ਮੁੰਬਈ: ਫ਼ਿਲਮ ‘ਸ਼ਮਸ਼ੇਰਾ’ ਨਾਲ ਪਰਦੇ ’ਤੇ ਕਰੀਬ ਚਾਰ ਸਾਲ ਮਗਰੋਂ ਵਾਪਸੀ ਕਰਨ ਜਾ ਰਹੇ ਬੌਲੀਵੁੱਡ ਅਦਾਕਾਰ ਰਣਬੀਰ ਕਪੂਰ ਨੇ ਆਖਿਆ ਕਿ ਖਲਨਾਇਕ ਦਾ ਕਿਰਦਾਰ ਨਿਭਾਉਣਾ ਉਸ ਦਾ ਸੁਫਨਾ ਹੈ। ਅਦਾਕਾਰ ਨੇ ਇਹ ਖੁਲਾਸਾ ਫ਼ਿਲਮ ਦੀ ਪ੍ਰਮੋਸ਼ਨ ਸਬੰਧੀ ਜਾਰੀ ‘ਆਰਕੇ ਟੇਪਸ’ ਦੇ ਵਿਸ਼ੇਸ਼ ਐਪੀਸੋਡ ਦੀ ਵੀਡੀਓ ’ਚ ਕੀਤਾ ਹੈ। ਰਣਬੀਰ ਨੇ ਆਖਿਆ ਕਿ ਉਹ ਖਲਨਾਇਕਾਂ ਨੂੰ ਪਸੰਦ ਕਰਦਾ ਹੈ ਕਿਉਂਕਿ ਉਹ ਅਦਾਕਾਰ ਨੂੰ ਵੱਡਾ ਬਣਾਉਂਦੇ ਹਨ। ਉਸ ਨੇ ਆਪਣੇ ਪਸੰਦੀਦਾ ਕੁਝ ਖਲਨਾਇਕਾਂ ਦਾ ਜ਼ਿਕਰ ਵੀ ਕੀਤਾ, ਜਿਨ੍ਹਾਂ ਵਿੱਚ ਫ਼ਿਲਮ ‘ਸ਼ੋਅਲੇ’ ਵਿੱਚ ਗੱਬਰ ਵਜੋਂ ਨਜ਼ਰ ਆਉਣ ਵਾਲਾ ਅਮਜਦ ਖਾਨ, ਫ਼ਿਲਮ ‘ਮਿਸਟਰ ਇੰਡੀਆ’ ਵਿੱਚ ਮੋਗੈਂਬੋ ਬਣਿਆ ਅਮਰੀਸ਼ ਪੁਰੀ, ‘ਅਗਨੀਪਥ’ ਵਿੱਚ ਕਾਂਚਾ ਚੀਨਾ ਵਜੋਂ ਸੰਜੈ ਦੱਤ, ਫ਼ਿਲਮ ‘ਪਦਮਾਵਤ’ ਵਿਚ ਅਲਾਉਦੀਨ ਖਿਲਜੀ ਬਣਿਆ ਰਣਬੀਰ ਸਿੰਘ ਅਤੇ ਫ਼ਿਲਮ ‘ਡਰ’ ਵਾਲਾ ਸ਼ਾਹਰੁਖ਼ ਖਾਨ ਸ਼ਾਮਲ ਹਨ। ਰਣਬੀਰ ਨੇ ਆਖਿਆ,‘‘ਅਸੀਂ ਨਿਸ਼ਚਤ ਤੌਰ ’ਤੇ ਨਾਇਕ ਵਾਲੇ ਪਾਸੇ ਹੁੰਦੇ ਹਾਂ ਪਰ ਜੇਕਰ ਫ਼ਿਲਮ ਵਿੱਚ ਖਲਨਾਇਕ ਨਹੀਂ ਹੋਵੇਗਾ ਤਾਂ ਨਾਇਕ ਆਪਣਾ ਨਾਇਕਪੁਣਾ ਕਿਵੇਂ ਦਿਖਾਏਗਾ। ਫਿਰ ਇੱਕ ਹੀਰੋ, ਹੀਰੋ ਕਿਵੇਂ ਹੋਵੇਗਾ? ਮੇਰਾ ਸੁਫਨਾ ਹੈ ਕਿ ਮੈਂ ਜ਼ਿੰਦਗੀ ਵਿਚ ਇਕ ਵਾਰ ਜ਼ਰੂਰ ਖਲਨਾਇਕ ਦਾ ਕਿਰਦਾਰ ਨਿਭਾਵਾਂਗਾ ਅਤੇ ਲੋਕ ਆਪਣੇ ਬੱਚਿਆਂ ਨੂੰ ਕਹਿਣਗੇ ‘ਸੋ ਜਾ, ਸੋ ਜਾ ਨਹੀਂ ਤੋ ਰਣਬੀਰ ਆ ਜਾਏਗਾ!’ -ਆਈਏਐੱਨਐੱਸ