ਮੁੰਬਈ, 14 ਅਕਤੂਬਰ
ਅਦਾਕਾਰਾ ਰਿਚਾ ਚੱਢਾ ਤੇ ਪਾਇਲ ਘੋਸ਼ ਨੇ ਅੱਜ ਬੰਬਈ ਹਾਈ ਕੋਰਟ ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣਾ ਵਿਵਾਦ ਆਪਸ ਵਿੱਚ ਸੁਲਝਾ ਲਿਆ ਹੈ ਅਤੇ ਉਨ੍ਹਾਂ ਅਦਾਲਤ ਵਿੱਚ ਸਹਿਮਤੀ ਦੀਆਂ ਸ਼ਰਤਾਂ ਵੀ ਦਾਖ਼ਲ ਕੀਤੀਆਂ ਜਿਨ੍ਹਾਂ ਵਿੱਚ ਪਾਇਲ ਘੋਸ਼ ਨੇ ਰਿਚਾ ਚੱਢਾ ਖ਼ਿਲਾਫ਼ ਦਿੱਤਾ ਗਿਆ ਬਿਆਨ ਵਾਪਸ ਲੈ ਲਿਆ ਹੈ ਅਤੇ ਬਿਨਾਂ ਸ਼ਰਤ ਮੁਆਫ਼ੀ ਮੰਗੀ ਹੈ।
ਜ਼ਿਕਰਯੋਗ ਹੈ ਕਿ ਰਿਚਾ ਨੇ ਪਿਛਲੇ ਹਫ਼ਤੇ ਉਸ ਖ਼ਿਲਾਫ਼ ‘ਗ਼ਲਤ ਤੇ ਅਪਮਾਨਜਨਕ’ ਬਿਆਨਬਾਜ਼ੀ ਕਰਨ ਲਈ ਪਾਇਲ ਘੋਸ਼ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ। ਪਾਇਲ ਘੋਸ਼ ਨੇ ਫਿਲਮ ਨਿਰਮਾਤਾ ਅਨੁਰਾਗ ਕਸ਼ਿਅਪ ਖ਼ਿਲਾਫ਼ ਜਬਰ-ਜਨਾਹ ਦੇ ਦੋਸ਼ ਲਾਉਂਦਿਆਂ, ਰਿਚਾ ਚੱਢਾ ਤੇ ਦੋ ਹੋਰ ਫਿਲਮ ਅਦਾਕਾਰਾਵਾਂ ਨੂੰ ਵੀ ਇਸ ਵਿਵਾਦ ਵਿੱਚ ਘੜੀਸ ਲਿਆ ਸੀ। -ਪੀਟੀਆਈ