ਹੈਦਰਾਬਾਦ: ਸੁਪਰ ਸਟਾਰ ਰਜਨੀਕਾਂਤ ਦੀ ਸਿਹਤ ਵਿੱਚ ਸੁਧਾਰ ਹੋਣ ਮਗਰੋਂ ਉਨ੍ਹਾਂ ਨੂੰ ਇੱਥੋਂ ਦੇ ਅਪੋਲੋ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਦਾ ਬਲੱਡ ਪ੍ਰੈੱਸ਼ਰ ਘਟਣ-ਵਧਣ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਉਨ੍ਹਾਂ ਦੀ ਸਿਹਤ ਠੀਕ ਹੋਣ ਕਾਰਨ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਦੱਸਣਯੋਗ ਹੈ ਕਿ 70 ਸਾਲਾ ਅਦਾਕਾਰ ਨੂੰ 25 ਦਸੰਬਰ ਨੂੰ ਹਾਈਪਰਟੈਨਸ਼ਨ ਤੇ ਥਕਾਵਟ ਮਹਿਸੂਸ ਹੋਣ ’ਤੇ ਇੱਥੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਡਾਕਟਰਾਂ ਦੀ ਟੀਮ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਗਿਆ ਤੇ ਉਨ੍ਹਾਂ ਨੂੰ ਆਪਣੀ ਨਿਗਰਾਨੀ ਹੇਠ ਰੱਖਿਆ ਗਿਆ। ਡਾਕਟਰਾਂ ਨੇ ਉਨ੍ਹਾਂ ਨੂੰ ਇੱਕ ਹਫ਼ਤੇ ਲਈ ਆਰਾਮ ਕਰਨ ਤੇ ਕਰੋਨਾਵਾਇਰਸ ਸਬੰਧੀ ਨਿਯਮਾਂ ਦਾ ਪਾਲਣ ਕਰਨ ਦੀ ਸਲਾਹ ਦਿੱਤੀ ਹੈ। ਦੱਸਣਯੋਗ ਹੈ ਕਿ ਰਜਨੀਕਾਂਤ ਆਪਣੀ ਆਉਣ ਵਾਲੀ ਤਾਮਿਲ ਫਿਲਮ ‘ਅੰਨਾਥੇ’ ਦੀ ਸ਼ੂਟਿੰਗ ਲਈ ਪਿਛਲੀ 13 ਦਸੰਬਰ ਤੋਂ ਤੇਲੰਗਾਨਾ ਵਿੱਚ ਸਨ। -ਪੀਟੀਆਈ