ਮੁੰਬਈ: ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਦੀ ਆਉਣ ਵਾਲੀ ਫਿ਼ਲਮ 26 ਜਨਵਰੀ 2023 ਨੂੰ ਰਿਲੀਜ਼ ਹੋਵੇਗੀ ਪਰ ਇਸ ਫ਼ਿਲਮ ਦੇ ਨਾਮ ਦਾ ਹਾਲੇ ਐਲਾਨ ਨਹੀਂ ਕੀਤਾ ਗਿਆ। ਇਹ ਖੁਲਾਸਾ ਅੱਜ ਇੱਥੇ ਫਿਲਮ ਨਿਰਮਾਤਾਵਾਂ ਨੇ ਕੀਤਾ ਹੈ। ਫ਼ਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਲਵ ਰੰਜਨ ਹਨ, ਜਿਸ ਨੂੰ ‘ਪਿਆਰ ਕਾ ਪੰਚਨਾਮਾ’ ਅਤੇ ‘ਸੋਨੂੰ ਕੇ ਟੀਟੂ ਕੀ ਸਵੀਟੀ’ ਲਈ ਜਾਣਿਆ ਜਾਂਦਾ ਹੈ। ਲਵ ਫਿਲਮ ਦੇ ਬੈਨਰ ਹੇਠ ਬਣੀ ਰਹੀ ਇਸ ਫਿਲਮ ਬਾਰੇ ਜਾਣਕਾਰੀ ਟਵਿੱਟਰ ’ਤੇ ਸਾਂਝੀ ਕੀਤੀ ਗਈ। ਟਵੀਟ ਵਿੱਚ ਲਿਖਿਆ ਗਿਆ, ‘‘ਲਵ ਰੰਜਨ ਦੀ ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਦੀ ਭੂਮਿਕਾ ਵਾਲੀ ਅਗਲੀ ਫਿਲਮ 26 ਜਨਵਰੀ, 2023 ਨੂੰ ਗਣਤੰਤਰ ਦਿਵਸ ਮੌਕੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ, ਜਿਸ ਦਾ ਨਾਂ ਹਾਲੇ ਨਹੀਂ ਐਲਾਨਿਆ ਗਿਆ। ਫਿਲਮ ਦੇ ਨਿਰਮਾਤਾ ਲਵ ਰੰਜਨ ਅਤੇ ਗਗਨ ਕੌਰ ਹਨ ਅਤੇ ਇਸ ਨੂੰ ਗੁਲਸ਼ਨ ਕੁਮਾਰ ਅਤੇ ਭੂਸ਼ਨ ਕੁਮਾਰ ਪੇਸ਼ ਕਰ ਰਹੇ ਹਨ। ਫਿਲਮ ਵਿੱਚ ਡਿੰਪਲ ਕਪਾਡੀਆ ਅਤੇ ਬੋਨੀ ਕਪੂਰ ਵੀ ਅਹਿਮ ਭੂਮਿਕਾ ਨਿਭਾਉਣਗੇ।’’ ਇਸ ਬੇਨਾਮ ਫਿਲਮ ਦਾ ਐਲਾਨ 2019 ਵਿੱਚ ਕੀਤਾ ਗਿਆ ਸੀ, ਜਿਸ ਅਨੁਸਾਰ ਰੰਜਨ, ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਪਹਿਲੀ ਵਾਰ ਇਕੱਠਿਆਂ ਕੰਮ ਕਰ ਰਹੇ ਹਨ। ਇਸ ਤੋਂ ਪਹਿਲਾਂ ਨਿਰਮਾਤਾਵਾਂ ਨੇ ਐਲਾਨ ਕੀਤਾ ਸੀ ਕਿ ਫਿਲਮ ਅਗਲੇ ਸਾਲ ਹੋਲੀ ਮੌਕੇ ਰਿਲੀਜ਼ ਹੋਵੇਗੀ। ਸੂਤਰਾਂ ਅਨੁਸਾਰ ਡਿੰਪਲ ਕਪਾਡੀਆ ਅਤੇ ਬੋਨੀ ਕਪੂਰ ਫਿਲਮ ਵਿੱਚ ਰਣਬੀਰ ਦੇ ਮਾਪਿਆਂ ਦਾ ਕਿਰਦਾਰ ਨਿਭਾਉਣਗੇ। ਇਸ ਫਿਲਮ ਤੋਂ ਇਲਾਵਾ ਰਣਬੀਰ ਕਪੂਰ ਕਰਨ ਮਲਹੋਤਰਾ ਦੀ ਫਿਲਮ ‘ਸ਼ਮਸ਼ੇਰਾ’ ਅਤੇ ਅਯਾਨ ਮੁਖਰਜੀ ਦੀ ‘ਬ੍ਰਹਮਾਸਤਰ’ ਰਿਲੀਜ਼ ਹੋਣ ਦੀ ਉਡੀਕ ਵਿੱਚ ਹੈ। ਇਸੇ ਤਰ੍ਹਾਂ ਸ਼ਰਧਾ ਕਪੂਰ ਨੇ ਦੱਸਿਆ ਕਿ ਉਹ ਵਿਸ਼ਾਲ ਫੁਰੀਆ ਦੀ ਫਿਲਮ ਵਿੱਚ ‘ਨਾਗਿਨ’ ਦੀ ਭੂਮਿਕਾ ਨਿਭਾ ਰਹੀ ਹੈ। -ਪੀਟੀਆਈ