ਮੁੰਬਈ, 19 ਮਾਰਚ
ਬੌਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਅਗਾਮੀ ਐਤਵਾਰ ਨੂੰ ਆਪਣਾ ਜਨਮ ਦਿਨ ਮਨਾਏਗੀ ਅਤੇ ਉਹ ਇਸ ਦਿਨ ਆਪਣੇ ਚਾਹੁਣ ਵਾਲਿਆਂ ਨਾਲ ਗੱਲਬਾਤ ਵੀ ਕਰੇਗੀ। ਮੌਜੂਦਾ ਸਮੇਂ ਅਦਾਕਾਰਾ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ ਪਰ ਉਹ ਆਪਣੇ ਪ੍ਰਸ਼ੰਸਕਾਂ ਨਾਲ ਯਸ਼ ਰਾਜ ਫ਼ਿਲਮਜ਼ ਦੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ’ਤੇ ਗੱਲਬਾਤ ਕਰੇਗੀ।
ਰਾਣੀ ਨੇ ਆਖਿਆ, ‘‘ਮੈਂ ਫ਼ਿਲਹਾਲ ਸੋਸ਼ਲ ਮੀਡਆ ’ਤੇ ਨਹੀਂ ਹਾਂ ਪਰ ਮੈਂ ‘ਸਾਲਾਨਾ ਸੋਸ਼ਲ ਮੀਡੀਆ ਰੂ-ਬ-ਰੂ’ ਪ੍ਰੋਗਰਾਮ ਤਹਿਤ ਆਪਣੇ ਉਨ੍ਹਾਂ ਪ੍ਰਸ਼ੰਸਕਾਂ ਤੇ ਲੋਕਾਂ ਨਾਲ ਗੱਲਬਾਤ ਕਰਨ ਬਾਰੇ ਸੋਚ ਰਹੀ ਹਾਂ ਜਿਹੜੇ ਕਿੰਨੇ ਸਾਲਾਂ ਤੋਂ ਮੇਰੇ ਨਾਲ ਖੜ੍ਹੇ ਹਨ।’’ ਅਦਾਕਾਰਾ ਨੇ ਆਖਿਆ ਕਿ ਉਸ ਦੇ ਚਾਹੁਣ ਵਾਲਿਆਂ ਨੇ ਹਮੇਸ਼ਾਂ ਉਸ ਨੂੰ ਪਿਆਰ ਦਿੱਤਾ ਅਤੇ ਉਸ ਨੂੰ ਉਤਸ਼ਾਹਿਤ ਕੀਤਾ ਹੈ। ਉਹ ਉਨ੍ਹਾਂ ਦਾ ਸ਼ੁਰਕਰੀਆ ਅਦਾ ਕਰਨਾ ਚਾਹੁੰਦੀ ਹੈ। ਰਾਣੀ ਨੇ ਆਖਿਆ,‘‘ਮੈਂ ਆਪਣਾ ਜਨਮ ਦਿਨ ਪਰਿਵਾਰ ਨਾਲ ਮਨਾਉਣ ਤੋਂ ਪਹਿਲਾਂ ਆਪਣੇ ਚਾਹੁਣ ਵਾਲਿਆਂ ਨਾਲ ਮਨਾਉਣ ਬਾਰੇ ਸੋਚ ਰਹੀ ਹਾਂ। ਉਨ੍ਹਾਂ ਦੇ ਪਿਆਰ ਤੇ ਸਹਿਯੋਗ ਨੇ ਮੈਨੂੰ ਪ੍ਰੇਰਿਤ ਕੀਤਾ ਅਤੇ ਮੇਰੀ ਫ਼ਿਲਮਾਂ ਦੀ ਚੋਣ ’ਤੇ ਮੋਹਰ ਲਾਈ।’’ ਜਾਣਕਾਰੀ ਅਨੁਸਾਰ ਰਾਣੀ ਮੁਖਰਜੀ ਫ਼ਿਲਮ ‘ਬੰਟੀ ਔਰ ਬਬਲੀ-2’ ਵਿੱਚ ਨਜ਼ਰ ਆਏਗੀ। ਇਹ ਫ਼ਿਲਮ ਸਾਲ 2005 ਵਿੱਚ ਸੁਪਰਹਿਟ ਰਹੀ ਫ਼ਿਲਮ ‘ਬੰਟੀ ਔਰ ਬਬਲੀ’ ਦਾ ਅਗਲਾ ਭਾਗ ਹੈ।
-ਆਈਏਐੱਨਐੱਸ