ਚੇੱਨਈ, 12 ਦਸੰਬਰ
ਤਮਿਲ ਅਦਾਕਾਰ ਰਜਨੀਕਾਂਤ ਅੱਜ 70 ਵਰ੍ਹਿਆਂ ਦਾ ਹੋ ਗਿਆ ਹੈ। ਉਸ ਦੇ ਜਨਮ ਦਿਨ ’ਤੇ ਪ੍ਰਸ਼ੰਸਕਾਂ ਨੇ ਉਸ ਦੇ ਘਰ ਅੱਗੇ ਇਕੱਠੇ ਹੋ ਕੇ ਕੇਕ ਕੱਟਿਆ। ਜਦੋਂ ਉਸ ਦੇ ਘਰ ਵਧਾਈ ਦੇਣ ਆਏ ਲੋਕਾਂ ਨੂੰ ਪਤਾ ਲੱਗਿਆ ਕਿ ਉਹ ਘਰ ਨਹੀਂ ਹੈ ਤਾਂ ਉਨ੍ਹਾਂ ਨੂੰ ਨਿਰਾਸ਼ ਹੋ ਕੇ ਮੁੜਨਾ ਪਿਆ। ਇਸ ਦੌਰਾਨ ਕਈ ਪ੍ਰਸ਼ੰਸਕ ਧਾਰਮਿਕ ਅਸਥਾਨਾਂ ’ਤੇ ਪੂਜਾ ਕਰਕੇ ਪ੍ਰਸ਼ਾਦ ਵੀ ਲੈ ਕੇ ਆਏ। ਟਵਿੱਟਰ ’ਤੇ ਅੱਜ ਹੈਸ਼ਟੈਗ ‘#ਹੈਪੀਬਰਥਡੇਅਰਜਨੀਕਾਂਤ’ ਟਰੈਂਡਿੰਗ ’ਤੇ ਰਿਹਾ।
ਇਸ ਦੌਰਾਨ ਇਕੱਠੇ ਹੋਏ ਪ੍ਰਸ਼ੰਸਕਾਂ ਨੇ ਰਜਨੀਕਾਂਤ ਦੇ ਰਾਜਨੀਤਕ ਸਫ਼ਰ ਦੇ ਆਗਾਜ਼ ਸਬੰਧੀ ਵੀ ਨਾਅਰੇ ਲਾਏ। ਜ਼ਿਕਰਯੋਗ ਹੈ ਕਿ ਬੀਤੀ 3 ਦਸੰਬਰ ਨੂੰ ਉਸ ਨੇ ਆਉਂਦੇ ਸਾਲ 2021 ਵਿੱਚ ਰਾਜਨੀਤੀ ’ਚ ਕਦਮ ਰੱਖਣ ਦਾ ਐਲਾਨ ਕੀਤਾ ਸੀ। -ਪੀਟੀਆਈ
ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟਵੀਟ ਕਰਕੇ ਰਜਨੀਕਾਂਤ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਉਨ੍ਹਾਂ ਟਵੀਟ ਕੀਤਾ, ‘‘ਪਿਆਰੇ ਰਜਨੀਕਾਂਤ ਜੀ, ਤੁਹਾਨੂੰ ਜਨਮ ਦਿਨ ਦੀ ਵਧਾਈ। ਰੱਬ ਤੁਹਾਨੂੰ ਤੰਦਰੁਸਤੀ ਬਖਸ਼ੇ।’’ ਇਸੇ ਤਰ੍ਹਾਂ ਹੋਰ ਰਾਜਨੀਤਕ ਆਗੂਆਂ ਨੇ ਵੀ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਭੇਜੀਆਂ।