ਮੁੰਬਈ: ਉੱਘੇ ਬੌਲੀਵੁੱਡ ਅਦਾਕਾਰ ਰਣਧੀਰ ਕਪੂਰ ਨੇ ਆਖਿਆ ਕਿ ਉਹ ਅਦਾਲਤ ਵਿੱਚ ਪੇਸ਼ ਕਰਨ ਲਈ ਆਪਣੇ ਭਰਾ ਮਰਹੂਮ ਰਾਜੀਵ ਕਪੂਰ ਦੇ ਤਲਾਕ ਦੇ ਪੇਪਰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਪਹਿਲਾਂ ਮੁੰਬਈ ਹਾਈ ਕੋਰਟ ਨੇ ਰਣਧੀਰ ਕਪੂਰ ਤੇ ਉਸ ਦੀ ਭੈਣ ਰੀਮਾ ਜੈਨ ਨੂੰ ਰਾਜੀਵ ਦੀ ਪ੍ਰਾਪਰਟੀ ਨਾਲ ਸਬੰਧਤ ਮਾਮਲੇ ਵਿੱਚ ਦਸਤਾਵੇਜ਼ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਸਨ। ਖ਼ਬਰ ਏਜੰਸੀ ‘ਆਈਏਐੱਨਐੱਸ’ ਨਾਲ ਗੱਲਬਾਤ ਕਰਦਿਆਂ ਰਣਧੀਰ ਨੇ ਆਖਿਆ ਕਿ ਵਸੀਅਤਨਾਮੇ ਲਈ ਤਲਾਕ ਦੇ ਪੇਪਰ ਜਮ੍ਹਾਂ ਕਰਵਾਉਣੇ ਜ਼ਰੂਰੀ ਹਨ। ਉਸ ਨੇ ਆਖਿਆ, ‘‘ਮੇਰਾ ਭਰਾ ਤਲਾਕਸ਼ੁਦਾ ਸੀ। ਮੈਂ ਹੁਣ ਉਸ ਦੀ ਪ੍ਰਾਪਰਟੀ ਦੀ ਵਸੀਅਤ ਕਰਵਾਉਣੀ ਹੈ। ਇਸ ਲਈ ਮੈਨੂੰ ਉਸ ਦੇ ਤਲਾਕ ਪੇਪਰਾਂ ਦੀ ਲੋੜ ਹੈ। ਉਹ ਆਮ ਤੌਰ ’ਤੇ ਪੁਣੇ ਤੇ ਇਥੇ ਰਹਿੰਦਾ ਸੀ। ਮੈਂ ਪੇਪਰ ਨਹੀਂ ਲੱਭ ਸਕਿਆ ਅਤੇ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਕੁਝ ਲੋਕ ਵੀ ਲੱਭਣ ਵਿਚ ਲੱਗੇ ਹੋਏ ਹਨ। ਮੈਨੂੰ ਨਹੀਂ ਪਤਾ ਉਸ ਨੇ ਪੇਪਰ ਕਿਥੇ ਰੱਖੇ ਹਨ। ਉਹ ਇਥੇ ਨਹੀਂ ਹੈ।’’ ਜਾਣਕਾਰੀ ਅਨੁਸਾਰ ਰਜੀਵ ਕਪੂਰ ਦਾ 9 ਫਰਵਰੀ ਨੂੰ ਦੇਹਾਂਤ ਹੋ ਗਿਆ ਸੀ। ਰਜੀਵ ਦੀ ਪ੍ਰਾਪਰਟੀ ਤੇ ਪੈਸੇ ਲੈਣ ਲਈ ਰਣਧੀਰ ਤੇ ਰੀਮਾ ਨੇ ਅਦਾਲਤ ਵਿੱਚ ਪਟੀਸ਼ਨ ਪਾਈ ਸੀ। ਪਟੀਸ਼ਨ ਅਨੁਸਾਰ ਰਜੀਵ ਕੁਮਾਰ ਦਾ ਵਿਆਹ ਸਾਲ 2001 ਵਿੱਚ ਆਰਤੀ ਸਭਰਵਾਲ ਨਾਲ ਹੋਇਆ ਸੀ ਅਤੇ ਵਿਆਹ ਤੋਂ ਦੋ ਸਾਲ ਬਾਅਦ ਉਨ੍ਹਾਂ ਦਾ ਤਲਾਕ ਹੋ ਗਿਆ ਸੀ। ਉਸ ਨੇ ਕਿਹਾ ਕਿ ਉਹ ਆਪਣੇ ਵਕੀਲ ਯੋਗੇਸ਼ ਅਧੀਆ ਨਾਲ ਸੰਪਰਕ ਕਰ ਰਹੇ ਹਨ ਪਰ ਉਸ ਨੇ ਕੋਈ ਵੀ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ ਕਿ ਇਸ ਵੇਲੇ ਉਨ੍ਹਾਂ ਕੋਲ ਹੋਰ ਕੋਈ ਜਾਣਕਾਰੀ ਨਹੀਂ ਹੈ। -ਆਈਏਐੱਨਐੱਸ