ਰਾਜਿੰਦਰ ਵਰਮਾ
ਸਹਾਰਨਪੁਰ ਤੋਂ ਵਾਇਆ ਚੰਡੀਗੜ੍ਹ ਹੋ ਕੇ ਬੌਲੀਵੁੱਡ ਪੁੱਜੀ ਪਿੱਠਵਰਤੀ ਗਾਇਕਾ ਰੁਪਾਲੀ ਜੱਗਾ ਨੇ ਥੋੜ੍ਹੇ ਹੀ ਸਮੇਂ ਵਿੱਚ ਆਪਣੇ ਆਪ ਨੂੰ ਚੰਗੇ ਗਾਇਕਾਂ ਵਿੱਚ ਸ਼ੁਮਾਰ ਕਰ ਲਿਆ ਹੈ। ਉਸ ਦੀ ਗਾਇਕੀ ਦੀ ਪੌਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਚਰਚਾ ਹੈ।
ਰੁਪਾਲੀ ਜੱਗਾ ਨੇ ਆਗਰਾ ਘਰਾਣੇ ਦੀ ਗੁਰੂ ਮਾਂ ਨਿਧੀ ਨਾਰੰਗ ਤੋਂ ਕਈ ਸਾਲ ਗਾਇਕੀ ਦੀ ਸਿੱਖਿਆ ਪ੍ਰਾਪਤ ਕੀਤੀ। ਗਾਇਕੀ ਵਿੱਚ ਉਹ ਸਕੂਲ ਕਾਲਜ ਤੋਂ ਲੈ ਕੇ ਹੁਣ ਤੱਕ ਅਨੇਕਾਂ ਪੁਰਸਕਾਰ ਜਿੱਤ ਕੇ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੀ ਹੈ। ਚੰਡੀਗੜ੍ਹ ਦੇ ਡੀ.ਏ.ਵੀ. ਕਾਲਜ ਵਿੱਚ ਪੜ੍ਹਦਿਆਂ ਉਸ ਨੇ 2011 ਵਿੱਚ ਸੰਗਮ ਕਲਾ ਗਰੁੱਪ ਵੱਲੋਂ ਕਰਵਾਏ ਗਾਇਕੀ ਦੇ ਮੁਕਾਬਲੇ ਵਿੱਚ ਨੈਸ਼ਨਲ ਜੇਤੂ ਹੋਣ ਦਾ ਮਾਣ ਪ੍ਰਾਪਤ ਕੀਤਾ ਅਤੇ 2014 ਵਿੱਚ ਯੂਥ ਫੈਸਟੀਵਲ ਦੌਰਾਨ ਨੈਸ਼ਨਲ ਪੱਧਰ ’ਤੇ ਗਾਇਕੀ ਦੇ ਮੁਕਾਬਲੇ ਵਿੱਚ ਰਨਰ ਅਪ ਰਹੀ। ਰੁਪਾਲੀ ਨੇ 2015 ਵਿੱਚ ਗਾਇਕੀ ਦੇ ਖੇਤਰ ਵਿੱਚ ਪੇਸ਼ੇਵਾਰਾਨਾ ਤੌਰ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸਾਲ 2016 ਉਸ ਦੀ ਜ਼ਿੰਦਗੀ ਵਿੱਚ ਬਹਾਰ ਲੈ ਕੇ ਆਇਆ ਜਦੋਂ ਉਸ ਨੇ ਜ਼ੀ ਟੀਵੀ ਦੇ ਸ਼ੋਅ ‘ਸਾਰੇਗਾਮਾਪਾ’ ਦਾ ਟਾਈਟਲ ‘ਦਿ ਸ਼ਿਕਾਰਾ ਆਫ ਇੰਡੀਆ’ ਜਿੱਤਿਆ। 2017 ਵਿੱਚ ਬੌਲੀਵੁੱਡ ਵਿੱਚ ਪਿੱਠਵਰਤੀ ਗਾਇਕਾ ਦੇ ਤੌਰ ’ਤੇ ਕਰੀਅਰ ਦੀ ਸ਼ੁਰੂਆਤ ਕੀਤੀ। ਉਹ ਦੱਸਦੀ ਹੈ ਕਿ ਉਸ ਨੂੰ ਪਹਿਲੀ ਵਾਰ 2018 ਵਿੱਚ ਅਭਿਨੇਤਰੀ ਈਸ਼ਾ ਦਿਓਲ ਦੀ ਫਿਲਮ ‘ਕੇਕਵਾਕ’ ਦਾ ਟਾਈਟਲ ਗੀਤ (ਹਿੰਦੀ ਅਤੇ ਅੰਗਰੇਜ਼ੀ ਮਿਸ਼ਰਤ ਗੀਤ) ‘ਕੇਕਵਾਕ-ਕੇਕਵਾਕ’ ਗਾਉਣ ਦਾ ਮੌਕਾ ਮਿਲਿਆ। ਇਸ ਤੋਂ ਇਲਾਵਾ ਉਸ ਦੇ ਗੀਤ ‘ਮਜਬੂਰ’, ‘ਆਵਾਰਾ ਸ਼ਾਮ ਹੈ’ (ਬ੍ਰਦਰਜ਼), ‘ਇਸ਼ਕ ਨਿਭਾਵਾਂ’ ਅਤੇ ਹਿਮੇਸ਼ ਰੇਸ਼ਮੀਆ ਨਾਲ ‘ਪੀਆ ਰੰਗੀਲਾ’ ਕਾਫ਼ੀ ਮਕਬੂਲ ਹੋਏ ਹਨ। ਆਗਾਮੀ ਹਿੰਦੀ ਫਿਲਮ ‘ਰੋਮੀਓ ਆਪਰੇਸ਼ਨ’ ਵਿੱਚ ਵੀ ਉਸ ਦਾ ਬੌਲੀਵੁੱਡ ਗਾਇਕ ਵਿਸ਼ਾਲ ਮਿਸ਼ਰਾ ਨਾਲ ਗਾਇਆ ਗੀਤ ਸ਼ਾਮਲ ਹੈ। ਹਾਲ ਹੀ ਵਿੱਚ ਰਿਲੀਜ਼ ਹੋਏ ਪੰਜਾਬੀ ਗੀਤ ‘ਤੇਰੇ ਪਿੱਛੇ’ ਨੂੰ ਦਰਸ਼ਕ ਮਣਾਂ-ਮੂੰਹੀਂ ਪਿਆਰ ਦੇ ਰਹੇ ਹਨ। ਰੁਪਾਲੀ ਜੱਗਾ ਨੂੰ ਗਾਇਕੀ ਦੇ ਨਾਲ-ਨਾਲ ਡਾਂਸਿੰਗ ਅਤੇ ਐਕਟਿੰਗ ਵਿੱਚ ਵੀ ਚੰਗੀ ਮੁਹਾਰਤ ਹਾਸਲ ਹੈ। ਜਿਸ ਦੀ ਝਲਕ ਉਸ ਦੇ ਗੀਤਾਂ ਦੀਆਂ ਵੀਡੀਓ’ਜ਼ ਵਿੱਚ ਦੇਖਣ ਨੂੰ ਮਿਲਦੀ ਹੈ। ਉਹ ਆਸ਼ਾ ਭੋਸਲੇ ਨੂੰ ਆਪਣਾ ਆਦਰਸ਼ ਮੰਨਦੀ ਹੈ।