ਗੁਰਿੰਦਰ ਸਿੰਘ ਕਲਸੀ
ਅੱਜ ਮਾਸਟਰ ਜੀ ਬਹੁਤ ਖ਼ੁਸ਼ ਸਨ। ਉਨ੍ਹਾਂ ਦੀ ਹਫ਼ਤੇ ਭਰ ਦੀ ਸਮੱਸਿਆ ਦਾ ਅੰਤ ਹੋ ਗਿਆ ਸੀ। ਉਨ੍ਹਾਂ ਦੀ ਪਤਨੀ ਨੇ ਜਦੋਂ ਉਨ੍ਹਾਂ ਨੂੰ ਉਸ ਗੱਲ ਬਾਰੇ ਦੱਸਿਆ ਤਾਂ ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਅਤੇ ਉਹ ਹੈਰਾਨ ਰਹਿ ਗਏ, ਪਰ ਉਨ੍ਹਾਂ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਕਿਹਾ ਕਿ ਹੁਣ ਉਹ ਇਸ ਗੱਲ ਦੀ ਬਹੁਤੀ ਚਰਚਾ ਨਾ ਕਰਨ।
ਦਰਅਸਲ, ਮਾਸਟਰ ਜੀ ਨੂੰ ਆਪਣੇ ਤੌਰ ’ਤੇ ਤਾਂ ਕੋਈ ਤਣਾਅ ਨਹੀਂ ਸੀ। ਉਹ ਤਾਂ ਵਿਗਿਆਨਕ ਸੋਚ ਦੇ ਧਾਰਨੀ ਸਨ, ਪਰ ਉਨ੍ਹਾਂ ਨੂੰ ਆਪਣੀ ਪਤਨੀ ਅਤੇ ਬੱਚਿਆਂ ਦੇ ਤਣਾਅ ਦਾ ਵਧੇਰੇ ਫ਼ਿਕਰ ਸੀ। ਉਨ੍ਹਾਂ ਨੂੰ ਖ਼ੁਸ਼ੀ ਸੀ ਕਿ ਅੱਜ ਉਨ੍ਹਾਂ ਸਾਰਿਆਂ ਦਾ ਤਣਾਅ ਦੂਰ ਹੋ ਗਿਆ ਸੀ।
ਦਰਅਸਲ, ਗੱਲ ਇਹ ਸੀ ਕਿ ਹਫ਼ਤਾ ਕੁ ਪਹਿਲਾਂ ਜਦੋਂ ਉਹ ਘਰ ਵਾਪਸ ਆਏ ਸਨ ਤਾਂ ਉਨ੍ਹਾਂ ਦੀ ਪਤਨੀ, ਮਾਂ ਅਤੇ ਬੱਚੇ ਬਹੁਤ ਚਿੰਤਤ ਅਤੇ ਘਬਰਾਏ ਹੋਏ ਸਨ। ਜਦੋਂ ਉਨ੍ਹਾਂ ਨੇ ਇਸ ਬਾਰੇ ਪੁੱਛਿਆ ਤਾਂ ਪਤਨੀ ਨੇ ਉਨ੍ਹਾਂ ਨੂੰ ਉਸ ‘ਅਣਹੋਣੀ ਘਟਨਾ’ ਬਾਰੇ ਦੱਸਿਆ ਸੀ। ਉਸ ਨੇ ਦੱਸਿਆ, ‘ਰਾਤ ਆਪਣੀਆਂ ਪੌੜੀਆਂ ਵਿਚ ਪਤਾ ਨਹੀਂ ਕੌਣ ਖੂਨ ਨਾਲ ਲਿੱਬੜੇ ਹੱਥ ਪੂੰਝ ਕੇ ਗਿਆ ਏ। ਸਾਰੀ ਕੰਧ ਉੱਤੇ ਖੂਨ ਨਾਲ ਲੀਕਾਂ ਹੀ ਲੀਕਾਂ ਵਾਹੀਆਂ ਹੋਈਆਂ ਸਨ।’
‘ਲੈ …ਐਵੇਂ ਕਿਸੇ ਬਿੱਲੀ ਕੁੱਤੇ ਨੇ ਕੋਈ ਜਾਨਵਰ ਮਾਰ ਕੇ ਖਾਧਾ ਹੋਣੈ… ਖੂਨ ਡੁੱਲ੍ਹ ਗਿਆ ਹੋਣੈ ਹੋਰ ਕੀ…. ਐਵੇਂ ਨਹੀਂ ਵਹਿਮ ਕਰੀਦੇ।’ ਮਾਸਟਰ ਜੀ ਨੇ ਗੱਲ ਟਾਲਣ ਦੇ ਮਕਸਦ ਨਾਲ ਕਿਹਾ।
‘ਪਰ ਉੱਪਰਲੇ ਚੁਬਾਰੇ ਦੇ ਦਰਵਾਜ਼ੇ ਦੇ ਦੋਵੇਂ ਪਾਸੇ ਵੀ ਖੂਨ ਨਾਲ ਕਾਟੀਆਂ ਅਤੇ ਪੰਜੇ ਜਿਹੇ ਵਾਹੇ ਹੋਏ ਸਨ। ਇਹ ਤਾਂ ਕੋਈ ਵੀ ਹੋ ਸਕਦੈ। ਨਾਲੇ ਆਪਣੇ ਕੋਠੇ ਦੀ ਪਿਛਲੀ ਕੰਧ ਕਿਹੜੇ ਬਹੁਤ ਉੱਚੀ ਆ, ਨਾਲੇ ਪਿੱਛੇ ਸੂਬੇਦਾਰਾਂ ਦੇ ਵਿਹੜੇ ਵਿਚ ਕਿੰਨਾ ਉਜਾੜ ਖੜ੍ਹੈ?’ ਪਤਨੀ ਫਿਰ ਬੋਲੀ ਸੀ।
ਇਕ ਗੁਆਂਢਣ ਨੇ ਕੋਲ ਆ ਕੇ ਬੈਠਦਿਆਂ ਕਿਹਾ, ‘ਕਿਆ ਪਤੈ…ਕੋਈ ਕਿਸੇ ਨੂੰ ਮਾਰ ਕੇ ਈ ਆਇਆ ਹੋਵੇ। ਖ਼ਬਰੇ ਕਿੰਨਾ ਕੁ ਚਿਰ ਬੈਠਾ ਰਿਹਾ ਬੰਦਾ।’
‘ਨਹੀਂ ਬਲਜੀਤ, ਇਹ ਤਾਂ ਕਿਸੇ ਨੇ ਟੂਣਾ ਕਰਿਐ… ਅੱਜਕੱਲ੍ਹ ਲੋਕ ਬੜੇ ਤੇਜ਼ ਆ… ਇਹਦਾ ਅਸਰ ਤਾਂ ਬੜੀ ਦੂਰ ਤੋਂ ਵੀ ਹੋ ਜਾਂਦੈ, ਕੋਈ ਜ਼ਰੂਰੀ ਨੀਂ ਵੀ ਬੰਦਾ ਆਇਆ ਈ ਹੋਵੇ।’ ਇਹ ਮਾਸਟਰ ਜੀ ਦੇ ਮਾਤਾ ਜੀ ਬੋਲ ਰਹੇ ਸਨ।
‘ਬੀਬੀ ਜਾ ਕੇ ਸਾਹਮਣੀ ਮਸੀਤ ਵਿਚੋਂ ਉਸ ਮੁਸਲਮਾਨ ਮੁੰਡੇ ਨੂੰ ਬੁਲਾ ਲਿਆਈ, ਜਿਹੜਾ ਪੁੱਛਿਆ ਵੀ ਦਿੰਦੈ, ਕਹਿੰਦਾ ਬੜਾ ਖ਼ਤਰਨਾਕ ਕੰਮ ਸੀ ਇਹ, ਘਰ ’ਚ ਕੋਈ ਵੀ ਨੁਕਸਾਨ ਹੋ ਸਕਦੈ, ਉਸ ਨੇ ਆਪਣੇ ਜੰਤਰ ਮੰਤਰ ਪੜ੍ਹੇ ਅਤੇ ਕੰਧਾਂ ਧੋ ਦੇਣ ਲਈ ਕਿਹਾ। ਅਸੀਂ ਸਵੇਰ ਦੀਆਂ ਲੱਗੀਆਂ ਹੋਈਆਂ ਕੰਧਾਂ ਦੀ ਸਫ਼ਾਈ ਕਰਨ, ਪਰ ਖੂਨ ਬੜਾ ਗਾੜ੍ਹਾਂ ਸੀ।’ ਪਤਨੀ ਨੇ ਪੂਰੀ ਗੱਲ ਸਮਝਾਈ।
‘ਲੈ…ਮੈਂ ਤਾਂ ਅਜੇ ਸੰਗਤਪੁਰੇ ਵਾਲੇ ਬਾਬਿਆਂ ਦੇ ਜਾ ਕੇ ਆਊਂ, ਪੂਰਾ ਇਲਾਜ ਕਰਨਾ ਪੈਣੈ।’ ਮਾਂ ਨੇ ਕਿਹਾ।
ਉਸ ਤੋਂ ਬਾਅਦ ਮਾਸਟਰ ਜੀ ਖ਼ੁਦ ਪੌੜੀਆਂ ਵਿਚ ਜਾ ਕੇ ਨਿਸ਼ਾਨ ਦੇਖ ਕੇ ਆਏ ਸਨ। ਚੁਬਾਰੇ ਦੀਆਂ ਕੰਧਾਂ ਉੱਤੇ ਵੀ ਲਾਲ ਰੰਗ ਦੇ ਮੱਧਮ ਪੈ ਚੁੱਕੇ ਨਿਸ਼ਾਨ ਸਨ। ਮਾਂ ਅਤੇ ਪਤਨੀ ਪਿਛਲੇ ਮਕਾਨ ਵਿਚ ਰਹਿ ਰਹੇ ਬੇਔਲਾਦ ਜੋੜੇ ਉੱਤੇ ਸ਼ੱਕ ਕਰ ਰਹੀਆਂ ਸਨ ਜਿਨ੍ਹਾਂ ਦਾ ਪਿਛਲੇ ਮਹੀਨੇ ਕਈ ਮਹੀਨਿਆਂ ਪਿੱਛੋਂ ਹੋਇਆ ਇਕਲੌਤਾ ਬਾਲ ਮਰ ਗਿਆ ਸੀ।
ਹਫ਼ਤਾ ਭਰ ਇਹੀ ਗੱਲਾਂ ਚੱਲਦੀਆਂ ਰਹੀਆਂ ਸਨ। ਘਰ ’ਚ ਕਿਸੇ ਦਾ ਵੀ ਦਿਲ ਨਹੀਂ ਸੀ ਲੱਗ ਰਿਹਾ। ਸਾਰੇ ਜਣੇ ਸਹਿਮੇ ਹੋਏ ਸਨ। ਮਾਸਟਰ ਜੀ ਭਾਵੇਂ ਡੋਲੇ ਨਹੀਂ ਸਨ, ਉਨ੍ਹਾਂ ਨੂੰ ਅਜੇ ਵੀ ਕਿਸੇ ਵਹਿਮ ਭਰਮ ਨੇ ਨਹੀਂ ਸੀ ਘੇਰਿਆ, ਪਰ ਬਾਕੀ ਪਰਿਵਾਰ ਦੀ ਹਾਲਤ ਉਨ੍ਹਾਂ ਕੋਲੋਂ ਦੇਖੀ ਨਹੀਂ ਸੀ ਜਾਂਦੀ। ਉਨ੍ਹਾਂ ਦੀ ਮਾਂ ਕਈ ਸੰਤਾਂ ਦੇ ਡੇਰਿਆਂ ਵਿਚੋਂ ਪੁੱਛਿਆ ਲੈਣ ਗਈ, ਕਈ ਥਾਂ ਪਤਾ ਕਰਦੀ ਰਹੀ ਸੀ।
ਪਰ ਅੱਜ ਸਾਰੇ ਪਰਿਵਾਰ ਦੀ ਸਮੱਸਿਆ ਦਾ ਹੱਲ ਆਪਣੇ ਆਪ ਹੀ ਹੋ ਗਿਆ ਸੀ। ਅੱਜ ਘਰ ਪਰਤਦਿਆਂ ਹੀ ਪਤਨੀ ਨੇ ਉਨ੍ਹਾਂ ਨੂੰ ਗੱਲ ਦੀ ਅਸਲੀਅਤ ਦੱਸੀ,‘ਉਹ ਜਿਸ ਨੂੰ ਅਸੀਂ ਖੂਨ ਸਮਝਦੇ ਰਹੇ, ਉਹ ਖੂਨ ਥੋੜ੍ਹੇ ਸੀ!’
‘ਹੋਰ ਕੀ ਸੀ ?’ ਮਾਸਟਰ ਜੀ ਨੇ ਪੁੱਛਿਆ।
‘ਨਿਆਣਿਆਂ ਨੇ ਪਤਾ ਕੀ ਕਰਿਆ? ਉਨ੍ਹਾਂ ਨੇ ਉੱਪਰੋਂ ਗਮਲੇ ਵਿਚੋਂ ਘੀਆ ਕਵਾਰ ਦੀਆਂ ਡੰਡੀਆਂ ਤੋੜ ਕੇ, ਉਸ ਦੇ ਰਸ ਨਾਲ ਸਾਰੀਆਂ ਪੌੜੀਆਂ ਵਿਚ ਕੰਧਾਂ ਉੱਤੇ ਲੀਕਾਂ ਮਾਰ ਦਿੱਤੀਆਂ, ਜਦੋਂ ਉਹ ਰਸ ਸੁੱਕਿਆ ਤਾਂ ਖੂਨ ਵਰਗਾ ਲੱਗਿਆ।’ ਪਤਨੀ ਇਹ ਦੱਸਦੀ ਹੋਈ ਹੱਸ ਰਹੀ ਸੀ।
‘ਹਾਂ… ਸੱਚ ਇਹ ਤਾਂ ਮੈਂ ਵੀ ਪਿਛਲੇ ਦਿਨੀਂ ਡੰਡੀਆਂ ਟੁੱਟੀਆਂ ਹੋਈਆਂ ਅਤੇ ਇੱਧਰ ਉੱਧਰ ਖਿੱਲਰੀਆਂ ਹੋਈਆਂ ਵੇਖੀਆਂ ਸਨ।’ ਮਾਸਟਰ ਜੀ ਨੇ ਕਿਹਾ।
‘ਹਾਂ ਜੀ…ਇਨ੍ਹਾਂ ਨੇ ਇਹ ਸ਼ਰਾਰਤ ਕੀਤੀ ਤੇ ਕਰ ਕੇ ਭੁੱਲ ਗਏ। ਬਾਅਦ ’ਚ ਸ਼ਾਇਦ ਡਰਦਿਆਂ ਨੇ ਦੱਸਿਆ ਵੀ ਨਹੀਂ। ਆਹ ਆਪਣੇ ਲਾਗਦਿਆਂ ਦੀ ਕੁੜੀ ਪਿੰਕੀ ਵੀ ਇਨ੍ਹਾਂ ਦੇ ਨਾਲ ਹੀ ਸੀ।’
‘ਚੱਲ ਛੱਡ ਹੁਣ, ਬਹੁਤਾ ਰੌਲਾ ਨਾ ਪਾਈਂ ਏਸ ਗੱਲ ਦਾ…ਲੋਕ ਮਖੌਲ ਉਡਾਉਣਗੇ, ਪਰ ਬੀਬੀ ਨੂੰ ਜ਼ਰੂਰ ਸਮਝਾ ਦਈਂ, ਐਵੀਂ ਬਾਬਿਆਂ ਦੇ ਮਗਰ ਪੈਸੇ ਪੱਟਦੀ ਫਿਰੀ ਜਾਂਦੀ ਆ।’ ਇਹ ਕਹਿ ਕੇ ਮਾਸਟਰ ਜੀ ਆਪਣੇ ਕੰਮ ਵਿਚ ਰੁੱਝ ਗਏ।
ਸੰਪਰਕ: 98881-39135