ਨਵੀਂ ਦਿੱਲੀ, 20 ਨਵੰਬਰ
ਲੰਬੇ ਸਮੇਂ ਤੋਂ ਸੰਗੀਤ ਆਧਾਰਿਤ ਰਿਐਲਿਟੀ ਸ਼ੋਅਜ਼ ’ਚ ਅਨੂ ਮਲਿਕ, ਅਲਕਾ ਯਾਗਨਿਕ, ਸ਼ਾਨ, ਸੋਨੂੰ ਨਿਗਮ ਅਤੇ ਹਿਮੇਸ਼ ਰੇਸ਼ਮੱਈਆ ਜਿਹੇ ਬੌਲੀਵੁੱਡ ਦੇ ਸੀਨੀਅਰ ਗਾਇਕ ਤੇ ਸੰਗੀਤਕਾਰ ਮੇਜ਼ਬਾਨ, ਜੱਜ ਜਾਂ ਮਾਰਗਦਰਸ਼ਕ ਦੀ ਭੂਮਿਕਾ ਨਿਭਾਅ ਰਹੇ ਹਨ। ਪਰ ਹੁਣ ਇਸ ਵਿੱਚ ਇੱਕ ਜ਼ਿਕਰਯੋਗ ਤਬਦੀਲੀ ਆਈ ਹੈ। ਹੁਣ ਨੌਜਵਾਨ ਗਾਇਕ ਜਿਵੇਂ ਗੁਰੂ ਰੰਧਾਵਾ, ਜੋਨਿਤਾ ਗਾਂਧੀ ਅਤੇ ਅਰਮਾਨ ਮਲਿਕ ਆਦਿ ਜੱਜ ਦੀ ਭੂਮਿਕਾ ਨਿਭਾਅ ਰਹੇ ਹਨ। ਸੀਨੀਅਰ ਕਲਾਕਾਰ ਇਸ ਨੂੰ ਇੱਕ ਚੰਗੇ ਬਦਲਾਅ ਵਜੋਂ ਦੇਖ ਰਹੇ ਹਨ। ਮੌਜੂਦਾ ਸਮੇਂ ਗਾਇਕ ਸ਼ੰਕਰ ਮਹਾਦੇਵਨ ਬੱਚਿਆਂ ਦੇ ਰਿਐਲਿਟੀ ਸ਼ੋਅ ‘ਤਾਰੇ ਜ਼ਮੀਂ ਪਰ’ ਵਿੱਚ ਟੋੋਨੀ ਕੱਕੜ ਅਤੇ ਜੋਨਿਤਾ ਗਾਂਧੀ ਨਾਲ ਜੱਜ ਵਜੋਂ ਨਜ਼ਰ ਆ ਰਹੇ ਹਨ। ਨੌਜਵਾਨ ਗਾਇਕਾ ਮੋਨਾਲੀ ਠਾਕੁਰ ਅਤੇ ਦਿਲਜੀਤ ਦੋਸਾਂਝ ਨਾਲ ਇੱਕ ਰਿਐਲਿਟੀ ਸ਼ੋਅ ’ਚ ਜੱਜ ਦੀ ਭੂਮਿਕਾ ਨਿਭਾਅ ਚੁੱਕੇ ਸ਼ੰਕਰ ਮਹਾਦੇਵਨ ਨੇ ਆਈਏਐੱਨਐੱਸ ਨਾਲ ਗੱਲਬਾਤ ਕਰਦਿਆਂ ਕਿਹਾ, ‘ਸਾਨੂੰ ਬਦਲਾਅ ਨਾਲ ਅੱਗੇ ਵਧਣਾ ਪਵੇਗਾ। ਅਸੀਂ ਉਨ੍ਹਾਂ (ਨੌਜਵਾਨ ਗਾਇਕਾਂ) ਤੋਂ ਬਹੁਤ ਕੁਝ ਸਿੱਖ ਸਕਦੇ ਹਾਂ, ਕਿਉਂਕਿ ਉਹ ਮੌਜੂਦਾ ਸਮੇਂ ਦੇ ਕਲਾਕਾਰ ਹਨ। ਉਹ ਦੇਸ਼ ਦੀ ਨਬਜ਼ ਪਛਾਣਦੇ ਹਨ। ਉਹ ਮੇਰੇ ਤੋਂ ਵੀ ਬਹੁਤ ਕੁਝ ਸਿੱਖਦੇ ਹਨ। ਇਹ ਦੋ-ਪਾਸੜ ਸੜਕ ਹੈ। ਗੁਲਜ਼ਾਰ ਸਾਹਿਬ ਹਮੇਸ਼ਾ ਕਹਿੰਦੇ ਸਨ ‘ਤੁਹਾਨੂੰ ਨੌਜਵਾਨਾਂ ਦਾ ਹੱਥ ਫੜਨਾ ਚਾਹੀਦਾ ਹੈ ਅਤੇ ਅੱਗੇ ਵਧਣਾ ਚਾਹੀਦਾ ਹੈ।’ ਜੋ ਕੁਝ ਵੀ ਤੁਸੀਂ ਨੌਜਵਾਨਾਂ ਤੋਂ ਸਿੱਖਦੇ ਹੋ ਉਹ ਤੁਹਾਡੇ ਜੋਸ਼ ਨੂੰ ਹੋਰ ਵਧਾ ਸਕਦਾ ਹੈ।’ ਮਹਾਦੇਵਨ ਨੇ ਕਿਹਾ, ‘ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਸਿਰਫ਼ ਵੱਡਿਆਂ ਤੋਂ ਹੀ ਨਹੀਂ ਬਲਕਿ ਨੌਜਵਾਨਾਂ ਤੋਂ ਵੀ ਸਿੱਖ ਸਕਦੇ ਹਾਂ। ਉਦਾਹਰਨ ਵਜੋਂ ਜੋਨਿਤਾ ਗਾਂਧੀ ਬਹੁਤ ਵਧੀਆ ਗਾਇਕਾ ਹੈ। ਇਹ ਦੇਖਣਾ ਬਹੁਤ ਵਧੀਆ ਹੈ ਕਿ ਊਰਜਾ ਤੁਹਾਡੇ ਕੋਲ ਆਉਂਦੀ ਹੈ। ਇਹ ਕਹਿਣ ਦੀ ਲੋੜ ਨਹੀਂ ਹੈ ਕਿ ਉਹ ਮੇਰੇ ਤਜਰਬੇ, ਮੇਰੇ ਸ਼ਾਸ਼ਤਰੀ ਗਿਆਨ ਤੋਂ ਵੀ ਸਿੱਖਦੇ ਹਨ।’
ਕਈ ਰਿਐਲਿਟੀ ਸ਼ੋਆਂ ’ਚ ਜੱਜ ਦੀ ਭੂਮਿਕਾ ਨਿਭਾਅ ਚੁੱਕੇ ਹਿਮੇਸ਼ ਰੇਸ਼ਮੱਈਆ ਨੇ ਕਿਹਾ, ‘ਰਿਐਲਿਟੀ ਸ਼ੋਆਂ ਦੇ 15 ਤੋਂ 16 ਸੀਜ਼ਨਾਂ ’ਚ ਜੱਜ ਦੀ ਭੂੁਮਿਕਾ ਨਿਭਾਉਣ ਮਗਰੋਂ ਵੀ ਹਰ ਵਾਰ ਮੇਰੇ ਲਈ ਸਫ਼ਰ ਦੀ ਨਵੀਂ ਸ਼ੁਰੂੁਆਤ ਹੁੰਦੀ ਹੈ ਕਿਉਂਕਿ ਹਰ ਸੀਜ਼ਨ ਦਾ ਇੱਕ ਨਵਾਂ ਤਜਰਬਾ ਹੁੰਦਾ ਹੈ। ਹਰ ਵਾਰ ਇਹ ਸੰਗੀਤ ਦੀ ਦੁਨੀਆ ’ਚ ਮੈਨੂੰ ਇੱਕ ਨਵਾਂ ਦ੍ਰਿਸ਼ਟੀਕੋਣ ਦਿੰਦਾ ਹੈ।’ ਉਸ ਨੇ ਕਿਹਾ, ‘ਪੁਰਾਣੇ ਜੱਜ ਨਵੇਂ ਕਲਾਕਾਰਾਂ ਦਾ ਸੰਗੀਤ ਪ੍ਰਤੀ ਦ੍ਰਿਸ਼ਟਕੋਣ ਜਾਣਦੇ ਹਨ। ਸਾਰੇ ਹੀ ਨਵੇਂ ਕਲਾਕਾਰ ਉਪਲੱਬਧੀਆਂ ਹਾਸਲ ਕਰ ਚੁੱਕੇ ਹਨ, ਜਿਵੇਂ ਨੇਹਾ ਕੱਕੜ, ਅਤੇ ਗੁਰੂ ਰੰਧਾਵਾ ਆਦਿ, ਦਾ ਦ੍ਰਿਸ਼ਟੀਕੋਣ ਨਵਾਂ ਹੈ। ਮੈਂ ਇਨ੍ਹਾਂ ਸ਼ੋਅਜ਼ ਦੀ ਜੱਜਮੈਂਟ ਕਰ ਕੇ ਖੁਸ਼ੀ ਮਹਿਸੂਸ ਕਰ ਰਿਹਾ ਹਾਂ।’ ਟੀਵੀ ਸ਼ੋਅ ‘ਲਵ ਮੀ ਇੰਡੀਆ’ ਵਿੱਚ ਇੱਕ ਵਾਰ ਜੱਜ ਦੀ ਭੂਮਿਕਾ ਨਿਭਾਅ ਚੁੱਕੇ ਪੌਪ ਸਟਾਰ ਗੁਰੂ ਰੰਧਾਵਾ ਨੇ ਕਿਹਾ, ‘ਟੈਲੀਵਿਜ਼ਨ ਦੀ ਇਸ ਪਹੁੰਚ ਨਾਲ ਆਨੰਦ ਮਿਲਦਾ ਹੈ ਤੇ ਮੇਰਾ ਹਮੇਸ਼ਾ ਤੋਂ ਵਿਸ਼ਵਾਸ ਹੈ ਕਿ ਇਸ ਵਿੱਚ ਜੀਵਨ ਨੂੰ ਬਦਲਣ ਅਤੇ ਦੋਵਾਂ ਜੱਜ ਅਤੇ ਪ੍ਰਤੀਯੋਗੀਆਂ ਨੂੰ ਸੇਧ ਅਤੇ ਨਵਾਂ ਦ੍ਰਿਸ਼ਟੀਕੋਣ ਪ੍ਰਦਾਨ ਕਰਨ ਦੀ ਵੱਡੀ ਗੁੰਜਾਇਸ਼ ਹੈ।’ -ਆਈਏਐੱਨਐੱਸ