ਬਾਲ ਕਹਾਣੀ
ਰਘੁਵੀਰ ਸਿੰਘ ਕਲੋਆ
ਅੱਠਵੀ ’ਚ ਪੜ੍ਹਦਾ ਜੋਤ ਅੱਜ ਬੜੇ ਚਾਵਾਂ ਨਾਲ ਬੈਲ ਗੱਡੀ ’ਤੇ ਬੈਠ ਆਪਣੇ ਪਿਤਾ ਜੀ ਦੇ ਨਾਲ ਖੇਤਾਂ ਨੂੰ ਆਇਆ ਸੀ। ਖੇਤਾਂ ’ਚ ਪੁੱਜ ਉਸ ਦੇ ਪਿਤਾ ਜੀ ਨੇ ਜਿਉਂ ਹੀ ਬਲਦ ਨੂੰ ਪੁਚਕਾਰਾ ਮਾਰ ਰੁਕਣ ਦਾ ਇਸ਼ਾਰਾ ਕੀਤਾ ਤਾਂ ਜੋਤ ਝੱਟ ਟਪੂਸੀ ਮਾਰ ਬੰਬੀ ਵੱਲ ਨੂੰ ਭੱਜ ਗਿਆ। ਨੱਚਦਾ-ਟੱਪਦਾ ਉਹ ਹਾਲੇ ਬੰਬੀ ਦੇ ਨੇੜੇ ਹੀ ਗਿਆ ਸੀ ਕਿ ਉੱਥੇ ਬੰਨੇ ਉੱਪਰ ਘਾਹ ਦੇ ਨਾਲ-ਨਾਲ ਇਕ ਲੰਮੀ ਸਲੇਟੀ-ਭੂਰੇ ਰੰਗ ਦੀ ਸੱਪ ਦੀ ਕੰਜ ਵੇਖ ਉਹ ਇਕਦਮ ਤ੍ਰਭਕ ਗਿਆ। ਉਸ ਦਾ ਤਾਂ ਜਿਵੇਂ ਸਾਹ ਹੀ ਰੁਕ ਗਿਆ ਹੋਵੇ। ਇੰਨੀ ਵੱਡੀ ਕੰਜ ਉਸ ਨੇ ਪਹਿਲੀ ਵਾਰ ਦੇਖੀ ਸੀ ਜੋ ਦੂਰੋਂ ਸੱਪ ਦਾ ਹੀ ਭੁਲੇਖਾ ਪਾਉਂਦੀ ਸੀ। ਡਰ ਦੇ ਮਾਰੇ ਉਸ ਦਾ ਚਿਹਰਾ ਪੀਲਾ ਪੈ ਗਿਆ ਤੇ ਕੰਬਦੇ ਪੈਰੀਂ ਉਹ ਵਾਪਸ ਆਪਣੇ ਪਿਤਾ ਜੀ ਵੱਲ ਮੁੜ ਆਇਆ। ਉਸ ਦੇ ਚਿਹਰੇ ਦਾ ਫਿੱਕਾ ਪਿਆ ਰੰਗ ਦੇਖ ਕੇ ਉਸ ਦੇ ਪਿਤਾ ਜੀ ਨੇ ਤੁਰੰਤ ਪੁੱਛਿਆ:
‘ਜੋਤ ! ਕੀ ਹੋਇਆ? ਬਾਹਲਾ ਡਰਿਆ ਲੱਗਦੈਂ।’
‘ਹਾਂ ਜੀ!…ਨਹੀਂ ਜੀ।’ ਜੋਤ ਡਰ ਵਿਚ ਹੜਬੜਾ ਰਿਹਾ ਸੀ। ਆਪਣੇ ਪਿਤਾ ਜੀ ਕੋਲ ਆ ਉਸ ਦਾ ਮਸਾਂ ਸਾਹ ਵਿਚ ਸਾਹ ਰਲਿਆ ਤੇ ਬੰਬੀ ਵੱਲ ਇਸ਼ਾਰਾ ਕਰ ਉਸ ਨੇ ਉੱਥੇ ਲੇਟੇ ਇਕ ਵੱਡੇ ਸੱਪ ਬਾਰੇ ਦੱਸਿਆ। ਜਦੋਂ ਉਸ ਦੇ ਪਿਤਾ ਜੀ ਉੱਥੇ ਗਏ ਤਾਂ ਉੱਥੇ ਸੱਪ ਦੀ ਕੰਜ ਵੇਖ ਉਨ੍ਹਾਂ ਹੱਸਦਿਆ ਝੱਟ ਪਰੈਣ ਨਾਲ ਕੰਜ ਉਠਾਈ ਤੇ ਜੋਤ ਨੂੰ ਸਮਝਾਇਆ,‘ਪੁੱਤ! ਇਹ ਸੱਪ ਥੋੜ੍ਹੀ ਆ, ਇਹ ਤਾਂ ਉਸ ਦੀ ਕੰਜ ਆ, ਪੁਰਾਣੀ ਚਮੜੀ ਜੋ ਉਹ ਹਰ ਦੋ ਤਿੰਨ ਮਹੀਨੇ ਪਿੱਛੋਂ ਨਵੀਂ ਚਮੜੀ ਆਉਣ ’ਤੇ ਉਤਾਰ ਦਿੰਦਾ।’
ਪਰ ਜੋਤ ਤਾਂ ਬੁਰੀ ਤਰ੍ਹਾਂ ਡਰ ਗਿਆ ਸੀ। ਉਸ ਨੇ ਡਰਦਿਆਂ ਫਿਰ ਕਿਹਾ,
‘ਜੇ ਇਹ ਉਹਦੀ ਕੰਜ ਆ ਤਾਂ ਉਹ ਵੀ ਕਿਤੇ ਇੱਥੇ ਹੀ ਰਹਿੰਦਾ ਹੋਊ, ਮੈਂ ਨੀਂ ਆਇਆ ਕਰਨਾ ਹੁਣ ਇੱਥੇ।’
ਉਸ ਦੀ ਇਹ ਗੱਲ ਸੁਣ ਉਸ ਨੂੰ ਥਾਪੜਾ ਦਿੰਦਿਆਂ ਉਨ੍ਹਾਂ ਫੇਰ ਸਮਝਾਇਆ:
‘ਪੁੱਤ, ਇਹ ਸਾਰੀ ਧਰਤੀ ’ਤੇ ਇਨ੍ਹਾਂ ਦਾ ਹੀ ਵਾਸਾ ਤਾਂ ਹੀ ਤਾਂ ਇਸ ਨੂੰ ਧਰਤੀ ਦਾ ਰਾਜਾ ਆਖਦੇ। ਪਰ ਇਹ ਇਕ ਜਗ੍ਹਾ ਟਿਕ ਕੇ ਥੋੜ੍ਹੀ ਬੈਠੇ ਰਹਿੰਦੇ, ਪਤਾ ਨਹੀਂ ਹੁਣ ਕਿੱਥੇ ਚਲਾ ਗਿਆ ਹੋਣਾ ਕੰਜ ਲਾਹ ਕੇ।’
ਜੋਤ ਦਾ ਡਰ ਉਵੇਂ ਹੀ ਸੀ। ਡਰਦਿਆਂ ਉਸ ਪਿਤਾ ਜੀ ਅੱਗੇ ਤਰਲਾ ਲਿਆ:
‘ਪਰ ਪਿਤਾ ਜੀ ਇਹ ਰਹਿੰਦਾ ਤਾਂ ਸਾਡੇ ਖੇਤ ’ਚ ਈ ਹੋਣਾ, ਤੁਸੀਂ ਇਸ ਨੂੰ ਇੱਥੋਂ ਭਜਾ ਨਹੀਂ ਸਕਦੇ?’
‘ਪੁੱਤ ਇਨ੍ਹਾਂ ਖੇਤਾਂ ’ਚ ਚੂਹੇ, ਡੱਡੂ ਤੇ ਕਿੰਨੇ ਹੀ ਹੋਰ ਕੀੜੇ ਮਕੌੜੇ ਵੀ ਰਹਿੰਦੇ, ਇਹ ਇਨ੍ਹਾਂ ਸਭ ਦਾ ਰੈਣ ਬਸੇਰਾ, ਆਖ਼ਰ ਇਨ੍ਹਾਂ ਨੂੰ ਵੀ ਤਾਂ ਕਿਤੇ ਰਹਿਣ ਦਾ ਹੱਕ ਆ।’
ਜੋਤ ਦੇ ਪਿਤਾ ਜੀ ਨੇ ਠਰੰਮੇ ਨਾਲ ਉਸ ਦੀ ਗੱਲ ਦਾ ਉੱਤਰ ਦਿੱਤਾ ਤਾਂ ਜੋਤ ਝੱਟ ਹੀ ਬੋਲ ਪਿਆ:
‘ਪਰ ਇਹ ਸੱਪ ਤਾਂ ਸਾਡਾ ਦੁਸ਼ਮਣ, ਕੀ ਪਤਾ ਕਦੋਂ ਡੰਗ ਮਾਰ ਦਏ।’
‘ਨਾ ਪੁੱਤ, ਐਵੇਂ ਨੀਂ ਇਨ੍ਹਾਂ ਨੂੰ ਦੁਸ਼ਮਣ ਬਣਾਈ ਜਾਈਦਾ, ਇਹ ਸੱਪ ਤਾਂ ਮੈਂ ਕਈ ਵਾਰ ਦੇਖਿਆ, ਸਾਡੀ ਪੈਛੜ ਲੈ ਇਹ ਝੱਟ ਪਰ੍ਹੇ ਹਟ ਜਾਂਦਾ, ਉਲਟਾ ਇਹ ਤਾਂ ਸਾਡੀ ਸਹਾਇਤਾ ਕਰਦਾ।’ ਜਦੋਂ ਜੋਤ ਦੇ ਪਿਤਾ ਜੀ ਨੇ ਇਹ ਕਿਹਾ ਤਾਂ ਜੋਤ ਦਾ ਤਾਂ ਮੂੰਹ ਹੈਰਾਨੀ ’ਚ ਅੱਡਿਆ ਰਹਿ ਗਿਆ, ਉਸ ਨੇ ਫਟਾਫਟ ਪੁੱਛਿਆ:
‘ਉਹ ਕਿਵੇਂ?’
‘ਪੁੱਤ, ਇਹ ਹਲਕੇ ਸਲੇਟੀ ਰੰਗ ਦੇ ਚੂਹੇ ਖਾਣੇ ਸੱਪ ਹੁੰਦੇ, ਜੋ ਸਾਡੀਆਂ ਫ਼ਸਲਾਂ ’ਚੋਂ ਚੂਹਿਆਂ ਨੂੰ ਖਾ ਕੇ ਸਾਡੀ ਫ਼ਸਲ ਨੂੰ ਬਚਾਉਂਦੇ ਤੇ ਤੂੰ ਐਵੇਂ ਇਸ ਚੂਹੇ ਖਾਣੇ ਸੱਪ ਤੋਂ ਡਰੀ ਜਾਂਦਾ।’
ਆਪਣੇ ਪਿਤਾ ਜੀ ਕੋਲੋਂ ਇਹ ਸਭ ਸੁਣ ਜੋਤ ਦਾ ਦਹਿਲਿਆ ਹੋਇਆ ਮਨ ਮੁੜ ਤੋਂ ਨੌਂ-ਬਰ-ਨੌਂ ਹੋ ਗਿਆ, ਜਿਵੇਂ ਸੱਪ ਦੇ ਨਾਲ ਚੂਹੇ ਖਾਣਾ ਦਾ ਵਿਸ਼ੇਸ਼ਣ ਲਾ ਉਸ ਦੇ ਪਿਤਾ ਜੀ ਨੇ ਸੱਪ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਹੋਵੇ।
ਬੇਫ਼ਿਕਰ ਹੋ ਉਹ ਹੁਣ ਫਿਰ ਤੋਂ ਬੰਬੀ ਦੁਆਲੇ ਟਹਿਲ ਰਿਹਾ ਸੀ।
ਸੰਪਰਕ: 98550-24495