ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ
ਰਾਜੂ ਸ੍ਰੀਵਾਸਤਵ ਭਾਰਤੀ ਸਟੇਜ ’ਤੇ ਹਾਸਿਆਂ ਦੀ ਜਾਦੂਗਰੀ ਦਾ ਬੇਤਾਜ ਬਾਦਸ਼ਾਹ ਸੀ। ਵਿਅੰਗ ਦੀਆਂ ਤਿੱਖੀਆਂ ਨਸ਼ਤਰਾਂ ਆਪਣੇ ਤੇ ਲੋਕਾਂ ’ਤੇ ਲਾਉਣ ਦੀ ਕਲਾ ਉਸ ਦੇ ਸੰਘਰਸ਼ ਦੀ ਅਜਿਹੀ ਕਹਾਣੀ ਹੈ ਜੋ ਲੱਖਾਂ, ਕਰੋੜਾਂ ਲੋਕਾਂ ਦੀ ਪ੍ਰੇਰਨਾ ਵੀ ਬਣੀ ਅਤੇ ਉਦਾਸੀਆਂ ਦੇ ਭੰਵਰ ’ਚੋਂ ਬਾਹਰ ਨਿਕਲਣ ਦਾ ਰਸਤਾ ਵੀ ਵਿਖਾਉਂਦੀ ਸੀ।
ਉਹ ਸਟੈਂਡਅਪ ਕਾਮੇਡੀ ਸ਼ੋਅ ਦੇ ਭਾਰਤ ਵਿੱਚ ਪ੍ਰਚਲਨ ਦਾ ਮੋਢੀ ਸੀ ਤੇ ਅਜਿਹਾ ਕਲਾਕਾਰ ਸੀ ਜਿਸ ਨੇ ਗੁਰਬਤ ਦੇ ਸੰਘਰਸ਼ ’ਚੋਂ ਆਪਣੀ ਕਲਾਕਾਰੀ ਸ਼ੁਰੂ ਕੀਤੀ ਤੇ ਫਿਰ ਪੂਰੀ ਦੁਨੀਆ ’ਤੇ ਛਾ ਗਿਆ।
ਆਪਣੇ ਸਟੈਂਡਅਪ ਸਟੇਜੀ ਕਲਾਕਾਰਾਂ ਦੀ ਮਹਿਫ਼ਲ ’ਚ ਉਹ ਸਭ ਤੋਂ ਜ਼ਿਆਦਾ ਚਰਚਿਤ ਤੇ ਜਾਣਿਆ-ਪਛਾਣਿਆ ਕਲਾਕਾਰ ਸੀ। ਉਸ ਦੇ ਕਿਰਦਾਰ ਕਦੀ ਫੂਫਾ ਨਾਰਾਜ਼ ਤੇ ਕਦੀ ਗਜੋਧਰ ਬਣ ਕੇ ਸਟੇਜ ’ਤੇ ਆਪਣੀ ਕਲਾ ਦੇ ਜੌਹਰ ਵਿਖਾਉਂਦੇ ਤੇ ਉਹ ਰੱਜ ਕੇ ਵਾਹ-ਵਾਹ ਖੱਟਦਾ।
ਅਸਲ ਵਿੱਚ ਗਜੋਧਰ ਦੇ ਮਜ਼ਾਹੀਆ ਕਿਰਦਾਰ ਨੇ ਉਸ ਨੂੰ ਨਵੀਂ ਪਛਾਣ ਨਾਲ ਸਟੇਜ ’ਤੇ ਸਥਾਪਤ ਕੀਤਾ। ਇਹ ਹੀ ਉਹ ਸਫ਼ਰ ਸੀ ਜੋ ਮਮਿਕਰੀ ਦੀ ਅਦਾਕਾਰੀ ਤੋਂ ਸ਼ੁਰੂ ਹੋ ਕੇ ਸਟਾਰਗਿਰੀ ਤੱਕ ਪਹੁੰਚਿਆ ਸੀ।
25 ਦਸੰਬਰ, 1963 ਨੂੰ ਕਾਨਪੁਰ ਉੱਤਰ ਪ੍ਰਦੇਸ਼ ਵਿੱਚ ਪੈਦਾ ਹੋਣ ਵਾਲੇ ਰਾਜੂ ਸ੍ਰੀਵਾਸਤਵ ਦਾ ਅਸਲੀ ਨਾਂ ਸੱਤਿਆ ਪ੍ਰਕਾਸ਼ ਸ੍ਰੀਵਾਸਤਵ ਸੀ। ਭਾਰਤੀ ਕਾਮੇਡੀ ਸ਼ੋਅ’ਜ਼ ਦੀ ਉਹ ਜਿੰਦ ਜਾਨ ਸੀ। ਸਟੈਂਡਅਪ ਕਾਮੇਡੀ ਦੇ ਇਸ ਦੌਰ ਵਿੱਚ ਉਸ ਦੀ ਵਿਸ਼ੇਸ਼ ਪਛਾਣ ‘ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ’ ਵਿੱਚ ਸਾਹਮਣੇ ਆਈ ਸੀ। ਉਸ ਦੀ ਇੱਕ ਪਛਾਣ ਬਿੱਗ ਬੌਸ ਸੀਜ਼ਨ ਤਿੰਨ ਵਿੱਚ ਇੱਕ ਪ੍ਰਤੀਯੋਗੀ ਦੇ ਰੂਪ ਵਿੱਚ ਵੀ ਸਾਹਮਣੇ ਆਈ ਸੀ।
ਕਾਮੇਡੀ ਦਾ ਮਹਾਂ ਮੁਕਾਬਲਾ ਵੀ ਉਸ ਦਾ ਵਧੀਆ ਸ਼ੋਅ ਸੀ। ਉਸ ਨੇ ਕਈ ਫਿਲਮਾਂ ’ਚ ਵੀ ਕੰਮ ਕੀਤਾ ਸੀ। ਉਸ ਨੇ ‘ਨੱਚ ਬੱਲੀਏ’ ਵਰਗੇ ਸ਼ੋਅ ਵਿੱਚ ਵੀ ਕੰਮ ਕੀਤਾ। ਇਹ ਉਦੋਂ ਸਟਾਰ ਪਲੱਸ ਦਾ ਬਿਹਤਰੀਨ ਸ਼ੋਅ ਸੀ। ਮਜ਼ਾਕ, ਮਜ਼ਾਕ ’ਚ ਲਾਈਫ ਓਕੇ ਵਰਗੇ ਸੀਰੀਅਲ ਵੀ ਕੀਤੇ।
ਰਾਜੂ ਸ੍ਰੀਵਾਸਤਵ ਨੇ ਜ਼ਿੰਦਗੀ ਦੇ ਕਈ ਰੰਗ ਵੇਖੇ, ਉਸ ਨੇ ਰਾਜਨੀਤੀ ਵਿੱਚ ਵੀ ਹੱਥ ਅਜ਼ਮਾਇਆ ਤੇ 2014 ਵਿੱਚ ਕਾਨਪੁਰ ਤੋਂ ਉਮੀਦਵਾਰ ਸੀ, ਪਰ ਉਸ ਨੇ ਚੋਣ ਨਹੀਂ ਲੜੀ। 2014 ਵਿੱਚ ਹੀ ਉਸ ਨੇ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਲਈ ਸੀ। ਵਰਤਮਾਨ ’ਚ ਉਹ ਯੂਪੀ ਫਿਲਮ ਕਾਰਪੋਰੇਸ਼ਨ ਦਾ ਚੇਅਰਮੈਨ ਵੀ ਸੀ। ਉਹ ਪ੍ਰਧਾਨ ਮੰਤਰੀ ਦੇ ‘ਸਵੱਛ ਭਾਰਤ ਅਭਿਆਨ’ ਦਾ ਹਿੱਸਾ ਵੀ ਬਣਿਆ।
ਰਾਜੂ ਸ੍ਰੀਵਾਸਤਵ ਨਾਲ ਆਪਣੀਆਂ ਪੁਰਾਣੀਆਂ ਮੁਲਾਕਾਤਾਂ ਦੀ ਚੰਗੇਰ ’ਚੋਂ ਮੈਨੂੰ ਉਸ ਦੀ ਰਿਕਾਰਡਿੰਗ ਦੇ ਪਲ ਯਾਦ ਆ ਰਹੇ ਹਨ। ਇਹ ਜੈਪੁਰ ਸਟੂਡੀਓ ਦੀ ਮੁਲਾਕਾਤ ਸੀ। ਜਦੋਂ ਮੈਂ ਰਾਜੂ ਤੋਂ ਪੁੱਛਿਆ ਸੀ ਕਿ ਉਹ ਇਸ ਹੱਸਦੀ ਹਸਾਉਂਦੀ ਜ਼ਿੰਦਗੀ ਦੇ ਪਿੱਛੇ ਦੀ ਜ਼ਿੰਦਗੀ ਕਿਵੇਂ ਵੇਖਦਾ ਹੈ ਤਾਂ ਉਸ ਦਾ ਜਵਾਬ ਐਨਾ ਸਿੱਧਾ ਸੀ ਕਿ ਉਸ ’ਤੇ ਰਸ਼ਕ ਕੀਤਾ ਜਾ ਸਕਦਾ ਹੈ। ਉਸ ਨੇ ਸਹਿਜਤਾ ਨਾਲ ਦੱਸਿਆ, ‘‘ਇੱਕ ਗ਼ਰੀਬ ਘਰ ਦਾ ਲੜਕਾ ਕੀ ਸੋਚ ਸਕਦਾ ਹੈ। ਇੱਕ ਕੱਪ ਚਾਹ ਤੇ ਟੁਕੜਾ ਭਰ ਸੁੱਕੀ ਰੋਟੀ। ਉਹ ਵੀ ਜਦੋਂ ਮਿਲ ਜਾਵੇ।’’
ਇਹ ਉਸ ਦੀ ਜ਼ਿੰਦਗੀ ਦਾ ਸੱਚ ਸੀ ਜੋ ਉਸ ਨੇ ਬਿਹਤਰੀਨ ਤਰੀਕੇ ਨਾਲ ਬਿਆਨ ਕੀਤਾ ਸੀ। ਉਹ ਦੱਸਿਆ ਕਰਦਾ ਸੀ ਕਿ ਉਸ ਦੇ ਪਿਤਾ ਮਸ਼ਹੂਰ ਕਵੀ ਸਨ ਜਿਨ੍ਹਾਂ ਨੂੰ ਯੂਪੀ ਦੀ ਕਾਨਪੁਰੀਆ ਭਾਸ਼ਾ ਵਿੱਚ ਬਲਾਈ ਕਾਕਾ ਕਵੀ ਕਿਹਾ ਜਾਂਦਾ ਸੀ। ਰਾਜੂ, ਲਾਲੂ ਯਾਦਵ ਤੋਂ ਲੈ ਕੇ ਅਮਿਤਾਭ ਬੱਚਨ ਦੇ ਸਾਹਮਣੇ ਮਮਿਕਰੀ ਕਰਨ ਵਾਲਾ ਅਜਿਹਾ ਕਲਾਕਾਰ ਸੀ ਜਿਸ ਦਾ ਕਦੀ ਵੀ ਕਿਸੇ ਨੇ ਗੁੱਸਾ ਨਹੀਂ ਸੀ ਕੀਤਾ।
ਪੂਣੇ ਵਿੱਚ ਇੱਕ ਮੁਲਾਕਾਤ ਵਿੱਚ ਉਸ ਨੇ ਇੱਕ ਕਿੱਸਾ ਸੁਣਾਇਆ ਸੀ। ਉਸ ਨੇ ਦੱਸਿਆ ਸੀ ਕਿ ਜਦੋਂ ਮੁੰਬਈ ’ਚ ਉਸ ਨੂੰ ਕੰਮ ਨਹੀਂ ਮਿਲਿਆ ਤਾਂ ਆਟੋ ਰਿਕਸ਼ਾ ਡਰਾਈਵਰੀ ਵੀ ਕੀਤੀ ਸੀ। ‘ਦਿ ਗ੍ਰੇਟ ਇੰਡੀਅਨ ਲਾਫਟਰ ਚੈਲੰਜ’ ਸ਼ੋਅ ਕਿਵੇਂ ਉਸ ਲਈ ਨਵਾਂ ਮੋੜ ਦੇਣ ਵਾਲਾ ਬਣਿਆ। ਗਜੋਧਰ ਬਣੇ ਰਾਜੂ ਸਹਿਜ ’ਚ ਸਭ ਕੁਝ ਦੱਸਦੇ ਸਨ। ਅੱਜ ਜਦੋਂ ਗਜੋਧਰ ਭਾਈ ਇਸ ਦੁਨੀਆ ਤੋਂ ਵਿਦਾ ਹੋ ਚੁੱਕੇ ਹਨ ਤਾਂ ਮੈਨੂੰ ਲੱਗਦਾ ਹੈ ਕਿ ਕਾਮੇਡੀ ਕਿੰਗ ਕਹਾਉਣ ਵਾਲਾ ਵੱਡਾ ਕਲਾਕਾਰ ਇੱਕ ਵੱਡਾ ਖਲਾਅ ਪੈਦਾ ਕਰ ਗਿਆ ਹੈ।
(ਲੇਖਕ ਉੱਘਾ ਬ੍ਰਾਡਕਾਸਟਰ ਤੇ ਦੂਰਦਰਸ਼ਨ ਦਾ ਡਿਪਟੀ ਡਾਇਰੈਕਟਰ ਜਨਰਲ ਰਿਹਾ ਹੈ)
ਸੰਪਰਕ: 94787-30156