ਪ੍ਰਭਜੋਤ ਕੌਰ ਢਿੱਲੋਂ
ਹਰ ਰਿਸ਼ਤਾ ਪਿਆਰ ਅਤੇ ਸਨਮਾਨ ਮੰਗਦਾ ਹੈ, ਠੀਕ ਉਸੇ ਤਰ੍ਹਾਂ ਜਿਵੇਂ ਪੌਦੇ ਪਾਣੀ, ਧੁੱਪ ਅਤੇ ਹਵਾ ਚਾਹੁੰਦੇ ਹਨ। ਰਿਸ਼ਤੇ ਪਿਆਰ, ਸਨਮਾਨ ਅਤੇ ਵਿਸ਼ਵਾਸ ਦੇ ਨਾਲ ਹੀ ਨਿਭਦੇ ਹਨ। ਜੇਕਰ ਰਿਸ਼ਤਿਆਂ ਵਿਚ ਪਿਆਰ ਅਤੇ ਵਿਸ਼ਵਾਸ ਨਹੀਂ ਤਾਂ ਇਕ ਦੂਸਰੇ ਨੂੰ ਮਾਣ ਸਨਮਾਨ ਦਿੱਤਾ ਹੀ ਨਹੀਂ ਜਾ ਸਕਦਾ। ਨਾ ਕਿਸੇ ਨੂੰ ਪਹਿਲੀ ਨਜ਼ਰ ਅਤੇ ਪਹਿਲੀ ਮਿਲਣੀ ਵਿਚ ਸਮਝਿਆ ਜਾ ਸਕਦਾ ਹੈ ਅਤੇ ਨਾ ਸਾਰੀ ਜ਼ਿੰਦਗੀ ਨਾਲ ਰਹਿ ਕੇ। ਸਮਝ ਸਿਰਫ਼ ਪਿਆਰ ਵਿਸ਼ਵਾਸ ਅਤੇ ਸਨਮਾਨ ਵਿਚ ਹੀ ਹੈ।
ਪਤੀ ਪਤਨੀ ਦਾ ਰਿਸ਼ਤਾ ਹੋਵੇ ਜਾਂ ਸਹੁਰੇ ਪਰਿਵਾਰ ਨਾਲ, ਦਫ਼ਤਰ ਵਿਚ ਕੰਮ ਕਰਨ ਵਾਲੇ ਸਾਥੀਆਂ ਨਾਲ ਹੋਵੇ ਜਾਂ ਗੁਆਂਢੀਆਂ ਨਾਲ, ਹਰ ਜਗ੍ਹਾ ਉਹ ਹੀ ਫਾਰਮੂਲਾ ਕੰਮ ਕਰਦਾ ਹੈ ਅਤੇ ਕਰੇਗਾ। ਆਪਸ ਵਿਚ ਮਨ ਮੁਟਾਵ ਹਰ ਰਿਸ਼ਤੇ ਵਿਚ ਹੁੰਦਾ ਹੈ। ਇਹ ਕਦੇ ਨਾ ਸੋਚੋ ਕਿ ਜੋ ਕੁਝ ਤੁਸੀਂ ਕਰ ਰਹੇ ਹੋ, ਉਹ ਪਰਿਵਾਰ ਦੇ ਦੂਸਰੇ ਲੋਕਾਂ ਨੂੰ ਪਸੰਦ ਹੈ ਅਤੇ ਪਸੰਦ ਹੋਣਾ ਚਾਹੀਦਾ ਹੈ। ਜੇਕਰ ਤੁਹਾਨੂੰ ਉਨ੍ਹਾਂ ਦੇ ਕੰਮ ਅਤੇ ਕੰਮ ਕਰਨ ਦੇ ਤਰੀਕੇ ਪਸੰਦ ਨਹੀਂ ਤਾਂ ਤੁਸੀਂ ਦੂਸਰਿਆਂ ਤੋਂ ਇਹ ਆਸ ਕਿਵੇਂ ਲਗਾ ਸਕਦੇ ਹੋ ਜਾਂ ਲਗਾ ਰਹੇ ਹੋ। ਹਰ ਵੇਲੇ ਦੀ ਟੋਕਾ-ਟੋਕੀ ਅਤੇ ਨੁਕਸ ਕੱਢਣਾ ਰਿਸ਼ਤਿਆਂ ਵਿਚ ਤਰੇੜਾਂ ਪਾਉਂਦਾ ਹੈ। ਪਹਿਲਾਂ ਇਹ ਜ਼ਰੂਰ ਵੇਖੋ ਕਿ ਤੁਹਾਡੇ ਕੀਤੇ ਕੰਮਾਂ ’ਤੇ ਦੂਸਰੇ ਹਰ ਕੰਮ ਵਿਚ ਨੁਕਸ ਕੱਢ ਰਹੇ ਹਨ? ਜੇਕਰ ਅਜਿਹਾ ਨਹੀਂ ਹੈ ਤਾਂ ਆਪਣੀ ਆਦਤ ਨੂੰ ਬਦਲਣ ਦੀ ਕੋਸ਼ਿਸ਼ ਕਰੋ। ਉਹ ਘਰ ਦੇ ਮਾਹੌਲ ਅਤੇ ਰਿਸ਼ਤੇ ਨੂੰ ਬਹੁਤ ਵਧੀਆ ਤਰੀਕੇ ਨਾਲ ਨਿਭਾਅ ਰਹੇ ਹਨ। ਉਹ ਚੁੱਪ ਚਾਪ ਉਸ ਰਿਸ਼ਤੇ ਨੂੰ ਸਨਮਾਨ ਦੇ ਰਹੇ ਹਨ। ਜੇਕਰ ਥੋੜ੍ਹਾ ਸਮਝ ਲਿਆ ਜਾਵੇ ਅਤੇ ਰਿਸ਼ਤੇ ਨੂੰ ਵਧੇਰੇ ਚੰਗੇ ਤਰੀਕੇ ਨਾਲ ਨਿਭਾਉਣ ਵਿਚ ਅਸੀਂ/ਤੁਸੀਂ ਵੀ ਹਿੱਸਾ ਪਾ ਸਕਦੇ ਹਾਂ। ਇਹ ਵੀ ਪੱਕਾ ਹੈ ਕਿ ਇਸ ਰਿਸ਼ਤੇ ਦੀ ਲੰਮੀ ਉਮਰ ਵਿਚ ਅਤੇ ਸਿਹਤਮੰਦ ਹੋਣ ਵਿਚ ਤੁਹਾਡਾ ਕੋਈ ਯੋਗਦਾਨ ਨਹੀਂ ਹੈ।
ਸਾਡੇ ਸਭ ਤੋਂ ਮਹੱਤਵਪੂਰਨ ਰਿਸ਼ਤੇ ਪਰਿਵਾਰਾਂ ਦੇ ਰਿਸ਼ਤੇ ਹੁੰਦੇ ਹਨ। ਬਹੁਤ ਵਾਰ ਆਪਸੀ ਬਹਿਸ ਵਿਚ ਮਾਪਿਆਂ ਨੂੰ ਵੀ ਘਸੀਟ ਲਿਆ ਜਾਂਦਾ ਹੈ। ਭੈਣਾਂ ਭਰਾਵਾਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ। ਇੱਥੇ ਵਧੇਰੇ ਕਰਕੇ ਵੇਖਿਆ ਜਾਂਦਾ ਹੈ ਕਿ ਲੜਕੀ ਤੇ ਲੜਕੇ ਵੱਲੋਂ ਇਕ ਦੂਜੇ ਦੇ ਮਾਪਿਆਂ ਲਈ ਬਹੁਤ ਕੁਝ ਕਿਹਾ ਜਾਂਦਾ ਹੈ। ਇਹ ਇਕ ਕੌੜਾ ਸੱਚ ਹੈ ਕਿ ਹਰ ਲੜਕੀ ਤੇ ਹਰ ਲੜਕੇ ਨੂੰ ਆਪਣੇ ਮਾਪੇ ਸਭ ਤੋਂ ਅਕਲ ਵਾਲੇ, ਅਮੀਰ, ਸਮਝਦਾਰ ਅਤੇ ਹਰ ਪੱਖੋਂ ਠੀਕ ਲੱਗਦੇ ਹਨ। ਮਾਪਿਆਂ ਦੀ ਆਪਣੀ ਸੋਚ ਹੈ, ਆਪਣੇ ਰਹਿਣ ਸਹਿਣ ਦੇ ਤੌਰ ਤਰੀਕੇ ਹਨ। ਉਹ ਘਰ ਉਨ੍ਹਾਂ ਨੇ ਜ਼ਿੰਦਗੀ ਦੀ ਕਮਾਈ ਲਗਾ ਕੇ ਆਪਣੇ ਬੁਢਾਪੇ ਲਈ ਆਰਾਮ ਨਾਲ ਰਹਿਣ ਲਈ ਬਣਾਇਆ ਹੈ। ਉਨ੍ਹਾਂ ਨੂੰ, ਉਨ੍ਹਾਂ ਦੀ ਮਰਜ਼ੀ ਮੁਤਾਬਿਕ ਰਹਿਣ ਦਿਓ। ਉਨ੍ਹਾਂ ਦਾ ਘਰ ਅਤੇ ਉਨ੍ਹਾਂ ’ਤੇ ਪਾਬੰਦੀਆਂ ਅਤੇ ਬੰਦਿਸ਼ਾਂ ਲਗਾਉਣ ਨਾਲ ਰਿਸ਼ਤੇ ਖ਼ਰਾਬ ਹੋ ਜਾਣਗੇ। ਤੁਸੀਂ ਉਨ੍ਹਾਂ ਦੇ ਘਰ ਵਿਚ ਰਹਿ ਰਹੇ ਹੋ ਤਾਂ ਵੀ ਜੇਕਰ ਉਹ ਬੇਟੇ ਦੇ ਘਰ ਵਿਚ ਰਹਿ ਰਹੇ ਹਨ ਤਾਂ ਵੀ, ਉਨ੍ਹਾਂ ਨੂੰ ਆਪਣੀ ਜ਼ਿੰਦਗੀ ਉਨ੍ਹਾਂ ਦੇ ਹਿਸਾਬ ਨਾਲ ਜਿਊਣ ਦਿਓ। ਉਹ ਤੁਹਾਡੇ ਮਾਪੇ ਹਨ, ਸਤਿਕਾਰ ਕਰੋ। ਇਸ ਲਈ ਰਿਸ਼ਤੇ ਦਿਲ ਤੋਂ ਬਣਦੇ ਅਤੇ ਨਿਭਦੇ ਵੀ ਦਿਲੋਂ ਹੀ ਹਨ।
ਨਿਮਰਤਾ ਬਹੁਤ ਜ਼ਰੂਰੀ ਹੈ। ਇੱਜ਼ਤ ਚਾਹੁੰਦੇ ਹੋ ਤਾਂ ਇੱਜ਼ਤ ਕਰਨੀ ਵੀ ਸਿੱਖੋ। ਪਿਆਰ ਚਾਹੁੰਦੇ ਹੋ ਤਾਂ ਪਿਆਰ ਕਰਨਾ ਵੀ ਸਿੱਖੋ। ਜੇਕਰ ਖੁਸ਼ੀਆਂ ਚਾਹੁੰਦੇ ਹੋ ਤਾਂ ਖੁਸ਼ੀਆਂ ਦੇਣੀਆਂ ਵੀ ਸਿੱਖੋ। ਕੋਈ ਵੀ ਰਿਸ਼ਤਾ ਇਕ ਤਰਫ਼ਾ ਨਹੀਂ ਨਿਭਦਾ। ਰਿਸ਼ਤਿਆਂ ਨੂੰ ਨਿਭਾਉਣਾ ਬਹੁਤ ਔਖਾ ਹੈ, ਪਰ ਜੇਕਰ ਸਮਝਦਾਰੀ ਤੋਂ ਕੰਮ ਲਿਆ ਜਾਵੇ ਤਾਂ ਆਸਾਨ ਵੀ ਬਹੁਤ ਹੈ।
ਬਹੁਤ ਵਾਰ ਰਿਸ਼ਤਿਆਂ ਦਾ ਤਾਲਮੇਲ ਇਸ ਕਰਕੇ ਨਹੀਂ ਬੈਠਦਾ ਕਿਉਂਕਿ ਕੋਈ ਬਹੁਤ ਵਿਖਾਵਾ ਕਰਨ ਵਾਲਾ ਅਤੇ ਕੋਈ ਸਾਦਾ ਰਹਿਣਾ ਪਸੰਦ ਕਰਦਾ ਹੈ। ਹਰ ਕਿਸੇ ਦੀ ਆਪਣੀ ਪਸੰਦ ਹੈ। ਹੋ ਸਕਦਾ ਹੈ ਤੁਹਾਡਾ ਵਿਖਾਵਾ ਉਨ੍ਹਾਂ ਨੂੰ ਵੀ ਪਸੰਦ ਨਾ ਹੋਵੇ। ਵੱਡੀਆਂ ਗੱਡੀਆਂ ਅਤੇ ਵਿਖਾਵਾ ਸਿਆਣਪ ਦਾ ਸਰਟੀਫਿਕੇਟ ਨਹੀਂ ਹੈ। ਸਭ ਤੋਂ ਮਹੱਤਵਪੂਰਨ ਸੋਚ ਹੁੰਦੀ ਹੈ। ਸੋਚ ਦਾ ਮਿਆਰ ਉੱਚਾ ਹੋਏਗਾ ਤਾਂ ਫੈਸ਼ਨ ਅਤੇ ਵਿਖਾਵੇ ਦੀ ਜ਼ਰੂਰਤ ਨਹੀਂ ਹੁੰਦੀ। ਸਿਆਣੇ ਕਹਿੰਦੇ ਨੇ ਖਾਲੀ ਭਾਂਡਾ ਵਧੇਰੇ ਖੜਕਦਾ ਹੈ। ਅਜਿਹੇ ਖਾਲੀ ਭਾਂਡੇ ਰਿਸ਼ਤਿਆਂ ਨੂੰ ਵੀ ਇਸ ਸ਼ੋਰ ਅਤੇ ਰੌਲੇ ਰੱਪੇ ਵਿਚ ਖ਼ਰਾਬ ਕਰ ਦਿੰਦੇ ਹਨ।
ਰਿਸ਼ਤਿਆਂ ਦੀ ਲੰਮੇਰੀ ਉਮਰ ਹੋਵੇ, ਇਸ ਵਾਸਤੇ ਰਿਸ਼ਤਿਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਹਰ ਰਿਸ਼ਤੇ ਦੀ ਆਪਣੀ ਅਹਿਮੀਅਤ ਹੁੰਦੀ ਹੈ ਅਤੇ ਹਰ ਰਿਸ਼ਤਾ ਦੂਸਰੇ ਲਈ ਵੀ ਉਵੇਂ ਹੀ ਅਹਿਮ ਹੁੰਦਾ ਹੈ ਜਿਵੇਂ ਤੁਹਾਡੇ ਰਿਸ਼ਤੇ ਹੁੰਦੇ ਹਨ। ਰਿਸ਼ਤਿਆਂ ਨੂੰ ਸਮਝਦੇ ਹੋਏ ਵਧੇਰੇ ਦਖਲਅੰਦਾਜ਼ੀ ਨਾ ਕਰੋ। ਹੋ ਸਕਦਾ ਹੈ ਤੁਹਾਡੀ ਵਧੇਰੇ ਦਖਲਅੰਦਾਜ਼ੀ ਤੁਹਾਡੇ ਆਪਣਿਆਂ ਦੇ ਰਿਸ਼ਤਿਆਂ ਨੂੰ ਤੋੜ ਦੇਵੇ ਜਾਂ ਖ਼ਰਾਬ ਕਰ ਦੇਵੇ। ਦੂਸਰਿਆਂ ਦੀਆਂ ਗ਼ਲਤੀਆਂ ਹੀ ਵੇਖਦੇ ਰਹਿਣਾ ਰਿਸ਼ਤਿਆਂ ਦਾ ਗਲਾ ਘੁੱਟ ਦਿੰਦਾ ਹੈ। ਜਿਹੜੇ ਰਿਸ਼ਤਿਆਂ ਨੂੰ ਮਹੱਤਵ ਦਿੰਦੇ ਹਨ, ਰਿਸ਼ਤਿਆਂ ਦਾ ਸਤਿਕਾਰ ਕਰਦੇ ਹਨ, ਉਨ੍ਹਾਂ ਦੀ ਜ਼ਿੰਦਗੀ ਆਸਾਨ ਹੋ ਜਾਂਦੀ ਹੈ। ਦੁੱਖ ਤਕਲੀਫ਼ਾਂ ਚੰਗੇ ਰਿਸ਼ਤੇ ਆਪਸ ਵਿਚ ਵੰਡ ਲੈਂਦੇ ਹਨ। ਰਿਸ਼ਤੇ ਸਿਰਫ਼ ਪੈਸੇ ਨਾਲ ਨਹੀਂ ਨਿਭਦੇ। ਰਿਸ਼ਤੇ ਨੂੰ ਲੰਮੇਰੀ ਉਮਰ ਦਿਓ ਤਾਂ ਕਿ ਤੁਸੀਂ ਆਪ ਸਿਹਤਮੰਦ ਰਹੋ ਅਤੇ ਵਧੀਆ ਜ਼ਿੰਦਗੀ ਬਸਰ ਕਰੋ।
ਸੰਪਰਕ: 98150-30221