ਮੁੰਬਈ, 31 ਮਾਰਚ
ਬੌਲੀਵੁੱਡ ਅਦਾਕਾਰ ਰਣਵੀਰ ਸਿੰਘ ਆਪਣੀ ਮਿਊਜ਼ਿਕ ਕੰਪਨੀ ‘ਆਈਐੱਨਸੀਇੰਕ’ ਦੇ ਦੋ ਸਾਲ ਪੂਰੇ ਹੋਣ ’ਤੇ ਮਾਣ ਮਹਿਸੂਸ ਕਰ ਰਹੇ ਹਨ। ਰਣਵੀਰ ਨੇ ਨਵਜ਼ਾਰ ਇਰਾਨੀ ਨਾਲ ਮਿਲ ਕੇ ਇਹ ਕੰਪਨੀ ਸ਼ੁਰੂ ਕੀਤੀ ਸੀ। ਉਸ ਦਾ ਕਹਿਣਾ ਹੈ ਕਿ ਉਹ ਨਹੀਂ ਚਾਹੁੰਦਾ ਕਿ ਨਵੇਂ ਆਏ ਕਲਾਕਾਰਾਂ ਨੂੰ ਉਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ ਜਿਨ੍ਹਾਂ ਮੁਸ਼ਕਲਾਂ ਵਿੱਚੋਂ ਉਸ ਨੂੰ ਆਪਣੇ ਕਰੀਅਰ ਦੀ ਸ਼ੁਰੂਆਤ ਵੇਲੇ ਗੁਜ਼ਰਨਾ ਪਿਆ ਸੀ। ਰਣਵੀਰ ਨੇ ਕਿਹਾ, ‘ਜਦੋਂ ਕਈ ਸਾਲ ਪਹਿਲਾਂ ਮੈਂ ਅਦਾਕਾਰ ਬਣਨ ਦੇ ਆਪਣੇ ਸੁਫ਼ਨੇ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਤਾਂ ਮੇਰੇ ਲਈ ਇਹ ਆਸਾਨ ਨਹੀਂ ਸੀ। ਮੈਂ ਬਹੁਤ ਭਾਗਾਂ ਵਾਲਾ ਰਿਹਾ ਹਾਂ ਕਿ ਮੈਂ ਸਖ਼ਤ ਮਿਹਨਤ, ਜਨੂੰਨ ਤੇ ਖ਼ੁਦ ’ਤੇ ਭਰੋਸੇ ਰਾਹੀਂ ਆਪਣਾ ਕਰੀਅਰ ਬਣਾ ਸਕਿਆ। ਉਸ ਵੇਲੇ ਮੈਂ ਆਪਣੇ ਆਪ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਮੈਂ ਕਾਮਯਾਬ ਹੋ ਜਾਵਾਂਗਾ ਤਾਂ ਮੈਂ ਸੁਫ਼ਨੇ ਦੇਖਣ ਵਾਲੇ ਆਪਣੇ ਸਾਥੀਆਂ ਲਈ ਵੀ ਕੁਝ ਕਰਨ ਦੀ ਕੋਸ਼ਿਸ਼ ਕਰਾਂਗਾ। ਇਸੇ ਦੌਰਾਨ ਮੇਰੇ ਜ਼ਿਹਨ ’ਚ ਆਈਐੱਨਸੀਇੰਕ ਕੰਪਨੀ ਖੋਲ੍ਹਣ ਦਾ ਖ਼ਿਆਲ ਆਇਆ ਸੀ।’ ਰਣਵੀਰ ਨੇ ਅੱਗੇ ਕਿਹਾ, ‘ਹੁਣ ਮੈਨੂੰ ਇਹ ਸੋਚ ਕੇ ਵਧੀਆ ਲੱਗਦਾ ਹੈ ਕਿ ਮੈਂ ਕੁਝ ਬਿਹਤਰੀਨ ਨਵੀਆਂ ਪ੍ਰਤਿਭਾਵਾਂ ਨੂੰ ਇੱਕ ਪਲੇਟਫਾਰਮ ਉਪਲੱਬਧ ਕਰਵਾ ਸਕਿਆ ਹਾਂ। ਇਨ੍ਹਾਂ ਨੌਜਵਾਨ ਕਲਾਕਾਰਾਂ ਨੇ ਜੋ ਸੰਗੀਤ ਤਿਆਰ ਕੀਤਾ ਹੈ, ਉਸ ਨੂੰ ਸੁਣ ਕੇ ਮੈਂ ਹੈਰਾਨ ਹਾਂ।’ ਰਣਵੀਰ ਆਪਣੀ ਕੰਪਨੀ ਵੱਲੋਂ ਕਾਮ ਭਾਰੀ, ਸਪਿਟਫਾਇਰ, ਡੇਵਿਲ-ਦਿ ਰ੍ਹਾਈਮਰ ਅਤੇ ਸਲੋਅਚੀਤਾ ਵਰਗੇ ਅਦਾਕਾਰਾਂ ਨੂੰ ਖੋਜਣ ’ਤੇ ਕਾਫ਼ੀ ਮਾਣ ਮਹਿਸੂਸ ਕਰਦਾ ਹੈ। -ਆਈਏਐੱਨਐੱਸ