ਕੀਤੀ। ਉਹ ਲਿਆਕਤ ਆਗ਼ਾ ਨਾਲ ਵਿਆਹ ਤੋਂ ਬਾਅਦ ਜ਼ਰੀਨਾ ਆਗ਼ਾ ਕਹਾਈ। ਉਨ੍ਹਾਂ ਦੀਆਂ ਧੀਆਂ ਸਲਮਾ ਆਗਾ ਅਤੇ ਸਬਿਤਾ ਆਗਾ ਲੰਡਨ ਵਿਚ ਪੈਦਾ ਹੋਈਆਂ। ਅਨਵਰ ਬੇਗ਼ਮ ਨੂੰ ਤਲਾਕ ਦੇਣ ਤੋਂ ਬਾਅਦ ਉਨ੍ਹਾਂ ਨੇ ਦੂਜਾ ਵਿਆਹ ਮਿਸ ਜ਼ੌਹਰਾ ਨਾਲ ਕੀਤਾ, ਜਿਸ ਤੋਂ ਉਨ੍ਹਾਂ ਦਾ ਪੁੱਤਰ ਮੁਰਾਦ ਤੇ ਧੀ ਸ਼ਹੀਨਾ ਪੈਦਾ ਹੋਈ। ਜ਼ੌਹਰਾ ਤੋਂ ਤਲਾਕ ਲੈਣ ਤੋਂ ਬਾਅਦ ਉਨ੍ਹਾਂ ਨੇ ਤੀਜਾ ਵਿਆਹ ਅਦਾਕਾਰਾ ਅਨੁਰਾਧਾ ਉਰਫ਼ ਖ਼ੁਰਸ਼ੀਦ ਅਖ਼ਤਰ ਨਾਲ ਕੀਤਾ, ਜਿਸ ਤੋਂ ਉਨ੍ਹਾਂ ਦਾ ਪੁੱਤਰ ਇਆਜ਼ ਮਹਿਮੂਦ ਪੈਦਾ ਹੋਇਆ। ਉਨ੍ਹਾਂ ਦਾ ਆਖ਼ਰੀ ਵਿਆਹ ਇਕ ਗ਼ੈਰ-ਫ਼ਿਲਮੀ ਔਰਤ ਕੈਸਰ ਬੇਗ਼ਮ ਨਾਲ ਹੋਇਆ ਜੋ ਉਨ੍ਹਾਂ ਦੀ ਮੌਤ ਤਕ ਕਾਇਮ ਰਿਹਾ। ਰਫ਼ੀਕ ਗ਼ਜ਼ਨਵੀ ਦੀ ਇਕ ਧੀ ਦਾ ਵਿਆਹ ਨਾਮਵਰ ਹਿਦਾਇਤਕਾਰ ਜ਼ੀਆ ਸਰਹੱਦੀ ਨਾਲ ਹੋਇਆ। ਜ਼ੀਆ ਸਰਹੱਦੀ ਦੇ ਦੋ ਪੁੱਤਰ ਖ਼ਿਆਮ ਸਰਹੱਦੀ ਤੇ ਬਿਲਾਲ ਸਰਹੱਦੀ ਸ਼ੋਅਬਿਜ਼ ਦੀ ਦੁਨੀਆਂ ਨਾਲ ਜੁੜੇ ਰਹੇ ਹਨ। ਭਾਰਤ ਅਤੇ ਪਾਕਿ ਫ਼ਿਲਮਾਂ ਦੇ ਅਜ਼ੀਮ ਸੰਗੀਤਕਾਰ ਰਫ਼ੀਕ ਗ਼ਜ਼ਨਵੀ 2 ਮਾਰਚ 1974 ਨੂੰ 67 ਸਾਲਾਂ ਦੀ ਉਮਰ ’ਚ ਕਰਾਚੀ ’ਚ ਫ਼ੌਤ ਹੋ ਗਏ।
ਸੰਪਰਕ: 97805-09545