ਮੁੰਬਈ: ਵਿਸ਼ਵ ਸੁੰਦਰੀ ਦਾ ਖਿਤਾਬ ਜਿੱਤ ਚੁੱਕੀ ਮਾਨੂਸ਼ੀ ਛਿੱਲਰ ਨੇ ਹਾਲ ਹੀ ਵਿੱਚ ਰੱਖੜੀ ਦੇ ਤਿਉਹਾਰ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੇ ਮਾਤਾ-ਪਿਤਾ ਨੀਲਮ ਅਤੇ ਮਿੱਤਰਾ ਬਾਸੂ ਛਿੱਲਰ ਨੇ ਕਦੇ ਵੀ ਉਸ ਨੂੰ ਤੇ ਉਸ ਦੀ ਭੈਣ ਦੇਵਾਂਗਨਾ ਨੂੰ ਇਹ ਨਹੀਂ ਸੀ ਦੱਸਿਆ ਕਿ ਰੱਖੜੀ ਦਾ ਤਿਉਹਾਰ ਅਸਲ ਵਿੱਚ ਭਰਾਵਾਂ ਵੱਲੋਂ ਭੈਣਾਂ ਦੀ ਤਾਉਮਰ ਰੱਖਿਆ ਕਰਨ ਦਾ ਵਚਨ ਹੁੰਦਾ ਹੈ। ਮਾਨੂਸ਼ੀ ਨੇ ਦੱਸਿਆ ਕਿ ਉਨ੍ਹਾਂ ਦੋਵੇਂ ਭੈਣਾਂ ਨੂੰ ਲੱਗਦਾ ਸੀ ਕਿ ਇਹ ਤਿਉਹਾਰ ਸਾਰੇ ਭੈਣ-ਭਰਾ ਇੱਕ ਦੂਜੇ ਦੀ ਖ਼ੁਸ਼ੀ ਦੀ ਕਾਮਨਾ ਕਰਨ ਲਈ ਮਨਾਉਂਦੇ ਹਨ। ਮਾਨੂਸ਼ੀ ਨੇ ਕਿਹਾ, ‘ਸਾਡੇ ਮਾਤਾ-ਪਿਤਾ ਨੇ ਕਦੇ ਵੀ ਮੈਨੂੰ ਤੇ ਦੇਵਾਂਗਨਾ ਨੂੰ ਇਹ ਦੱਸਿਆ ਹੀ ਨਹੀਂ ਸੀ ਕਿ ਰੱਖੜੀ ਦੇ ਤਿਉਹਾਰ ’ਤੇ ਭੈਣਾਂ ਆਪਣੇ ਭਰਾਵਾਂ ਤੋਂ ਸਾਰੀ ਉਮਰ ਉਨ੍ਹਾਂ ਦੀ ਰੱਖਿਆ ਤੇ ਦੇਖਭਾਲ ਕਰਨ ਦਾ ਵਚਨ ਮੰਗਦੀਆਂ ਹਨ। ਸਗੋਂ ਉਨ੍ਹਾਂ ਦੱਸਿਆ ਸੀ ਕਿ ਇਸ ਤਿਉਹਾਰ ’ਤੇ ਸਾਰੇ ਭੈਣ-ਭਰਾ ਔਖੇ ਵੇਲੇ ’ਚ ਇੱਕ ਦੂਜੇ ਦੀ ਮਦਦ ਕਰਨ ਦਾ ਵਚਨ ਦਿੰਦੇ ਹਨ।’ ਅਦਾਕਾਰਾ ਨੇ ਕਿਹਾ, ‘ਇਹ ਤਿਉਹਾਰ ਮੇਰੇ ਲਈ ਕਦੇ ਵੀ ਔਰਤਾਂ ਦੇ ਕਮਜ਼ੋਰ ਹੋਣ ਤੇ ਆਪਣੀ ਰੱਖਿਆ ਲਈ ਮਰਦਾਂ ’ਤੇ ਨਿਰਭਰ ਹੋਣ ਨਾਲ ਸਬੰਧਤ ਨਹੀਂ ਰਿਹਾ।’ ਜ਼ਿਕਰਯੋਗ ਹੈ ਕਿ ਮਾਨੂਸ਼ੀ ਛੇਤੀ ਹੀ ਅਕਸ਼ੈ ਕੁਮਾਰ ਨਾਲ ਫ਼ਿਲਮ ‘ਪ੍ਰਿਥਵੀਰਾਜ’ ਵਿੱਚ ਨਜ਼ਰ ਆਵੇਗੀ। -ਆਈਏਐੱਨਐੱਸ
‘