ਗੁਰਮੀਤ ਸਿੰਘ*
ਬੰਗਾਲ ਫਲੋਰੀਕਨ ਪੰਛੀ ਬਸਟਰਡ ਪਰਿਵਾਰ ਦੀ ਦੁਰਲੱਭ ਪ੍ਰਜਾਤੀ ਹੈ ਜੋ ਸਿਰਫ਼ ਭਾਰਤੀ ਉਪ ਮਹਾਂਦੀਪ ਅਤੇ ਦੱਖਣ ਪੂਰਬੀ ਏਸ਼ੀਆ ਵਿਚ ਹੀ ਮਿਲਦੀ ਹੈ। ਇਸ ਨੂੰ ਹਿੰਦੀ ਵਿਚ ਚਰਸ ਜਾਂ ਚਰਗ਼ ਅਤੇ ਅੰਗਰੇਜ਼ੀ ਵਿਚ ਬੰਗਾਲ ਫਲੋਰੀਕਨ ਕਹਿੰਦੇ ਹਨ। ਇਹ ਦੁਰਲੱਭ ਪ੍ਰਜਾਤੀ ਪ੍ਰਜਣਨ ਵੇਲੇ ਡਾਂਸ ਕਰਨ ਲਈ ਬਹੁਤ ਮਸ਼ਹੂਰ ਹੈ। ਇਹ ਪੰਛੀ ਇਸ ਵੇਲੇ ਵੱਖ-ਵੱਖ ਦੋ ਥਾਵਾਂ ’ਤੇ ਵੇਖੇ ਜਾ ਸਕਦੇ ਹਨ। ਇਸ ਵੇਲੇ ਭਾਰਤ ਵਿਚ ਬੰਗਾਲ ਫਲੋਰੀਕਨ ਸਿਰਫ਼ ਕੁਝ ਸੁਰੱਖਿਅਤ ਥਾਵਾਂ- ਅਸਾਮ ਵਿਚ ਮਾਨਸ ਨੈਸ਼ਨਲ ਪਾਰਕ, ਕਾਜ਼ੀਰੰਗਾ ਨੈਸ਼ਨਲ ਪਾਰਕ, ਓਰੰਗ ਨੈਸ਼ਨਲ ਪਾਰਕ ਅਤੇ ਅਰੁਣਾਚਲ ਪ੍ਰਦੇਸ਼, ਜਲਦਾਪਾਰਾ ਅਤੇ ਪੱਛਮੀ ਬੰਗਾਲ ਵਿਚ ਗੋਰੂਮਾਰਾ ਵਾਈਲਡ ਲਾਈਫ ਸੈਂਚੂਰੀ ਅਤੇ ਉੱਤਰ ਪ੍ਰਦੇਸ਼ ਵਿਚ ਦੁੱਧਵਾ ਨੈਸ਼ਨਲ ਪਾਰਕ ਵਿਚ ਮਿਲਦੇ ਹਨ। ਅਸਾਮ ਵਿਖੇ ਇਸ ਨੂੰ ‘ਉਲੂ ਮੋਰਾ’ ਕਿਹਾ ਜਾਂਦਾ ਹੈ। ਦੱਖਣ ਪੂਰਬੀ ਏਸ਼ੀਆਈ ਆਬਾਦੀ ਕੰਬੋਡੀਆ ਅਤੇ ਨਾਲ ਲੱਗਦੇ ਦੱਖਣੀ ਵੀਅਤਨਾਮ ਵਿਚ ਵੇਖੀ ਜਾ ਸਕਦੀ ਹੈ।
ਬੰਗਾਲ ਫਲੋਰੀਕਨ ਦੀ ਉਚਾਈ 22 ਇੰਚ ਤਕ ਹੁੰਦੀ ਹੈ। ਇਸ ਪੰਛੀ ਦੀ ਮਾਦਾ, ਨਰ ਨਾਲੋਂ ਵੱਡੀ ਹੁੰਦੀ ਹੈ ਅਤੇ ਭੂਰੇ ਰੰਗ ਦੀ ਹੁੰਦੀ ਹੈ ਜਿਸ ਵਿਚ ਗਰਦਨ ਦੇ ਪਾਸੇ ਤੋਂ ਤੰਗ ਕਾਲੀਆਂ ਲਕੀਰਾਂ ਹੁੰਦੀਆਂ ਹਨ। ਮਾਦਾ ਦਾ ਭਾਰ 1.1 ਤੋਂ 1.9 ਕਿਲੋਗ੍ਰਾਮ ਅਤੇ ਨਰ ਦਾ 1.2 ਤੋਂ 1.5 ਕਿਲੋਗ੍ਰਾਮ ਹੁੰਦਾ ਹੈ। ਨਰ ਦੇ ਖੰਭ ਕਾਲੇ ਹੁੰਦੇ ਹਨ, ਸਿਰ ’ਤੇ ਇਕ ਲੰਮੀ ਸਿੱਧੀ ਕਲਗੀ ਹੁੰਦੀ ਹੈ ਅਤੇ ਗਰਦਨ ਦਾ ਅਗਲਾ ਹਿੱਸਾ ਦਾੜ੍ਹੀ ਵਰਗਾ ਦਿਖਾਈ ਦਿੰਦਾ ਹੈ। ਸਰੀਰ ਦਾ ਉੱਪਰਲਾ ਹਿੱਸਾ ਵੀ ਕਾਲੇ ਪਰਾਂ ਦਾ ਹੀ ਬਣਿਆ ਹੁੰਦਾ ਹੈ, ਪਰ ਇਸ ਦੇ ਖੰਭ ਜੋ ਉੱਡਣ ਵਿਚ ਸਹਾਇਤਾ ਕਰਦੇ ਹਨ, ਬਹੁਤ ਸੁੰਦਰ ਹੁੰਦੇ ਹਨ। ਉਡਾਣ ਦੌਰਾਨ ਇਹ ਬਹੁਤ ਆਕਰਸ਼ਕ ਦਿਖਾਈ ਦਿੰਦਾ ਹੈ। ਇਸ ਦੇ ਪੰਜੇ ਪੀਲੇ ਅਤੇ ਚੁੰਝ ਗੂੜ੍ਹੇ ਰੰਗ ਦੀ ਹੁੰਦੀ ਹੈ।
ਇਹ ਪੰਛੀ ਆਪਣਾ ਜ਼ਿਆਦਾ ਸਮਾਂ ਜ਼ਮੀਨ ’ਤੇ ਹੀ ਗੁਜ਼ਾਰਦੇ ਹਨ ਤੇ ਇਨ੍ਹਾਂ ਦੀ ਖੁਰਾਕ ਵਿਚ ਕੀੜੀਆਂ, ਟਿੱਡੇ, ਬੀਂਡੇ, ਕਿਰਲੀਆਂ, ਸੱਪ, ਬੀਜ, ਫ਼ਲ ਅਤੇ ਫੁੱਲ ਆਦਿ ਵੀ ਸ਼ਾਮਲ ਹੁੰਦੇ ਹਨ। ਬੰਗਾਲ ਫਲੋਰੀਕਨ ਆਮ ਤੌਰ ’ਤੇ ਸ਼ਾਂਤ ਸੁਭਾਅ ਦੇ ਹੁੰਦੇ ਹਨ, ਪਰ ਜਦੋਂ ਉਨ੍ਹਾਂ ਨੂੰ ਛੇੜਿਆ ਜਾਂਦਾ ਹੈ ਤਾਂ ਉਹ ਚਿੱਕ-ਚਿੱਕ ਦੀ ਆਵਾਜ਼ ਕਰਦੇ ਹਨ। ਉਹ ਜ਼ਿਆਦਾ ਨਮੀ ਦੇ ਮੌਸਮ ਜਾਂ ਬਰਸਾਤੀ ਦਿਨਾਂ ਦੌਰਾਨ ਪਾਣੀ ਵਾਲੀਆਂ ਥਾਵਾਂ ਤੋਂ ਦੂਰ ਜਾਣਾ ਪਸੰਦ ਕਰਦੇ ਹਨ। ਇਹ ਜ਼ਿਆਦਾ ਲੰਮੇ ਸਮੇਂ ਲਈ ਪਰਵਾਸ ਨਹੀਂ ਕਰਦੇ ਕਿਉਂਕਿ ਇਹ ਕੁਝ ਕਿਲੋਮੀਟਰ ਦੀ ਹੀ ਉਡਾਣ ਭਰ ਸਕਦੇ ਹਨ।
ਇਸ ਵੇਲੇ ਬੰਗਾਲ ਫਲੋਰੀਕਨ ਦੀ ਗਿਣਤੀ ਬਹੁਤ ਘਟ ਗਈ ਹੈ। ਇਕ ਅੰਦਾਜ਼ੇ ਅਨੁਸਾਰ ਉਨ੍ਹਾਂ ਦੀ ਕੁਲ ਆਬਾਦੀ ਸਿਰਫ਼ ਇਕ ਹਜ਼ਾਰ ਹੈ ਜੋ ਲਗਭਗ ਖ਼ਤਮ ਹੋਣ ਦੇ ਕੰਢੇ ’ਤੇ ਹਨ। ਇਸੇ ਕਰਕੇ ਆਈ.ਯੂ.ਸੀ.ਐੱਨ. ਨੇ ਉਨ੍ਹਾਂ ਨੂੰ ਆਪਣੀ ਰੈੱਡ ਡੇਟਾ ਬੁੱਕ ਵਿਚ ਗੰਭੀਰ ਰੂਪ ਵਿਚ ਖ਼ਤਮ ਹੋ ਰਹੀ ਪ੍ਰਜਾਤੀ ਵਾਲੀ ਸ਼੍ਰੇਣੀ ਵਿਚ ਰੱਖਿਆ ਹੈ। ਇਸ ਨੂੰ ਭਾਰਤ ਸਰਕਾਰ ਨੇ ਜੰਗਲੀ ਜੀਵ (ਸੁਰੱਖਿਆ) ਐਕਟ, 1972 ਦੇ ਸ਼ਡਿਊਲ ਇਕ ਵਿਚ ਰੱਖ ਕੇ ਮੁਕੰਮਲ ਸੁਰੱਖਿਆ ਦਿੱਤੀ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910