ਜੋਗਿੰਦਰ ਕੌਰ ਅਗਨੀਹੋਤਰੀ
ਪਿੰਡ ਦੇ ਬਾਹਰਵਾਰ ਇੱਕ ਖੇਤ ਵਿੱਚ ਚੂਹਿਆਂ ਦੀਆਂ ਬਹੁਤ ਸਾਰੀਆਂ ਖੁੱਡਾਂ ਸਨ। ਉੱਥੇ ਉਹ ਮੌਜਾਂ ਨਾਲ ਰਹਿੰਦੇ ਸਨ। ਉਨ੍ਹਾਂ ਵਿੱਚੋਂ ਇੱਕ ਚੂਹੇ ਦਾ ਨਾਂ ਰੋਲੂ ਸੀ। ਉਸ ਦੀ ਪਤਨੀ ਦਾ ਨਾਂ ਘੁਣੀ ਸੀ। ਉਨ੍ਹਾਂ ਦੇ ਦੋ ਬੱਚੇ ਸਨ ਚੁੰਨੂੰ ਤੇ ਮੁੰਨੂੰ। ਰੋਲੂ ਆਪਣੇ ਪਰਿਵਾਰ ਨਾਲ ਖੁੱਡ ਵਿੱਚ ਰਹਿੰਦਾ ਸੀ। ਜਦੋਂ ਵੀ ਉਹ ਖੁੱਡ ਵਿੱਚੋਂ ਬਾਹਰ ਨਿਕਲਦਾ ਤਾਂ ਉਹ ਘਰ ਵਿੱਚ ਖਾਣ ਲਈ ਨਵੀਆਂ ਤੋਂ ਨਵੀਆਂ ਚੀਜ਼ਾਂ ਲੈ ਕੇ ਆਉਂਦਾ। ਕਦੇ ਮੱਕੀ ਦੀ ਦੋਧਾ-ਛੱਲੀ ਤੇ ਕਦੇ ਤਰਾਂ ਤੇ ਖੀਰੇ। ਫ਼ਲਾਂ ਵਿੱਚ ਕਦੇ ਜਾਮਨ, ਅਮਰੂਦ। ਉਹ ਮੌਸਮ ਮੁਤਾਬਕ ਖਾਣ ਦੀਆਂ ਚੀਜ਼ਾਂ ਲੈ ਕੇ ਆਉਂਦਾ। ਘੁਣੀ ਤਾਂ ਵਿਹਲੀ ਹੋ ਕੇ ਹੀ ਖੇਤ ਵਿੱਚ ਜਾਂਦੀ ਕਿਉਂਕਿ ਉਹ ਪਹਿਲਾਂ ਘਰ ਦੀ ਸਾਫ਼ ਸਫ਼ਾਈ ਕਰਦੀ। ਉਹ ਆਪਣੇ ਬੱਚਿਆਂ ਨੂੰ ਵੀ ਸਫ਼ਾਈ ਰੱਖਣ ਲਈ ਕਹਿੰਦੀ। ਦੋਵੇਂ ਬੱਚੇ ਆਪਣੀ ਮੰਮੀ ਦਾ ਕਹਿਣਾ ਮੰਨਦੇ। ਉਹ ਉਸ ਨਾਲ ਸਫ਼ਾਈ ਵੀ ਕਰਵਾਉਂਦੇ। ਘੁਣੀ ਨੂੰ ਬਸ ਇਸ ਗੱਲ ਦੀ ਚਿੰਤਾ ਸੀ ਕਿ ਰੋਲੂ ਨੂੰ ਕਿਵੇਂ ਸਮਝਾਇਆ ਜਾਵੇ। ਰੋਲੂ ਭਾਵੇਂ ਘਰ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਲਿਆ ਕੇ ਖ਼ੁਸ਼ ਕਰਦਾ, ਪਰ ਉਸ ਦੀ ਇੱਕ ਗੰਦੀ ਆਦਤ ਕਾਰਨ ਉਹ ਪਰੇਸ਼ਾਨ ਹੋ ਜਾਂਦੇ। ਉਸ ਦੀ ਗੰਦੀ ਆਦਤ ਇਹ ਸੀ ਕਿ ਜਿੱਥੇ ਵੀ ਉਹ ਕੋਈ ਚੀਜ਼ ਖਾਂਦਾ ਤਾਂ ਉੱਥੇ ਹੀ ਕਚਰਾ ਸੁੱਟ ਦਿੰਦਾ। ਉੱਥੇ ਹੀ ਬੈਠ ਕੇ ਮੀਂਗਣਾਂ ਕਰ ਦਿੰਦਾ ਅਤੇ ਉੱਥੇ ਹੀ ਪਿਸ਼ਾਬ ਕਰ ਦਿੰਦਾ। ਘੁਣੀ ਅਤੇ ਬੱਚੇ ਇਹ ਦੇਖ ਕੇ ਬਹੁਤ ਦੁਖੀ ਹੁੰਦੇ।
ਇੱਕ ਦਿਨ ਰੋਲੂ ਸਵੇਰੇ ਹੀ ਖਾਣ ਦੀਆਂ ਚੀਜ਼ਾਂ ਲੈਣ ਚਲਾ ਗਿਆ। ਘੁਣੀ ਨੇ ਚੁੰਨੂੰ ਮੁੰਨੂੰ ਨੂੰ ਨਾਲ ਲਗਾ ਲਿਆ ਤੇ ਸਫ਼ਾਈ ਕਰਨੀ ਸ਼ੁਰੂ ਕਰ ਦਿੱਤੀ। ਉਹ ਅਜੇ ਸਫ਼ਾਈ ਕਰ ਰਹੇ ਸਨ ਕਿ ਚੁੰਨੂੰ ਨੇ ਆਪਣੀ ਮੰਮੀ ਨੂੰ ਕਿਹਾ, ‘‘ਮੰਮੀ ਆਪਾਂ ਸਫ਼ਾਈ ਕਰਦੇ ਹਾਂ, ਪਰ ਪਾਪਾ ਆ ਕੇ ਗੰਦ ਪਾ ਦਿੰਦੇ ਨੇ।’’
‘‘ਇਹ ਉਨ੍ਹਾਂ ਦੀ ਬਹੁਤ ਗੰਦੀ ਆਦਤ ਹੈ।’’ ਮੁੰਨੂੰ ਬੋਲਿਆ। ਘੁਣੀ ਚੁੱਪ ਸੀ। ਉਹ ਬੱਚਿਆਂ ਸਾਹਮਣੇ ਰੋਲੂ ਨੂੰ ਕੁਝ ਨਹੀਂ ਕਹਿਣਾ ਚਾਹੁੰਦੀ ਸੀ। ਫਿਰ ਉਸ ਨੇ ਕੁੱਝ ਸੋਚ ਕੇ ਬੱਚਿਆਂ ਨੂੰ ਕਿਹਾ, ‘‘ਬੇਟੇ, ਤੁਹਾਡੇ ਪਾਪਾ ਸਵੇਰੇ ਹੀ ਆਪਣੇ ਲਈ ਕੁੱਝ ਨਾ ਕੁੱਝ ਖਾਣ ਲਈ ਲੈ ਕੇ ਆਉਂਦੇ ਨੇ। ਫਿਰ ਉਹ ਥੱਕ ਜਾਂਦੇ ਨੇ। ਇਸ ਕਰਕੇ ਉਨ੍ਹਾਂ ਨੂੰ ਸਫ਼ਾਈ ਰੱਖਣੀ ਔਖੀ ਲੱਗਦੀ ਹੈ।
ਚੁੰਨੂੰ ਤੇ ਮੁੰਨੂੰ ਕੁਝ ਨਾ ਬੋਲੇ। ਉਹ ਆਪਣੀ ਮੰਮੀ ਦੀ ਗੱਲ ਸੁਣ ਕੇ ਉਸ ਨਾਲ ਸਹਿਮਤ ਹੋ ਗਏ। ਫਿਰ ਚੁੰਨੂੰ ਨੇ ਮੁੰਨੂੰ ਨੂੰ ਕਿਹਾ, ‘‘ਆਪਾਂ ਨੂੰ ਵੀ ਕੋਈ ਕੰਮ ਕਰਨਾ ਚਾਹੀਦਾ ਹੈ। ਆਪਾਂ ਵੀ ਕੁਝ ਖਾਣ ਵਾਸਤੇ ਲਿਆਇਆ ਕਰੀਏ।’’
‘‘ਹਾਂ, ਆਪਾਂ ਮੰਮੀ ਨੂੰ ਪੁੱਛ ਕੇ ਚੱਲਾਂਗੇ।’’
‘‘ਮੰਮੀ, ਅੱਜ ਅਸੀਂ ਕੁਝ ਲਿਆਈਏ ਖਾਣ ਨੂੰ।’’ ਚੁੰਨੂੰ ਨੇ ਪੁੱਛਿਆ।
‘‘ਤੁਸੀਂ ਚਲੇ ਜਾਇਓ, ਪਰ ਬਿੱਲੀ-ਕੁੱਤੇ ਤੋਂ ਆਪਣਾ ਬਚਾਅ ਰੱਖਿਓ। ਇਹ ਆਪਣੇ ਦੁਸ਼ਮਣ ਨੇ। ਇਹ ਤੁਹਾਡੇ ਉੱਤੇ ਦੇਖਦੇ ਹੀ ਝਪਟ ਪੈਣਗੇ ਤੇ ਤੁਹਾਨੂੰ ਖਾ ਜਾਣਗੇ।’’
‘‘ਮੰਮੀ, ਆਪਾਂ ਇਨ੍ਹਾਂ ਦਾ ਕੀ ਵਿਗਾੜਿਆ ਏ?’’
‘‘ਇਹ ਮਾਸਖੋਰੇ ਨੇ। ਇੰਨ੍ਹਾਂ ਨੂੰ ਮਾਸ ਖਾਣਾ ਪਸੰਦ ਐ।’’
‘‘ਮੰਮੀ, ਕੁੱਤਾ ਤੇ ਬਿੱਲੀ ਰੋਟੀ ਵੀ ਖਾ ਲੈਂਦੇ ਨੇ ਤੇ ਦੁੱਧ ਵੀ ਪੀ ਲੈਂਦੇ ਨੇ।’’
‘‘ਇਹ ਤਾਂ ਠੀਕ ਐ, ਪਰ ਸਾਰਿਆਂ ਨੂੰ ਦੁੱਧ ਤੇ ਰੋਟੀ ਨਹੀਂ ਮਿਲਦੀ।’’
‘‘ਠੀਕ ਐ। ਅਸੀਂ ਆਪਣਾ ਖਿਆਲ ਰੱਖਾਂਗੇ।’’
ਚੁੰਨੂੰ ਤੇ ਮੁੰਨੂੰ ਬਾਹਰ ਚਲੇ ਗਏ।
ਦੋਵੇਂ ਆਲਾ ਦੁਆਲਾ ਦੇਖ ਕੇ ਮੂੰਗੀ ਦੇ ਖੇਤ ਵਿੱਚ ਚਲੇ ਗਏ। ਮੂੰਗੀ ਸੰਘਣੀ ਬੀਜੀ ਹੋਈ ਸੀ। ਉੱਥੇ ਕਿਸੇ ਵੀ ਜੀਵ ਜੰਤੂ ਦੇ ਛੁਪੇ ਹੋਣ ਦਾ ਪਤਾ ਨਹੀਂ ਲੱਗਦਾ ਸੀ। ਮੂੰਗੀ ਦੇ ਬੂਟਿਆਂ ’ਤੇ ਲੱਗੀਆਂ ਫਲੀਆਂ ਦੇਖ ਕੇ ਉਨ੍ਹਾਂ ਦੇ ਮੂੰਹ ਵਿੱਚ ਪਾਣੀ ਆ ਗਿਆ। ਚੁੰਨੂੰ ਨੇ ਮੁੰਨੂੰ ਨੂੰ ਕਿਹਾ, ‘‘ਕਿੰਨੀਆਂ ਸੋਹਣੀਆਂ ਫਲੀਆਂ ਲੱਗੀਆਂ ਨੇ।’’
‘‘ਹਾਂ ਬਹੁਤ ਸੋਹਣੀਆਂ ਨੇ।’’
‘‘ਹਾਂ ਆਪਾਂ ਜ਼ਰੂਰ ਖਾਵਾਂਗੇ।’’
ਜਿਉਂ ਹੀ ਚੁੰਨੂੰ ਖੇਤ ਵਿੱਚ ਵੜਨ ਲੱਗਾ ਤਾਂ ਉਸ ਨੇ ਮੁੰਨੂੰ ਨੂੰ ਕਿਹਾ, ‘‘ਵੀਰੇ, ਇੱਥੇ ਤਾਂ ਧਰਤੀ ਗਿੱਲੀ ਐ, ਲਗਦੈ ਕਿਸੇ ਨੇ ਪਿਸ਼ਾਬ ਕੀਤਾ ਹੋਇਆ ਹੈ।’’
‘‘ਇੱਥੇ ਪਾਣੀ ਲੱਗਿਆ ਹੋਇਐ।’’
‘‘ਫੇਰ ਆਪਣੇ ਪੈਰ ਗੰਦੇ ਹੋ ਜਾਣਗੇ।’’
‘‘ਆਪਾਂ ਘਰ ਜਾਣ ਵੇਲੇ ਪੈਰ ਧੋ ਕੇ ਜਾਵਾਂਗੇ। ਮਿਹਨਤ ਤੋਂ ਬਗੈਰ ਕੰਮ ਨਹੀਂ ਹੁੰਦਾ। ਜੇਕਰ ਆਪਾਂ ਏਥੇ ਹੀ ਖੜ੍ਹੇ ਰਹੇ ਤਾਂ ਫਲੀਆਂ ਆਪਣੇ ਆਪ ਆਪਣੇ ਕੋਲ ਨਹੀਂ ਆਉਣਗੀਆਂ। ਆਪਾਂ ਇਨ੍ਹਾਂ ਦਾ ਸਵਾਦ ਨਹੀਂ ਦੇਖ ਸਕਾਂਗੇ।’’
ਦੋਵੇਂ ਭਰਾ ਮੂੰਗੀ ਦੇ ਖੇਤ ਵਿੱਚ ਵੜ ਕੇ ਫਲੀਆਂ ਖਾਣ ਲੱਗੇ। ਜਦੋਂ ਉਹ ਰੱਜ ਗਏ ਤਾਂ ਚੁੰਨੂੰ ਨੇ ਮੁੰਨੂੰ ਨੂੰ ਕਿਹਾ, ‘‘ਆਪਾਂ ਕੁਝ ਫਲੀਆਂ ਮੰਮੀ ਤੇ ਪਾਪਾ ਵਾਸਤੇ ਵੀ ਲੈ ਚੱਲੀਏ।’’
‘‘ਠੀਕ ਐ ਵੀਰੇ।’’ ਦੋਵੇਂ ਫਲੀਆਂ ਤੋੜਨ ਲੱਗ ਪਏ। ਚੁੰਨੂੰ ਨੇ ਮੁੰਨੂੰ ਨੂੰ ਕਿਹਾ, ‘‘ਆਪਾਂ ਇੱਥੇ ਹੀ ਪਿਸ਼ਾਬ ਕਰਕੇ ਜਾਵਾਂਗੇ। ਕਿਤੇ ਪਾਪਾ ਵਾਂਗ ਆਪਣਾ ਪਿਸ਼ਾਬ ਘਰ ਜਾਂਦਿਆਂ ਹੀ ਨਾ ਨਿਕਲ ਜਾਵੇ। ਮੀਂਗਣਾਂ ਵੀ ਇੱਥੇ ਹੀ ਕਰ ਕੇ ਜਾਵਾਂਗੇ। ਪੈਰ ਵੀ ਸਾਫ਼ ਕਰਾਂਗੇ। ਆਪਣੀ ਮੰਮੀ ਨੂੰ ਸਫ਼ਾਈ ਕਰਨੀ ਔਖੀ ਹੈ।’’
ਉਹ ਅਜੇ ਗੱਲਾਂ ਕਰ ਹੀ ਰਹੇ ਸਨ ਕਿ ਪੌਦਿਆਂ ਵਿੱਚੋਂ ਸਰਸਰ ਦੀ ਆਵਾਜ਼ ਆਈ। ਮੁੰਨੂੰ ਡਰ ਗਿਆ। ਚੁੰਨੂੰ ਨੇ ਉਸ ਨੂੰ ਸਮਝਾਇਆ ਕਿ ਡਰਨ ਦੀ ਲੋੜ ਨਹੀਂ। ਇਹ ਤਾਂ ਕੋਈ ਆਪਣੇ ਵਾਂਗ ਹੀ ਪੇਟ ਭਰਨ ਆਇਆ ਹੈ।
ਚੁੰਨੂੰ ਤੇ ਮੁੰਨੂੰ ਨੂੰ ਬਾਹਰ ਗਏ ਦੇਰ ਹੋ ਗਈ ਸੀ। ਘੁਣੀ ਉਨ੍ਹਾਂ ਨੂੰ ਖੁੱਡ ਦੇ ਬਾਹਰ ਬੈਠੀ ਉਡੀਕ ਰਹੀ ਸੀ। ਇੰਨੇ ਨੂੰ ਰੋਲੂ ਆ ਗਿਆ। ਉਸ ਨੇ ਘੁਣੀ ਨੂੰ ਪੁੱਛਿਆ, ‘‘ਕੀ ਗੱਲ, ਤੂੰ ਬਾਹਰ ਕਿਉਂ ਬੈਠੀ ਹੈਂ?’’
‘‘ਬੱਚਿਆਂ ਨੂੰ ਉਡੀਕਦੀ ਹਾਂ। ਉਹ ਖੇਤ ਗਏ ਹਨ।’’
‘‘ਤੂੰ ਉਨ੍ਹਾਂ ਦੀ ਚਿੰਤਾ ਨਾ ਕਰ। ਉਹ ਆਉਂਦੇ ਹੀ ਹੋਣਗੇ।’’
‘‘ਤੁਹਾਨੂੰ ਕਿਵੇਂ ਪਤੈ?’’
‘‘ਉਹ ਉੱਥੇ ਫਲੀਆਂ ਵੀ ਖਾਂਦੇ ਸੀ ਤੇ ਗੱਲਾਂ ਵੀ ਕਰਦੇ ਸਨ।’’
‘‘ਤੁਸੀਂ ਉਨ੍ਹਾਂ ਨੂੰ ਬੁਲਾਇਆ ਨਹੀਂ?’’
‘‘ਨਹੀਂ! ਮੈਂ ਉਨ੍ਹਾਂ ਨੂੰ ਜਾਣ ਬੁੱਝ ਕੇ ਨ੍ਹੀਂ ਬੁਲਾਇਆ। ਮੈਂ ਉਨ੍ਹਾਂ ਦੀਆਂ ਗੱਲਾਂ ਸੁਣਦਾ ਸੀ। ਅੱਜ ਮੈਂ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ।’’
ਰੋਲੂ ਦੀ ਗੱਲ ਸੁਣ ਕੇ ਘੁਣੀ ਚੁੱਪ ਕਰ ਗਈ। ਉਹ ਮਨ ਵਿੱਚ ਸੋਚਣ ਲੱਗੀ ਕਿ ਪਤਾ ਨਹੀਂ ਬੱਚੇ ਕਿਹੋ ਜਿਹੀਆਂ ਗੱਲਾਂ ਕਰਦੇ ਹੋਣਗੇ। ਫਿਰ ਉਸ ਨੇ ਰੋਲੂ ਨੂੰ ਕਿਹਾ, ‘‘ਤੁਸੀਂ ਅੰਦਰ ਜਾ ਕੇ ਆਰਾਮ ਕਰੋ। ਮੈਂ ਉਨ੍ਹਾਂ ਦੇ ਨਾਲ ਆਵਾਂਗੀ।’’ ਰੋਲੂ ਅੰਦਰ ਚਲਾ ਗਿਆ। ਮੂੰਗੀ ਦੀਆਂ ਫਲੀਆਂ ਉਸ ਨੇ ਇੱਕ ਪਾਸੇ ਰੱਖ ਦਿੱਤੀਆਂ ਤੇ ਫਿਰ ਆਪਣੀ ਸਫ਼ਾਈ ਕਰ ਕੇ ਅੰਦਰ ਵਿਛੇ ਗੱਦੇ ’ਤੇ ਬੈਠ ਗਿਆ। ਇੰਨੇ ਨੂੰ ਚੁੰਨੂੰ ਤੇ ਮੁੰਨੂੰ ਵੀ ਆ ਗਏ।
‘‘ਬਹੁਤ ਦੇਰ ਲਾ ਦਿੱਤੀ ਤੁਸੀਂ?’’ ਘੁਣੀ ਨੇ ਪੁੱਛਿਆ।
‘‘ਮੰਮੀ, ਅਸੀਂ ਪਿਸ਼ਾਬ ਤੇ ਮੀਂਗਣਾਂ ਬਾਹਰ ਹੀ ਕਰਕੇ ਆਏ ਹਾਂ ਤਾਂ ਕਿ ਆਪਣੇ ਘਰ ਗੰਦ ਨਾ ਪਵੇ।’’
ਫਿਰ ਉਹ ਸਾਰੇ ਅੰਦਰ ਚਲੇ ਗਏ। ਘੁਣੀ ਨੇ ਦੇਖਿਆ ਤਾਂ ਰੋਲੂ ਨੇ ਸਾਰੀਆਂ ਫਲੀਆਂ ਥਾਂ ’ਤੇ ਟਿਕਾਈਆਂ ਹੋਈਆਂ ਸਨ। ਉਹ ਆਪਣੇ ਸਰੀਰ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰਕੇ ਹੀ ਗੱਦੇ ’ਤੇ ਲੇਟਿਆ ਹੋਇਆ ਸੀ। ਅੱਜ ਉਸ ਨੇ ਨਾ ਮੀਂਗਣਾਂ ਕੀਤੀਆਂ ਨਾ ਹੀ ਪਿਸ਼ਾਬ।
ਰੋਲੂ ਨੂੰ ਦੇਖ ਕੇ ਬੱਚਿਆਂ ਨੇ ਪੁੱਛਿਆ, ‘‘ਪਾਪਾ, ਅੱਜ ਤੁਸੀਂ ਥੱਕੇ ਨ੍ਹੀਂ?’’
‘‘ਕਿਉਂ ਪੁੱਤਰ, ਥੱਕਣਾ ਕਿਉਂ ਐਂ?’’
‘‘ਨਹੀਂ, ਜਿਸ ਦਿਨ ਤੁਸੀਂ ਥੱਕੇ ਹੁੰਦੇ ਓ, ਉਸ ਦਿਨ ਹੀ ਤੁਸੀਂ ਘਰੇ ਪਿਸ਼ਾਬ ਤੇ ਮੀਂਗਣਾਂ ਕਰਦੇ ਓ।’’
ਬੱਚਿਆਂ ਦੀ ਗੱਲ ਸੁਣ ਕੇ ਘੁਣੀ ਨੇ ਨੀਂਵੀਂ ਪਾ ਲਈ। ਰੋਲੂ ਨੂੰ ਵੀ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ। ਉਸ ਨੇ ਬੱਚਿਆਂ ਨੂੰ ਕਿਹਾ, ‘‘ਪੁੱਤਰ, ਹੁਣ ਮੈਂ ਕਦੇ ਵੀ ਨਹੀਂ ਥੱਕਾਂਗਾ।’’
ਸੰਪਰਕ: 94178-40323