ਮੁੰਬਈ: ਅਸ਼ਲੀਲ ਸਮੱਗਰੀ ਤਿਆਰ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਕਾਰੋਬਾਰੀ ਰਾਜ ਕੁੰਦਰਾ ਦੇ ਮਾਮਲੇ ਵਿੱਚ ਯੂ-ਟਿਊਬਰ ਪੁਨੀਤ ਕੌਰ ਨੇ ਆਖਿਆ ਕਿ ਰਾਜ ਨੇ ਆਪਣੀ ਮੋਬਾਈਲ ਐਪ ਲਈ ਕੰਮ ਕਰਨ ਵਾਸਤੇ ਉਸ ਨਾਲ ਸੋਸ਼ਲ ਮੀਡੀਆ ’ਤੇ ਪਹੁੰਚ ਕੀਤੀ ਸੀ। ਉਸ ਨੇ ਅੱਗੇ ਆਖਿਆ ਕਿ ਰਾਜ ਕੁੰਦਰਾ ਦਾ ਮੈਸੇਜ ਆਉਣ ਤੋਂ ਬਾਅਦ ਉਸ ਨੂੰ ਇਕ ਵਾਰ ਤਾਂ ਭਰੋਸਾ ਨਹੀਂ ਸੀ ਹੋਇਆ ਕਿ ਇਹ ਰਾਜ ਹੈ ਜਿਸ ਨੇ ਉਸ ਨੂੰ ਮੈਸੇਜ ਭੇਜਿਆ ਹੈ ਅਤੇ ਉਸ ਨੇ ਸੋਚਿਆ ਕਿ ਇਹ ਮੈਸੇਜ ਫਜ਼ੂਲ ਹੋ ਸਕਦਾ ਹੈ। ‘ਹੌਟਸਪੌਟਸ ਐਪਲੀਕੇਸ਼ਨ’ ਬਣਾਉਣ ਵਿਚ ਰਾਜ ਕੁੰਦਰਾ ਦੀ ਅਹਿਮ ਭੂਮਿਕਾ ਹੋਣ ਦੇ ਹਵਾਲੇ ਨਾਲ ਛਪੀ ਖ਼ਬਰ ’ਤੇ ਪ੍ਰਤੀਕਿਰਿਆ ਦਿੰਦਿਆਂ ਪੁਨੀਤ ਕੌਰ ਨੇ ਇੰਸਟਾਗ੍ਰਾਮ ’ਤੇ ਇਹ ਖੁਲਾਸਾ ਕੀਤਾ ਹੈ। ਜਾਣਕਾਰੀ ਅਨੁਸਾਰ ਬੌਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਨੂੰ 23 ਜੁਲਾਈ ਤੱਕ ਪੁਲੀਸ ਰਿਮਾਂਡ ’ਤੇ ਭੇਜਿਆ ਗਿਆ ਹੈ। ਪੁਨੀਤ ਨੇ ਆਖਿਆ,‘‘ਸੱਚਮੁਚ ਮੈਨੂੰ ਯਕੀਨ ਨਹੀਂ ਹੁੰਦਾ ਕਿ ਇਹ ਬੰਦਾ ਲੋਕਾਂ ਨੂੰ ਧੋਖਾ ਦੇ ਰਿਹਾ ਸੀ। ਜਦੋਂ ਇਸ ਨੇ ਮੈਸੇਜ ਭੇਜਿਆ ਸੀ ਤਾਂ ਅਸੀਂ ਸਮਝਦੇ ਸੀ ਕਿ ਇਹ ਫਜ਼ੂਲ ਹੈ।’’ ਜਾਣਕਾਰੀ ਅਨੁਸਾਰ ਅਸ਼ਲੀਲ ਸਮੱਗਰੀ ਬਣਾਉਣ ਦੇ ਦੋਸ਼ ਹੇਠ ਲੰਘੇ ਸੋਮਵਾਰ ਨੂੰ ਰਾਜ ਕੁੰਦਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। -ਆਈਏਐੱਨਐੱਸ
ਸੋਸ਼ਲ ਮੀਡੀਆ ’ਤੇ ‘ਮੀਮਜ਼’ ਦਾ ਹੜ੍ਹ ਆਇਆ
ਮੁੰਬਈ: ਮੋਬਾਈਲ ਐਪ ਰਾਹੀਂ ਅਸ਼ਲੀਲ ਸਮੱਗਰੀ ਤਿਆਰ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਸਬੰਧੀ ਸੋਸ਼ਲ ਮੀਡੀਆ ’ਤੇ ‘ਮੀਮਜ਼’ ਦਾ ਹੜ੍ਹ ਆ ਗਿਆ ਹੈ। ਲੋਕ ਹੁਣ ਸੋਸ਼ਲ ਮੀਡੀਆ ’ਤੇ ਰਾਜ ਕੁੰਦਰਾ ਦਾ ਲਿੰਕ ਲੱਭ ਰਹੇ ਹਨ।