ਮੁੰਬਈ: ਅਦਾਕਾਰ ਜੋੜੇ ਰਿਤੇਸ਼ ਦੇਸ਼ਮੁਖ ਤੇ ਜੈਨੇਲੀਆ ਡਿਸੂਜ਼ਾ ਦੀ ਨਵੀਂ ਆ ਰਹੀ ਫਿਲਮ ‘ਮਿਸਟਰ ਮੰਮੀ’ ਦੀ ਸ਼ੂਟਿੰਗ ਇੰਗਲੈਂਡ ਵਿੱਚ ਸ਼ੁਰੂ ਹੋ ਗਈ ਹੈ। ਇਹ ਜਾਣਕਾਰੀ ਫਿਲਮ ਦੇ ਨਿਰਮਾਤਾਵਾਂ ਵੱਲੋਂ ਅੱਜ ਸਾਂਝੀ ਕੀਤੀ ਗਈ। ਇਸ ਫਿਲਮ ਦਾ ਨਿਰਦੇਸ਼ਨ ਸ਼ਾਦ ਅਲੀ ਕਰ ਰਿਹਾ ਹੈ, ਜਿਸ ਨੇ ਇਸ ਤੋਂ ਪਹਿਲਾਂ ‘ਬੰਟੀ ਔਰ ਬਬਲੀ’ ਤੇ ‘ਓਕੇ ਜਾਨੂ’ ਵਰਗੀਆਂ ਸਫ਼ਲ ਫਿਲਮਾਂ ਬਣਾਈਆਂ ਹਨ। ਇਸ ਫਿਲਮ ਦਾ ਨਿਰਮਾਣ ਭੂਸ਼ਣ ਕੁਮਾਰ ਦੇ ਟੀ-ਸੀਰੀਜ਼, ਕ੍ਰਿਸ਼ਨਾ ਕੁਮਾਰ, ਅਲੀ ਅਤੇ ਸ਼ਿਵਾ ਅਨੰਤ ਵੱਲੋਂ ਕੀਤਾ ਜਾ ਰਿਹਾ ਹੈ। ਅੱਜ ਟੀ-ਸੀਰੀਜ਼ ਦੇ ਟਵਿੱਟਰ ਅਕਾਊਂਟ ’ਤੇ ਸੰਦੇਸ਼ ਸਾਂਝਾ ਕੀਤਾ ਗਿਆ, ‘…ਤੇ ਸਫ਼ਰ ਸ਼ੁਰੂ ਹੁੰਦਾ ਹੈ। ‘ਮਿਸਟਰ ਮੰਮੀ’ ਦੀ ਅੱਜ ਇੰਗਲੈਂਡ ਵਿੱਚ ਸ਼ੂਟਿੰਗ ਸ਼ੁਰੂ ਹੋ ਗਈ ਹੈ।’ ਇਹ ਫਿਲਮ ਇੱਕ ਅਜਿਹੇ ਜੋੜੇ ਦੀ ਕਹਾਣੀ ਹੈ, ਜੋ ਬੱਚਿਆਂ ਦੇ ਮਾਮਲੇ ਵਿੱਚ ਬਿਲਕੁਲ ਵੱਖੋ-ਵੱਖਰੀ ਰਾਏ ਰੱਖਦਾ ਹੈ ਪਰ ਕਿਸਮਤ ਉਨ੍ਹਾਂ ਲਈ ਕੁਝ ਹੋਰ ਹੀ ਤਿਆਰੀ ਕਰਕੇ ਬੈਠੀ ਹੈ। ਇਸ ਤੋਂ ਇਲਾਵਾ ਇਹ ਅਦਾਕਾਰ ਜੋੜਾ ਮਰਾਠੀ ਫਿਲਮ ‘ਵੇਦ’ ’ਚ ਵੀ ਦਿਖਾਈ ਦੇਵੇਗਾ, ਜਿਸ ਰਾਹੀਂ ਰਿਤੇਸ਼ ਨਿਰਦੇਸ਼ਨ ਵਿੱਚ ਅਤੇ ਜੈਨੇਲੀਆ ਮਰਾਠੀ ਸਿਨੇਮਾ ਵਿੱਚ ਨਵੀਂ ਸ਼ੁਰੂਆਤ ਕਰਨ ਜਾ ਰਹੀ ਹੈ। -ਪੀਟੀਆਈ