ਮੁੰਬਈ: ਅਦਾਕਾਰ ਰਣਵੀਰ ਸਿੰਘ ਨੇ ਕਿਹਾ ਕਿ ਉਹ ਸਭ ਤੋਂ ਪਹਿਲਾਂ ਨਵੀਆਂ ਚੀਜ਼ਾਂ ਅਜ਼ਮਾਉਣਾ ਚਾਹੁੰਦਾ ਹੈ ਅਤੇ ਦੇਸ਼ ਦਾ ਸਰਬੋਤਮ ਅਦਾਕਾਰ ਬਣਨਾ ਚਾਹੁੰਦਾ ਹੈ। ਰਣਵੀਰ ਆਉਂਦੇ ਸਮੇਂ ਵਿੱਚ ‘ਜਯੇਸ਼ ਭਾਈ ਜ਼ੋਰਦਾਰ’, ‘ਸਰਕਸ’ ਅਤੇ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ’ ਵਿੱਚ ਨਜ਼ਰ ਆਵੇਗਾ। ਉਸ ਨੇ ਕਿਹਾ, ‘‘ਫਿਲਹਾਲ ਮੈਨੂੰ ਇਸ ਕਲਾ ਦਾ ਜਨੂੰਨ ਹੈ। ਮੈਂ ਇਸ ਨਾਲ ਹੋਰ ਖੇਡਣਾ ਚਾਹੁੰਦਾ ਹੈ ਅਤੇ ਇਸ ਬਾਰੇ ਹੋਰ ਖੋਜ ਕਰਨਾ ਚਾਹੁੰਦਾ ਹਾਂ। ਇਸ ਵੇਲੇ ਮੈਂ ਬਲ ਰਿਹਾ ਹਾਂ ਅਤੇ ਹੋਰ ਕਈ ਕੁਝ ਕਰ ਕੇ ਇਸ ਬਾਰੇ ਸੰਭਾਵਨਾਵਾਂ ਖੋਜਣਾ ਚਾਹੁੰਦਾ ਹਾਂ। ਅਜਿਹੀਆਂ ਚੀਜ਼ਾਂ ਕਰਨਾ ਚਾਹੁੰਦਾ ਹਾਂ, ਜੋ ਪਹਿਲਾਂ ਨਾ ਹੋਈਆਂ ਹੋਣ।’’ ਉਸ ਨੇ ਕਿਹਾ, ‘‘ਮੇਰੇ ਇੱਕ ਬਹੁਤ ਹੀ ਪਿਆਰੇ ਅਤੇ ਸਤਿਕਾਰਕ ਸਹਿਯੋਗੀ ਨੇ ਫਿਲਮ ‘83’ ਮਗਰੋਂ ਕਿਹਾ ਸੀ ਕਿ ਜੇ ਤੁਹਾਡਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਤੁਹਾਡੇ ਲਈ ਕੋਈ ਹਵਾਲਾ ਨਹੀਂ ਮਿਲਦਾ।’’ ਉਸ ਅਨੁਸਾਰ ਉਹ ਇਸੇ ਕਰਕੇ ਬਾਕੀਆਂ ਤੋਂ ਪਹਿਲਾਂ ਕੁਝ ਅਜਿਹਾ ਕਰਨਾ ਚਾਹੁੰਦਾ ਹੈ, ਜੋ ਪਹਿਲਾਂ ਨਾ ਕੀਤਾ ਗਿਆ ਹੋਵੇ। ਫਿਲਮੀ ਦੁਨੀਆ ਵਿੱਚ ਦਹਾਕਾ ਪੂਰਾ ਕਰਨ ਵਾਲੇ ਰਣਵੀਰ ਨੇ ਕਿਹਾ, ‘‘ਮੈਂ ਇੱਕ ਵਿਅਕਤੀ ਅਤੇ ਕਲਾਕਾਰ ਦੇ ਰੂਪ ਵਿੱਚ ਕਾਫੀ ਵਿਕਸਤ ਹੋਇਆ ਹਾਂ। ਸ਼ੁਰੂ ਵਿੱਚ ਮੈਂ ਸੋਚਦਾ ਸੀ ਕਿ ਮੈਨੂੰ ਸਾਰਾ ਕੁਝ ਪਤਾ ਹੈ। ਮੈਨੂੰ ਜਿੱਤਿਆ ਨਹੀਂ ਜਾ ਸਕਦਾ।’’ ਉਸ ਨੇ ਕਿਹਾ ਕਿ ਹੁਣ 10 ਸਾਲ ਬਾਅਦ ਉਸ ਨੂੰ ਲੱਗਦਾ ਹੈ ਕਿ ਉਸ ਨੂੰ ਅਜੇ ਕੁਝ ਨਹੀਂ ਪਤਾ। -ਆਈਏਐੱਨਐੱਸ