ਮੁੰਬਈ, 12 ਮਈ
ਬੌਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਨੇ ਦੇਸ਼ ਵਿੱਚ ਕੋਵਿਡ-19 ਮਰੀਜ਼ਾਂ ਦੀ ਸਹਾਇਤਾ ਲਈ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਉਹ ਲੋਕਾਂ ਨੂੰ ਇਸ ਵਿੱਚ ਯੋਗਦਾਨ ਪਾਉਣ ਦੀ ਅਪੀਲ ਕਰ ਰਹੀ ਹੈ, ਤਾਂ ਜੋ ਉਹ ਆਕਸੀਜਨ ਕੰਸਨਟਰੇਟਰਾਂ ਅਤੇ ਸਿਲੰਡਰਾਂ ਲਈ ਆਕਸੀਜਨ ਸਪਲਾਈ ਕਰਨ, ਉਨ੍ਹਾਂ ਨੂੰ ਦੁਬਾਰਾ ਭਰਨ ਤੇ ਜ਼ਿੰਦਗੀ ਨੂੰ ਬਚਾਉਣ ਵਾਲੇ ਉਪਕਰਨ ਮੁਹੱਈਆ ਕਰਵਾਉਣ ’ਚ ਮਦਦ ਕਰ ਸਕੇ। ਆਈਏਐੱਨਐਸ ਨਾਲ ਗੱਲ ਕਰਦਿਆਂ ਉਸ ਨੇ ਕਿਹਾ, ‘ਦੇਸ਼ ਦੀ ਦੁਰਦਸ਼ਾ ਵੇਖਣਾ ਬਹੁਤ ਖੌਫ਼ਨਾਕ ਹੈ। ਰੋਜ਼ਾਨਾ ਅਸੀਂ ਲੋਕਾਂ ਦੀਆਂ ਆਕਸੀਜਨ ਦੀ ਘਾਟ, ਬਿਸਤਰਿਆਂ, ਦਵਾਈਆਂ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਘਾਟ ਨਾਲ ਲੜਨ ਦੀਆਂ ਦਿਲ ਕੰਬਾਊ ਕਹਾਣੀਆਂ ਸੁਣਦੇ ਹਾਂ। ਫੰਡ ਇਕੱਠੇ ਕਰਨ ਦੀ ਸਾਡੀ ਇਸ ਮੁਹਿੰਮ ਦਾ ਉਦੇਸ਼ ਆਕਸੀਜਨ ਅਤੇ ਜੀਵਨ ਬਚਾਉਣ ਵਾਲੇ ਉਪਕਰਨਾਂ ਦੀ ਸਪਲਾਈ ਲਈ ਜ਼ਮੀਨੀ ਪੱਧਰ ’ਤੇ ਸਹਾਇਤਾ ਅਤੇ ਰਾਹਤ ਪ੍ਰਦਾਨ ਕਰਨਾ ਹੈ।’ ਰਕੁਲ ਪ੍ਰੀਤ ਨੇ ਲੋਕਾਂ ਨੂੰ ਇਸ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਥੋੜ੍ਹੀ ਜਿਹੀ ਰਕਮ ਵੀ ਬਹੁਤ ਕੰਮ ਆਵੇਗੀ। ਉਸ ਨੇ ਕਿਹਾ, ‘ਅਸੀਂ ਸਭ ਨੂੰ 100 ਰੁਪਏ ਦੇਣ ਲਈ ਬੇਨਤੀ ਕਰ ਰਹੇ ਹਾਂ ਅਤੇ ਜੇ ਕੋਈ ਵੱਧ ਪੈਸੇ ਦੇਣਾ ਚਾਹੁੰਦਾ ਹੈ ਤਾਂ ਦੇ ਸਕਦਾ ਹੈ ਪਰ 100 ਰੁਪਏ ਦਾ ਯੋਗਦਾਨ ਵੀ ਬਹੁਤ ਵੱਡਾ ਸਾਬਤ ਹੋਵੇਗਾ। ਇਸ ਮੁਸ਼ਕਲ ਸਮੇਂ ਜਦੋਂ ਅਸੀਂ ਸਾਰੇ ਬੇਵੱਸ ਮਹਿਸੂਸ ਕਰ ਰਹੇ ਹਾਂ, ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਆਪਣਾ ਯੋਗਦਾਨ ਜ਼ਰੂਰ ਪਾਉਣ।’ -ਆਈਏਐੱਨਐੱਸ