ਮੁੰਬਈ: ਅਦਾਕਾਰ ਅਰਮਾਨ ਰਲਹਨ ਨੇ ਸਾਲ 2016 ਵਿੱਚ ਰਣਵੀਰ ਸਿੰਘ ਤੇ ਵਾਣੀ ਕਪੂਰ ਦੀ ਫ਼ਿਲਮ ‘ਬੇਫਿਕਰੇ’ ਨਾਲ ਬੌਲੀਵੁੱਡ ਵਿੱਚ ਪੈਰ ਧਰਿਆ ਸੀ ਅਤੇ ਬਾਅਦ ਵਿੱਚ ਉਹ ਓਟੀਟੀ ਪਲੈਟਫਾਰਮ ’ਤੇ ਰਿਲੀਜ਼ ਹੋਈ ਫ਼ਿਲਮ ‘ਅਜੀਬ ਦਾਸਤਾਨਜ਼’ ਵਿੱਚ ਜੈਦੀਪ ਅਹਿਲਾਵਤ ਅਤੇ ਫਾਤਿਮਾ ਸਨਾ ਸ਼ੇਖ ਨਾਲ ਨਜ਼ਰ ਆਇਆ ਸੀ। ਅਰਮਾਨ ਦਾ ਕਹਿਣਾ ਹੈ ਕਿ ਉਸ ਦਾ ਧਿਆਨ ਮੁੱਖ ਭੂਮਿਕਾ ਵਾਲੇ ਕਿਰਦਾਰ ਨਿਭਾਉਣ ਦੀ ਜਗ੍ਹਾ ਚੰਗੀਆਂ ਫ਼ਿਲਮਾਂ ਕਰਨ ਵੱਲ ਹੈ। ਅਰਮਾਨ ਨੇ ਕਿਹਾ, ‘‘ਮੈਂ ਇਸ ਨੂੰ ਖ਼ਤਰੇ ਵਜੋਂ ਨਹੀਂ ਦੇਖਿਆ ਕਿਉਂਕਿ ਨਵਾਂ ਕਲਾਕਾਰ ਹੋਣ ਕਰਕੇ ਮੈਂ ਕਿਸੇ ਚੜ੍ਹਤ ਵਾਲੇ ਪਾਸਿਓਂ ਨਹੀਂ ਆਇਆ। ਦਰਸ਼ਕ ਸਿਰਫ ਇਸ ਕਰਕੇ ਫਿਲਮ ਨਹੀਂ ਦੇਖਣਗੇ ਕਿਉਂਕਿ ਮੈਂ ਉਸ ਵਿੱਚ ਹਾਂ। ਮੈਂ ਹਾਲੇ ਉਨ੍ਹਾਂ ਦਾ ਭਰੋਸਾ ਨਹੀਂ ਜਿੱਤਿਆ। ਰਣਵੀਰ ਸਿੰਘ, ਜੈਦੀਪ ਜਾਂ ਫਾਤਿਮਾ ਸਨਾ ਸ਼ੇਖ ਵਰਗੇ ਸਿਤਾਰਿਆਂ ਨਾਲ ਕੰਮ ਕਰਕੇ ਲੋਕਾਂ ਦੀ ਮੇਰੇ ਕੰਮ ’ਤੇ ਵੀ ਨਜ਼ਰ ਪਈ ਹੈ।’’ ਉਸ ਨੇ ਕਿਹਾ, ‘‘ਉਮੀਦ ਹੈ ਇੱਕ ਦਿਨ ਮੈਨੂੰ ਅਜਿਹਾ ਮੁਕਾਮ ਮਿਲੇਗਾ ਜਦੋਂ ਲੋਕ ਮੇਰੇ ਕਰਕੇ ਫਿਲਮ ਦੇਖਣਗੇ।’’ -ਆਈਏਐੱਨਐੱਸ