ਗੁਰਮੀਤ ਸਿੰਘ*
ਇਸ ਪੰਛੀ ਦਾ ਨਾਂ ਦਰਿਆਈ ਟਟੀਹਰੀ ਹੈ। ਅੰਗਰੇਜ਼ੀ ਵਿਚ ਇਸ ਨੂੰ ‘ਰਿਵਰ ਲੈਪਵਿੰਗ’ (River Lapwing) ਅਤੇ ਹਿੰਦੀ ਵਿਚ ਨਦੀ ਟਟੀਹਰੀ ਕਿਹਾ ਜਾਂਦਾ ਹੈ। ਆਮ ਤੌਰ ’ਤੇ ਇਹ ਪੰਛੀ ਖੇਤੀਬਾੜੀ ਖੇਤਰ ਅਤੇ ਪਾਣੀ ਦੇ ਸਰੋਤਾਂ ਦੇ ਨਜ਼ਦੀਕ ਵੇਖਿਆ ਜਾ ਸਕਦਾ ਹੈ। ਇਹ ਪ੍ਰਜਾਤੀ ਭਾਰਤ, ਨੇਪਾਲ, ਭੂਟਾਨ, ਬੰਗਲਾਦੇਸ਼, ਮਿਆਂਮਾਰ, ਥਾਈਲੈਂਡ, ਕੰਬੋਡੀਆ, ਲਾਓਸ, ਵੀਅਤਨਾਮ ਅਤੇ ਦੱਖਣੀ ਚੀਨ ਵਿਚ ਮਿਲਦੀ ਹੈ। ਇਸ ਦੀ ਲੰਬਾਈ 29 ਤੋਂ 32 ਸੈਂਟੀਮੀਟਰ ਅਤੇ ਭਾਰ 140 ਤੋਂ 185 ਗ੍ਰਾਮ ਹੁੰਦਾ ਹੈ। ਇਸ ਦਾ ਮੱਥਾ, ਸਿਖਰ, ਕਲਗੀ ਅਤੇ ਗਰਦਨ ਕਾਲੇ ਰੰਗ ਦੀ ਹੁੰਦੀ ਹੈ। ਅੱਖਾਂ ਦਾ ਡੇਲਾ ਲਾਲ ਰੰਗਾ ਹੁੰਦਾ ਹੈ। ਇਨ੍ਹਾਂ ਦੀ ਚੁੰਝ ਕਾਲੀ ਹੁੰਦੀ ਹੈ। ਇਨ੍ਹਾਂ ਦੇ ਪੈਰ ਪੂਛ ਤੋਂ ਪਰੇ ਫੈਲਦੇ ਹਨ ਤੇ ਲੱਤਾਂ ਕਾਲੀਆਂ ਹੁੰਦੀਆਂ ਹਨ। ਉਡਾਣ ਵਿਚ ਇਹ ਸ਼ਾਨਦਾਰ ਪ੍ਰਜਾਤੀ ਹੈ। ਇਹ ਜੋੜਿਆਂ ਜਾਂ ਛੋਟੇ ਸਮੂਹਾਂ ਵਿਚ ਪਾਣੀ ਦੇ ਕੰਢੇ, ਪਰ ਜ਼ਮੀਨ ਉੱਤੇ ਹੀ ਰਹਿੰਦੇ ਹਨ। ਆਪਣੇ ਪੈਰਾਂ ਦੀ ਬਣਾਵਟ ਕਾਰਨ ਇਹ ਦਰੱਖਤਾਂ ਉੱਤੇ ਨਹੀਂ ਬੈਠ ਸਕਦੇ। ਇਹ ਜ਼ਮੀਨ ਉੱਤੇ ਹੀ ਆਪਣਾ ਭੋਜਨ ਕਰਦੇ ਹਨ ਅਤੇ ਜ਼ਮੀਨ ਉੱਤੇ ਹੀ ਬਸੇਰਾ ਕਰਦੇ ਹਨ।
ਇਨ੍ਹਾਂ ਪੰਛੀਆਂ ਦੀ ਖੁਰਾਕ ਚਿੱਕੜ ਵਿਚਲੀਆਂ ਸਿੱਪੀਆਂ, ਘੋਗੇ, ਗੰਡੋਏ, ਪਾਣੀ ਦੇ ਕੀੜੇ ਮਕੌੜੇ ਅਤੇ ਪਾਣੀ ਦੀਆਂ ਜੜੀਆਂ-ਬੂਟੀਆਂ ਹੁੰਦੀਆਂ ਹਨ। ਖਾਣ ਵੇਲੇ ਇਹ ਸਾਥੀਆਂ ਨਾਲ ਨਹੀਂ ਰਹਿੰਦੇ। ਦੂਰੋਂ ਵੇਖਣ ਵਿਚ ਦਰਿਆਈ ਟਟੀਹਰੀ ਦੇ ਨਰ ਮਾਦਾ ਇਕੋ ਤਰ੍ਹਾਂ ਦੇ ਲੱਗਦੇ ਹਨ, ਪਰ ਨਰ ਮਾਦਾ ਨਾਲੋਂ ਥੋੜ੍ਹਾ ਵੱਡਾ ਹੁੰਦਾ ਹੈ।
ਭਾਰਤ ਵਿਚ ਇਨ੍ਹਾਂ ਦਾ ਪ੍ਰਜਣਨ ਦਾ ਮੌਸਮ ਮਾਰਚ ਤੋਂ ਜੂਨ ਤਕ ਹੁੰਦਾ ਹੈ। ਵਿਗਿਆਨੀਆਂ ਅਨੁਸਾਰ ਪ੍ਰਜਣਨ ਵੇਲੇ ਨਰ ਪੰਛੀ ਮਾਦਾ ਦੇ ਸਾਹਮਣੇ ਮੋਢੇ ਝੁਕਾ ਕੇ ਇਨ੍ਹਾਂ ਨੂੰ ਤਾੜਨ, ਖਿੱਚਣ, ਸਿਰ ਦੇ ਵਾਲ ਖੜ੍ਹੇ ਕਰਨ ਅਤੇ ਛਾਤੀ ਵਧਾਉਣਾ ਆਦਿ ਵੱਖ ਵੱਖ ਕਰਤੱਬ ਕਰਦਾ ਹੈ। ਮਾਦਾ ਪੰਛੀ ਇਸ ਵੱਲ ਆਕਰਸ਼ਤ ਹੁੰਦੀ ਹੈ। ਜੋੜਾ ਬਣਨ ਤੋਂ ਬਾਅਦ ਦੋਵੇਂ ਪੰਛੀ ਆਲ੍ਹਣਾ ਬਣਾਉਂਦੇ ਹਨ। ਆਲ੍ਹਣਾ ਬਣਾਉਣ ਲਈ ਇਹ ਜ਼ਮੀਨ ’ਤੇ ਇਕ ਕੌਲੀ ਵਰਗਾ ਟੋਆ ਬਣਾ ਕੇ ਉਸ ਵਿਚ ਘਾਹ ਆਦਿ ਦੇ ਤਿਣਕੇ ਪਾ ਦਿੰਦੇ ਹਨ। ਇਸ ਵਿਚ ਮਾਦਾ ਤਿੰਨ ਜਾਂ ਚਾਰ ਆਂਡੇ ਦਿੰਦੀ ਹੈ। ਇਨ੍ਹਾਂ ਲਈ ਆਵਾਸ ਦਾ ਘਟਣਾ, ਸ਼ਿਕਾਰ, ਬਿੱਲੀਆਂ, ਬੰਨ੍ਹ ਦੇ ਨਿਰਮਾਣ ਨਾਲ ਦਰਿਆ ਦਾ ਵਹਾਅ ਬਦਲਣਾ ਆਦਿ ਮੁੱਖ ਖਤਰੇ ਹਨ। ਇਸ ਸ਼੍ਰੇਣੀ ਦੇ ਪੰਛੀਆਂ ਨੂੰ ਆਵਾਰਾ ਕੁੱਤਿਆਂ, ਬਿੱਲੀਆਂ, ਗਿੱਦੜਾਂ ਅਤੇ ਕਾਵਾਂ ਤੋਂ ਆਂਡੇ ਖਾਣ ਅਤੇ ਚੂਚਿਆਂ ਦਾ ਸ਼ਿਕਾਰ ਕਰਨ ਦਾ ਡਰ ਹਮੇਸ਼ਾਂ ਬਣਿਆ ਰਹਿੰਦਾ ਹੈ। ਇਸ ਪੰਛੀ ਦੀ ਉਮਰ 8 ਤੋਂ 9 ਸਾਲ ਤਕ ਹੁੰਦੀ ਹੈ।
ਇਹ ਤਿੱਖੀ ਆਵਾਜ਼ ਵਿਚ ਉੱਚੀ ਉੱਚੀ ‘ਕੇਕ…ਕੇਕ…ਕੇਕ’ ਅਤੇ ‘ਡਡ…ਡਿਡ…ਡ’ ਦੀਆਂ ਆਵਾਜ਼ਾਂ ਕੱਢਦੇ ਹਨ। ਇਹ ਬਹੁਤਾ ਸਮਾਂ ਰਾਤ ਨੂੰ ਹੀ ਸ਼ਿਕਾਰ ਕਰਦੇ ਹਨ, ਜਿਸ ਦਾ ਮੁੱਖ ਕਾਰਨ ਕੁਦਰਤੀ ਰਿਹਾਇਸ਼ ਦਾ ਘਟਣਾ, ਸ਼ਿਕਾਰੀ ਜਾਨਵਰਾਂ ਵੱਲੋਂ ਆਂਡਿਆਂ ਨੂੰ ਨੁਕਸਾਨ ਪਹੁੰਚਾਉਣਾ ਅਤੇ ਨਦੀਆਂ ਵਿਚ ਅਚਾਨਕ ਹੜ੍ਹ ਆਉਣਾ ਆਦਿ ਹਨ। ਇਸ ਕਾਰਨ ਇਨ੍ਹਾਂ ਦੀ ਗਿਣਤੀ ਕਾਫ਼ੀ ਘੱਟ ਹੋ ਰਹੀ ਹੈ
ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ਼ ਨੇਚਰ- ਆਈ.ਯੂ. ਸੀ.ਐੱਨ. ਨੇ ਦਰਿਆਈ ਟਟੀਹਰੀ ਨੂੰ ਸ਼੍ਰੇਣੀਬੱਧ ਕਰਕੇ ਇਸ ਨੂੰ ‘ਖਤਰੇ ਹੇਠ’ ਸ਼੍ਰੇਣੀ ਵਜੋਂ ਸੂਚੀਬੱਧ ਕੀਤਾ ਹੈ। ਸਾਡੇ ਦੇਸ਼ ਵਿਚ ਜੰਗਲੀ ਜੀਵ (ਸੁਰੱਖਿਆ) ਐਕਟ, 1972 ਹੇਠ ਦਰਿਆਈ ਟਟੀਹਰੀ ਨੂੰ ਐਕਟ ਦੇ ਸ਼ਡਿਊਲ-4 ਵਿਚ ਰੱਖ ਕੇ ਮੁਕੰਮਲ ਸੁਰੱਖਿਆ ਦਿੱਤੀ ਗਈ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910