ਮੁੰਬਈ, 9 ਮਾਰਚ
ਬੌਲੀਵੁੱਡ ਅਦਾਕਾਰ ਰਣਬੀਰ ਕਪੂਰ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ ਤੇ ਉਹ ਆਪਣੇ ਘਰ ਇਕਾਂਤਵਾਸ ਹੈ। ਇਸ ਸਬੰਧੀ ਉਸ ਦੀ ਮਾਂ ਨੀਤੂ ਕਪੂਰ ਨੇ ਅੱਜ ਇੰਸਟਾਗ੍ਰਾਮ ’ਤੇ ਜਾਣਕਾਰੀ ਸਾਂਝੀ ਕੀਤੀ ਹੈ। ਰਣਬੀਰ ਦੀ ਤਸਵੀਰ ਸਾਂਝੀ ਕਰਦਿਆਂ ਨੀਤੂ ਨੇ ਲਿਖਿਆ, ‘‘ਤੁਹਾਡੀ ਚਿੰਤਾਵਾਂ ਤੇ ਤੁਹਾਡੀਆਂ ਸ਼ੁਭਕਾਮਨਾਵਾਂ ਲਈ ਤੁਹਾਡਾ ਧੰਨਵਾਦ। ਰਣਬੀਰ ਦਾ ਕਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਉਹ ਦਵਾਈ ਲੈ ਰਿਹਾ ਤੇ ਉਸ ਦੀ ਸਿਹਤ ’ਚ ਸੁਧਾਰ ਹੋ ਰਿਹਾ ਹੈ। ਉਸ ਨੇ ਖ਼ੁਦ ਨੂੰ ਘਰ ਵਿੱਚ ਇਕਾਂਤਵਾਸ ਕੀਤਾ ਹੋਇਆ ਹੈ ਤੇ ਸਾਰੇ ਨੇਮਾਂ ਦੀ ਵੀ ਪਾਲਣਾ ਕਰ ਰਿਹਾ ਹੈ’’। ਨੀਤੂ ਕਪੂਰ ਦੀ ਪੋਸਟ ’ਤੇ ਪ੍ਰਤੀਕਿਰਿਆ ਦਿੰਦਿਆਂ ਪ੍ਰਸ਼ੰਸਕਾਂ ਨੇ ਰਣਬੀਰ ਦੀ ਸਿਹਤਯਾਬੀ ਦੀ ਕਾਮਾਨਾ ਕੀਤੀ।
ਰਣਬੀਰ ਨੂੰ ਚਾਹੁਣ ਵਾਲਿਆਂ ਤੋਂ ਇਲਾਵਾ ਉਸ ਦੀ ਭੈਣ ਰਿਧੀਮਾ ਕਪੂਰ ਨੇ ਵੀ ਆਪਣੇ ਭਰਾ ਨਾਲ ਇੰਸਟਾਗ੍ਰਾਮ ’ਤੇ ਇਕ ਕਹਾਣੀ ਸਾਂਝੀ ਕੀਤੀ ਹੈ। ਬੀਤੇ ਵਰ੍ਹੇ ਦਸੰਬਰ ਮਹੀਨੇ ਵਿੱਚ ਚੰਡੀਗੜ੍ਹ ’ਚ ਫਿਲਮ ‘ਜੁੱਗ ਜੁੱਗ ਜੀਓ’ ਦੀ ਸ਼ੂਟਿੰਗ ਦੌਰਾਨ ਨੀਤੂ ਕਪੂਰ ਵੀ ਕਰੋਨਾ ਪੀੜਤ ਆਈ ਸੀ। ਜ਼ਿਕਰਯੋਗ ਹੈ ਕਿ ਰਣਬੀਰ ਕਪੂਰ, ਅਦਾਕਾਰਾ ਆਲੀਆ ਭੱਟ ਨਾਲ ਅਯਾਨ ਮੁਖਰਜੀ ਦੀ ਫ਼ਿਲਮ ‘ਬ੍ਰਹਮਾਸਤਰ’ ਦੀ ਸ਼ੂਟਿੰਗ ਵਿੱਚ ਰੁੱਝਿਆ ਹੋਇਆ ਸੀ। ਇਸ ਫਿਲਮ ਵਿੱਚ ਅਮਿਤਾਭ ਬੱਚਨ, ਨਾਗਰਜੁੁਨ ਅੱਕੀਨੇਨੀ ਤੇ ਮੌਨੀ ਰੌਏ ਵੀ ਨਜ਼ਰ ਅਹਿਮ ਰੋਲ ਨਿਭਾਉਣਗੇ। ਇਸੇ ਦੌਰਾਨ ਫ਼ਿਲਮਸਾਜ਼ ਸੰਜੇ ਲੀਲਾ ਭੰਸਾਲੀ ਨੇ ਆਪਣੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਖੁਦ ਨੂੰ ਘਰ ਵਿੱਚ ਇਕਾਂਤਵਾਸ ਕਰ ਲਿਆ ਹੈ। ਭੰਸਾਲੀ ਨਾਲ ਆਪਣੀ ਆਉਣ ਵਾਲੀ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਦੀ ਸ਼ੂਟਿੰਗ ਕਰ ਰਹੀ ਅਦਾਕਾਰਾ ਆਲੀਆ ਭੱਟ ਨੇ ਵੀ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ। ਹਾਲਾਂਕਿ ਬੌਲੀਵੁੱਡ ਹਸਤੀ ਦੀ ਸਿਹਤ ਬਾਰੇ ਮੀਡੀਆ ਨੂੰ ਅਧਿਕਾਰਤ ਤੌਰ ’ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਫ਼ਿਲਮ ਟੀਮ ਨੇੜਲੇ ਸੂਤਰਾਂ ਦਾ ਕਹਿਣਾ ਹੈ,‘‘ਸੰਜੇ ਲੀਲਾ ਭੰਸਾਲੀ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ ਉਹ ਇਕਾਂਤਵਾਸ ’ਚ ਹਨ। ਰਣਬੀਰ ਕਪੂਰ ਤੇ ਭੰਸਾਲੀ ਦੀ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਆਲੀਆ ਭੱਟ ਨੇ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ। ਜਿਹੜੇ ਵੀ ਵਿਅਕਤੀ ਭੰਸਾਲੀ ਦੇ ਸੰਪਰਕ ਵਿਚ ਆਏ ਹਨ ਉਨ੍ਹਾਂ ਦੇ ਟੈਸਟ ਲਏ ਜਾ ਰਹੇ ਹਨ। ਹਾਲਾਂਕਿ ਫ਼ਿਲਮਸਾਜ਼ ਦੀ ਮਾਤਾ ਦੀ ਰਿਪੋਰਟ ਨੈਗੇਟਿਵ ਆਉਣ ਦੀਆਂ ਕਨਸੋਆਂ ਹਨ ਪਰ ਨੇਮਾਂ ਦੀ ਪਾਲਣਾ ਹਿੱਤ ਉਹ ਇਕਾਂਤਵਾਸ ਵਿੱਚ ਹੈ। ਆਲੀਆ ਮੁੰਬਈ ’ਚ ਭੰਸਾਲੀ ਨਾਲ ਆਪਣੀ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ ’ਚ ਰੁੱਝੀ ਹੋਈ ਸੀ। ਭੰਸਾਲੀ ਦੇ ਢਿੱਲੇ ਹੋਣ ਮਗਰੋਂ ਫ਼ਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ। -ਆਈਏਐੱਨਐੱਸ